(ਸਮਾਜ ਵੀਕਲੀ) ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਸੰਸਥਾ ਵੱਲੋਂ ਚਲਾਈ ਜਾ ਰਹੀ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਖ਼ੋਜ ਕੇਂਦਰ ਇਕ ਅਹਿਮ ਅਤੇ ਪ੍ਰੇਰਣਾਦਾਇਕ ਪਹਿਲ ਹੈ, ਜਿਸ ਦਾ ਮੂਲ ਉਦੇਸ਼ ਕੁਦਰਤ ਨਾਲ ਸਾਂਝ ਬਣਾਉਂਦੇ ਹੋਏ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਦਾ ਉਤਪਾਦਨ ਕਰਨਾ, ਕਿਸਾਨੀ ਦੀ ਲੰਬੇ ਸਮੇਂ ਲਈ ਸਥਿਰਤਾ ਯਕੀਨੀ ਬਣਾਉਣਾ ਅਤੇ ਸਮਾਜਕ ਭਲਾਈ ਨੂੰ ਮਜ਼ਬੂਤ ਕਰਨਾ ਹੈ। ਇਸ ਕੁਦਰਤੀ ਖੇਤ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਥਾਂ ਪੂਰੀ ਤਰ੍ਹਾਂ ਕੁਦਰਤੀ ਢੰਗ ਅਪਣਾਏ ਜਾਂਦੇ ਹਨ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਵਾਤਾਵਰਣ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਦਾ। ਇੱਥੇ ਉਗਾਈ ਜਾਣ ਵਾਲੀ ਸਬਜ਼ੀ, ਅਨਾਜ ਅਤੇ ਹੋਰ ਫਸਲਾਂ ਪਿੰਗਲਵਾੜਾ ਦੇ ਆਸ਼ਰਮਾਂ, ਹਸਪਤਾਲਾਂ ਅਤੇ ਲੰਗਰਾਂ ਵਿੱਚ ਰਹਿੰਦੇ ਅਨਾਥ ਬੱਚਿਆਂ, ਬੀਮਾਰਾਂ, ਬੁਜ਼ੁਰਗਾਂ ਅਤੇ ਬੇਸਹਾਰਾ ਲੋਕਾਂ ਲਈ ਵਰਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਸਾਫ਼, ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮਿਲਦਾ ਹੈ। ਇਹ ਖੇਤ ਕਿਸਾਨਾਂ ਲਈ ਵੀ ਇੱਕ ਮਾਡਲ ਵਜੋਂ ਕੰਮ ਕਰਦਾ ਹੈ, ਜਿੱਥੇ ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਲਾਭ, ਘੱਟ ਖਰਚ ਅਤੇ ਵਧੀਆ ਉਪਜ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਰਾਹੀਂ ਨਾ ਸਿਰਫ਼ ਕਿਸਾਨੀ ਨੂੰ ਨਵੀਂ ਦਿਸ਼ਾ ਮਿਲਦੀ ਹੈ, ਸਗੋਂ ਭਗਤ ਪੂਰਨ ਸਿੰਘ ਜੀ ਦੇ ਸਾਦਗੀ, ਸੇਵਾ ਅਤੇ ਕੁਦਰਤ ਨਾਲ ਸਾਂਝ ਦੇ ਵਿਚਾਰਾਂ ਨੂੰ ਅਮਲੀ ਰੂਪ ਵੀ ਮਿਲਦਾ ਹੈ। ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਸਿਰਫ਼ ਇਕ ਖੇਤੀ ਨਹੀਂ, ਬਲਕਿ ਇਕ ਸੇਵਾ ਅੰਦੋਲਨ ਹੈ—ਜੋ ਸਿਹਤਮੰਦ ਸਮਾਜ, ਸੁਰੱਖਿਅਤ ਵਾਤਾਵਰਣ ਅਤੇ ਖੁਸ਼ਹਾਲ ਕਿਸਾਨੀ ਦੀ ਨੀਂਹ ਰੱਖਦਾ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵੱਲੋਂ ਸ.ਰਾਜਬੀਰ ਸਿੰਘ ਇੰਚਾਰਜ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ (ਧੀਰੇਕੋਟ) ਦੀ ਯੋਗ ਅਗਵਾਈ ਹੇਠ ਗੰਨੇ ਦੀ ਉਤਪਾਦਕਤਾ ਵਧਾਉਣ ਸੰਬੰਧੀ ਇੱਕ ਵਿਸ਼ੇਸ਼ ਤਿੰਨ ਦਿਨਾਂ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਇਹ 3 ਦਿਨਾਂ ਗੰਨੇ ਦਾ ਸੈਮੀਨਾਰ ਵੱਖ- ਵੱਖ ਪੰਜਾਬ ਦੀਆਂ ਖੰਡ ਮਿੱਲਾ ਵਿੱਚ ਕਰਵਾਇਆ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਗੰਨੇ ਦੀ ਖੇਤੀ ਨਾਲ ਜੁੜੇ ਜ਼ਿਮੀਦਾਰਾਂ, ਕਿਸਾਨਾਂ ਅਤੇ ਸ਼ੂਗਰ ਮਿੱਲ ਉਦਯੋਗ ਨਾਲ ਸੰਬੰਧਿਤ ਵਿਅਕਤੀਆਂ ਨੂੰ ਇੱਕ ਗੰਨੇ ਦਾ ਭਾਰ 4 ਤੋਂ 5 ਕਿਲੋਗ੍ਰਾਮ ਤੱਕ ਵਧਾਉਣ ਬਾਰੇ ਵਿਿਗਆਨਕ, ਪ੍ਰਯੋਗਿਕ ਅਤੇ ਅਨੁਭਵ-ਆਧਾਰਿਤ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਸੈਮੀਨਾਰ ਦੇ ਦੌਰਾਨ ਏ. ਬੀ. ਸ਼ੂਗਰ ਮਿੱਲ, ਦੂਸਹਾ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਜੀ. ਐੱਮ. ਪੰਕਜ ਕੁਮਾਰ, ਰਾਣਾ ਸ਼ੁਗਰ ਮਿੱਲ, ਬੁੱਟਰ ਸਿਵੀਆਂ (ਜ਼ਿਲ੍ਹਾ ਅੰਮ੍ਰਿਤਸਰ) ਦੇ ਜੀ. ਐੱਮ. ਸ੍ਰੀ ਪ੍ਰਤਾਪ, ਕੀੜੀ ਸ਼ੂਗਰ ਮਿੱਲ ਲਿਮਟਿਡ, ਚੱਡਾ ਗਰੁੱਪ, ਹਰਚੋਵਾਲ (ਜ਼ਿਲ੍ਹਾ ਗੁਰਦਾਸਪੁਰ) ਦੇ ਜੀ. ਐੱਮ. ਸ੍ਰੀ ਸਤਿੰਦਰ ਕੁਮਾਰ ਅਤੇ ਸ਼ੂਗਰ ਮਿੱਲ ਮੁਕੇਰੀਆ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਜੀ. ਐੱਮ. ਸ੍ਰੀ ਸੰਜੇ ਕੁਮਾਰ ਵੱਲੋਂ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਮਹਿਮਾਨਾਂ— ਸ੍ਰੀ ਸੁਰੇਸ਼ ਦੇਸਾਈ (ਬੈਲਗਾਓਂ, ਕਰਨਾਟਕਾ), ਸ. ਰਾਜਬੀਰ ਸਿੰਘ ਇੰਚਾਰਜ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਡਾ. ਰਜਿੰਦਰਪਾਲ ਸਿੰਘ ਇੰਚਾਰਜ ਬਾਇਓ ਕੰਟਰੋਲ ਲੈਬ ਅਤੇ ਫਾਰਮ ਮੈਨੇਜਰ ਖਾਲਸਾ ਕਾਲਜ ਅੰਮ੍ਰਿਤਸਰ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਬੜੀ ਗਰਿਮਾ ਅਤੇ ਸਨਮਾਨ ਨਾਲ ਸਵਾਗਤ ਕੀਤਾ ਗਿਆ। ਸਵਾਗਤ ਸਮਾਰੋਹ ਦੌਰਾਨ ਸਾਰੇ ਜੀ. ਐੱਮ. ਸਾਹਿਬਾਨਾਂ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਕਿਸਾਨਾਂ ਨੂੰ ਨਵੀਂ ਤਕਨੀਕਾਂ ਨਾਲ ਜੋੜਨ ਅਤੇ ਗੰਨੇ ਦੀ ਉਤਪਾਦਕਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪਿੰਗਲਵਾੜਾ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਯਤਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਨਾਲ ਜੁੜਨ ਦਾ ਭਰੋਸਾ ਦਿਵਾਇਆ। ਇਸ ਸੈਮੀਨਾਰ ਵਿੱਚ ਮੁੱਖ ਵਿਦਵਾਨ ਵਜੋਂ ਸ੍ਰੀ ਸੁਰੇਸ਼ ਦੇਸਾਈ (ਬੈਲਗਾਓਂ, ਕਰਨਾਟਕਾ) ਨੇ ਭਾਗ ਲਿਆ। ਉਨ੍ਹਾਂ ਵੱਲੋਂ ਗੰਨੇ ਦੀ ਉੱਨਤ ਕਿਸਮਾਂ, ਬੀਜ ਚੋਣ, ਖਾਦ ਪ੍ਰਬੰਧਨ, ਪਾਣੀ ਦੀ ਸਹੀ ਵਰਤੋਂ, ਰੋਗ ਨਿਯੰਤਰਣ ਅਤੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਜਿਸ ਨਾਲ ਗੰਨੇ ਦੀ ਉਪਜ ਅਤੇ ਭਾਰ ਵਿੱਚ ਵਾਧਾ ਕੀਤਾ ਜਾ ਸਕੇ। ਖਾਲਸਾ ਕਾਲਜ ਵਿੱਚ ਇਕ ਬਾਇਓ ਕੰਟਰੋਲ ਲੈੱਬ ਸ਼ੁਰੂ ਕੀਤੀ ਗਈ ਸੀ, ਉਸਦੇ ਵਿੱਚ ਗੰਨੇ ਦੇ ਮਿੱਤਰ ਕੀੜੇ ਤਿਆਰ ਕੀਤੇ ਜਾਂਦੇ ਹਨ, ਗੰਨੇ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ, ਮਿੱਤਰ ਕੀੜੇ ਲਾਉਣ ਦੇ ਨਾਲ ਗੰਨੇ ਦਾ ਝਾੜ ਅਤੇ ਗੰਨੇ ਦੀ ਖੰਡ (ਰਿਵਕਰੀ) ਵੱਧਦੀ ਹੈ ਅਤੇ ਜਿਮੀਦਾਰਾਂ ਦੇ ਗੰਨੇ ਦਾ ਝਾੜ ਵੱਧਦਾ ਹੈ। ਇਹ ਸੈਮੀਨਾਰ ਪਹਿਲਾਂ ਮਿਤੀ 16.12.2025 ਨੂੰ ਏ.ਬੀ. ਸ਼ੂਗਰ ਮਿੱਲ, ਦੂਸਹਾ (ਜ਼ਿਲ੍ਹਾ ਹੁਸ਼ਿਆਰਪੁਰ) ਵਿੱਚ ਆਯੋਜਿਤ ਕੀਤਾ ਗਿਆ ਸੀ। ਦੂਸਰਾ ਸੈਮੀਨਾਰ ਮਿਤੀ 17.12.2025 ਨੂੰ ਰਾਣਾ ਸ਼ੁਗਰ ਮਿੱਲ, ਬੁੁੱਟਰ ਸਿਵੀਆ (ਅੰਮ੍ਰਿਤਸਰ) ਵਿੱਖੇ ਕਰਵਾਇਆ ਗਿਆ ਸੀ। ਤੀਸਰਾ ਸੈਮੀਨਾਰ ਮਿਤੀ 18.12.2025 ਨੂੰ ਕੀੜੀ ਸ਼ੂਗਰ ਮਿੱਲ ਲਿਮਟਿਡ ਚੱਡਾ ਗਰੁਪ, ਹਰਚੋਵਾਲ (ਗੁਰਦਾਸਪੁਰ) ਅਤੇ ਸ਼ੁਗਰ ਮਿੱਲ ਮੁਕੇਰੀਆ (ਹੁਸ਼ਿਆਰਪੁਰ) ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਨ੍ਹਾਂ ਸੈਮੀਨਾਰਾਂ ਵਿੱਚ ਵੱਡੀ ਗਿਣਤੀ ਵਿੱਚ ਜ਼ਿਮੀਦਾਰਾਂ, ਕਿਸਾਨ ਭਰਾਵਾਂ, ਖੇਤੀ ਵਿਿਗਆਨੀਆਂ ਅਤੇ ਉਦਯੋਗਕਾਰਾਂ ਨੇ ਭਾਗ ਲਿਆ ਅਤੇ ਗੰਨੇ ਦੀ ਖੇਤੀ ਨਾਲ ਸੰਬੰਧਿਤ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ। ਮਿੱਲਾਂ ਦੇ ਅਫ਼ਸਰਾਂ ਵੱਲੋਂ ਸੈਮੀਨਾਰ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਇਸਨੂੰ ਕਿਸਾਨੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਗਿਆ। ਪਿੰਗਲਵਾੜਾ ਸੰਸਥਾ ਵੱਲੋਂ ਵਾਤਾਵਰਣ ਸੰਬੰਧੀ ਅਤੇ ਖੇਤੀ ਸੰਬੰਧੀ ਫ੍ਰੀ ਕਿਤਾਬਾਂ ਦਾ ਸਟਾਲ ਲਗਾਇਆ ਗਿਆ ਸੀ। ਪੰਜਾਬ ਦੀਆਂ 4 ਖੰਡ ਮਿੱਲਾਂ ਵਿੱਚ ਸੈਮੀਨਾਰ ਦੀ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਡਾ. ਰਜਿੰਦਰਪਾਲ ਸਿੰਘ ਵੱਲੋਂ ਨਿਭਾਈ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



