ਨਵਜੋਤ ਸਾਹਿਤ ਸੰਸਥਾ ਔਡ਼ ਦਾ ਸਥਾਪਨਾ ਦਿਵਸ ਮਨਾਇਆ ਪੰਜ ਸਖਸ਼ੀਅਤਾਂ ਦਾ ‘ਨਵਜੋਤ ਪੁਰਸਕਾਰ-2024’ ਨਾਲ ਸਨਮਾਨ

ਨਵਜੋਤ ਪੁਰਸਕਾਰ-2024’ ਹਾਸਲ ਕਰਨ ਵਾਲੇ ਲੈਕਚਰਾਰ ਪੰਜਾਬੀ ਰਾਜ ਰਾਣੀ ਪ੍ਰਬੰਧਕਾਂ ਨਾਲ।

ਔਡ਼, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦਾ 43 ਵਾਂ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਔੜ ਵਿਖੇ ਕਰਵਾਏ ਗਏ ਸਾਹਿਤਕ ਸਮਾਗ਼ਮ ਦੌਰਾਨ ਪੰਜ ਸਖ਼ਸੀਅਤਾਂ ਨੂੰ ‘ਨਵਜੋਤ ਪੁਰਸਕਾਰ-2024’ ਨਾਲ ਨਿਵਾਜਿਆ ਗਿਆ। ਇਹਨਾਂ ਵਿੱਚ ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ (ਕਾਵਿ ਖੇਤਰ), ਡਾ. ਕੇਵਲ ਰਾਮ (ਖੋਜ ਖੇਤਰ), ਸਹਿ ਸੰਪਾਦਕ ਗੁਰਪ੍ਰੀਤ ਸਿੰਘ ਰਤਨ (ਪੱਤਰਕਾਰੀ ਖੇਤਰ), ਪੰਜਾਬੀ ਲੈਕਚਰਾਰ ਰਾਜ ਰਾਣੀ (ਅਧਿਆਪਨ ਖੇਤਰ) ਅਤੇ ਕੁਮਾਰੀ ਸਿਮਰਨ ਸਿੰਮੀ (ਸਮਾਜਿਕ ਖੇਤਰ) ਸ਼ਾਮਲ ਸਨ। ਇਸ ਦੇ ਨਾਲ ਸੰਸਥਾ ਦੇ ਪੰਜ ਮੋਢੀ ਮੈਂਬਰ ਸਤਪਾਲ ਸਾਹਲੋਂ, ਚਮਨ ਮੱਲਪੁਰੀ, ਸੁਰਿੰਦਰ ਭਾਰਤੀ, ਬਿੰਦਰ ਮੱਲ੍ਹਾ ਬੇਦੀਆਂ, ਪਿਆਰੇ ਲਾਲ ਬੰਗਡ਼ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸੰਸਥਾ ਦੇ ਸੰਸਥਾਪਕ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵੀ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਨਮਾਨ ਰਸਮਾਂ ਨਿਭਾਉਂਦਿਆਂ ਸੰਸਥਾ ਦੀਆਂ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਹੁਦੇਦਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਸਵਾਗਤੀ ਸ਼ਬਦ ਕਹੇ ਅਤੇ ਸਕੱਤਰ ਸੁਰਜੀਤ ਮਜਾਰੀ ਨੇ ਸਲਾਨਾ ਰਿਪੋਰਟ ਸਾਂਝੀ ਕੀਤੀ। ਕਵੀ ਦਰਬਾਰ ’ਚ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਦੀ ਸਾਂਝ ਪਾਈ ਗਈ।
ਇਸ ਵਾਰ ਸਥਾਪਨਾ ਸਮਾਗਮ ਦੌਰਾਨ ਅੰਤਰ ਕਾਲਜ- ਸਕੂਲ ਕਾਵਿ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਵਿਦਿਅਕ ਅਦਾਰਿਆਂ ਤੋਂ ਵਿਦਿਆਰਥੀ ਸ਼ਾਮਲ ਹੋਏ। ਇਸ ਪ੍ਰਤੀਯੋਗਤਾ ਵਿੱਚ ਸ. ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਦੇ ਜਸਵਿੰਦਰ ਸਿੰਘ, ਸਿੱਖ ਨੈਸ਼ਨਲ ਕਾਲਜ ਬੰਗਾ ਦੀ ਇੰਦਰਪ੍ਰੀਤ ਕੌਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਇਵੇਂ ਤੀਜੇ ਸਥਾਨ ਲਈ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਪ੍ਰਭਦੀਪ ਕੌਰ ਅਤੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਮਹਿਕਪ੍ਰੀਤ ਕੌਰ ਖਟਕੜ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਨਗਦੀ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਖ਼ਜ਼ਾਨਚੀ ਮੈਡਮ ਹਰਬੰਸ ਕੌਰ ਕਰਿਆਮ, ਪ੍ਰਿੰਸੀਪਲ ਨਛੱਤਰ ਸਿੰਘ ਸੁਮਨ, ਮੈਡਮ ਰਜਨੀ ਸ਼ਰਮਾ, ਦਵਿੰਦਰ ਸਕੋਹਪੁਰੀ, ਨੀਰੂ ਜੱਸਲ, ਅਮਰ ਜਿੰਦ, ਹਰਬੰਸ ਕੌਰ, ਦਵਿੰਦਰ ਬੇਗ਼ਮਪੁਰੀ, ਰੇਸ਼ਮ ਕਰਨਾਣਵੀ, ਹਰੀ ਕਿਸ਼ਨ ਪਟਵਾਰੀ, ਰਾਜ ਸੋਹੀ, ਸੁੱਚਾ ਰਾਮ, ਰਾਮ ਨਾਥ ਕਟਾਰੀਆ, ਵਿਨੈ ਸ਼ਰਮਾ ਨੇ ਰਚਨਾਵਾਂ ਪੇਸ਼ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 10/12/2024
Next articleਕੁਲਦੀਪ ਸਿੰਘ ਸਰਬਸੰਮਤੀ ਨਾਲ ਦੁਬਾਰਾ ਬਣੇ ਮਾਸਟਰ ਕੇਡਰ ਯੂਨੀਅਨ ਮੁਕੰਦਪੁਰ ਬਲਾਕ ਦੇ ਪ੍ਰਧਾਨ ਅਤੇ ਭੁਪਿੰਦਰ ਸਿੰਘ ਜਨਰਲ ਸਕੱਤਰ