ਏਹੁ ਹਮਾਰਾ ਜੀਵਣਾ ਹੈ -334

(ਸਮਾਜ ਵੀਕਲੀ

ਰਮਨ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ।ਉਹ ਬਹੁਤ ਜ਼ਮੀਨ ਜਾਇਦਾਦ ਵਾਲ਼ੇ ਤੇ ਚੰਗੇ ਪੈਸੇ ਵਾਲ਼ੇ ਬੰਦੇ ਸਨ।ਉਂਝ ਆਪਣੇ ਦੋਵੇਂ ਬੱਚਿਆਂ ਟਿੰਕੂ ਅਤੇ ਡੇਜ਼ੀ ਨਾਲ ਵੀ ਬਹੁਤ ਵਧੀਆ ਜੀਵਨ ਬਿਤਾ ਰਹੀ ਸੀ । ਉਸ ਦਾ ਪਰਿਵਾਰ ਬਹੁਤ ਖੁਸ਼ਹਾਲ ਸੀ।ਡੇਜ਼ੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਟਿੰਕੂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਰਮਨ ਦਾ ਭਰਾ ਰੌਕੀ ਉਸ ਤੋਂ ਡੇਢ ਕੁ ਸਾਲ ਹੀ ਛੋਟਾ ਸੀ। ਉਸ ਦੀ ਘਰਵਾਲ਼ੀ ਜਿਸ ਦਾ ਨਾਂ ਬਬਲੀ ਸੀ ਉਹ ਨੌਕਰੀ ਕਰਦੀ ਸੀ । ਉਸ ਦਾ ਇਕਲੌਤਾ ਪੁੱਤਰ ਸਿਮਰਤ ਵੀ ਉਸੇ ਸਕੂਲ ਵਿੱਚ ਪੜ੍ਹਦਾ ਸੀ। ਪਹਿਲਾਂ ਪਹਿਲ ਤਾਂ ਜਦ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਤਾਂ ਰਮਨ ਕੁਝ ਦਿਨ ਪੇਕੇ ਲਾ ਆਉਂਦੀ ਤੇ ਬਬਲੀ ਆਪਣੇ ਪੇਕੇ ਲਾ ਆਉਂਦੀ। ਕਦੇ ਦੋ ਚਾਰ ਦਿਨ ਇਕੱਠੀਆਂ ਹੁੰਦੀਆਂ ਤਾਂ ਬੱਚਿਆਂ ਨੂੰ ਲੈ ਕੇ ਨਨਾਣ ਭਰਜਾਈ ਕਦੇ ਬਾਜ਼ਾਰ ਜਾ ਆਉਂਦੀਆਂ ਤੇ ਕਦੇ ਫ਼ਿਲਮ ਵੇਖ ਆਉਂਦੀਆਂ। ਇਸ ਤਰ੍ਹਾਂ ਦੋਹਾਂ ਘਰਾਂ ਦਾ ਆਪਸ ਵਿੱਚ ਬਹੁਤ ਪਿਆਰ ਬਣਿਆ ਹੋਇਆ ਸੀ।

         ਜਦੋਂ ਦਾ ਲੋਕਾਂ ਵਿੱਚ ਛੁੱਟੀਆਂ ਵੇਲੇ ਪਹਾੜਾਂ ਵਿੱਚ ਘੁੰਮਣ ਫਿਰਨ ਦਾ ਰੁਝਾਨ ਵਧਿਆ ਸੀ, ਉਦੋਂ ਤੋਂ ਇਹਨਾਂ ਨੇ ਵੀ ਕਦੇ ਸ਼ਿਮਲੇ ਤੇ ਕਦੇ ਮਨਾਲੀ ਜਾਂ ਕਿਤੇ ਹੋਰ ਘੁੰਮਣ ਫਿਰਨ ਚਲੇ ਜਾਣਾ। ਪਹਿਲਾਂ ਪਹਿਲ ਤਾਂ ਆਪਣੇ ਆਪਣੇ ਪਰਿਵਾਰ ਨਾਲ਼ ਘੁੰਮਣ ਜਾਂਦੇ ਸਨ ਪਰ ਇੱਕ ਦਿਨ ਬੈਠੇ ਬੈਠੇ ਸਾਰਿਆਂ ਨੇ ਰਾਇ ਕੀਤੀ ਕਿ ਕਿਉਂ ਨਾ ਇਕੱਠੇ ਹੀ ਮਨਾਲੀ ਘੁੰਮਣ ਜਾਈਏ। ਰਮਨ, ਉਸ ਦਾ ਪਤੀ ਰੌਸ਼ਨ ਤੇ ਬੱਚੇ ਤੇ ਉਹਨਾਂ ਨਾਲ ਰੌਕੀ, ਬਬਲੀ ਤੇ ਉਸ ਦਾ ਪੁੱਤਰ ਮਨਾਲੀ ਨੂੰ ਬਹੁਤ ਚਾਈਂ ਚਾਈਂ ਗਏ। ਉੱਥੇ ਹੋਟਲ ਵਿੱਚ ਕਮਰੇ ਤਾਂ ਪਹਿਲਾਂ ਹੀ ਰਮਨ ਦੇ ਪਤੀ ਨੇ ਬੁੱਕ ਕਰ ਦਿੱਤੇ ਸਨ। ਹਜੇ ਕੁਝ ਮਹੀਨੇ ਪਹਿਲਾਂ ਵੀ ਦੋਵੇਂ ਪਰਿਵਾਰ ਦੋ ਦਿਨ ਲਈ ਸ਼ਿਮਲੇ ਘੁੰਮ ਕੇ ਆਏ ਸਨ ਜਦੋਂ ਬੱਚਿਆਂ ਦੇ ਪੇਪਰ ਹੋ ਕੇ ਹਟੇ ਸਨ। ਰਮਨ ਦਾ ਪਤੀ ਅਤੇ ਬਬਲੀ ਇੱਕ ਦੂਜੇ ਨੂੰ ਬਹੁਤ ਮਜ਼ਾਕ ਕਰਦੇ,ਹੱਸਦੇ ਖੇਡਦੇ ਪਤਾ ਈ ਨਾ ਲੱਗਦਾ ਐਨਾ ਲੰਮਾ ਰਾਹ ਕਦ ਤਹਿ ਕਰ ਲੈਂਦੇ।
           ਮਨਾਲੀ ਤੋਂ ਆ ਕੇ ਰਮਨ ਦੇ ਪਤੀ ਦਾ ਉਸ ਨਾਲ਼ ਵਰਤਾਓ ਕੁਝ ਉਖੜਿਆ ਉਖੜਿਆ ਰਹਿਣ ਲੱਗਿਆ। ਓਧਰ ਬਬਲੀ ਨੇ ਵੀ ਰੌਕੀ ਨੂੰ ਤਲਾਕ ਦੇਣ ਦੀ ਗੱਲ ਆਖ ਦਿੱਤੀ ਸੀ। ਇਹ ਸਭ ਸੁਣ ਕੇ ਰੌਕੀ ਹੈਰਾਨ ਰਹਿ ਗਿਆ ਸੀ। ਰੌਕੀ ਤੇ ਬਬਲੀ ਦੀ ਤਾਂ ਲਵ ਮੈਰਿਜ ਕਰਵਾਈ ਹੋਈ ਸੀ। ਘਰ ਵਿੱਚ ਕੋਈ ਗੱਲ ਬਾਤ ਵੀ ਐਨੀ ਵੱਡੀ ਨੀ ਹੋਈ ਸੀ ਜੋ ਉਸ ਨੇ ਤਲਾਕ ਲੈਣ ਦੀ ਗੱਲ ਆਖ ਦਿੱਤੀ ਸੀ। ਰੌਕੀ ਨੇ ਤਾਂ ਜੋ ਪ੍ਰਾਪਰਟੀ ਬਗੈਰਾ ਹੁਣ ਤੱਕ ਬਣਾਈ ਸੀ ਉਹ ਸਭ ਬਬਲੀ ਦੇ ਨਾਂ ਸੀ। ਉਸ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਬਬਲੀ ਇਸ ਤਰ੍ਹਾਂ ਧੋਖਾ ਦੇਵੇਗੀ। ਉਸ ਨੇ ਆਪਣੇ ਬੱਚੇ ਨਾਲ਼ ਅਲੱਗ ਤੋਂ ਘਰ ਕਿਰਾਏ ਤੇ ਲੈਕੇ ਰਹਿਣਾ ਸ਼ੁਰੂ ਕਰ ਦਿੱਤਾ। ਰੌਕੀ ਨੇ ਉਸ ਦੇ ਬਹੁਤ ਮਿੰਨਤਾਂ ਤਰਲੇ ਕੀਤੇ ਪਰ ਉਹ ਟਸ ਤੋਂ ਮਸ ਨਾ ਹੋਈ ਤੇ ਉਸ ਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਉਸ ਨੇ ਰੌਕੀ ਨੂੰ ਤਲਾਕ ਹੀ ਦੇਣਾ ਹੈ। ਉਲਟਾ ਰੌਕੀ ਅਤੇ ਉਸ ਦੇ ਪਰਿਵਾਰ ਉੱਪਰ ਉਸ ਦੀ ਜਾਇਦਾਦ ਤੇ ਕਬਜ਼ਾ ਕਰਨ ਦਾ ਕੇਸ ਕਰ ਦਿੱਤਾ।
             ਓਧਰ ਰਮਨ ਦਾ ਪਤੀ ਕਦੇ ਹੀ ਘਰ ਆਉਂਦਾ।ਉਸ ਨੇ ਵੀ ਰਮਨ ਨੂੰ ਤਲਾਕ ਦੇਣ ਲਈ ਕਹਿ ਦਿੱਤਾ। ਉਹਨਾਂ ਨੂੰ ਹੌਲ਼ੀ ਹੌਲ਼ੀ ਪਤਾ ਚੱਲਿਆ ਕਿ ਰਮਨ ਦਾ ਪਤੀ ਤੇ ਬਬਲੀ ਦੋਵੇਂ ਤਲਾਕ ਦੇ ਕੇ ਵਿਆਹ ਕਰਵਾਉਣਾ ਚਾਹੁੰਦੇ ਸਨ। ਰਮਨ ਦਾ ਪਤੀ ਹੁਣ ਅਕਸਰ ਬਬਲੀ ਕੋਲ ਹੀ ਰਹਿਣ ਲੱਗਿਆ। ਇਸ ਗੱਲ ਦਾ ਰਮਨ ਅਤੇ ਰੌਕੀ ਨੂੰ ਲੋਕਾਂ ਕੋਲੋਂ ਹੀ ਪਤਾ ਲੱਗਦਾ । ਰੌਕੀ ਨੇ ਗੱਲ ਹੱਥੋਂ ਨਿਕਲਦੀ ਦੇਖ ਬਬਲੀ ਨੂੰ ਤਲਾਕ ਦੇਣ ਵਿੱਚ ਹੀ ਭਲਾਈ ਸਮਝੀ ਕਿਉਂ ਕਿ ਹੁਣ ਬਬਲੀ ਨੂੰ ਵਾਪਸ ਘਰ ਲਿਆ ਕੇ ਘਰ ਵਸਾਉਣ ਵਾਲ਼ੀ ਗੱਲ ਤਾਂ ਬਚੀ ਨਹੀਂ ਸੀ।ਉਸ ਨੇ ਇਸ ਰਿਸ਼ਤੇ ਤੋਂ ਮੁਕਤੀ ਪਾਉਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਸਨ। ਰੌਕੀ ਨੇ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਬਬਲੀ ਨਾਲ ਸਮਝੌਤਾ ਕਰ ਕੇ ਇਸ ਰੋਜ਼ ਰੋਜ਼ ਦੇ ਰੌਲ਼ੇ ਤੋਂ ਸੁਰਖ਼ਰੂ ਹੋ ਗਿਆ ਸੀ। ਪਰ ਰਮਨ ਆਪਣੇ ਬੱਚਿਆਂ ਸਮੇਤ ਆਪਣੇ ਸਹੁਰੇ ਪਰਿਵਾਰ ਵਿੱਚ ਰਹਿੰਦੀ ਰਹੀ। ਉਸ ਦੇ ਪਤੀ ਨੇ ਇਹ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਰਹਿਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਰਮਨ ਅਤੇ ਆਪਣੇ ਬੱਚਿਆਂ ਕੋਲ ਕਦੇ ਨਾ ਆਉਂਦਾ। ਉਹ ਆਪਣੇ ਮਾਂ ਪਿਓ ਨੂੰ ਵੀ ਦੂਜੇ ਸ਼ਹਿਰ ਆਪਣੇ ਕੋਲ ਲੈ ਗਿਆ ਸੀ।
        ਰਮਨ ਨੇ ਬੱਚਿਆਂ ਨੂੰ ਪਾਲਣ ਲਈ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਰਮਨ ਦਾ ਪਤੀ ਹਰ ਰੋਜ਼ ਕੋਈ ਨਾ ਕੋਈ ਨੋਟਿਸ ਉਸ ਨੂੰ ਭਿਜਵਾ ਕੇ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ ਐਨੀ ਬਰੀ ਤਰ੍ਹਾਂ ਉਲਝਾ ਰਿਹਾ ਸੀ ਕਿ ਉਹ ਆਪਣੇ ਆਪ ਉਸ ਨੂੰ ਛੱਡ ਦੇਵੇ। ਪਰ ਰਮਨ ਨੇ ਸੋਚ ਲਿਆ ਸੀ ਕਿ ਉਹ ਉਸ ਨੂੰ ਕਦੇ ਤਲਾਕ ਨਹੀਂ ਦੇਵੇਗੀ। ਉਹ ਜਾਣਦੀ ਸੀ ਕਿ ਜਿੰਨਾ ਚਿਰ ਤੱਕ ਉਹ ਤਲਾਕ ਨਹੀਂ ਦੇਵੇਗੀ, ਓਨਾਂ ਚਿਰ ਤੱਕ ਬਬਲੀ ਤੇ ਉਸ ਦਾ ਪਤੀ ਕਾਨੂੰਨੀ ਤੌਰ ਤੇ ਵਿਆਹ ਵੀ ਨਹੀਂ ਕਰਵਾ ਸਕਣਗੇ। ਰੌਕੀ ਦਾ ਵਿਆਹ ਬਹੁਤ ਪੜ੍ਹੀ ਲਿਖੀ ਕਿਸੇ ਅਮੀਰ ਵਪਾਰੀ ਦੀ ਇਕਲੌਤੀ ਧੀ ਨਾਲ ਹੋ ਗਿਆ ਸੀ। ਅਮੀਰ ਤਾਂ ਰੌਕੀ ਵੀ ਘੱਟ ਨਹੀਂ ਸੀ ਪਰ ਬਬਲੀ ਦੇ ਮੁਕਾਬਲੇ ਉਸ ਦੀ ਦੂਜੀ ਪਤਨੀ ਬਹੁਤ ਪੜ੍ਹੀ ਲਿਖੀ,ਲਾਇਕ ਤੇ ਅਮੀਰ ਘਰ ਦੀ ਸੀ। ਰਮਨ ਨੂੰ ਇਹੀ ਤਸੱਲੀ ਸੀ ਕਿ ਉਸ ਦੇ ਭਰਾ ਦਾ ਘਰ ਫਿਰ ਤੋਂ ਵਸ ਗਿਆ ਸੀ।
        ਰੌਕੀ ਰਮਨ ਨੂੰ ਬਹੁਤ ਸਮਝਾਉਂਦਾ ਕਿ ਉਹ ਤਲਾਕ ਦੇ ਕੇ ਇਸ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਲਵੇ ਕਿਉਂਕਿ ਉਸ ਦੀ ਪਤਨੀ ਦੇ ਮਾਮੇ ਦੇ ਮੁੰਡੇ ਜਤਿਨ ਨੂੰ ਰਮਨ ਬਹੁਤ ਪਸੰਦ ਸੀ ਅਤੇ ਉਸ ਨੂੰ ਉਸ ਦੇ ਨਾਲ ਬਹੁਤ ਹਮਦਰਦੀ ਵੀ ਸੀ। ਉਹ ਰਮਨ ਦੇ ਬੱਚਿਆਂ ਨੂੰ ਵੀ ਅਪਣਾਉਣ ਲਈ ਤਿਆਰ ਸੀ। ਰਮਨ ਮੰਨ ਗਈ। ਰਮਨ ਨੇ ਉਸ ਨਾਲ ਗੁਪਤ ਤੌਰ ਤੇ ਵਿਆਹ ਕਰਵਾਉਣ ਦੀ ਗੱਲ ਆਖੀ ਕਿਉਂ ਕਿ ਉਹ ਆਪਣੇ ਪਤੀ ਨੂੰ ਬਹੁਤ ਸਾਲ ਕੇਸ ਵਿੱਚ ਉਲਝਾ ਕੇ ਰੱਖਣਾ ਚਾਹੁੰਦੀ ਸੀ। ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ,ਜੋ ਉਹਨਾਂ ਨੇ ਦੋਵੇਂ ਭੈਣ ਭਰਾ ਦੇ ਨਾਲ ਵਿਸ਼ਵਾਸ਼ਘਾਤ ਕਰਕੇ ਦੋਹਾਂ ਦੇ ਵਸੇ ਵਸਾਏ ਘਰ ਉਜਾੜ ਦਿੱਤੇ ਸਨ। ਰਮਨ ਨੇ ਆਪਣੇ ਭਰਾ ਨੂੰ ਕੇਸ ਦਾ ਮੁਖਤਿਆਰਨਾਮਾ ਦੇ ਕੇ ਸਭ ਤੋਂ ਚੋਰੀ ਜਤਿਨ ਨਾਲ਼ ਆਪਣਾ ਘਰ ਵਸਾ ਲਿਆ ਸੀ।
            ਰਮਨ ਦਾ ਪਤੀ ਉਸ ਦੇ ਤਲਾਕ ਦਿੱਤੇ ਬਿਨਾਂ ਵਿਆਹ ਨਹੀਂ ਕਰਵਾ ਸਕਦਾ ਸੀ। ਪਰ ਉਸ ਨੂੰ ਹੁਣ ਇਹ ਵੀ ਸਮਝ ਨਹੀਂ ਆ ਰਹੀ ਸੀ ਕਿ ਰਮਨ ਕਿੱਥੇ ਰਹਿ ਰਹੀ ਸੀ ਕਿਉਂਕਿ ਰੌਕੀ ਹੀ ਉਸ ਦੀ ਜਗ੍ਹਾ ਤਰੀਕ ਭੁਗਤਣ ਜਾਂਦਾ ਸੀ। ਦਸ ਸਾਲ ਬਾਅਦ ਤਲਾਕ ਦਾ ਕੇਸ ਲਮਕਾਉਣ ਤੋਂ ਬਾਅਦ ਰਮਨ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਦਿੱਤਾ ਤੇ ਕਾਨੂੰਨੀ ਤੌਰ ਤੇ ਜਤਿਨ ਨਾਲ਼ ਦੂਜਾ ਵਿਆਹ ਕਰਵਾ ਲਿਆ।ਓਧਰ ਬਬਲੀ ਦਾ ਮੁੰਡਾ ਸਿਮਰਤ ਜਵਾਨ ਹੋ ਗਿਆ ਸੀ।ਉਸ ਨੂੰ ਆਪਣੀ ਮਾਂ ਕੋਲ ਕਿਸੇ ਮਰਦ ਦਾ ਨਜਾਇਜ਼ ਢੰਗ ਨਾਲ ਆਉਣਾ ਚੰਗਾ ਨਹੀਂ ਲੱਗਦਾ ਸੀ । ਜਿਹੜੇ ਪਿਆਰ ਦੇ ਵਾਅਦਿਆਂ ਨਾਲ ਉਹਨਾਂ ਨੇ ਰਮਨ ਤੇ ਰੌਕੀ ਦੀ ਸ਼ਰਾਫਤ ਦਾ ਫਾਇਦਾ ਉਠਾ ਕੇ ਉਹਨਾਂ ਦੇ ਵਸੇ ਵਸਾਏ ਘਰ ਬਰਬਾਦ ਕੀਤੇ ਸਨ,ਉਹ ਹੁਣ ਠੰਢੇ ਪੈ ਗਏ ਸਨ।ਸਿਮਰਤ ਨੂੰ ਆਪਣੀ ਮਾਂ ਦਾ ਉਸ ਗੈਰ ਮਰਦ ਨੂੰ ਮਿਲਣਾ ਚੰਗਾ ਨਹੀਂ ਲੱਗਦਾ ਸੀ। ਉਹ ਆਪਣੇ ਪਿਓ ਨੂੰ ਮਿਲਣਾ ਚਾਹੁੰਦਾ ਸੀ। ਉਹ ਰੌਕੀ ਨੂੰ ਮਿਲਣ ਗਿਆ ਤਾਂ ਰੌਕੀ ਨੇ ਸਾਰੀ ਅਸਲੀਅਤ ਉਸ ਨੂੰ ਦੱਸ ਦਿੱਤੀ। ਉਸ ਨੂੰ ਆਪਣੀ ਮਾਂ ਤੋਂ ਬਹੁਤ ਨਫ਼ਰਤ ਹੋ ਗਈ ਸੀ। ਉਹ ਉਸ ਨੂੰ ਸਦਾ ਲਈ ਛੱਡ ਕੇ ਵਿਦੇਸ਼ ਚਲਾ ਗਿਆ। ਉਮਰ ਦੇ ਇਸ ਪੜਾਅ ਤੇ ਆ ਕੇ ਬਬਲੀ ਨੇ ਰੌਸ਼ਨ ਨਾਲ਼ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੇ ਪੁੱਤਰ ਸਿਮਰਤ ਨੂੰ ਕਿਸੇ ਵੀ ਕੀਮਤ ਤੇ ਵਾਪਸ ਆਪਣੇ ਕੋਲ ਵੇਖਣਾ ਚਾਹੁੰਦੀ ਸੀ। ਜਿਹੜੇ ਰੌਸ਼ਨ ਤੇ ਬਬਲੀ ਨੇ ਭੋਲੇ ਭਾਲੇ ਭੈਣ ਭਰਾ ਰਮਨ ਤੇ ਰੌਕੀ ਨੂੰ ਧੋਖਾ ਦੇ ਕੇ ਪਿਆਰ ਵਿੱਚ ਅੰਨ੍ਹੇ ਹੋ ਕੇ ਨਵੇਂ ਰਿਸ਼ਤੇ ਸਿਰਜਣੇ ਚਾਹੇ ਸਨ, ਉਹ ਹੀ ਹੁਣ ਅਧੂਰੇ ਰਿਸ਼ਤਿਆਂ ਦੀ ਦਲਦਲ ਵਿੱਚ ਫ਼ਸੇ ਹੋਏ ਖਾਲੀ ਹੱਥ ਮਾਰਦੇ ਨਜ਼ਰ ਆ ਰਹੇ ਸਨ ਪਰ ਹੁਣ ਵਕਤ ਨਾਲ ਉਨ੍ਹਾਂ ਦੇ ਹੱਥਾਂ ਵਿੱਚੋਂ ਸਭ ਕੁਝ ਨਿਕਲ਼ ਚੁੱਕਿਆ ਸੀ ।ਝੂਠ ਕਦੇ ਜਿੱਤ ਨਹੀਂ ਸਕਦਾ ਅਤੇ ਸੱਚ ਨਾਲ ਤੁਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਪੱਖੀ ਸ਼ਖ਼ਸੀਅਤ ਰੁਸਤਮ-ਏ-ਹਿੰਦ ਦਾਰਾ ਸਿੰਘ 
Next articleਪੁਸਤਕ ਸਮੀਖਿਆ