HOME  ” ਪ੍ਰੈਸ ਦੀ ਸੁਤੰਤਰਤਾ ਲੋਕਤੰਤਰੀ ਪ੍ਰਣਾਲੀ ਲਈ ਅਹਿਮ  ”   

 ” ਪ੍ਰੈਸ ਦੀ ਸੁਤੰਤਰਤਾ ਲੋਕਤੰਤਰੀ ਪ੍ਰਣਾਲੀ ਲਈ ਅਹਿਮ  ”   

3
  (ਸਮਾਜ ਵੀਕਲੀ)   ਪ੍ਰੈਸ ਨੂੰ ਲੋਕਤੰਤਰ ਦੇ ਚੌਥੇ ਥੰਮ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਬਿਲਕੁਲ ਸੱਚ ਵੀ ਹੈ ਕਿ ਕਿਸੇ ਵੀ ਦੇਸ਼ ਦੀ ਪ੍ਰੈਸ ਉਥੋਂ ਦੇ ਲੋਕਤੰਤਰ ਅਤੇ ਵਿਕਾਸ ਲਈ ਬਹੁਤ ਹੀ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਪ੍ਰੈਸ ਅਤੇ ਮੀਡਿਆ ਅਜ਼ਾਦ ਹਨ ਅਤੇ ਉਹ ਬਿਨਾਂ ਕਿਸੇ ਰਾਜਨੀਤਕ ਦਬਾਅ ਤੋਂ ਦੇਸ਼ ਦੀ ਭਲਾਈ ਲਈ ਕੰਮ ਕਰਦੇ ਹਨ। ਪ੍ਰੈਸ ਦੀ ਆਜ਼ਾਦੀ ਨੂੰ ਲੋਕਤੰਤਰ ਦਾ ਆਧਾਰ ਮੰਨਿਆ ਗਿਆ ਹੈ। ਨਾਗਰਿਕਾਂ ਨੂੰ ਜਾਣਕਾਰੀ ਤੱਕ ਪਹੁੰਚ ਕਰਨ, ਆਪਣੇ ਵਿਚਾਰ ਪ੍ਰਗਟ ਕਰਨ ਅਤੇ ਜਨਤਕ ਭਾਸ਼ਣ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਂਦਾ ਹੈ। ਇੱਕ ਸੁਤੰਤਰ ਪ੍ਰੈਸ ਇੱਕ ਪਹਿਰੇਦਾਰ ਵਾਂਗ ਕੰਮ ਕਰਦਾ ਹੈ, ਭ੍ਰਿਸ਼ਟਾਚਾਰ, ਬੇਇਨਸਾਫ਼ੀ ਅਤੇ ਸ਼ਕਤੀ ਦੀ ਦੁਰਵਰਤੋਂ ਦਾ ਪਰਦਾਫਾਸ਼ ਕਰਦਾ ਹੈ। ਇਹ ਵਿਅਕਤੀਆਂ ਨੂੰ ਸੂਚਿਤ ਫੈਸਲੇ ਲੈਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਸਰਕਾਰਾਂ ਅਤੇ ਸੰਸਥਾਵਾਂ ਉਨ੍ਹਾਂ ਲੋਕਾਂ ਪ੍ਰਤੀ ਪਾਰਦਰਸ਼ੀ ਅਤੇ ਜਵਾਬਦੇਹ ਰਹਿਣ, ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ। ਬਦਕਿਸਮਤੀ ਨਾਲ, ਦੁਨੀਆ ਭਰ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨੂੰ ਅਕਸਰ ਸਿਰਫ਼ ਆਪਣੇ ਕੰਮ ਕਰਨ ਲਈ ਪਰੇਸ਼ਾਨੀ, ਧਮਕਾਉਣ, ਸੈਂਸਰਸਿਪ ਅਤੇ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਰਿਪੋਰਟਰਜ਼ ਵਿਦਾਉਟ ਬਾਰਡਰਜ਼ ਦੇ ਅਨੁਸਾਰ, ਹਰ ਸਾਲ ਸੈਂਕੜੇ ਪੱਤਰਕਾਰਾਂ ਨੂੰ ਡਿਊਟੀ ਦੌਰਾਨ ਕੈਦ ਕੀਤਾ ਜਾਂਦਾ ਹੈ, ਹਮਲਾ ਕੀਤਾ ਜਾਂਦਾ ਹੈ ਜਾਂ ਮਾਰਿਆ ਤੱਕ ਜਾਂਦਾ ਹੈ। ਇਹ ਹਮਲੇ ਨਾ ਸਿਰਫ਼ ਪੱਤਰਕਾਰਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਨੂੰ ਖ਼ਤਰੇ ਵਿਚ ਪਾਉਂਦੇ ਹਨ ਬਲਕਿ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਬੁਨਿਆਦੀ ਸਿਧਾਂਤਾਂ ਨੂੰ ਵੀ ਕਮਜ਼ੋਰ ਕਰਦੇ ਹਨ। ਪ੍ਰੈਸ ਦੀ ਆਜ਼ਾਦੀ ਦੀ ਮਹੱਤਤਾ ਨੂੰ ਵੇਖਦੇ ਹੋਏ ਹੀ ਸੰਯੁਕਤ ਰਾਸ਼ਟਰ ਸੰਘ ਨੇ 1993 ਵਿੱਚ 03 ਮਈ ਦੇ ਦਿਹਾੜੇ ਨੂੰ ਪ੍ਰੈਸ ਅਜ਼ਾਦੀ ਦਿਵਸ ਵਜੋਂ ਘੋਸ਼ਿਤ ਕੀਤਾ ਸੀ। ਉਸਤੋਂ ਬਾਦ ਹੁਣ ਹਰ ਸਾਲ 03 ਮਈ ਨੂੰ ਪ੍ਰੈਸ ਅਜ਼ਾਦੀ  ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰਾਂ ਵਲੋਂ ਅਤੇ ਮੀਡੀਆ ਉਦਯੋਗ ਨਾਲ ਜੁੜ੍ਹੇ ਲੋਕਾਂ ਵਲੋਂ ਵਿਸ਼ੇਸ਼ ਤੌਰ ਤੇ ਪ੍ਰੈਸ ਦੇ ਕੰਮ ਕਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਪ੍ਰੈਸ ਨੂੰ ਨਿਰਪੱਖ ਅਜ਼ਾਦ ਰੂਪ ਵਿੱਚ ਕੰਮ ਕਰਨ ਲਈ ਠੋਸ ਨੀਤੀਆਂ ਬਣਾਈਆਂ ਜਾਂਦੀਆਂ ਹਨ। ਅੱਜ ਭਾਰਤ ਵਿੱਚ ਪ੍ਰੈਸ ਜਾ ਮੀਡੀਆ ਦਾ ਜ਼ਿਆਦਾ ਤਰ ਹਿੱਸਾ ਬਿਜ਼ਨਸ ਪੱਖੋਂ ਵਿਚਰ ਰਿਹਾ ਹੈ ਬਹੁਤ ਸਾਰੇ ਚੈਨਲ ਜਾਂ ਅਖ਼ਵਾਰ ਰਾਜਨੀਤਕ ਜਾਂ ਵਪਾਰਕ ਲੋਕਾਂ ਦਾ ਹਿੱਸਾ ਬਣਦੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਮੁੱਖ ਮਕਸਦ ਪ੍ਰੈਸ ਜਾ ਮੀਡੀਆ ਨੂੰ ਵਪਾਰਕ ਤੌਰ ਤੇ ਇਸਤੇਮਾਲ ਕਰਨਾ ਹੈ। ਇਹੋ ਜਿਹੇ ਪੱਖ ਭਾਰੂ ਹੋਣ ਕਾਰਨ ਬਹੁਤ ਸਾਰੇ ਅਦਾਰੇ ਸਮਾਜਿਕ ਸਰੋਕਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਮੀਡੀਆ ਨੂੰ ਸਮਾਜ ਨਾਲ ਜੁੜਕੇ ਆਮ ਲੋਕਾਂ ਦੀ ਆਵਾਜ਼ ਬਣਨਾ  ਚਾਹੀਦਾ ਹੈ। ਕੁੱਝ ਸਾਲ ਪਹਿਲਾਂ ਤੱਕ ਪੱਤਰਕਾਰਤਾ ਇੱਕ ਮਿਸ਼ਨ ਸੀ ਤੇ ਸਮਾਜ ਪ੍ਰਤੀ ਮੀਡੀਆ ਨਾਲ ਜੁੜ੍ਹੇ ਲੋਕਾਂ ਦੀ ਵਿਸ਼ੇਸ਼ ਜਿੰਮੇਵਾਰੀ ਹੁੰਦੀ ਸੀ ਪਰ ਹੁਣ ਵਪਾਰਕ ਪੱਖ ਭਾਰੂ ਹੋਣ ਕਾਰਨ ਸਮਾਜਿਕ ਸਰੋਕਾਰ ਹੋਲੀ ਹੋਲੀ  ਗਾਇਬ ਹੋ ਰਹੇ ਹਨ। ਪੱਤਰਕਾਰਾਂ, ਅਤੇ ਮੀਡੀਆ ਦੀ ਸਮਾਜ ਅਤੇ ਦੇਸ਼ ਦੇ ਲੋਕਾਂ ਪ੍ਰਤੀ ਵੀ ਉਨ੍ਹਾਂ ਦੇ ਹੱਕਾਂ, ਉਨ੍ਹਾਂ ਨਾਲ ਹੁੰਦੇ ਅਨਿਆਂ ਵਿਰੁੱਧ ਬੋਲਣ ਅਤੇ ਲਿਖਣ ਦੀ ਜ਼ਿਮੇਵਾਰੀ ਵੀ ਬਣਦੀ ਹੈ। ਆਮ ਤੌਰ ਤੇ ਦੇਖਣ ਵਿਚ ਆਉਂਦਾ ਹੈ ਕਿ ਗਰੀਬ ਲੋਕਾਂ ਦੀਆਂ ਖਬਰਾਂ ਦਬ ਕੇ ਰਹਿ ਜਾਂਦੀਆਂ ਹਨ। ਪੜ੍ਹਾਈ ਜਾਂ ਸਮਾਜਿਕ ਭਲਾਈ ਕੰਮਾਂ ਲਈ ਪ੍ਰੈਸ ਜਾ ਮੀਡੀਆ ਆਪਣੀ ਪੂਰੀ ਜ਼ਿਮੇਵਾਰੀ ਨਿਭਾਉਣ ਵਿਚ ਸਫ਼ਲ ਨਹੀਂ ਹੁੰਦੇ। ਕਈ ਅਖਬਾਰਾਂ ਤੇ ਹੋਰਨਾਂ ਮੀਡੀਆ ਅਦਾਰਿਆਂ ਨੇ ਵਪਾਰਕ ਹਿੱਤਾਂ ਨੂੰ ਪਹਿਲ ਨਾ ਦਿੰਦੇ ਹੋਏ ਜਿੱਥੇ ਆਪਣੀ ਸਾਖ ਬਣਾ ਕੇ ਰੱਖੀ ਹੋਈ ਹੈ ਉੱਥੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ ਪਰੰਤੂ ਕੁੱਝ ਅਖਬਾਰਾਂ ਨੇ ਇਸਨੂੰ ਨਿਰੋਲ ਲਾਹੇਵੰਦ ਵਪਾਰ ਬਣਾਕੇ ਰੱਖਿਆ ਹੋਇਆ ਹੈ। ਸਾਡੇ ਦੇਸ਼ ਵਿੱਚ ਮੀਡੀਆ ਨੇ ਅਜ਼ਾਦੀ ਦੀ ਲੜਾਈ ਵਿੱਚ ਅੱਗੇ ਹੋ ਕੇ ਭੂਮਿਕਾ ਨਿਭਾਈ ਹੈ। ਮੀਡੀਆ ਨੇ ਹੀ ਜੋ ਕਿ ਉਦੋਂ ਸਿਰਫ ਪ੍ਰਿੰਟ ਮੀਡੀਆ ਹੀ ਸੀ ਨੇ ਦੇਸ਼ ਵਿੱਚ ਲੋਕਾਂ ਦੀ ਬਦਤਰ ਹਾਲਤ ਦੀਆਂ ਤਸਵੀਰਾਂ ਬਿਆਨ ਕਰਕੇ ਲੋਕਾਂ ਨੂੰ  ਅਜ਼ਾਦੀ ਦੀ ਲੜਾਈ ਲੜਨ ਲਈ ਪ੍ਰੇਰਣਾ ਦਿੱਤੀ। ਸਾਡੇ ਦੇਸ਼ ਵਿੱਚ ਅਜ਼ਾਦੀ ਤੋਂ ਬਾਦ ਅਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਦਰਜ ਮੋਲਿਕ ਅਧਿਕਾਰਾਂ ਵਿੱਚ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਪ੍ਰੈਸ ਦੀ ਆਜ਼ਾਦੀ ਵੀ ਸ਼ਾਮਿਲ ਹੈ। ਅੱਜ ਪ੍ਰੈਸ ਅਤੇ ਮੀਡਿਆ ਨੂੰ ਅਜ਼ਾਦ ਅਤੇ ਨਿਰਪੱਖ ਹੋਕੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਸਰਕਾਰਾ ਨੂੰ ਵੀ ਚਾਹੀਦਾ ਹੈ ਕਿ ਪ੍ਰੈਸ ਅਤੇ ਮੀਡਿਆ ਨੂੰ ਪੂਰਨ ਤੌਰ ਤੇ ਅਜ਼ਾਦ ਅਤੇ ਨਿਰਪੱਖ ਹੋਕੇ ਦੇਸ਼ ਲਈ ਕੰਮ ਕਰਨ ਦਿੱਤਾ ਜਾਵੇ। ਅਗਰ ਪ੍ਰੈਸ ਅਤੇ ਮੀਡਿਆ ਦੇਸ਼ ਦੇ ਹਲਾਤਾਂ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦੇ ਰਹਿਆਂ ਤਾਂ ਇਹ ਦੇਸ਼ ਅਤੇ ਲੋਕਾਂ ਵਾਸਤੇ ਨੁਕਸਾਨ ਵਾਲੀ ਗੱਲ ਕਹੀ ਜਾ ਸਕਦੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਅਜੋਕੇ ਸਮੇਂ ਵਿੱਚ ਮੀਡੀਆ ਉੱਤੇ ਲਾਲਚ ਤੇ ਪੈਸਾ ਕਮਾਉਣ ਦੀ ਚਾਹਤ ਸਵਾਰ ਹੈ। ਖ਼ਬਰਾਂ ਤੇ ਡਿਬੇਟ ਦੇ ਨਾਂ ਉੱਤੇ ਫੇਕ ਖਬਰਾਂ ਚੱਲਣਾ ਇਹ ਸਾਬਿਤ ਕਰਦਾ ਹੈ। ਮੀਡੀਆ ਵਿੱਚ ਆਮ ਆਦਮੀ ਦੀਆਂ ਸਮੱਸਿਆਵਾਂ ਤੋਂ ਹਟ ਕੇ ਬੇਲੋੜੇ ਰਿਆਲਿਟੀ ਸੋਅ ਚੱਲਣ ਲੱਗੇ ਹਨ। ਪੱਤਰਕਾਰਿਤਾ ਦੀ ਜਨਹਿਤ ਵਾਲੀ ਭਾਵਨਾ ਨੂੰ ਠੇਸ ਲਾਈ ਜਾ ਰਹੀ ਹੈ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਮੀਡੀਆ ਦੀ ਅਜ਼ਾਦੀ ਦਾ ਮਤਲਬ ਕਦੇ ਵੀ ਅਨੁਸ਼ਾਸਨਹੀਣਤਾ ਨਹੀਂ ਹੈ। ਖ਼ਬਰਾਂ ਰਾਹੀਂ ਕੁਝ ਵੀ ਪਰੋਸ ਕੇ ਦੇਸ਼ ਦੇ ਲੋਕਾਂ ਦਾ ਧਿਆਨ ਗਲਤ ਦਿਸ਼ਾ ਵਿੱਚ ਲਿਜਾਣਾ ਬਿਲਕੁਲ ਪ੍ਰਵਾਨ ਹੋਣ ਯੋਗ ਨਹੀਂ ਹੈ। ਪਿਛਲੀਆਂ ਕੁਝ ਸਰਕਾਰਾਂ ਧਾਰਮਿਕ ਰਾਜਨੀਤਕ ਵਿਚਾਰਧਾਰਾ ਦੀ ਕੱਟੜਤਾ ਵਿੱਚ ਸਭ ਤੋਂ ਪਹਿਲਾਂ ਮੀਡੀਆ ਦੀ ਅਜ਼ਾਦੀ ਨੂੰ ਰੋਕਦੀਆਂ ਹਨ। ਵਿਰੋਧੀ ਧਿਰ ਨੂੰ ਬਿਲਕੁਲ ਚੁੱਪ ਕਰਵਾ ਕੇ ਛੱਡ ਦਿੰਦੀਆਂ ਹਨ ਤਾਂ ਜੋ ਲੋਕ ਹਿਤਕਾਰੀ ਨੀਤੀਆਂ ਨੂੰ ਬੇਧਿਆਨ ਕਰਕੇ ਦੇਸ਼ ਵਿੱਚ ਵਿਰੋਧੀ ਨੀਤੀਆਂ ਨੂੰ ਆਸਾਨੀ ਨਾਲ ਲਾਗੂ ਕੀਤਾ ਜਾ ਸਕੇ। ਅੱਜ ਮੀਡੀਆ ਦੀ ਹਾਲਤ ਅਤੇ ਸਥਿਤੀ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਲੋਕ ਮੁੱਦੇ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿ ਦੀ ਸਹੀ ਸਥਿਤੀ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਪ੍ਰੈਸ ਅਤੇ ਮੀਡਿਆ ਤੇ ਨਿਰਭਰ ਕਰਦਾ ਹੈ। ਆਓ ਅੱਜ ਪ੍ਰੈਸ ਅਜ਼ਾਦੀ ਦਿਵਸ ਮੌਕੇ ਤੇ ਕੋਸ਼ਿਸ਼ ਕਰੀਏ ਕਿ ਸਾਡੀ ਕਲਮ ਹੱਕ,ਸੱਚ, ਨਿਰਪੱਖ ਅਤੇ ਅਜ਼ਾਦ ਲਿਖ ਸਕੇ ਤਾਂ ਕਿ ਅਸੀਂ ਵੀ ਆਪਣੇ ਦੇਸ਼ ਅਤੇ ਸਮਾਜ ਵਾਸਤੇ ਆਪਣਾ ਯੋਗਦਾਨ ਪਾ ਸਕੀਏ।
ਕੁਲਦੀਪ ਸਿੰਘ ਸਾਹਿਲ
9417990048
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਮੋਬਾਈਲ:- 94179-90040
Previous articleਬਾਲ ਕਵਿਤਾ : ਅਮਰੂਦ ਖਾਓ
Next articleਨਰੇਗਾ ਮਜ਼ਦੂਰਾਂ ਅਤੇ ਕਿਸਾਨ ਸਭਾ ਨੇ ਪਿੰਡ ਚੱਕ ਕਰਮਾਂ ਵਿਖੇ ਮਜ਼ਦੂਰ ਦਿਵਸ ਮਨਾਇਆ