ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਹਮੇਸ਼ਾਂ ਮਾਨਵ ਸੇਵਾ, ਗ਼ਰੀਬ ਪਰਿਵਾਰਾਂ ਦੀ ਮਦਦ ਵਿੱਚ ਰਿਹਾ ਮੋਹਰੀ —ਛਾਪਾ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਲੇਮ ਟਾਬਰੀ ਸਥਿਤ ਡਾ: ਦਵਾਰਕਾ ਨਾਥ ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ (ਲੁਧਿਆਣਾ) ਦੇ ਵਿਸ਼ੇਸ਼ ਸਹਿਯੋਗ ਨਾਲ ਮੁਫ਼ਤ ਸਿਲਾਈ ਅਤੇ ਕਢਾਈ ਸਿਖਲਾਈ ਕੋਰਸ ਦੇ 8ਵੇਂ ਬੈਚ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੀਆਂ 24 ਉਮੀਦਵਾਰਾਂ ਲਈ ਇੱਕ ਵਿਸ਼ੇਸ਼ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸੈਂਟਰ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਸਮਾਜ ਦੇ ਲੋੜਵੰਦ ਵਰਗਾਂ ਦੀਆਂ ਮਹਿਲਾਵਾਂ ਨੂੰ ਹੁਨਰਮੰਦ ਬਣਾ ਕੇ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬੋਲਦਿਆਂ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸੰਸਥਾ ਲੰਬੇ ਸਮੇਂ ਤੋਂ ਗ਼ਰੀਬ ਅਤੇ ਲੋੜਵੰਦ ਔਰਤਾਂ ਨੂੰ ਮੁਫ਼ਤ ਕਿੱਤਾਮੁਖੀ ਸਿਖਲਾਈ ਦੇਣ ਲਈ ਵਚਨਬੱਧ ਹੈ। ਡਾ: 
ਇੰਦਰਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਇੱਕ ਔਰਤ ਹੁਨਰ ਸਿੱਖਦੀ ਹੈ ਤਾਂ ਉਹ ਨਾ ਕੇਵਲ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਦੀ ਹੈ, ਸਗੋਂ ਪੂਰੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਸੈਂਟਰ ਭਵਿੱਖ ਵਿੱਚ ਵੀ ਔਰਤਾਂ ਨੂੰ ਅਜਿਹੇ ਨਵੇਂ ਰੋਜ਼ਗਾਰਮੁਖੀ ਕੋਰਸ ਸ਼ੁਰੂ ਕਰਦਾ ਰਹੇਗਾ। ਸਮਾਰੋਹ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ (ਲੁਧਿਆਣਾ) ਦੇ ਪ੍ਰਧਾਨ ਸ੍ਰ: ਜਸਵੰਤ ਸਿੰਘ ਛਾਪਾ ਨੇ ਆਪਣੀ ਹਾਜ਼ਰੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ ਅਤੇ ਆਪਣੇ ਸੰਬੋਧਨ ਵਿੱਚ ਸੰਸਥਾ ਦੇ ਕਾਰਜਾਂ ‘ਤੇ ਵਿਸ਼ੇਸ਼ ਚਾਨਣਾ ਪਾਇਆ। ਸ੍ਰ: ਜਸਵੰਤ ਸਿੰਘ ਛਾਪਾ ਨੇ ਮੁੱਖ ਤੌਰ ‘ਤੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਹਮੇਸ਼ਾ ਤੋਂ ਹੀ ਮਾਨਵ ਸੇਵਾ, ਗ਼ਰੀਬ ਪਰਿਵਾਰਾਂ ਦੀ ਮਦਦ ਅਤੇ ਨਾਰੀ ਸ਼ਕਤੀਕਰਨ ਦੇ ਕਾਰਜਾਂ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਿਲਾਈ-ਕਢਾਈ ਦਾ ਹੁਨਰ ਸਿਖਾ ਕੇ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਸਮਾਜ ਦੀ ਸਭ ਤੋਂ ਵੱਡੀ ਸੇਵਾ ਹੈ, ਅਤੇ ਉਨ੍ਹਾਂ ਦਾ ਟ੍ਰਸਟ ਅੱਗੇ ਤੋਂ ਵੀ ਡਾ: ਕੋਟਨਿਸ ਸੈਂਟਰ ਨਾਲ ਮਿਲ ਕੇ ਅਜਿਹੇ ਲੋਕ-ਭਲਾਈ ਦੇ ਕਾਰਜਾਂ ਵਿੱਚ ਪੂਰੀ ਲਗਨ ਨਾਲ ਸਹਿਯੋਗ ਦਿੰਦਾ ਰਹੇਗਾ। ਇਸ ਤੋਂ ਇਲਾਵਾ ਸਮਾਰੋਹ ਵਿੱਚ ਮੁੱਖ ਮਹਿਮਾਨ ਇਕਬਾਲ ਸਿੰਘ ਗਿੱਲ (ਸਾਬਕਾ ਆਈ.ਪੀ.ਐਸ.), ਸਾਬਕਾ ਕੌਂਸਲਰ ਪਰਮਿੰਦਰ ਮਹਿਤਾ, ਵਿਸ਼ੇਸ਼ ਮਹਿਮਾਨ ਹਰਮਿੰਦਰ ਕੌਰ ਸਿੱਧੂ (ਮੁੱਲਾਂਪੁਰ) (ਜਨਰਲ ਸਕੱਤਰ, ਮਹਿਲਾ ਕਾਂਗਰਸ, ਪੰਜਾਬ), ਪ੍ਰਸਿੱਧ ਸਮਾਜ ਸੇਵਕਾ ਸੋਨੀਆ ਅਰੋੜਾ, ਪ੍ਰਯਾਗ ਅਰੋੜਾ ਅਤੇ ਪਰਮਿੰਦਰ ਕੌਰ ਦਾਖਾ ਨੇ ਸ਼ਿਰਕਤ ਕੀਤੀ ਅਤੇ 8ਵੇਂ ਬੈਚ ਦੀਆਂ ਸਾਰੀਆਂ 24 ਪਾਸ ਆਊਟ ਔਰਤਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਮਹਿਮਾਨਾਂ ਨੇ ਉਨ੍ਹਾਂ ਨੂੰ ਆਪਣਾ ਸਿਲਾਈ ਕੇਂਦਰ, ਬੁਟੀਕ ਜਾਂ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਸਰਟੀਫਿਕੇਟ ਪ੍ਰਾਪਤ ਕਰਕੇ ਸਾਰੀਆਂ ਔਰਤਾਂ ਦੇ ਚਿਹਰੇ ਖਿੜ ਉੱਠੇ ਅਤੇ ਉਨ੍ਹਾਂ ਡਾ: ਇੰਦਰਜੀਤ ਸਿੰਘ ਤੇ ਸ੍ਰ: ਜਸਵੰਤ ਸਿੰਘ ਛਾਪਾ ਦਾ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਗਗਨ ਭਾਟੀਆ (ਸੀ.ਪੀ.ਐਲ.ਆਈ.), ਮਨੀਸ਼ ਕੌਰ (ਓ.ਡੀ.ਆਈ.ਸੀ.), ਮੀਨੂ, ਰੀਤੂ ਅਤੇ ਤਰਸੇਮ ਲਾਲ ਆਦਿ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜ੍ਹਿਆ, ਜਿਸ ਤੋਂ ਬਾਅਦ ਅੰਤ ਵਿੱਚ ਆਯੋਜਕਾਂ ਨੇ ਸਾਰੇ ਪਤਵੰਤੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
https://play.google.com/store/apps/details?id=in.yourhost.samajweekly





