ਓਮੀਕਰੋਨ: ਦੇਸ਼ ਵਿਚ 17 ਨਵੇਂ ਕੇਸ ਆਏ ਸਾਹਮਣੇ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਰਾਜਧਾਨੀ ਨਵੀਂ ਦਿੱਲੀ ’ਚ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦਾ ਪਹਿਲਾ ਕੇਸ ਮਿਲਣ ਦੇ ਨਾਲ ਹੀ ਮਹਾਰਾਸ਼ਟਰ ਦੇ ਪੁਣੇ ’ਚ 7 ਤੇ ਰਾਜਸਥਾਨ ਦੇ ਜੈਪੁਰ ’ਚ ਨੌਂ ਨਵੇਂ ਕੇਸ ਮਿਲਣ ਨਾਲ ਦੇਸ਼ ’ਚ ਇਸ ਨਵੇਂ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 21 ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਨਜ਼ਾਨੀਆ ਤੋਂ ਦਿੱਲੀ ਆਇਆ ਇੱਕ 37 ਸਾਲਾ ਵਿਅਕਤੀ ਓਮੀਕਰੋਨ ਤੋਂ ਪੀੜਤ ਪਾਇਆ ਗਿਆ ਹੈ। ਲੋਕ ਨਾਇਕ ਜੈ ਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਦਾ ਇਸ ਸਮੇਂ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਤੇ ਉਸ ’ਚ ਬਿਮਾਰੀ ਦੇ ਮਾਮੂਲੀ ਲੱਛਣ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ, ‘ਹੁਣ ਤੱਕ ਕੋਵਿਡ-19 ਦੇ 17 ਮਰੀਜ਼ ਤੇ ਉਨ੍ਹਾਂ ਦੇ ਸੰਪਰਕ ’ਚ ਆੲੇ ਛੇ ਜਣਿਆਂ ਨੂੰ ਲੋਕ ਨਾਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ 12 ਨਮੂਨਿਆਂ ’ਚੋਂ ਇੱਕ ’ਚ ਓਮੀਕਰੋਨ ਸਰੂਪ ਪਾਇਆ ਗਿਆ ਹੈ।’

ਮੈਡੀਕਲ ਡਾਇਰੈਕਟਰ ਸੁਰੇਸ਼ ਕੁਮਾਰ ਨੇ ਕਿਹਾ, ‘ਮਰੀਜ਼ ਭਾਰਤੀ ਹੈ ਅਤੇ ਉਹ ਤਨਜ਼ਾਨੀਆ ਤੋਂ ਆਇਆ ਹੈ। ਉਸ ਦੇ ਗਲੇ ’ਚ ਸੋਜ਼, ਬੁਖਾਰ ਤੇ ਸਰੀਰ ’ਚ ਦਰਦ ਵਰਗੇ ਲਾਗ ਦੇ ਮਾਮੂਲੀ ਲੱਛਣ ਹਨ ਤੇ ਉਸ ਨੂੰ ਦੋ ਦਸੰਬਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।’ ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਓਮੀਕਰੋਨ ਸਰੂਪ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਅਸਰਦਾਰ ਢੰਗ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਲਾਉਣਾ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੈਨ ਨੇ ਕਿਹਾ ਕਿ ਇਸ ਗੱਲ ਦੀ 99 ਫੀਸਦ ਸੰਭਾਵਨਾ ਹੈ ਕਿ ਮਾਸਕ ਕੋਵਿਡ-19 ਦੇ ਸਾਰੇ ਸਰੂਪਾਂ ਤੋਂ ਲੋਕਾਂ ਦਾ ਬਚਾਅ ਕਰ ਸਕਦਾ ਹੈ। ਬੂਸਟਰ ਖੁਰਾਕ ਸਬੰਧੀ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੇ ਮਾਹਿਰਾਂ ਦੀ ਸਿਫਾਰਸ਼ ਦਾ ਪਾਲਣ ਕਰੇਗੀ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਸੱਤ ਜਣਿਆਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ’ਚ ਨਾਇਜੀਰੀਆ ਤੋਂ ਆਈ ਔਰਤ ਤੇ ਉਸ ਦੀਆਂ ਦੋ ਧੀਆਂ ਸ਼ਾਮਲ ਹਨ। ਉਹ ਆਪਣੇ ਭਰਾ ਨੂੰ ਮਿਲ ਕੇ ਆਈ ਸੀ।

ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦਾ ਭਰਾ ਤੇ ਉਸ ਦੀਆਂ ਦੋ ਧੀਆਂ ਵੀ ਓਮੀਕਰੋਨ ਤੋਂ ਪੀੜਤ ਮਿਲੀਆਂ ਹਨ। ਦੂਜੇ ਪਾਸੇ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਫਿਨਲੈਂਡ ਤੋਂ ਪੁਣੇ ਮੁੜੇ ਇੱਕ ਹੋਰ ਵਿਅਕਤੀ ਦੇ ਵੀ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮਹਾਰਾਸ਼ਟਰ ’ਚ ਹੁਣ ਤੱਕ ਅੱਠ ਜਣਿਆਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਉੱਧਰ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਨੌਂ ਲੋਕਾਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਚਾਰ ਜਣੇ ਦੱਖਣੀ ਅਫਰੀਕਾ ਤੋਂ ਮੁੜੇ ਹਨ ਅਤੇ ਪੰਜ ਜਣੇ ਉਨ੍ਹਾਂ ਦੇ ਸੰਪਰਕ ’ਚ ਆਏ ਉਨ੍ਹਾਂ ਦੇ ਰਿਸ਼ਤੇਦਾਰ ਹਨ। ਮੈਡੀਕਲ ਸਕੱਤਰ ਵੈਭਵ ਗਲਾਰੀਆ ਨੇ ਦੱਸਿਆ ਕਿ ਪੀੜਤਾਂ ਦੀ ਜੀਨੋਮ ਸੀਕੁਐਂਸਿੰਗ ਰਾਹੀਂ ਨੌਂ ਜਣਿਆਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਦੀ ਭਾਲ ਕਰਕੇ ਉਨ੍ਹਾਂ ਦੇ ਨਮੂਨੇ ਹਾਸਲ ਕੀਤੇ ਜਾ ਰਹੇ ਹਨ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰਨਾਟਕ (2), ਮਹਾਰਾਸ਼ਟਰ (1) ਤੇ ਗੁਜਰਾਤ (1) ’ਚ ਓਮੀਕਰੋਨ ਦੇ ਕੇਸ ਸਾਹਮਣੇ ਆ ਚੁੱਕੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ
Next articleਪੰਜਾਬ ’ਚ ਕਰੋਨਾ ਦੇ 38 ਨਵੇਂ ਕੇਸ