(ਸਮਾਜ ਵੀਕਲੀ)
ਕੁਝ ਲੋਕ ਅਜਿਹੇ ਕੰਮ ਕਰ ਜਾਂਦੇ ਹਨ ਜੋ ਮਿਸਾਲ ਬਣ ਜਾਂਦੇ ਹਨ। ਇੱਕ ਜੱਟ ਜਿਮੀਦਾਰ ਨੇ ਆਪਣੀ ਕੁੜੀ ਦੇ ਵਿਆਹ ਵਿੱਚ ਕਾਰ ਦੀ ਥਾਂ ਤੇ ਟਰੈਕਟਰ ਤੋਹਫੇ ਵਜੋਂ ਦਿੱਤਾ। ਇਹ ਇੱਕ ਸ਼ਲਾਗਾ ਯੋਗ ਕਦਮ ਹੈ। ਉਹਨਾਂ ਦਾ ਕਹਿਣਾ ਹੈ ਕਿ ਟਰੈਕਟਰ ਖੁਸ਼ਹਾਲੀ ਲਿਆਉਂਦਾ ਹੈ ਤੇ ਕਾਰ ਖਰਚਾ ਵਧਾਉਂਦੀ ਹੈ।
ਇਹ ਬਿਲਕੁਲ ਸਹੀ ਗੱਲ ਹੈ। ਇੱਕ ਜਿਮੀਦਾਰ ਨੂੰ ਟਰੈਕਟਰ ਦੀ ਅਹਿਮੀਅਤ ਦਾ ਪਤਾ ਹੁੰਦਾ। ਟਰੈਕਟਰ ਉਸਦੀ ਮੁਢਲੀ ਜਰੂਰਤ ਹੈ। ਸਾਡੇ ਸਮਾਜ ਵਿੱਚ ਪਤਾ ਨਹੀਂ ਕਿਉਂ ਕਾਰਾਂ ਨੂੰ ਇੰਨਾ ਮਹੱਤਵ ਦਿੱਤਾ ਜਾ ਰਿਹਾ ਹੈ। ਠੀਕ ਹੈ ਕਾਰ ਦੀ ਜਰੂਰਤ ਪੈਂਦੀ ਹੈ ਪਰ ਟਰੈਕਟਰ ਤੋਂ ਵੱਧ ਨਹੀਂ।
ਟਰੈਕਟਰ ਕਿਸਾਨ ਦਾ ਭਰਾ ਬਣ ਕੇ ਉਸ ਦਾ ਸਾਥ ਦਿੰਦਾ ਹੈ। ਇਹ ਕਮਾਈ ਵਿੱਚ ਮਦਦ ਕਰਦਾ ਹੈ। ਫਿਰ ਪਤਾ ਨਹੀਂ ਕਿਉਂ ਅਸੀਂ ਲੱਖਾਂ ਦੀਆਂ ਕਾਰਾਂ ਤੋਹਫੇ ਵਿੱਚ ਦਿੰਦੇ ਹਾਂ।
ਕੁੜੀ ਦੇ ਸਹੁਰਾ ਪਰਿਵਾਰ ਨੂੰ ਕਾਰ ਦੇ ਕੇ ਉਹਨਾਂ ਦਾ ਖਰਚਾ ਹੀ ਵਧਾਉਂਦੇ ਹਾਂ। ਕਦੀ ਇਨਸ਼ੋਰੈਂਸ ਕਦੀ ਸਰਵਿਸ ਕਦੀ ਪੈਟਰੋਲ। ਜਰੂਰਤ ਹੈ ਸਮੇਂ ਦੀ ਲੋੜ ਨੂੰ ਵੇਖ ਕੇ ਆਪਣੀ ਸੋਚ ਬਦਲਣ ਦੀ।
ਜਿਹੜਾ ਲੱਖਾਂ ਰੁਪਈਆ ਅਸੀਂ ਕਾਰਾਂ ਤੇ ਲਾ ਦਿੰਦੇ ਹਾਂ ਉਸ ਦੀ ਥਾਂ ਤੇ ਜੇ ਟਰੈਕਟਰ ਦੇ ਦਿੱਤਾ ਜਾਵੇ ਤਾਂ ਕਿੰਨੀ ਚੰਗੀ ਗੱਲ ਹੈ। ਕਿਸਾਨ ਇਸ ਤਰਾਂ ਵਾਧੂ ਦੇ ਕਰਜ਼ਿਆਂ ਤੋਂ ਵੀ ਬਚਣਗੇ ਤੇ ਟਰੈਕਟਰ ਦੇ ਸਾਧਨ ਨਾਲ ਕਮਾਈ ਕਰਕੇ ਕਰਜ਼ੇ ਲਾਹ ਵੀ ਦੇਣਗੇ। ਇਸ ਜਿਮੀਦਾਰ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਬਾਰੇ ਸੋਚੀਏ ਤੇ ਇਸ ਸੋਚ ਨੂੰ ਅਪਣਾਈਏ।
ਦਿਖਾਵੇ ਵਿੱਚ ਕੁਝ ਨਹੀਂ ਰੱਖਿਆ। ਫੋਕੀ ਟੋਹਰ ਕਿਸੇ ਕੰਮ ਦੀ ਨਹੀਂ। ਜ਼ਿੰਦਗੀ ਵੀ ਵਿੱਚ ਮਹੱਤਵ ਕੰਮ ਤੇ ਕਮਾਈ ਦਾ ਹੈ। ਟਰੈਕਟਰ ਪਰਿਵਾਰ ਦਾ ਇੱਕ ਅਜਿਹਾ ਜੀ ਬਣ ਜਾਂਦਾ ਹੈ ਜੋ ਪਰਿਵਾਰ ਦੀ ਆਮਦਨ ਵਧਾਉਂਦਾ ਹੈ। ਅੱਜ ਲੋੜ ਹੈ ਕਿਸਾਨ ਭਾਈਚਾਰੇ ਨੂੰ ਜ਼ਿਮੀਦਾਰ ਭਾਈਚਾਰੇ ਨੂੰ ਆਪਣੀ ਸੋਚ ਬਦਲਣ ਦੀ।
ਜਿਸ ਦਿਨ ਅਸੀਂ ਪਹਿਲਾਂ ਵਾਂਗ ਕੰਮ ਤੇ ਕਮਾਈ ਦੇ ਮਹੱਤਵ ਨੂੰ ਪਛਾਣ ਲਿਆ ਤੇ ਫੋਕੇ ਦਿਖਾਵੇ ਤੋਂ ਪਰਹੇਜ਼ ਕਰ ਲਿਆ ਉਸ ਦਿਨ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly