HOME ਮਾਂ ਬੋਲੀ ਪੰਜਾਬੀ

ਮਾਂ ਬੋਲੀ ਪੰਜਾਬੀ

3
ਮੰਜੂ ਰਾਇਕਾ

  (ਸਮਾਜ ਵੀਕਲੀ)   ਮਾਂ ਬੋਲੀ ਹਰ ਇਨਸਾਨ ਦੇ ਜੀਵਨ ਦੀ ਪਹਿਲੀ ਪਛਾਣ ਹੁੰਦੀ ਹੈ। ਇਹ ਉਹ ਭਾਸ਼ਾ ਹੈ ਜਿਸ ਰਾਹੀਂ ਬੱਚਾ ਸਭ ਤੋਂ ਪਹਿਲਾਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ ਹੈ, ਮਾਂ ਨਾਲ਼ ਗੱਲਾਂ ਕਰਦਾ ਹੈ ਅਤੇ ਦੁਨੀਆ ਨਾਲ਼ ਜਾਣ-ਪਛਾਣ ਕਰਦਾ ਹੈ। ਪੰਜਾਬੀ ਮਾਂ ਬੋਲੀ ਪੰਜਾਬ ਦੇ ਲੋਕਾਂ ਲਈ ਸਿਰਫ਼ ਇਕ ਭਾਸ਼ਾ ਹੀ ਨਹੀਂ, ਸਗੋਂ ਸੱਭਿਆਚਾਰ, ਰੂਹ ਅਤੇ ਇਤਿਹਾਸ ਦੀ ਜੀਵੰਤ ਤਸਵੀਰ ਹੈ। ਪੰਜਾਬੀ ਸਾਨੂੰ ਆਪਣੀਆਂ ਜੜ੍ਹਾਂ ਨਾਲ਼ ਜੋੜਦੀ ਹੈ ਅਤੇ ਸਾਨੂੰ ਆਪਣੀ ਵਿਰਾਸਤ ਦਾ ਅਹਿਸਾਸ ਕਰਾਉਂਦੀ ਹੈ। ਮਾਂ ਬੋਲੀ ਵਿੱਚ ਇਨਸਾਨ ਦੀਆਂ ਸਭ ਤੋਂ ਪਵਿੱਤਰ ਭਾਵਨਾਵਾਂ ਸੰਭਾਲੀਆਂ ਜਾਂਦੀਆਂ ਹਨ। ਇਹੀ ਉਹ ਭਾਸ਼ਾ ਹੈ ਜਿਸ ਵਿੱਚ ਲੋਰੀਆਂ ਗਾਈਆਂ ਜਾਂਦੀਆਂ ਹਨ, ਜਿਸ ਰਾਹੀਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਅਤੇ ਜਿਸ ਵਿੱਚ ਪਿਆਰ, ਦੁੱਖ ਤੇ ਖੁਸ਼ੀਆਂ ਦਾ ਇਜ਼ਹਾਰ ਹੁੰਦਾ ਹੈ। ਪੰਜਾਬੀ ਮਾਂ ਬੋਲੀ ਵਿੱਚ ਲੋਕ-ਗੀਤ, ਮੁਹਾਵਰੇ, ਕਹਾਵਤਾਂ ਅਤੇ ਵੱਡਿਆਂ ਦੀਆਂ ਸਿੱਖਿਆਵਾਂ ਇਕ ਅਨਮੋਲ ਖ਼ਜ਼ਾਨਾ ਹਨ। ਇਹ ਸਿਰਫ਼ ਗੱਲ-ਬਾਤ ਦਾ ਸਾਧਨ ਨਹੀਂ, ਸਗੋਂ ਜੀਵਨ ਜੀਊਣ ਦੀ ਰਾਹਦਾਰੀ ਵੀ ਹੈ। ਪੰਜਾਬੀ ਭਾਸ਼ਾ ਦੀ ਜੜ੍ਹ ਹਜ਼ਾਰਾਂ ਸਾਲ ਪੁਰਾਣੀ ਹੈ। ਇਹ ਇੰਡੋ ਆਰੀਅਨ ਭਾਸ਼ਾਵਾਂ ਦੇ ਪਰਿਵਾਰ ਨਾਲ਼ ਜੁੜੀ ਹੈ। ਗੁਰਮੁੱਖੀ ਲਿਪੀ ਨੇ ਇਸਨੂੰ ਇੱਕ ਵਿਲੱਖਣ ਪਛਾਣ ਦਿੱਤੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਲੈ ਕੇ ਭਾਈ ਗੁਰਦਾਸ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਕਵੀ ਗੁਰਬਖ਼ਸ਼ ਸਿੰਘ ਪ੍ਰੇਮੀ ਤੱਕ ਪੰਜਾਬੀ ਦੇ ਸਾਹਿਤ ਨੇ ਸੰਸਾਰ ਨੂੰ ਅਮੋਲ ਧਰੋਹਰ ਦਿੱਤੀ ਹੈ। ਪੰਜਾਬੀ ਦਾ ਹਰ ਯੁੱਗ ਆਪਣੇ ਨਾਲ਼ ਕਵਿਤਾ, ਗ਼ਜ਼ਲ, ਲੋਕਧਾਰਾ ਅਤੇ ਕਹਾਣੀਆਂ ਦੀ ਸੁੰਦਰ ਦੁਨੀਆ ਲਿਆਉਂਦਾ ਰਿਹਾ ਹੈ। ਪੰਜਾਬੀ ਮਾਂ ਬੋਲੀ ਵਿੱਚ ਸਾਡਾ ਸੱਭਿਆਚਾਰ ਵੱਸਦਾ ਹੈ। ਬਸੰਤ, ਵਿਸਾਖੀ, ਲੋਹੜੀ, ਤੇਜ ਤਿਉਹਾਰ  ਇਹਨਾਂ ਦੀਆਂ ਰੂਹਾਨੀ ਤੇ ਖੁਸ਼ੀ ਭਰੀਆਂ ਧੁਨੀਆਂ ਪੰਜਾਬੀ ਭਾਸ਼ਾ ਰਾਹੀਂ ਹੀ ਪ੍ਰਗਟ ਹੁੰਦੀਆਂ ਹਨ। ਲੋਕ-ਗੀਤ “ਹੀਰ-ਰਾਂਝਾ”, “ਸੋਹਣੀ-ਮਹੀਵਾਲ”, “ਮਿਰਜ਼ਾ-ਸਾਹਿਬਾਂ” ਵਰਗੀਆਂ ਕਹਾਣੀਆਂ ਪੰਜਾਬੀ ਵਿੱਚ ਹੀ ਆਪਣਾ ਸੁੰਦਰ ਰੂਪ ਧਾਰਦੀਆਂ ਹਨ। ਪੰਜਾਬੀ ਗੀਤਾਂ ਅਤੇ ਕਵਿਤਾਵਾਂ ਰਾਹੀਂ ਹੀ ਪਿਆਰ, ਵਿਰਸੇ, ਹੌਸਲਾ ਤੇ ਸ਼ੌਰਿਆਂ ਦੀਆਂ ਕਥਾਵਾਂ ਅਗਲੀ ਪੀੜ੍ਹੀ ਤੱਕ ਪਹੁੰਚਦੀਆਂ ਹਨ। ਅੱਜ ਦੇ ਸਮੇਂ ਵਿੱਚ ਪੰਜਾਬੀ ਨੇ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਪੰਜਾਬੀ ਬੜੀ ਤੀਜ਼ੀ ਨਾਲ਼ ਵੱਧ ਰਹੀ ਹੈ। ਯੂਨੇਸਕੋ ਦੇ ਅਨੁਸਾਰ ਪੰਜਾਬੀ ਵਿਸ਼ਵ ਦੀਆਂ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਪੰਜਾਬੀ ਫ਼ਿਲਮਾਂ, ਗੀਤ ਅਤੇ ਸਾਹਿਤ ਅੱਜ ਗਲੋਬਲ ਪੱਧਰ ‘ਤੇ ਲੋਕਪ੍ਰਿਯ ਹਨ। ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਵੀ ਪੰਜਾਬੀ ਦੇ ਪ੍ਰਚਾਰ ਵਿੱਚ ਵੱਡਾ ਯੋਗਦਾਨ ਦਿੱਤਾ ਹੈ।  ਭਾਵੇਂ ਪੰਜਾਬੀ ਮਾਂ ਬੋਲੀ ਬਹੁਤ ਧਨਵਾਨ ਹੈ, ਪਰ ਅੱਜ ਇਸਦੇ ਸਾਹਮਣੇ ਕਈ ਚੁਣੌਤੀਆਂ ਹਨ। ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਪ੍ਰਭਾਵ ਕਰਕੇ ਬੱਚਿਆਂ ਦੀ ਪੰਜਾਬੀ ਨਾਲ਼ ਦੂਰੀ ਵੱਧ ਰਹੀ ਹੈ। ਸਕੂਲਾਂ ਵਿੱਚ ਪੰਜਾਬੀ ਦੀ ਥਾਂ ਹੋਰ ਭਾਸ਼ਾਵਾਂ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ। ਕੁਝ ਮਾਪੇ ਆਪਣੀ ਮਾਂ ਬੋਲੀ ਬੋਲਣ ਤੋਂ ਵੀ ਹਿਚਕਚਾਉਂਦੇ ਹਨ। ਇਹ ਰੁਝਾਨ ਪੰਜਾਬੀ ਦੇ ਭਵਿੱਖ ਲਈ ਖ਼ਤਰਾ ਬਣ ਸਕਦਾ ਹੈ। ਪੰਜਾਬੀ ਮਾਂ ਬੋਲੀ ਨੂੰ ਸੰਭਾਲਣਾ ਹਰ ਪੰਜਾਬੀ ਦਾ ਫ਼ਰਜ਼ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀ ਨੂੰ ਮੁੱਖ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ। ਘਰਾਂ ਵਿੱਚ ਮਾਪੇ ਆਪਣੇ ਬੱਚਿਆਂ ਨਾਲ਼ ਪੰਜਾਬੀ ਵਿੱਚ ਗੱਲ ਕਰਨ। ਪੰਜਾਬੀ ਸਾਹਿਤ, ਗੀਤਾਂ, ਫ਼ਿਲਮਾਂ ਅਤੇ ਲੋਕਧਾਰਾ ਦਾ ਪ੍ਰਚਾਰ ਕੀਤਾ ਜਾਵੇ। ਡਿਜ਼ੀਟਲ ਮੀਡੀਆ ਤੇ ਪੰਜਾਬੀ ਦੀ ਵਰਤੋਂ ਵਧਾਈ ਜਾਵੇ। ਇਸ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਆਪਣੀ ਪੁਰਾਣੀ ਰੂਹਾਨੀ ਤਾਕਤ ਨਾਲ਼ ਰਹੇਗੀ। ਮਾਂ ਬੋਲੀ ਪੰਜਾਬੀ ਸਾਡੇ ਲਈ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਸ਼ਖਸੀਅਤ, ਸੱਭਿਆਚਾਰ ਅਤੇ ਰੂਹ ਦੀ ਪਛਾਣ ਹੈ। ਜਿਹੜੀ ਕੌਮ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀ ਹੈ, ਉਹ ਆਪਣੀਆਂ ਜੜ੍ਹਾਂ ਤੋਂ ਵੱਖਰੀ ਹੋ ਜਾਂਦੀ ਹੈ। ਇਸ ਲਈ ਸਾਡਾ ਫ਼ਰਜ਼ ਹੈ ਕਿ ਪੰਜਾਬੀ ਨੂੰ ਮਾਣ ਨਾਲ਼ ਬੋਲਿਆਂ, ਲਿਖਿਆਂ ਅਤੇ ਪੜ੍ਹਨਾ ਚਾਹੀਦਾ ਹੈ। ਪੰਜਾਬੀ ਦੇ ਨਾਲ਼ ਸਾਡਾ ਭਵਿੱਖ, ਸਾਡੀ ਵਿਰਾਸਤ ਅਤੇ ਸਾਡੀ ਪਛਾਣ ਜੁੜੀ ਹੈ।

ਮੰਜੂ ਰਾਇਕਾ 
ਰਣਬੀਰ ਕਾਲਜ਼ ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਵਿਤਾਵਾਂ/ਮੂਲ ਚੰਦ ਸ਼ਰਮਾ
Next articleਸਾਡੀ ਗੁਰਮੁੱਖੀ ਲਿਪੀ