HOME ਐਮ.ਪੀ. ਨੇ ਨੇਤਰਹੀਣ ਫੁੱਟਬਾਲ ਚੈਂਪੀਅਨਸ਼ਿਪ ਤੇ ਕੀਤਾ ਕਬਜਾ

ਐਮ.ਪੀ. ਨੇ ਨੇਤਰਹੀਣ ਫੁੱਟਬਾਲ ਚੈਂਪੀਅਨਸ਼ਿਪ ਤੇ ਕੀਤਾ ਕਬਜਾ

3

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਉੱਤਰੀ ਅਤੇ ਕੇਂਦਰੀ ਜੋਨ ਨੇਤਰਹੀਣ ਫੁੱਟਬਾਲ ਚੈਂਪੀਅਨਸ਼ਿਪ ਦੂਜੀ ਵਾਰ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਿਖੇ ਕਰਵਾਈ ਗਈ ।  ਟੂਰਨਾਮੈਂਟ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਗੁਰਭੇਜ ਸਿੰਘ ਨਾਗੀ ਅਤੇ ਮਾਤਾ ਮਨਜੀਤ ਕੌਰ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਫੁਟਬਾਲ ਦੀ ਕਿੱਕ ਮਾਰ ਕੇ ਕੀਤਾ ।  ਟੂਰਨਾਮੈਂਟ ਦਾ ਪਹਿਲਾ ਮੈਚ ਮੱਧ ਪ੍ਰਦੇਸ਼ ਅਤੇ ਪੰਜਾਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਦੋਨਾਂ ਟੀਮਾਂ ਵਿੱਚੋਂ ਕੋਈ ਟੀਮ ਗੋਲ ਨਾ ਕਰ ਸਕੀ ।  ਦੂਜਾ ਮੈਚ ਚੰਡੀਗੜ੍ਹ ਤੇ ਪੰਜਾਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ । ਇਹ ਮੈਚ ਪੰਜਾਬ ਨੇ 2-0 ਗੋਲਾਂ ਦੇ ਫਰਕ ਨਾਲ ਜਿੱਤਿਆ ।  ਫਾਈਨਲ ਮੈਚ ਮੱਧ ਪ੍ਰਦੇਸ਼ ਤੇ ਪੰਜਾਬ ਦੀ ਟੀਮ ਵਿਚਕਾਰ ਖੇਡਿਆ ਗਿਆ । ਪਹਿਲਾਂ ਗੋਲ ਮੱਧ ਪ੍ਰਦੇਸ਼ ਦੀ ਟੀਮ ਦੇ ਖਿਡਾਰੀ ਪਰਵਿਨ ਖਾਨ ਵੱਲੋਂ ਕੀਤਾ ਗਿਆ । ਇਸ ਦੇ ਕੁਝ ਸਮੇਂ ਬਾਅਦ ਹੀ ਪੰਜਾਬ ਟੀਮ ਦੇ ਕਿਸ਼ੋਰ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ । ਇਸ ਫਸਵੇਂ ਮੁਕਾਬਲੇ ਵਿੱਚ ਨਿਰਧਾਰਤ ਸਮੇਂ ਵਿੱਚ ਦੋਨਾਂ ਟੀਮਾਂ ਵੱਲੋਂ 1-1 ਗੋਲ ਕੀਤਾ ਗਿਆ । ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ । ਮੱਧ ਪ੍ਰਦੇਸ਼ ਦੀ ਟੀਮ ਦੇ ਪਰਵਿਨ ਖਾਨ ਨੇ ਗੋਲ ਕਰਕੇ ਪੰਜਾਬ ਨੂੰ 1-0  ਗੋਲ ਦੇ ਫਰਕ ਨਾਲ ਹਰਾ ਕੇ ਟਰਾਫ਼ੀ ਤੇ ਕਬਜ਼ਾ ਕੀਤਾ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਰਾਊਂਡ ਟੇਬਲ ਇੰਡੀਆ ਦੇ ਜਨਰਲ ਸਕੱਤਰ ਸ੍ਰੀ ਵਿਕਰਮ ਸੂਦ ਅਤੇ ਮਾਤਾ ਮਨਜੀਤ ਕੌਰ ਨੇ ਆਪਣੇ ਮੁਬਾਰਕ ਹੱਥਾਂ ਨਾਲ ਕੀਤੀ । ਸ਼੍ਰੀ ਸੰਜੀਵ ਅਰੋੜਾ ਕੈਬਨਿਟ ਮੰਤਰੀ ਨੇ ਨੇਤਰਹੀਣ ਫੁੱਟਬਾਲ ਟੂਰਨਾਮੈਂਟ ਦੇ ਖਿਡਾਰੀਆਂ ਲਈ ਸ਼੍ਰੀ ਦੁਰਗਾ ਮਾਤਾ ਮੰਦਰ ਵਿੱਚ ਸੁਚੱਜਾ ਪ੍ਰਬੰਧ ਕਰਨ ਲਈ 50,000 ਰੁਪਏ ਦਾ ਸਹਿਯੋਗ ਦਿੱਤਾ । ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੇ ਪ੍ਰਿੰਸੀਪਲ ਜੀ.ਐਸ.ਨਾਗੀ ਦੀ ਰਹਿਨੁਮਾਈ ਹੇਠ ਸਪੋਰਟਸ ਇੰਚਾਰਜ ਭੁਪਿੰਦਰ ਸਿੰਘ ਨੇ ਗਰਾਊਂਡ ਵਧੀਆ ਢੰਗ ਨਾਲ ਤਿਆਰ ਕਰਕੇ ਦਿੱਤਾ । ਖਾਲਸਾ ਏਡ ਦੇ ਵਲੰਟੀਅਰਜ਼ ਨੇ ਅਤੇ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਨੇ ਟੂਰਨਾਮੈਂਟ ਵਿੱਚ ਪੂਰਾ ਸਹਿਯੋਗ ਦਿੱਤਾ ।  ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਦੇ ਪ੍ਰਿੰਸੀਪਲ ਸਤਵੰਤ ਕੌਰ ਅਤੇ ਮੈਨੇਜਰ ਕਰਨੈਲ ਸਿੰਘ ਨੇ ਦਿਨ-ਰਾਤ ਇੱਕ ਕਰਕੇ ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਸੁਚੱਜਾ ਪ੍ਰਬੰਧ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਸ੍ਰੀ ਹਰੀਸ਼ ਰਾਏ ਢਾਂਡਾ ਸਾਬਕਾ ਵਿਧਾਇਕ, ਸ਼੍ਰੀ ਜੇ ਪੀ ਡਾਬਰ, ਸ਼੍ਰੀ ਕਮਲ ਗੁੰਬਰ, ਮਾਤਾ ਮਨਜੀਤ ਕੌਰ, ਪ੍ਰਿੰਸੀਪਲ ਸਤਵੰਤ ਕੌਰ, ਕੀਰਤੀ ਗਰੋਵਰ, ਮੱਖਣ ਸਿੰਘ, ਗੁਰਭਿੰਦਰ ਸਿੰਘ, ਦਵਿੰਦਰ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ ਐੱਮ.ਏ. ਅਤੇ ਹੋਰ ਹਾਜ਼ਰ ਸਨ । ਸ੍ਰ: ਰਾਜਿੰਦਰ ਸਿੰਘ ਚੀਮਾ ਨੇ ਟੂਰਨਾਮੈਂਟ ਵਿੱਚ ਆਏ ਖਿਡਾਰੀਆਂ, ਦੋਸਤਾਂ ਮਿੱਤਰਾਂ, ਸਹਿਯੋਗੀ ਸੱਜਣਾਂ, ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋਇਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ 2025-26 ਕਰਵਾਏ ਗਏ
Next articleਹਾਰ ਜਿੱਤ