* ਡੇਰਾਬੱਸੀ, ਮੁਬਾਰਿਕਪੁਰ, ਸੁੰਡਰਾਂ ਅਤੇ ਤ੍ਰਿਵੇਦੀ ਕੈਂਪ ਵਿੱਚ ਫੂਕੇ ਪੁਤਲੇ
ਡੇਰਾਬੱਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) : ਸਬ ਡਿਵੀਜ਼ਨ ਡੇਰਾਬੱਸੀ ਵਿੱਚ ਬੱਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ l ਡੇਰਾਬੱਸੀ, ਮੁਬਾਰਕਪੁਰ, ਸੁੰਡਰਾਂ ਅਤੇ ਤ੍ਰਿਵਦੀ ਕੈਂਪ ਵਿੱਚ ਸ਼ੋਭਾ ਯਾਤਰਾ ਕੱਢਣ ਤੋਂ ਬਾਅਦ ਪੁਤਲੇ ਫੂਕੇ ਗਏ l ਰਾਮਲੀਲਾ ਗਰਾਊਂਡ ਡੇਰਾਬੱਸੀ ਵਿਖੇ ਸ਼੍ਰੀ ਰਾਮਲੀਲਾ ਦੁਸ਼ਹਿਰਾ ਮੰਡਲ ਵੱਲੋਂ ਪ੍ਰਧਾਨ ਬਲਜੀਤ ਚੰਦ ਸ਼ਰਮਾ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਗ ਲਗਾਈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵਿਜਯਦਸ਼ਮੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਮਾਜ ਵਿੱਚੋਂ ਬੁਰਾਈ ਨੂੰ ਖਤਮ ਕਰਨ ਲਈ ਸਾਨੂੰ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ‘ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਕਮਲ ਖੈਰਾ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਤ੍ਰਿਵੇਦੀ ਕੈਂਪ, ਸੁੰਡਰਾ ਅਤੇ ਮੁਬਾਰਕਪੁਰ ਵਿੱਚ ਵੀ ਰਾਮਲੀਲਾ ਮੰਚਨ ਤੋਂ ਬਾਅਦ ਰਾਵਣ ਪਰਿਵਾਰ ਦੇ ਪੁਤਲੇ ਫੂਕ ਕੇ ਦੁਸ਼ਹਿਰਾ ਮਨਾਇਆ ਗਿਆ। ਇਸੇ ਤਰ੍ਹਾਂ ਡੇਰਾਬੱਸੀ ਗੁਲਾਬਗੜ੍ਹ ਰੋਡ ਤੇ ਸ੍ਰੀ ਰਾਮਲੀਲਾ ਕਮੇਟੀ ਰਜਿਸਟਰ 812 ਵੱਲੋਂ ਸੋਭਾ ਯਾਤਰਾ ਕੱਢੀ ਗਈ l ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਵਿੰਦਰ ਵੈਸ਼ਨਵ ਦੀ ਅਗਵਾਈ ਹੇਠ ਗੁਲਾਬਗੜ੍ਹ ਰੋਡ ‘ਤੇ ਸਥਿਤ ਅਸ਼ੋਕ ਵਾਟਿਕਾ ਮੈਦਾਨ ਵਿੱਚ ਤਿਆਰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਜਾਏ ਗਏ। ਇਨ੍ਹਾਂ ਪੁਤਲਿਆਂ ਨੂੰ ਪੰਜਾਬ ਐਗਰੋ ਇੰਡਸਟ੍ਰੀਜ਼ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਅੱਗ ਲਗਾਈ। ਇਸ ਤੋਂ ਪਹਿਲਾਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਨਗਰ ਪ੍ਰਧਾਨ ਨਰੇਸ਼ ਉਪਨੇਜਾ ਨੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਨੇ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਇਸ ਸਮਾਗਮ ਵਿੱਚ ਮਿਲਣ ਵਾਲੀ ਆਪਣੀ ਸਾਰੀ ਫੀਸ ਪੰਜਾਬ ਦੇ ਬਾੜ੍ਹ ਪ੍ਰਭਾਵਿਤ ਲੋਕਾਂ ਦੀ ਰਾਹਤ ਲਈ ਭੇਂਟ ਕਰਨ ਦਾ ਐਲਾਨ ਕੀਤਾ। ਸ਼ੋਭਾ ਯਾਤਰਾਵਾਂ ਵਿੱਚ ਮਿਲਟਰੀ ਬੈਂਡ, ਤਾਸ਼ਾ ਪਾਰਟੀ, ਵੱਖ-ਵੱਖ ਝਾਂਕੀਆਂ ਅਤੇ ਨਰਤਕ ਟੋਲੀਆਂ ਨੇ ਸ਼ਿਰਕਤ ਕਰਕੇ ਸਮਾਰੋਹ ਨੂੰ ਰੰਗਾਰੰਗ ਬਣਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



