HOME ਰਾਸ਼੍ਟ੍ਰੀਯ ਸ੍ਵਯੰਸੇਵਕ ਸੰਘ ਨੇ ਆਪਣਾ 100ਵਾਂ ਸਥਾਪਨਾ ਦਿਵਸ ਮਨਾਇਆ

ਰਾਸ਼੍ਟ੍ਰੀਯ ਸ੍ਵਯੰਸੇਵਕ ਸੰਘ ਨੇ ਆਪਣਾ 100ਵਾਂ ਸਥਾਪਨਾ ਦਿਵਸ ਮਨਾਇਆ

6
 ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਅਧਰਮ ਉੱਤੇ ਧਰਮ ਦੀ ਜਿੱਤ ਦੇ ਤਿਉਹਾਰ ਵਿਜੈਦਸ਼ਮੀ ਵਾਲੇ ਦਿਨ ਰਾਸ਼੍ਟ੍ਰੀਯ ਸ੍ਵਯੰਸੇਵਕ ਸੰਘ ਨੇ ਆਪਣਾ 100ਵਾਂ ਸਥਾਪਨਾ ਦਿਵਸ ਮਨਾਇਆ। ਅੱਜ ਦੇ ਦਿਨ 1925 ਨੂੰ ਡਾ: ਕੇਸ਼ਵ ਬਲਿਰਾਮ ਹੇਡਗੇਵਾਰ ਜੀ ਨੇ ਕੁਝ ਬੱਚਿਆਂ ਨੂੰ ਨਾਲ ਲੈ ਕੇ ਸੰਘ ਦੀ ਸਥਾਪਨਾ ਕੀਤੀ ਸੀ ਅਤੇ ਅੱਜ ਇਹ ਦੁਨੀਆਂ ਦਾ ਸਭ ਤੋਂ ਵੱਡਾ ਗੈਰ-ਸਰਕਾਰੀ ਸੰਗਠਨ ਬਣ ਚੁੱਕਿਆ ਹੈ। ਇਸ ਮੌਕੇ ’ਤੇ ਪੂਰੇ ਦੇਸ਼ ਅੰਦਰ ਵੱਖ-ਵੱਖ ਥਾਵਾਂ ਉੱਤੇ ਸਮਾਰੋਹ ਆਯੋਜਿਤ ਹੋਏ। ਆਪਣੇ ਲੁਧਿਆਣਾ ਸ਼ਹਿਰ ਵਿੱਚ ਕੁੱਲ 18 ਸਮਾਰੋਹ ਕਰਵਾਏ ਗਏ।  ਇਹਨਾਂ ਪ੍ਰੋਗਰਾਮਾਂ ਵਿੱਚ ਸਮਾਰੋਹ ਰਾਸ਼੍ਟ੍ਰੀਯ ਸ੍ਵਯੰਸੇਵਕ ਸੰਘ ਦੇ ਅਧਿਕਾਰੀ, ਮੁੱਖ ਬੁਲਾਰੇ ਅਤੇ ਮੁੱਖ ਮਹਿਮਾਨਾਂ ਨੇ ਸ਼ਸਤਰ ਪੂਜਨ ਕੀਤਾ। ਇਸ ਮੌਕੇ ਇਲਾਕੇ ਦੇ ਅਨੇਕ ਪਤਵੰਤੇ ਸੱਜਣ-ਭੈਣਾਂ ਤੇ ਸਵਯੰਸੇਵਕ ਮੌਜੂਦ ਸਨ। ਰਘੁਨਾਥ ਨਗਰ ਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਸ਼੍ਰੀ ਲਲਿਤ ਗੁਪਤਾ, ਸਹਕਾਰਯਵਹ ਨੇ ਕਿਹਾ ਕਿ ‘ਸਵ’ ਬੋਧ, ਪਰਿਆਵਰਣ ਸੰਰਖਣ, ਨਾਗਰਿਕ ਕਰਤੱਵਾਂ ਦੀ ਪਾਲਣਾ, ਸਮਰਸਤਾ ਅਤੇ ਆਦਰਸ਼ ਪਰਿਵਾਰ ਪ੍ਰਣਾਲੀ ਰਾਹੀਂ ਹੀ ਭਾਰਤ ਦਾ ਸਮੁੱਚਾ ਵਿਕਾਸ ਸੰਭਵ ਹੈ। ਉਹਨਾਂ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਨਿਰਮਾਣ ਤੇ ਉਥਾਨ ਲਈ ਉੱਥੇ ਦੇ ਨਾਗਰਿਕਾਂ ਨੂੰ ਚਰਿੱਤਰਵਾਨ ਤੇ ਦੇਸ਼ ਭਗਤੀ ਦੇ ਗੁਣਾਂ ਤੋਂ ਸੰਪੰਨ ਹੋਣਾ ਜ਼ਰੂਰੀ ਹੈ। ਕਈ ਵਾਰੀ ਚਰਿੱਤਰ ਦੇ ਬਿਨਾਂ ਸਿੱਖਿਆ ਅਤੇ ਗਿਆਨ ਵੀ ਘਾਤਕ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਸੰਘ ਚਰਿੱਤਰ ਨਿਰਮਾਣ ਤੋਂ ਰਾਸ਼ਟਰ ਨਿਰਮਾਣ ਦੀ ਕਾਰਜਪੱਧਤੀ ਰਾਹੀਂ ਰਾਸ਼ਟਰ ਦੇ ਪਰਮਵੈਭਵ ਲਈ ਕੰਮ ਕਰ ਰਿਹਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲੀਦਾਨ ਦਿਵਸ ਦੀਆਂ ਪਵਿੱਤਰ ਭਾਵਨਾਵਾਂ ਨੂੁੰ ਮੁੱਖ ਰੱਖਦਿਆਂ ਲਲਿਤ ਜੀ ਨੇ ਕਿਹਾ ਕਿ ਗੁਰੂ ਜੀ ਨੇ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰੱਖਿਆ ਦਾ ਸੁਨੇਹਾ ਦਿੱਤਾ। ਉਹਨਾਂ ਇਹ ਵੀ ਸਿਖਾਇਆ ਕਿ ਦੁਨੀਆਂ ਦਾ ਹਰ ਧਰਮ ਸਨਮਾਨਿਤ ਹੈ ਅਤੇ ਕਿਸੇ ਨੂੰ ਧਰਮ ਦੇ ਅਧਾਰ ਉੱਤੇ ਦੂਸਰਿਆਂ ਉੱਪਰ ਅੱਤਿਆਚਾਰ ਕਰਨ ਅਤੇ ਕਿਸੇ ਨੂੰ ਧਰਮ ਬਦਲੀ ਲਈ ਮਜ਼ਬੂਰ ਕਰਨ ਦਾ ਅਧਿਕਾਰ ਨਹੀਂ ਹੈ। ਗੁਰੂ ਜੀ ਨੇ ਇਹ ਵੀ ਸੁਨੇਹਾ ਦਿੱਤਾ ਕਿ ਆਪਣੇ ਧਰਮ ਦੀ ਰੱਖਿਆ ਲਈ ਜੇਕਰ ਮਨੁੱਖ ਨੂੰ ਆਪਣੇ ਜੀਵਨ ਦਾ ਵੀ ਬਲੀਦਾਨ ਕਰਨਾ ਪਵੇ ਤਾਂ ਉਸਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਆਪਣੇ ਸੰਬੋਧਨ ਦੌਰਾਨ ਸੰਘ ਵੱਲੋਂ ਦਿੱਤੇ ਗਏ ਪੰਜ ਪਰਿਵਰਤਨਾਂ ਦੇ ਸੱਦੇ ਦਾ ਜ਼ਿਕਰ ਕਰਦਿਆਂ ਸੰਘ ਅਧਿਕਾਰੀ ਨੇ ਕਿਹਾ ਕਿ ‘ਸਵ’ ਦੇ ਬੋਧ, ਪਰਿਆਵਰਣ ਸੰਰਖਣ, ਨਾਗਰਿਕ ਕਰਤੱਵਾਂ ਦੀ ਪਾਲਣਾ, ਸਮਰਸਤਾ ਅਤੇ ਆਦਰਸ਼ ਪਰਿਵਾਰ ਪ੍ਰਣਾਲੀ  ਦੇ ਰਾਹ ਉੱਤੇ ਚੱਲਦਿਆਂ ਭਾਰਤ ਆਪਣਾ ਸਰਵਪੱਖੀ ਵਿਕਾਸ ਕਰ ਸਕਦਾ ਹੈ। ਸੰਘ ਦਾ ਮੰਨਣਾ ਹੈ ਕਿ ਇੱਕ ਸ਼ਕਤੀਸ਼ਾਲੀ, ਸੱਭਿਅਕ ਅਤੇ ਹਰ ਖੇਤਰ ਵਿੱਚ ਪ੍ਰਗਤੀਸ਼ੀਲ ਰਾਸ਼ਟਰ ਲਈ ਸਮਾਜਕ ਸਮਰਸਤਾ ਜ਼ਰੂਰੀ ਅੰਗ ਹੈ। ਜਾਤੀ, ਧਰਮ, ਖਾਨਦਾਨ ਅਤੇ ਲੈਂਗਿਕ ਅਧਾਰ ’ਤੇ ਵੰਡਿਆ ਰਾਸ਼ਟਰ ਕਦੇ ਵੀ ਆਪਣੀ ਏਕਤਾ-ਅਖੰਡਤਾ ਤੇ ਸੁਰੱਖਿਆ ਕਾਇਮ ਨਹੀਂ ਰੱਖ ਸਕਦਾ। ਸੰਘ ਪਰਿਵਾਰ ਨੂੰ ਭਾਰਤੀ ਸੰਸਕ੍ਰਿਤੀ, ਕਦਰਾਂ ਕੀਮਤਾਂ, ਆਦਰਸ਼ਾਂ ਅਤੇ ਸੰਸਕਾਰਾਂ ਦੀ ਅਧਾਰਸ਼ਿਲਾ ਮੰਨਦਾ ਹੈ। ਪੱਛਮੀ ਸੰਸਕ੍ਰਿਤੀ ਦੇ ਪ੍ਰਭਾਵ ਅਤੇ ਆਧੁਨਿਕ ਜੀਵਨ ਸ਼ੈਲੀ ਦੇ ਦਬਾਅ ਦੇ ਕਾਰਨ ਪਰੰਪਰਾਗਤ ਪਰਿਵਾਰਿਕ ਮੁੱਲਾਂ ਦਾ ਪਤਨ ਹੋ ਰਿਹਾ ਹੈ। ਪਰਿਵਾਰ ਪ੍ਰਬੋਧਨ ਰਾਹੀਂ ਆਪਾਂ ਆਪਣੇ ਪਰਿਵਾਰਾਂ ਨੂੰ ਭਾਰਤੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਪ੍ਰਤੀ ਸਜਗ ਕਰਦੇ ਹਾਂ। ਉਹਨਾਂ ਕਿਹਾ ਕਿ ਪਰਿਆਵਰਣ ਸੰਰਖਣ ਮੌਜੂਦਾ ਸਮੇਂ ਦੀ ਬਹੁਤ ਵੱਡੀ ਚੁਣੌਤੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਲਈ ਪਰਿਆਵਰਣ ਪੱਖੀ ਜੀਵਨ ਸ਼ੈਲੀ ਅਪਨਾਉਣੀ ਜ਼ਰੂਰੀ ਹੈ। ਇੱਕ ਹੋਰ ਸਮਾਰੋਹ ਵਿੱਚ ਆਪਣੇ ਸੰਬੋਧਨ ਦੌਰਾਨ ਸੰਘ ਅਧਿਕਾਰੀ ਸਹ ਪ੍ਰਾਂਤ ਪ੍ਰਚਾਰ ਪ੍ਰਮੁੱਖ ਸੁਖਜਿੰਦਰ ਰਿਸ਼ੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਆਰਥਿਕ ਆਤਮਨਿਰਭਰਤਾ ਬੇਹੱਦ ਜ਼ਰੂਰੀ ਹੈ। ਉਪਭੋਗਤਾਵਾਦੀ ਸੱਭਿਆਚਾਰ ਅਤੇ ਜ਼ਰੂਰਤ ਤੋਂ ਜ਼ਿਆਦਾ ਆਯਾਤ ਸਾਡੇ ਅਰਥਚਾਰੇ ਲਈ ਖਤਰਨਾਕ ਹੈ। ਭਾਰਤੀ ਉਤਪਾਦਾਂ ਅਤੇ ਸਥਾਨਕ ਕੰਮ ਧੰਧਿਆਂ ਨੂੰ ਅਪਨਾਉਣ ਅਤੇ ਇਹਨਾਂ ਦਾ ਵਿਕਾਸ ਕਰਨ ਵਿੱਚ ਹੀ ਆਪਣੇ ਸਮਾਜ ਅਤੇ ਦੇਸ਼ ਦੀ ਭਲਾਈ ਹੈ।  ਨਾਗਰਿਕ ਕਰਤੱਵਾਂ ਬਾਰੇ ਬੋਲਦਿਆਂ ਸੰਘ ਅਧਿਕਾਰੀ ਨੇ ਕਿਹਾ ਕਿ ਗਿਆਨਵਾਨ ਅਤੇ ਉਂਨਤਸ਼ੀਲ ਲੋਕਤਾਂਤਰਿਕ ਰਾਸ਼ਟਰ ਲਈ ਉਸਦੇ ਨਾਗਰਿਕਾਂ ਦਾ ਆਪਣੇ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਨੂੰ ਲੈ ਕੇ ਵੀ ਜਾਗਰੂਕ ਅਤੇ ਜ਼ਿੰਮੇਵਾਰ ਹੋਣਾ ਬੇਹੱਦ ਜ਼ਰੂਰੀ ਹੈ। ਨਾਗਰਿਕ ਕਰਤੱਵਾਂ ਦੇ ਤਹਿਤ ਮਤਦਾਨ ਕਰਨਾ, ਇਮਾਨਦਾਰੀ ਨਾਲ ਕਰਾਂ ਦਾ ਭੁਗਤਾਨ ਕਰਨਾ, ਸਾਰਵਜਨਿਕ ਸੰਪਤੀ ਦੀ ਰੱਖਿਆ, ਕਾਨੂੰਨਾਂ ਦੀ ਪਾਲਣਾ ਅਤੇ ਸਮਾਜਕ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸੇਦਾਰੀ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹਨਾਂ ਪੰਜ ਪਰਿਵਰਤਨਾਂ ਨੂੰ ਲੈ ਕੇ ਹੀ ਸੰਘ ਦੇਸ਼ ਦੇ ਨਾਗਰਿਕਾਂ ਕੋਲ ਜਾ ਰਿਹਾ ਹੈ। ਸੁੰਦਰ ਨਗਰ ਦੇ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਗਿਆਨੇਸ਼ਵਰ ਸੂਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣੇ ਸਦਕਰਮਾਂ ਤੇ ਸਕਾਰਾਤਮਕ ਕਾਰਜ ਪੱਧਤੀ ਦੇ ਚੱਲਦਿਆਂ ਹੀ ਸੰਘ ਆਪਣੇ ਜੀਵਨ ਦੇ 100 ਸਾਲਾਂ ਵਿੱਚ ਦੇਸ਼ ਭਗਤੀ, ਆਪਸੀ ਭਾਈਚਾਰੇ ਅਤੇ ਸੇਵਾ ਆਦਿ ਗੁਣਾਂ ਦਾ ਦੂਸਰਾ ਨਾਮ ਬਣ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਸਾਹਮਣੇ ਜਦੋਂ ਵੀ ਕੋਈ ਸੰਕਟ ਆਇਆ ਹੈ ਤਾਂ ਸੰਘ ਦੇ ਸਵਯੰਸੇਵਕ ਅੱਗੇ ਆ ਕੇ ਆਪਣੇ ਰਾਸ਼ਟਰੀ ਜਿੰਮੇਵਾਰੀ ਨਿਭਾਉਂਦੇ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਦਿਮਾਗ ਗੁਲਦਸਤਾ ਜਾਂ ਕੂੜੇਦਾਨ’ (ਚੰਗੇ ਵਿਚਾਰਾਂ ਦੀ ਖੇਤੀ)
Next articleਡੇਰਾਬੱਸੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ