ਗਿੱਦੜ ਸਿੰਗੀ/ ਗਿੱਦੜਾਂ ਦੀਆਂ ਮਿਆਂਕ !

(ਸਮਾਜ ਵੀਕਲੀ) ਪੰਜਾਬ ਦੇ ਵਿੱਚ ਸ਼ੇਰਾਂ ਦੇ ਮਚਾਏ ਅਤੰਕ ਤੋਂ ਬਚਣ ਲਈ ਜੰਗਲੀ ਜਾਨਵਰਾਂ ਨੇ ਇਕੱਠੇ ਹੋ ਕੇ ਗਿੱਦੜ ਪਾਰਟੀ ਨੂੰ ਜੰਗਲ ਦੀ ਵਾਂਗ ਡੋਰ ਸੰਭਾਲ ਦਿੱਤੀ। ਗਿੱਦੜ ਪਾਰਟੀ ਨੇ ਜਿੱਤਣ ਵਾਲਾ ਰਿਕਾਰਡ ਤੋੜ ਦਿੱਤਾ। ਗਿੱਦੜਾਂ ਦੇ ਲਾਣੇਦਾਰ ਨੂੰ ਸਮਝ ਹੀ ਆਵੇ ਕਿ ਜੰਗਲ ਦੇ ਪੰਛੀ ਤੇ ਜਾਨਵਰ ਉਨ੍ਹਾਂ ਤੋਂ ਵੀ ਮੂਰਖ ਹਨ । ਜਿਹਨਾਂ ਨੇ ਸਾਨੂੰ ਚੁਣ ਲਿਆ । ਵੱਡੀ ਗਿਣਤੀ ਦੇ ਵਿੱਚ ਹੋਈ ਜਿੱਤ ਨੇ ਗਿੱਦੜਾਂ ਦਾ ਗੂੰਹ ਪਹਾੜੀ ਚਾੜ੍ਹ ਦਿੱਤਾ। ਗੂੰਹ ਪਹਾੜੀ ਕੀ ਚੜ੍ਹਿਆ, ਗਿੱਦੜ ਲੱਗ ਪਏ ਸ਼ੇਰਾਂ ਵਾਂਗੂੰ ਦਹਾੜਨ । ਜੰਗਲ ਦੇ ਸਰਕਾਰੀ ਗਿੱਦੜ ਤਾਂ ਪਹਿਲਾਂ ਹੀ ਨਹੀਂ ਸੀ ਘੱਟ ਪਰ ਜਦ ਗਿੱਦੜ ਪਾਰਟੀ ਨੇ ਜੰਗਲ ਦੇ ਦਫਤਰਾਂ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਜੰਗਲ ਦੇ ਜਾਨਵਰਾਂ ਨੂੰ ਲੱਗਿਆ ਹੁਣ ਹੋਵੇਗਾ ਸੁਧਾਰ ਪਰ ਪਤਾ ਬਾਅਦ ਵਿੱਚ ਲੱਗਿਆ ਇਹ ਤਾਂ ਪਹਿਲਾਂ ਚੱਲਦੇ ਰੇਟ ਵਧਾਉਣ ਦੀ ਕਾਰਵਾਈ ਸੀ।ਗਿੱਦੜ ਪਾਰਟੀ ਨੇ ਜੰਗਲੀਆਂ ਨੂੰ ਸੁਪਨੇ ਬਹੁਤ ਦਿਖਾਏ ਸੀ । ਜਿਉ ਜਿਉ ਦਿਨ ਲੰਘਣ ਲੱਗੇ ਗਿੱਦੜਾਂ ਦਾ ਬਾਦਸ਼ਾਹ ਨੇ ਆਪਣਾ ਅਸਲੀ ਰੂਪ ਵਿਖਾਉਣਾ ਸ਼ੁਰੂ ਕੀਤਾ। ਗਿੱਦੜ ਜਾਤ ਦਾ ਬਾਣੀਆਂ ਸੀ ਤੇ ਲੱਗ ਪਿਆ ਵਪਾਰ ਕਰਨ। ਹਰ ਚੀਜ਼ ਦਾ ਲੱਗ ਪਿਆ ਮੁੱਲ ਵੱਟਣ। ਉਹ ਆਪ ਤਾਂ ਉਪਰ ਪਹਾੜ ਦੇ ਵਿੱਚ ਰਹਿੰਦਾ ਤੇ ਉਸਦੀ ਰਾਖੀ ਜੰਗਲ ਦੇ ਕੁੱਤੇ ਕਰਦੇ । ਗਿੱਦੜ ਨੇ ਆਪਣੀ ਮਰਜ਼ੀ ਦਾ ਕੁੱਤਿਆਂ ਦਾ ਮੁਖੀ ਬਣਾ ਲਿਆ । ਬਸ ਫੇਰ ਕੀ ਹੋਇਆ ਜੰਗਲ ਦੇ ਲੋਕ ਦੇਖਣ ਲੱਗੇ। ਕੁੱਤਿਆਂ ਨੇ ਜਦ ਆਪਣੇ ਦੰਦ ਦਿਖਾਏ ਜੰਗਲੀ ਚੁੱਪ ਕਰਕੇ ਬਹਿ ਗਏ । ਇਕ ਦਿਨ ਗਿੱਦੜ ਬਾਦਸ਼ਾਹ ਨੇ ਆਪਣੀ ਮੁੱਛ ਦਾ ਵਾਲ ਜੰਗਲੀਆਂ ਦੇ ਉਪਰ ਬਹਾ ਦਿੱਤਾ। ਗਿੱਦੜ ਦੀ ਮੁੰਛ ਦੇ ਵਾਲ ਗਿੱਦੜ ਬਾਦਸ਼ਾਹ ਦੇ ਅਧੂਰੇ ਕੰਮ ਪੂਰੇ ਕਰਨ ਲਈ ਗਿੱਦੜਾਂ ਦੇ ਚੌਧਰੀ ਨੂੰ ਚੌਕੀਦਾਰ ਬਣਾ ਲਿਆ। ਉਹ ਹੋਕਾ ਦੇਦਾ ਤੇ ਕੰਮ ਮੁੱਛ ਦਾ ਵਾਲ ਹੀ ਕਰਦਾ।ਜੰਗਲ ਦੇ ਕਾਂ ਤੇ ਗਿਰਝਾਂ ਨੇ ਮੁੱਛ ਦੇ ਵਾਲ ਖਿਲਾਫ ਅੰਨ੍ਹੇ ਕੋਲ ਸ਼ਿਕਾਇਤ ਕਰ ਦਿੱਤੀ। ਅੰਨ੍ਹੇ ਨੇ ਚੌਧਰੀ ਨੂੰ ਤਲਬ ਕਰ ਲਿਆ । ਗਿੱਦੜਾਂ ਦਾ ਚੌਧਰੀ ਕਹਿੰਦਾ ਜੀ ਮੈਨੂੰ ਨਹੀਂ ਪਤਾ ਕਿ ਇਹ ਮੁੱਛ ਦਾ ਵਾਲ ਕਿਸਦਾ ਹੈ ? ਗਿੱਦੜ ਬਾਦਸ਼ਾਹ ਦਾ ਲੇਡਾ ਫੁੱਲ ਗਿਆ। ਉਹ ਹੁਣ ਜੰਗਲ਼ ਦੇ ਜਾਨਵਰਾਂ ਤੇ ਪੰਛੀਆਂ ਨੂੰ ਖੁਸ਼ ਕਰਨ ਲਈ ਚੁਟਕਲੇ ਸੁਣਾਉਂਦਾ ਹੈ। ਜੰਗਲ ਦੇ ਜਾਨਵਰ ਚੁਟਕਲਿਆਂ ਨਾਲ ਢਿੱਡ ਭਰਦੇ ਹਨ। ਤੇ ਗੱਲਾਂ ਕਰਦੇ ਹਨ। ਗਿੱਦੜ ਦਾ ਲੇਡਾ ਦਿਨੋਂ ਦਿਨ ਫੁੱਲ ਰਿਹਾ ਹੈ। ਉਸਦੀ ਰਾਜਧਾਨੀ ਦੇ ਬਘਿਆੜਾਂ ਨਾਲ ਗੱਲਬਾਤ ਹੋ ਗਈ। ਉਹਨਾਂ ਗਿੱਦੜ ਨੂੰ ਪਹਾੜ ਤੇ ਚਾੜ੍ਹ ਦਿੱਤਾ ਹੈ! ਗਿੱਦੜ ਤੇ ਉਸ ਦੇ ਸਾਥੀਆਂ ਨੂੰ ਭਰਮ ਪੈ ਗਿਆ ਕਿ ਜੰਗਲੀ ਲੋਕਾਂ ਦੇ ਇਲਾਜ ਲਈ ਉਨ੍ਹਾਂ ਕੋਲ ਬੂਟੀ ਹੈ, ਗਿੱਦੜ ਸਿੰਗੀ। ਉਹ ਵੀ ਆਖ਼ਣ ਲੱਗਿਆ ਕਿ ਮੈਂ ਸਭ ਤੋਂ ਇਮਾਨਦਾਰ ਆ। ਜੰਗਲ ਨੂੰ ਰੰਗਲਾ ਬਣਾ ਦਿੱਤਾ ਜਾਵੇਗਾ। ਉਹਨਾਂ ਨੇ ਜੰਗਲ ਵਿੱਚੋਂ ਚੰਦਨ ਦੀ ਲੱਕੜ ਵੇਚਣੀ ਸ਼ੁਰੂ ਕਰ ਦਿੱਤੀ
ਜਦੋਂ ਗਿੱਦੜ ਬਾਦਸ਼ਾਹ ਕੋਲ, ਇਹ ਖਬਰ ਪਹੁੰਚੀ ਕਿ ਜੰਗਲ਼ ਦੇ ਆਲ਼ੇ ਦੁਆਲ਼ੇ ਦੇ ਇਲਾਕੇ ਦੇ ਲੋਕਾਂ ਵਿੱਚ ਗਿੱਦੜ ਸਿੰਗੀ ਦੀ ਬਹੁਤ ਮੰਗ (craze ) ਹੈ ..( ਉਝ ਜੰਗਲ ਵਿੱਚ ਚਿੱਟੇ ਦੀ ਬਹੁਤ ਮੰਗ ਹੈ ਤੇ ਚਿੱਟੇ ਦੇ ਵਪਾਰੀਆਂ ਕੋਲੋਂ ਸਪਲਾਈ ਪੂਰੀ ਨਹੀਂ ਹੁੰਦੀ। )
ਇਹ ਅਫਵਾਹ ਸੁਣ ਕੇ ਗਿੱਦੜ ਮਾਰੇ ਚੀਕਾਂ ਤੇ ਲੋਟਣੀਆਂ। ਉਸਦੀ ਹਾਲਤ ਇਹ ਬਣ ਗਈ ਕਿ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ। ਉਸਦੇ ਪਰਿਵਾਰ ਦੇ ਮੈਂਬਰਾਂ ਨੇ ਟਰੱਕ ਯੂਨੀਅਨ ਦੀਆਂ ਪ੍ਰਧਾਨਗੀਆਂ ਦੀਆਂ ਬੋਲੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ
ਉਹ ਬੜਾ ਹੈਰਾਨ ਹੋਇਆ ਕਿ ਮੇਰੇ ਕੋਲ ਤਾਂ ਕੋਈ ਸਿੰਗ ਵੀ ਨਹੀਂ ਹੈ, ਇਹ ਕੀ ਗੱਲ ਹੋਈ ਭਲਾਂ ? ਉਸਨੇ ਸੋਚਿਆ ਕਿ ਇਹਦਾ ਮਤਲਬ ਜੰਗਲੀ ਬਹੁਤ ਮੂਰਖ ਨੇ ! ਕਿਉਂ ਨਾ ਇਹਨਾਂ ਨੂੰ ਹੋਰ ਮੂਰਖ ਬਣਾਇਆ ਜਾਵੇ। ਉਸਨੇ ਨਵੀਆਂ ਗਰੰਟੀਸ਼ੁਦਾ ਸਕੀਮਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮੁਫਤ ਦਾ ਛਕਣ ਵਾਲਿਆਂ ਨੂੰ ਲੱਗਿਆ ਕਿ ਇਹ ਸਕੀਮਾਂ ਹੀ ਉਨ੍ਹਾਂ ਦੇ ਹੱਕ ਦੀਆਂ ਹਨ। ਜੰਗਲੀਆਂ ਨੇ ਧਰਤੀ ਪੱਟ ਸੁੱਟੀ। ਉਸ ਨੇ ਕੁੱਤਿਆਂ ਨੂੰ ਖੁਲ੍ਹੀ ਛੁੱਟੀ ਦੇ ਦਿੱਤੀ। ਜਿਹੜਾ ਵੀ ਕੋਈ ਸਿਰ ਚੁੱਕਦਾ ਹੈ, ਉਸਨੂੰ ਹੱਡਾ ਰੋੜੀ ਵਿੱਚ ਲਿਆ ਕੇ ਪਾੜੋ ਤੇ ਨਦੀਆਂ ਵਿੱਚ ਉਤਾਰੋ। ਬਸ ਫੇਰ ਕੀ ਕੁੱਤੇ, ਗਿੱਦੜਾਂ ਤੇ ਬਘਿਆੜਾਂ ਨੇ ਜੰਗਲ ਵਿੱਚ ਹਾਹਾਕਾਰ ਮਚਾ ਦਿੱਤੀ। ਜੰਗਲ ਦੇ ਜਾਨਵਰ ਤੇ ਪੰਛੀ ਚੀਕਾਂ ਮਾਰਨ ਲੱਗ ਪਏ। ਆਖ਼ਣ ਲੱਗੇ, ਇਹਨਾਂ ਨਾਲੋਂ ਤਾਂ ਅਸੀਂ ਪਹਿਲਾਂ ਚੰਗੇ ਸੀ। ਜੰਗਲੀ ਲੋਕਾਂ ਨੂੰ ਗਿੱਦੜ ਸਿੰਗੀ ਦਾ ਮੁਸ਼ਕ ਆਉਣ ਲੱਗਿਆ ਤੇ ਉਹ ਇਥੋਂ ਭੱਜਣ ਲੱਗੇ। ਚੋਣਾਂ ਦਾ ਸਮਾਂ ਸੀ … ਗਿੱਦੜ ਨੇ ਆਪਣੀ ਟੀਮ ਲਿਜਾ ਕੇ ਲੋਕਾਂ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਬਣਨ ਉਪਰੰਤ … ਹਰ ਘਰ ਨੂੰ ਗਿੱਦੜ ਸਿੰਗੀ ਦਿੱਤੀ ਜਾਵੇਗੀ !
ਚੋਣਾਂ ਹੋਈਆਂ … ਗਿੱਦੜ ਪਾਰਟੀ ਜਿੱਤ ਗਈ … ਲੋਕ ਗਿੱਦੜ ਸਿੰਗੀ ਮੰਗਣ ਲੱਗੇ … ਗਿੱਦੜ ਪਾਰਟੀ ਨੇ ਸ਼ਰਤਾਂ ਰੱਖ ਦਿੱਤੀਆਂ:
1. ਜਿਨ੍ਹਾਂ ਦੇ ਘਰ ਪਹਿਲਾਂ ਡੰਗਰ-ਪਸ਼ੂ ਹਨ … ਮਤਲਬ ਪਹਿਲਾਂ ਹੀ ਸਿੰਗ ਹਨ … ਉਹਨਾਂ ਨਹੀਂ ਮਿਲੇਗੀ !
2. ਜਿਹਨਾਂ ਦੇ ਘਰ ਗਿੱਦੜ ਨਸਲ ਦੇ ਕੁੱਤੇ ਹਨ … ਉਹਨਾਂ ਨੂੰ ਨਹੀਂ ਮਿਲੇਗੀ !
3. ਜਿਹਨਾਂ ਦੇ ਨਾਂ ਸਿੰਗ (ਸਿੰਘ) ਭਾਵ ਸ਼ੇਰ ਨਾਲ ਮਿਲਦੇ-ਜੁਲਦੇ ਹਨ … ਉਹ ਪਹਿਲਾਂ ਹੀ ਬਹਾਦਰ ਨੇ … ਉਹਨਾਂ ਨੂੰ ਗਿੱਦੜ ਸਿੰਗੀ ਨਹੀਂ ਮਿਲੇਗੀ !
ਬਾਕੀ ਸਾਰੇ ਫਾਰਮ ਭਰ ਦਿਓ ! ਜਦੋਂ ਹੀ ਖਜ਼ਾਨੇ ਪੈਸੇ ਆਏ ।
ਗਿੱਦੜ ਸਿੰਗੀ ਦੇ ਦਿੱਤੀ ਜਾਵੇਗੀ !
ਹੁਣ ਗਿੱਦੜ ਭਾਸ਼ਨ ਵੱਧ ਤੇ ਰਾਸ਼ਨ ਘੱਟ ਦੇਂਦਾ ਹੈ। ਉਧਰ ਗਿੱਦੜਾਂ ਦੇ ਮੁਖੀ ਤੇ ਉਸਦੇ ਸਾਥੀਆਂ ਨੂੰ ਰਾਜਧਾਨੀ ਵਾਲੇ ਜੰਗਲ ਵਿਚੋਂ ਕੱਢ ਦਿੱਤਾ ਹੈ। ਹੁਣ ਉਹਨਾਂ ਵਲੋਂ ਕੀਤੀ ਕਰਤੂਤਾਂ ਦੇ ਕੱਚੇ ਚਿੱਠੇ ਖੁੱਲ੍ਹ ਰਹੇ ਹਨ। ਗਿੱਦੜ ਹੁਣ ਇਸ ਜੰਗਲ ਵੱਲ ਦੌੜਦੇ ਆ ਰਹੇ ਹਨ। ਉਹਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਉਚੇ ਅਹੁਦਿਆਂ ਉੱਤੇ ਬੈਠਾਇਆ ਜਾ ਰਿਹਾ ਹੈ। ਰਾਜਧਾਨੀ ਵਿੱਚ ਲੱਗੀ ਅੱਗ ਹੁਣ ਇਸ ਜੰਗਲ ਵਿੱਚ ਵੀ ਪੁੱਜ ਗਈ ਹੈ। ਜੰਗਲ ਦਾ ਬਚਾਅ ਹੋਣਾ ਮੁਸ਼ਕਲ ਬਣਿਆ ਹੋਇਆ ਹੈ। ਗਿੱਦੜ ਸਿੰਗੀ ਨੂੰ ਲੋਕ ਲੱਭਦੇ ਫਿਰਦੇ ਕੁੱਤਿਆਂ ਤੋਂ ਲੱਤਾਂ ਪੜਾ ਰਹੇ ਹਨ। ਚਾਰੇ ਪਾਸੇ ਤਰਾਅ ਤਰਾਅ ਹੋਈ ਹੈ।
ਜੰਗਲ ਵਾਲੇ ਗਿੱਦੜ ਸਿੰਗੀ ਮੰਗਦੇ ਹਨ। ਉਹ ਉਸ ਕੋਲ ਹੈ ਨਹੀਂ।
ਕੁੱਤਿਆਂ, ਗਿੱਦੜਾਂ ਤੇ ਬਘਿਆੜਾਂ ਨੇ ਜੰਗਲ ਵਿੱਚ ਖੋਰੂ ਪਾਇਆ ਹੋਇਆ ਹੈ। ਉਹਨਾਂ ਵਲੋਂ ਹਰ ਰੋਜ਼ ਕੋਈ ਨਾ ਕੋਈ ਕਾਂ ਮਾਰਿਆ ਹੁੰਦਾ ਹੈ। ਕਾਂ ਦੇ ਸਕੇ ਸਬੰਧੀਆਂ ਵਲੋਂ ਕਾਵਾਂ ਰੌਲੀ ਪਾਈ ਜਾਂਦੀ ਹੈ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਇਸ ਗਿੱਦੜ ਸਿੰਗੀ ਦਾ ਕੀ ਕਰਨ ?
ਬੁੱਧ ਸਿੰਘ ਨੀਲੋਂ
94643 70823