HOME ਸ਼੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ਨਿਰਮਾਣ ਦੀ ਸ਼ੁਰੂ ਹੋਈ ਸੇਵਾ ਨਾਲ ਸੰਗਤ ਨੂੰ...

ਸ਼੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ਨਿਰਮਾਣ ਦੀ ਸ਼ੁਰੂ ਹੋਈ ਸੇਵਾ ਨਾਲ ਸੰਗਤ ਨੂੰ ਵੱਡੀ ਰਾਹਤ ਮਿਲੇਗੀ – ਬਾਬਾ ਮਹਿੰਦਰ ਸਿੰਘ ਯੂ ਕੇ

2

ਸੰਗਤਾਂ ਦੇ ਸਹਿਯੋਗ ਨਾਲ ਇਹ ਪਹਾੜ ਵਰਗਾ ਕੰਮ ਫਤਿਹ ਹੋਣ ਦੇ ਨੇੜੇ ਪਹੁੰਚਿਆ – ਦਲਜੀਤ ਸਿੰਘ ਬੈਂਸ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼੍ਰੀ ਗੁਰੂ ਤੇਗ ਬਹਾਦੁਰ ਮਾਰਗ ਸ਼੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਦੇ ਮਾਰਗ ਦੀ ਕਾਰ ਸੇਵਾ ਜੋ ਕਿਲਾ ਆਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਹੈ, ਦਾ ਮੌਕਾ ਵੇਖਣ ਨਿਸ਼ਕਾਮ ਸੇਵਕ ਜੱਥਾ ਯੂ ਕੇ ਦੇ ਪ੍ਰਧਾਨ ਬਾਬਾ ਮਹਿੰਦਰ ਸਿੰਘ ਯੂ ਕੇ ਵਿਸੇਸ਼ ਤੌਰ ਤੇ ਕੰਮ ਵਾਲੇ ਸਥਾਨ ਤੇ ਪਹੁੰਚੇ। ਉਹਨਾਂ ਸੰਤਾਂ ਵਲੋਂ ਕੀਤੀ ਜਾ ਰਹੀ ਇਸ ਅਨੋਖੀ ਸੇਵਾ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਨਾਲ ਸੰਗਤਾਂ ਦੀ ਦਹਾਕਿਆਂ ਦੀ ਮੰਗ ਪੂਰੀ ਹੋਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਵੀ ਮਿਲੇਗੀ। ਬਾਬਾ ਮਹਿੰਦਰ ਸਿੰਘ ਯੂ ਕੇ ਵਾਲਿਆਂ ਨੇ ਅੱਗੇ ਕਿਹਾ ਕਿ ਹਰ ਸਾਲ ਹੋਲੇ-ਮਹੱਲੇ ਦੇ ਤਿਉਹਾਰ ਮੌਕੇ ਪੰਜਾਬ ਦੇ ਲਗਭਗ 16 ਜਿਲ੍ਹਿਆਂ ਦੀ ਸੰਗਤ ਇਸ ਮਾਰਗ ਰਾਹੀਂ ਸ਼੍ਰੀ ਆਨੰਦਪੁਰ ਸਾਹਿਬ ਪੁੱਜਦੀ ਹੈ। ਪਰ ਲੰਬੇ ਸਮੇਂ ਤੋਂ ਇਹ ਸੜਕ ਬਣਾਉਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਖਾਸ ਯਤਨ ਤੱਕ ਨਹੀਂ ਕੀਤੇ। ਹੁਣ ਸੰਗਤ ਦੀ ਮੁਸ਼ਕਿਲ ਨੂੰ ਵੇਖਦੇ ਹੋੇਏ ਮਜਬੂਰਨ ਕਾਰ ਸੇਵਾ ਸੰਪਰਦਾ ਵਲੋਂ ਆਪਣੇ ਪੱਧਰ ਤੇ ਜੋ ਯਤਨ ਆਰੰਭ ਕੀਤੇ ਹਨ, ਉਹ ਸ਼ਲਾਘਾਯੋਗ ਕਦਮ ਹਨ। ਇਸ ਮੌਕੇ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਸੇਵਾ ਦੇ ਕੁੰਭ ‘ਚ ਆਪਣਾ ਯੋਗਦਾਨ ਜਰੂਰ ਪਾਉਣ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ 16 ਫਰਵਰੀ 2024 ਨੂੰ ਇਸ ਮਾਰਗ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਇਕ ਸਾਲ ‘ਚ ਕਾਹਨਪੁਰ ਖੂਹੀ ਤੋਂ ਕੁੱਕੜ ਮਜਾਰਾ ਤੱਕ ਇਸ ਮਾਰਗ ਦਾ ਅੱਧੇ ਤੋਂ ਜਿਆਦਾ ਕੰਮ ਕਰ ਦਿੱਤਾ ਗਿਆ ਹੈ। ਨਵੰਬਰ 2025 ਤੱਕ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾਂ ਸਮਾਗਮਾਂ ਤੱਕ ਇਹ ਸੜਕ ਤਿਆਰ ਕਰਕੇ ਸੰਗਤ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮੌਕੇ ਇਲਾਕੇ ਦੇ ਨਾਮਵਰ ਸਮਾਜ ਸੇਵੀ ਸਰਦਾਰ ਦਲਜੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੜਕ ਦੇ ਨਵੀਨੀਕਰਨ ਦੇ ਕੰਮ ਨੂੰ ਵੇਖ ਸੰਗਤਾਂ ਖੁਸ਼ ਹੋ ਰਹੀਆਂ ਹਨ ਤੇ ਸੰਤਾਂ ਦੀ ਲੰਬੀ ਉਮਰ ਦੀ ਅਰਦਾਸ ਵੀ ਕਰ ਰਹੀਆਂ ਹਨ। ਉਹਨਾਂ ਇਸ ਮੌਕੇ ਸੰਗਤਾਂ ਨੂੰ ਇਸ ਮਹਾਨ ਕਾਰਜ ਵਿੱਚ ਵਧ ਤੋਂ ਵਧ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਾਰਗ ਗੁਰੂ ਘਰ ਨੂੰ ਜਾਂਦਾ ਹੈ, ਇਸ ਲਈ ਸੰਗਤਾਂ ਨੂੰ ਆਪਣਾ ਦਸਵੰਧ ਜਰੂਰ ਪਾਉਣਾ ਚਾਹੀਦਾ ਹੈ। ਦਲਜੀਤ ਸਿੰਘ ਬੈਂਸ ਨੇ ਸੇਵਾਦਾਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਲੋਕ ਸਾਰੇ ਨਿਰਸਵਾਰਥ ਸੇਵਾ ਕਰ ਰਹੇ ਹਨ ਤੇ ਤਨ, ਮਨ, ਧਨ ਨਾਲ ਸਹਿਯੋਗ ਕਰਕੇ ਆਪਣਾ ਵੀ ਹਿੱਸਾ ਪਾ ਕੇ ਜੀਵਨ ਸਫਲ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਤਿਹਾਸਕ ਗੁਰੂਘਰਾਂ ਨੂੰ ਜਾਂਦੇ ਮਾਰਗ ਦੀ ਅੱਤ ਭੈੜੀ ਹਾਲਤ ਨੂੰ ਸੁਧਾਰ ਕੇ ਸੰਤਾਂ ਨੇ ਵੀ ਇਤਿਹਾਸ ਸਿਰਜ ਦਿੱਤਾ ਹੈ। ਜੋ ਸਦਾ ਲਈ ਲੋਕਾਂ ਦੇ ਮਨਾਂ ‘ਚ ਵੱਸਿਆ ਰਹੇਗਾ। ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ ਮਜਾਰੀ, ਡਾਕਟਰ ਗੁਰਮੇਲ ਸਿੰਘ ਕੜਿਆਲ, ਹੀਰਾ ਸਿੰਘ ਪੰਨੂ, ਮਨਪ੍ਰੀਤ ਸਿੰਘ ਜੱਗਾ, ਨਿਰਮਲ ਸਿੰਘ, ਵਿਰਸਾ ਸਿੰਘ ਸ਼ਾਹ, ਸਿਮਰਨ ਸਿੰਘ ਵੜੈਚ, ਚਰਨ ਸਿੰਘ, ਬਾਬਾ ਹਰਜਾਪ ਸਿੰਘ, ਬਾਬਾ ਸਾਹਿਬ ਸਿੰਘ ਤੇ ਹਰਪਾਲ ਸਿੰਘ ਪਾਲੀ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਦੇ ਮਿਸ਼ਨਰੀ ਆਗੂ ਹਰਮੇਸ਼ ਵਿਰਦੀ ਦਾ ਭੋਗ ਅਤੇ ਅੰਤਿਮ ਅਰਦਾਸ।
Next articleਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਚੱਬੇਵਾਲ-ਬਜਰਾਵਰ-ਪੱਟੀ ਲਿੰਕ ਰੋਡ – ਡਾ. ਰਾਜ ਕੁਮਾਰ