ਬਹੁਪੱਖੀ ਸ਼ਖ਼ਸੀਅਤ ਰੁਸਤਮ-ਏ-ਹਿੰਦ ਦਾਰਾ ਸਿੰਘ 

12 ਜੁਲਾਈ ਬਰਸੀ ਵਿਸੇ਼ਸ

ਸਮਾਜ ਵੀਕਲੀ

ਕਹਿੰਦੇ ਨੇ ਕਿ ਹਰ ਇੱਕ ਇਨਸਾਨ ਚ ਕਲਾ ਅਤੇ ਹੁਨਰ ਹੈ ਬਸ ਨਿਰਭਰ ਕਰਦਾ ਹੈ ਕਿ ਉਹ ਆਪਣੇ ਜੀਵਨ ਚ ਕਿਵੇ ਅਤੇ ਕਿਸ ਤਰ੍ਹਾਂ ਮਿਹਨਤ ਕਰਕੇ ਇਸ ਨੂੰ ਦੁਨੀਆਂ ਸਾਹਮਣੇ ਪੇਸ਼ ਕਰਦਾ ਹੈ। ਦੁਨੀਆਂ ਵਿੱਚ ਬਹੁਤ ਸਾਰੇ ਲੋਕ ਆਪਣੀ ਮਿਹਨਤ, ਲਗਨ ਅਤੇ ਹੁਨਰ ਕਰਕੇ  ਹਰ ਖੇਤਰ ਵਿਚ ਸਫਲ ਹੋ ਜਾਂਦੇ ਹਨ ਇਨ੍ਹਾਂ ਵਿਚੋ ਹੀ ਇੱਕ ਪੰਜਾਬ ਦੀ ਬਹੁਪੱਖੀ ਸ਼ਖ਼ਸੀਅਤ ਦਾਰਾ ਸਿੰਘ ਦਾ ਨਾਂ ਆਉਂਦਾ ਹੈ ਉਹ ਜਿਸ ਖੇਤਰ ਚ ਵੀ ਗਏ ਉੱਥੇ ਉਨ੍ਹਾਂ ਨੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਉਹ ਭਾਵੇਂ ਪਹਿਲਵਾਨੀ ਹੋਵੇ, ਫ਼ਿਲਮਾਂ ਹੋਣ , ਰਾਜਨੀਤੀ ਹੋਵੇ ਭਾਵੇਂ ਹੱਲ ਚਲਾਉਣ ਤੋਂ ਲੈਕੇ ਕਲਮ ਚਲਾਉਣ ਤੱਕ ਦਾ ਕੰਮ ਹੋਵੇ। ਉਹ ਆਪਣੀ ਲਿਖੀ ਆਤਮਕਥਾ ਵਿੱਚ ਆਪਣੇ ਬਚਪਨ ਦੇ ਸ਼ੌਕ ਬਾਰੇ ਵੀ ਜ਼ਿਕਰ ਕਰਦੇ ਹਨ ਕਿ “ਪੜ੍ਹਨ ਤੋਂ ਇਲਾਵਾ ਮੈਨੂੰ ਗੁੱਲੀ ਡੰਡਾ ਖੇਡਣ, ਲੁਕਣ ਮੀਚੀ, ਛਾਲਾਂ ਮਾਰਨ ਤੇ ਖਿੱਦੋ ਖੂੰਡੀ ਖੇਡਣ ਦਾ ਬੜਾ ਸ਼ੌਕ ਸੀ।  ਸਕੂਲੀ ਪੜ੍ਹਨ ਤੋਂ ਬਾਅਦ ਪਸ਼ੂਆਂ ਨੂੰ  ਖੇਤਾਂ ਵਿੱਚ ਚਾਰਨ ਲੈ ਜਾਣਾ ਤੇ ਪਸ਼ੂ ਚਾਰਦਿਆਂ ਕਦੇ ਕਦਾਈਂ ਹਾਣੀ ਮੁੰਡਿਆਂ ਨਾਲ ਇਟ-ਖੜਿੱਕਾ ਵੀ ਹੋ ਜਾਂਦਾ ਸੀ। ਉਦੋਂ ਮੈਂ ਸੱਤ ਅੱਠ ਸਾਲਾਂ ਦਾ ਸੀ। ਮੈਂ ਘਰਦਿਆਂ ਨੂੰ ਕਿਹਾ, ਮੈਨੂੰ ਵੀ ਲੰਗੋਟ ਸਵਾ ਦਿਓ। ਮਾਂ ਨੇ ਕਿਹਾ, ਤੂੰ ਲੰਗੋਟ ਕੀ ਕਰਨਾ ਹੈ? ਮੈਂ ਕਿਹਾ, ਮੈਂ ਵੀ ਡੰਡ ਕੱਢਿਆ ਕਰੂੰਗਾ ਤੇ ਬੈਠਕਾਂ ਕਢੂੰਗਾ। ਮਾਂ ਨੇ ਮੇਰੀ ਰੀਝ ਪੂਰੀ ਕਰ ਦਿੱਤੀ ਤੇ ਮੈਂ ਆਪਣੇ ਸਕਿਆਂ ਵਿਚੋਂ ਚਾਚੇ ਸਵਰਨ ਸਿੰਘ ਕੋਲੋਂ ਬੈਠਕਾਂ ਕੱਢਣੀਆਂ ਸਿੱਖ ਲਈਆਂ। ਪੂਰੇ ਸਰੀਰ ਨੂੰ ਤੇਲ ਲਾ ਕੇ, ਜਿਸ ਤਰ੍ਹਾਂ ਉਹ ਡੰਡ ਬੈਠਕਾਂ ਕੱਢਦਾ ਸੀ ਮੈਂ ਵੀ ਕੱਢਣ ਲੱਗ ਪਿਆ ਅਤੇ ਇਥੋਂ ਹੀ ਮੇਰੀ ਪਹਿਲਵਾਨੀ ਦਾ ਸਫਰ ਸ਼ੁਰੂ ਹੋਇਆ। ਇਸ ਰੁਸਤਮੇ ਹਿੰਦ ਦਾਰਾ ਸਿੰਘ ਰੰਧਾਵਾ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਅੰਮ੍ਰਿਤਸਰ (ਪੰਜਾਬ) ਦੇ ਪਿੰਡ ਧਰਮੂਚੱਕ ’ਚ ਬਲਵੰਤ ਕੌਰ ਤੇ ਸੂਰਤ ਸਿੰਘ ਰੰਧਾਵਾ ਦੇ ਘਰ ਹੋਇਆ ਸੀ। ਘੱਟ ਉਮਰ ’ਚ ਹੀ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਮਰਜ਼ੀ ਦੇ ਬਿਨਾ ਉਨ੍ਹਾਂ ਤੋਂ ਉਮਰ ’ਚ ਬਹੁਤ ਹੀ ਵੱਡੀ ਲੜਕੀ ਨਾਲ ਵਿਆਹ ਕਰ ਦਿੱਤਾ। ਮਾਂ ਨੇ ਇਸ ਉਦੇਸ਼ ਨਾਲ ਕਿ ਮੁੰਡਾ ਛੇਤੀ ਜਵਾਨ ਹੋ ਜਾਵੇ ਇਸ ਲਈ ਉਸ ਨੂੰ ਬਾਦਾਮ ਦੀਆਂ ਗਿਰੀਆਂ ਨੂੰ ਖੰਡ ਤੇ ਮੱਖਣ ’ਚ ਪੀਹ ਕੇ ਖਵਾਉਣਾ ਸ਼ੁਰੂ ਕਰ ਦਿੱਤਾ। ਮਾਂ ਉਨ੍ਹਾਂ ਦੀ ਸਿਹਤ ਦਾ ਪੂਰਾ ਪੂਰਾ ਖਿਆਲ ਰੱਖਦੀ ਸੀ। ਇਸ ਦੇ ਨਾਲ ਹੀ ਦਾਰਾ ਸਿੰਘ ਨੇ ਪਹਿਲਵਾਨੀ ਕਰਨੀ ਵੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਨ੍ਹਾਂ ਦੇ ਅਖਾੜੇ ਦੇ ਮੁਕਾਬਲਿਆਂ ਦੀ ਗੂੰਜ ਬਾਹਰ ਵੀ ਗੁੰਜਣ ਲੱਗੀ। ਸ਼ੁਰੂਆਤੀ ਦੌਰ ਵਿੱਚ ਕਸਬਿਆਂ ਅਤੇ ਸ਼ਹਿਰਾਂ ‘ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਦਾਰਾ ਸਿੰਘ ਨੇ ਬਾਅਦ ਵਿੱਚ ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਨਾਲ ਮੁਕਾਬਲਾ ਕੀਤਾ। ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵੀ ਕੁਸ਼ਤੀ ਚੈਂਪੀਅਨ ਰਹੇ। ਇਸ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਚੈਂਪੀਅਨ ਜਾਰਜ ਗੋਡਿਆਂਕੋ ਨੂੰ ਹਰਾਇਆ ਸੀ। ਇਸ ਤੋਂ ਪਹਿਲਾ ਉਹ ਭਾਰਤੀ ਕੁਸ਼ਤੀ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰ ਚੁੱਕੇ ਸੀ। ਸਾਲ 1968 ਵਿੱਚ ਉਨ੍ਹਾਂ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵੀ ਜਿੱਤ ਲਈ ਸੀ। ਕੁਸ਼ਤੀ ਦੇ ਖੇਤਰ ਦੇ ਵਿੱਚ ਰਹਿੰਦਿਆਂ ਹੀ ਦਾਰਾ ਸਿੰਘ ਨੂੰ ਲਿਖਣ ਦਾ ਸ਼ੌਕ ਵੀ ਜਾਗ ਗਿਆ ਸੀ ਅਤੇ ਉਨ੍ਹਾਂ ਨੇ ਕਲਮ ਵੀ ਫੜੀ ਲਈ ਸੀ ਜਿਸਦਾ ਨਤੀਜਾ ਇਹ ਹੋਇਆ ਕਿ ਸਾਲ 1989 ਵਿੱਚ ਉਨ੍ਹਾਂ ਨੇ ਆਪਣੀ ਆਤਮਕਥਾ ਲਿਖੀਂ ਜਿਸਨੂੰ ਉਨ੍ਹਾਂ ਨੇ ‘ਮੇਰੀ ਆਤਮਕਥਾ’ ਦਾ ਨਾਂ ਦਿੱਤਾ ਸੀ।ਪਹਿਲਵਾਨੀ ਦੇ ਦਿਨਾਂ ਤੋਂ ਹੀ ਉਨ੍ਹਾਂ ਨੇ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਪਰਦੇ ‘ਤੇ ਕਮੀਜ਼ ਉਤਾਰਨ ਵਾਲੇ ਉਹ ਪਹਿਲੇ ਹੀਰੋ ਸਨ। ਸਿਕੰਦਰ-ਏ-ਆਜਮ ਅਤੇ ਡਾਕੂ ਮੰਗਲ ਸਿੰਘ ਵਰਗੀਆਂ ਫਿਲਮਾਂ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ਵਿੱਚ ਰਿਲੀਜ਼ ਹੋਈ ਫਿਲਮ ‘ਜਬ ਵੀ ਮੇਟ’ ਵਿੱਚ ਅਦਾਕਾਰਾ ਕਰੀਨਾ ਕਪੂਰ ਦੇ ਦਾਦਾ ਦੇ ਰੋਲ ਵਿੱਚ ਨਜ਼ਰ ਆਏ ਸੀ। ਬੀਤੇ ਜ਼ਮਾਨੇ ਵਿੱਚ ਅਦਾਕਾਰਾ ਮੁਮਤਾਜ ਨਾਲ ਉਨ੍ਹਾਂ ਦੀ ਜੋੜੀ ਬਹੁਤ ਹਿੱਟ ਮੰਨੀ ਜਾਂਦੀ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਹ ਹਿੰਦੀ ਫਿਲਮ ‘ਮੇਰਾ ਦੇਸ, ਮੇਰਾ ਧਰਮ’ ਅਤੇ ਪੰਜਾਬੀ ‘ਸਵਾ ਲਾਖ ਸੇ ਏਕ ਲੜਾਊ’ ਦੇ ਲੇਖਕ , ਡਾਇਰੈਕਟਰ ਤੇ ਪ੍ਰੋਡਿਊਸਰ ਵੀ ਸੀ। ਉਨ੍ਹਾਂ ਨੇ 10 ਹੋਰ ਪੰਜਾਬੀ ਫਿਲਮਾ ਵੀ ਬਣਾਈਆਂ ਸਨ। ਉਨ੍ਹਾਂ ਦੀ ਫਿਲਮ ‘ਜੱਗਾ’ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦੇ ਐਵਾਰਡ ਨਾਲ ਨਵਾਜ਼ਿਆ ਸੀ ਬਾਅਦ ਵਿੱਚ ਉਨ੍ਹਾਂ ਨੇ ਟੀਵੀ ਨਾਟਕਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੇ ਚਰਚਿਤ ਪ੍ਰੋਗ੍ਰਾਮ ਰਾਮਾਇਣ ਵਿੱਚ ਹਨੁੰਮਾਨ ਦਾ ਰੋਲ ਅਦਾ ਕੀਤਾ ਸੀ। ਦਾਰਾ ਸਿੰਘ ਦੀ ਅਧਿਕਾਰਕ ਵੈਬਸਾਈਟ ਵਿੱਚ ਉਨ੍ਹਾਂ ਨੂੰ ਪਹਿਲਵਾਨ ਤੇ ਫਿਲਮਕਾਰ ਦੇ ਨਾਲ ਨਾਲ ਉਨ੍ਹਾਂ ਨੂੰ ਇੱਕ ਚੰਗਾ ਕਿਸਾਨ ਵੀ ਦੱਸਿਆ ਗਿਆ ਹੈ। ਉਨ੍ਹਾਂ ਨੇ ਕੁੱਝ ਸਮਾਂ ਕਿਸਾਨ ਭਾਈਚਾਰੇ ਦੀ ਪ੍ਰਤੀਨੀਧਤਾ ਵੀ ਕੀਤੀ। ਸਾਲ 2003 ਵਿੱਚ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਸਭਾ ਮੈਂਬਰ ਵੀ ਬਣਾਇਆ ਸੀ। ਦਾਰਾ ਸਿੰਘ ‘ਚ ਹਲੀਮੀ ਸੀ, ਮਿਠਾਸ ਸੀ ਤੇ ਗੱਲਾਂ ਬਾਤਾਂ ਵਿਚ ਰਸ ਸੀ। ਉਹ ਸੱਚਾ ਸੁੱਚਾ ਇਨਸਾਨ ਸੀ। ਆਪਣੀ ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਦੱਸਦਿਆਂ ਉਹ ਕਹਿੰਦਾ ਸੀ ਕਿ ਬੰਦੇ ਨੂੰ ਬੇਫ਼ਿਕਰ ਰਹਿਣਾ ਚਾਹੀਦਾ। ਫ਼ਕੀਰੀ ਵਾਲੀ ਜ਼ਿੰਦਗੀ ਵਿੱਚ ਹੀ ਸਕੂਨ ਹੈ। ਬੇਫ਼ਿਕਰ ਅਤੇ ਖੁਸ਼ ਰਹਿਣ ਲਈ ਬੰਦਾ ਸਦਾ ਸੱਚ ਬੋਲੇ, ਕਿਸੇ ਦੀ ਨਿੰਦਾ ਨਾ ਕਰੇ ਤੇ ਕੋਈ ਐਸਾ ਕੰਮ ਨਾ ਕਰੇ ਜੀਹਦੇ ਨਾਲ ਅੰਤਰ ਆਤਮਾ ਨੂੰ ਡਰ ਲੱਗੇ। ਨੇਕੀ ਕਰ ਕੂੰਏਂ ਮੇਂ ਡਾਲ ਵਾਲੀ ਕਹਾਵਤ ‘ਤੇ ਅਮਲ ਕਰਨ ਵਾਲਾ ਇਨਸਾਨ ਕਦੇ ਦੁਖੀ ਨਹੀਂ ਹੁੰਦਾ। ਦਾਰਾ ਸਿੰਘ ਦਾ ਕਹਿਣਾ ਸੀ, “ਆਪਾਂ ਸਾਰੇ ਦੁਨੀਆ ਦਾ ਮੌਜ ਮੇਲਾ ਵੇਖਣ ਆਏ ਹਾਂ। ਸਾਡੇ ਬਜ਼ੁਰਗ ਇਸ ਦੁਨੀਆ ਨੂੰ ਸਾਡੇ ਵਾਸਤੇ ਸੁਹਾਵਣੀ ਬਣਾ ਕੇ ਗਏ ਹਨ। ਇਸ ਦਾ ਸਵਾਦ ਲਈਏ ਤੇ ਆਉਣ ਵਾਲਿਆਂ ਲਈ ਇਸ ਦੁਨੀਆ ਨੂੰ ਪਹਿਲਾਂ ਨਾਲੋਂ ਵੀ ਸੋਹਣੀ ਬਣਾ ਕੇ ਛੱਡ ਜਾਈਏ। ਪਿਛਲੀ ਉਮਰੇ ਦਾਰਾ ਸਿੰਘ ਨੂੰ ਦਿਲ ਦੇ ਦੌਰੇ ਨੇ ਨਿਢਾਲ ਕਰ ਦਿੱਤਾ ਸੀ ਪਰ ਉਹ ਫਿਰ ਵੀ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਾ ਰਿਹਾ। ਰਹਿੰਦੀ ਹੋਸ਼ ਤਕ ਉਹ ਚੜ੍ਹਦੀ ਕਲਾ ਵਿਚ ਰਿਹਾ । 7 ਜੁਲਾਈ 2012 ਨੂੰ ਦੁਬਾਰਾ ਦਿਲ ਦਾ ਦੌਰਾ ਪਿਆ। ਘਰਦੇ ਉਸ ਨੂੰ ਹਸਪਤਾਲ ਲੈ ਗਏ। ਫਿਰ ਰਹਿੰਦੇ ਸਾਹ ਲੈਣ ਲਈ 10 ਜੁਲਾਈ ਨੂੰ ਵਾਪਸ ਘਰ ਲੈ ਆਏ। ਭਰੇ ਪਰਿਵਾਰ ਵਿਚ ਉਹ ਅੰਤਮ ਵਿਦਾਇਗੀ ਲੈਣ ਲਈ ਤਿਆਰ ਸੀ। ਜ਼ਿੰਦਗੀ ਉਸ ਨੇ ਰੱਜ ਕੇ ਮਾਣ ਲਈ ਸੀ। ਉਸ ਦੀ ਕੋਈ ਇੱਛਾ ਅਧੂਰੀ ਨਹੀਂ ਸੀ ਰਹੀ। ਹੁਣ ਉਸਦੀ ਆਖ਼ਰੀ ਕੁਸ਼ਤੀ ਮੌਤ ਨਾਲ ਸੀ ਜੋ ਉਸ ਨੇ ਬਾਖੂਬੀ ਲੜੀ ਆਖਿਰ 12 ਜੁਲਾਈ 2012 ਨੂੰ ਸਵੇਰੇ ਰੁਸਤਮੇ-ਏ-ਹਿੰਦ ਦਾਰਾ ਸਿੰਘ ਨੂੰ ਮੌਤ ਨੇ ਪਟਕੀ ਮਾਰ ਦਿੱਤੀ। ਤਾਕਤ ਦਾ ਉੱਚਾ ਬੁਰਜ ਦਾਰਾ ਸਿੰਘ ਜਿਸ ਨੇ ਦੁਨੀਆ ਦੇ ਵੱਡੇ ਵੱਡੇ ਪਹਿਲਵਾਨਾਂ ਤੋਂ ਕਦੇ ਢਾਹ ਨਹੀਂ ਸੀ ਲਵਾਈ, ਆਖਿਰ ਮੌਤ ਨੇ ਢਾਹ ਲਿਆ। ਹੁਣ ਦਾਰਾ ਸਿੰਘ ਧਰੂ ਤਾਰਾ ਬਣਕੇ ਚਮਕ ਰਿਹਾ ਹੈ ਅਤੇ ਹਮੇਸ਼ਾ ਚਮਕਦਾ ਰਹੇਗਾ।

ਕੁਲਦੀਪ ਸਿੰਘ ਸਾਹਿਲ
9417990040

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੀਹ ਨੇ ਕੀਤਾ ਭੱਠੇ ਦਾ 60 ਲੱਖ ਦ‍ਾ ਨੁਕਸਾਨ
Next articleਏਹੁ ਹਮਾਰਾ ਜੀਵਣਾ ਹੈ -334