HOME ਮੋਬਾਇਲ ਫੋਨ- ਇੱਕ ਵਰਦਾਨ ਜਾਂ ਸਰਾਪ?

ਮੋਬਾਇਲ ਫੋਨ- ਇੱਕ ਵਰਦਾਨ ਜਾਂ ਸਰਾਪ?

1
ਪਵਨ ਕੁਮਾਰ ਅੱਤਰੀ

   (ਸਮਾਜ ਵੀਕਲੀ)    ਆਧੁਨਿਕ ਸਮੇਂ ਵਿੱਚ ਜੇ ਦੇਖਿਆ ਜਾਵੇ ਤਾਂ ਵਿਗਿਆਨ ਦੀਆਂ ਨਵੀਆਂ ਨਵੀਆਂ ਕਾਢਾ ਨੇ ਦੇਸ਼ ਦਾ ਮੂੰਹ ਮੁਹਾਦਰਾ ਹੀ ਬਦਲ ਕੇ ਰੱਖ ਦਿੱਤਾ ਹੈ। ਜ਼ਿੰਦਗੀ ਦੀ ਰੇਲ ਤੇਜ਼ ਰਫਤਾਰ ਨਾਲ ਦੌੜਨ ਲੱਗ ਗਈ। ਵਿਗਿਆਨ ਦੀਆਂ ਕਾਢਾਂ ਦਾ ਕੀਤਾ ਗਿਆ ਸਹੀ ਪ੍ਰਯੋਗ ਮਨੁੱਖ ਲਈ ਵਰਦਾਨ ਸਾਬਿਤ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਜੇ ਦੇਖਿਆ ਜਾਵੇ ਤਾਂ ਇਹਨਾਂ ਕਾਢਾਂ ਵਿੱਚੋਂ ਮਹੱਤਵਪੂਰਨ ਇੱਕ ਕਾਢ ਹੈ:- ਮੋਬਾਈਲ ਫੋਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਉਮਰ ਦਾ ਵਿਅਕਤੀ ਇਸ ਦਾ ਪ੍ਰਯੋਗ ਕਰਦਾ ਹੈ। ਮੋਬਾਇਲ ਫੋਨ ਅੱਜ ਦੇ ਸਮੇਂ ਵਿੱਚ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਇਸ ਦਾ ਕੀਤਾ ਗਿਆ ਸਹੀ ਪ੍ਰਯੋਗ ਮਨੁੱਖ ਨੂੰ ਦੋ ਕਦਮ ਅੱਗੇ ਰੱਖਦਾ ਹੈ ਪ੍ਰੰਤੂ ਇਸ ਦਾ ਕੀਤਾ ਗਿਆ ਦੁਰਉਪਯੋਗ ਚਾਰ ਕਦਮ ਪਿੱਛੇ ਵੀ ਕਰਦਾ ਹੈ।

ਪੁਰਾਤਨ ਸਮੇਂ ਵਿੱਚ ਚਿੱਠੀ ਪੱਤਰ ਰਾਹੀਂ ਸੁਨੇਹਾ ਜਾਂ ਸੰਦੇਸ਼ ਦੂਰ ਦੁਰਾਡੇ ਸਕੇ ਸਬੰਧੀਆਂ ਤੱਕ ਪੁੱਜਦੇ ਸਨ। ਪ੍ਰੰਤੂ ਮੋਬਾਈਲ ਫੋਨ ਦੇ ਆਉਣ ਨਾਲ ਇਹ ਕੰਮ ਸੌਖਾ ਹੋ ਗਿਆ ਹੈ ਹੁਣ ਅਸੀਂ ਦੂਰ ਦੁਰਾਡੇ, ਦੇਸ਼ ਵਿਦੇਸ਼ ਬੈਠੇ ਆਪਣੇ ਸਕੇ ਸਬੰਧੀਆਂ ਨਾਲ ਮਿੰਟਾਂ ਸਕਿੰਟਾਂ ਵਿੱਚ ਗੱਲਬਾਤ ਕਰ ਸਕਦੇ ਹਾਂ। ਉਹਨਾਂ ਦਾ ਹਾਲ ਚਾਲ ਜਾਣ ਸਕਦੇ ਹਾਂ ਅਤੇ ਆਪਣਾ ਹਾਲ ਚਾਲ ਦੱਸ ਸਕਦੇ ਹਾਂ। ਫੇਸਬੁਕ, ਵਟਸਐਪ, ਗੂਗਲ, ਟਵਿਟਰ ਆਦੀ ਤੇ ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਆਪਣੀ ਜਰੂਰੀ ਗੱਲਬਾਤ ਸਾਂਝੀ ਕਰਦੇ ਹਾਂ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਸਕੇ ਸਬੰਧੀਆਂ ਦੇ ਨੇੜੇ ਹੋਣ ਦਾ ਅਹਿਸਾਸ ਕਰਦੇ ਹਾਂ। ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਨੇ ਵੀਡੀਓ ਕਾਨਫਰਸਿੰਗ ਦੁਆਰਾ ਮਨੁੱਖ ਨੂੰ ਇੱਕ ਦੂਜੇ ਦੇ ਨਜ਼ਦੀਕ ਕੀਤਾ ਹੈ। ਦੇਖਿਆ ਜਾਵੇ ਤਾਂ ਪੁਰਾਣੇ ਸਮੇਂ ਵਿੱਚ ਬੱਚੇ ਜਦੋਂ ਕਿਤੇ ਘਰੋਂ ਬਾਹਰ ਪੜ੍ਨ ਜਾਂਦੇ ਸਨ ਜਾਂ ਦੇਸ਼ ਵਿਦੇਸ਼ ਵਿੱਚ ਜਾਂਦੇ ਸਨ ਤਾਂ ਮਾਂ ਬਾਪ ਉਹਨਾਂ ਨੂੰ ਦੇਖਣ ਤੋਂ ਤਰਸਦੇ ਰਹਿੰਦੇ ਸਨ ਪਰੰਤੂ ਅੱਜ ਮੋਬਾਇਲ ਦੇ ਆਉਣ ਨਾਲ ਉਹ ਵੀਡੀਓ ਕਾਲ ਰਾਹੀਂ ਆਪਣੇ ਬੱਚਿਆਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਬੱਚੇ ਵੀ ਆਪਣੇ ਮਾਂ ਬਾਪ ਨਾਲ ਦੁੱਖ ਸੁੱਖ ਸਾਂਝਾ ਕਰ ਸਕਦੇ ਹਨ। ਇਸ ਤਰ੍ਹਾਂ ਮਾਪੇ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਬੱਚਿਆਂ ਨੂੰ ਵੀਡੀਓ ਕਾਲ ਤੇ ਦੇਖ ਕੇ ਖੁਸ਼ ਹੁੰਦੇ ਹਨ ਅਤੇ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ। ਮਾਪੇ ਅਤੇ ਬੱਚੇ ਇੱਕ ਦੂਜੇ ਦੇ ਕੋਲ ਹੋਣ ਦਾ ਅਹਿਸਾਸ ਕਰਦੇ ਹਨ। ਮੋਬਾਇਲ ਫੋਨ ਦੁਆਰਾ ਅਸੀਂ ਇੰਟਰਨੈਟ ਦੀ ਵਰਤੋਂ ਕਰਕੇ ਦੇਸ਼ ਵਿਦੇਸ਼ ਵਿੱਚ ਹਰ ਰੋਜ਼ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਦੇਸ਼ ਵਿਦੇਸ਼ ਦੀ ਅਰਥ ਵਿਵਸਥਾ, ਮੌਸਮ ਸਬੰਧੀ ਜਾਣਕਾਰੀ,ਰਾਜਨੀਤਿਕ ਮਸਲੇ ਆਦਿ ਸਭ ਬਾਰੇ ਘਰ ਬੈਠੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਸ ਤਰ੍ਹਾਂ ਮੋਬਾਈਲ ਫੋਨ ਸਾਨੂੰ ਸਮੇਂ ਦਾ ਹਾਣੀ ਬਣਾਉਂਦਾ ਹੈ ਇਹ ਮਨੋਰੰਜਨ ਦਾ ਸਾਧਨ ਵੀ ਹੈ ਇਸ ਦੁਆਰਾ ਗਾਣੇ ਸੁਣਨੇ,ਫਿਲਮਾਂ ਦੇਖਣ ਗੇਮ ਖੇਡਣ ਆਦਿ ਦਾ ਆਨੰਦ ਲਿਆ ਜਾ ਸਕਦਾ ਹੈ।
  ਅਸੀਂ ਬਹੁਤ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਭਾਵ ਕਿ ਜੇਕਰ ਮੋਬਾਇਲ ਫੋਨ ਮਨੁੱਖ ਲਈ ਵਰਦਾਨ ਹੈ ਤਾਂ ਇਸ ਦਾ ਕੀਤਾ ਗਿਆ ਇਸ ਦਾ ਕੀਤਾ ਗਿਆ ਗਲਤ ਪ੍ਰਯੋਗ ਸਰਾਪ ਵੀ ਬਣ ਸਕਦਾ ਹੈ। ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਦੀ ਸਹੀ ਵਰਤੋਂ ਦੀ ਬਜਾਏ ਦੁਰਵਰਤੋ ਜਿਆਦਾ ਹੋਣ ਲੱਗੀ ਹੈ।। ਇਸ ਦਾ ਅਸਰ ਵਿਦਿਆਰਥੀ ਵਰਗ, ਨੌਜਵਾਨ ਪੀੜੀ ਤੇ ਜ਼ਿਆਦਾ ਪੈ ਰਿਹਾ ਹੈ। ਦੇਖਣ ਵਿੱਚ ਆਉਂਦਾ ਹੈ ਕਿ ਅੱਜ ਦੇ ਬੱਚਿਆਂ ਦੇ ਨੌਜਵਾਨ ਇਸ ਦਾ ਸਹੀ ਪ੍ਰਯੋਗ ਨਹੀਂ ਕਰਦੇ। ਉਹ ਆਪਣਾ ਬਹੁਤਾ ਸਮਾਂ ਦੋਸਤਾਂ ਮਿੱਤਰਾਂ ਨਾਲ ਵੇਹਲੀਆਂ ਤੇ ਫਾਲਤੂ ਗੱਲਾਂ ਕਰਨ ਵਿੱਚ ਗੁਆ ਰਹੇ ਹਨ। ਫੇਸਬੁਕ ਤੇ ਅਣਜਾਣ ਲੋਕਾਂ ਨਾਲ ਦੋਸਤੀ ਕਰਨ ਗੱਲਾਂ ਕਰਨ ਵਿੱਚ ਸਮਾਂ ਬਰਬਾਦ ਕਰ ਰਹੇ ਹਨ। ਜਿਸ ਦਾ ਉਹਨਾਂ ਨੂੰ ਬਾਅਦ ਵਿੱਚ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਅਸ਼ਲੀਲ ਫਿਲਮਾਂ ਦੇਖਣ,ਅਸ਼ਲੀਲ ਫੋਟੋਆਂ ਦੇਖਣ ਵਿੱਚ ਨੌਜਵਾਨ ਪੀੜੀ ਆਪਣਾ ਸਮਾਂ ਖਰਾਬ ਕਰ ਰਹੀ ਹੈ ਇਸ ਨਾਲ ਉਹਨਾਂ ਦੀ ਮਾਨਸਿਕਤਾ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਅਜੋਕੇ ਸਮੇਂ ਵਿੱਚ ਦੇਖਣ ਵਿੱਚ ਆਉਂਦਾ ਹੈ ਕਿ ਬੱਚੇ ਤੱਕ ਦੇ ਹੱਥ ਵਿੱਚ ਮੋਬਾਈਲ ਫੋਨ ਹੈ। ਇਸ ਤੇ ਜਿੰਮੇਵਾਰ ਉਨਾਂ ਦੇ ਮਾਪੇ ਹਨ। ਜੋ ਸਮਾਂ ਵਿਦਿਆਰਥੀਆਂ ਦਾ ਪੜ੍ਹਨ ਦਾ ਹੈ ਉਹੀ ਸਮਾਂ ਮੋਬਾਇਲ ਫੋਨ ਦੀ ਗਲਤ ਵਰਤੋਂ ਕਰਕੇ ਖਰਾਬ ਕਰ ਰਹੇ ਹਨ। ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਇਸ ਹੱਦ ਤੱਕ ਮੋਬਾਇਲ ਵਿੱਚ ਮਗਨ ਹੁੰਦੇ ਹਨ ਕਿ ਉਹਨਾਂ ਨੂੰ ਆਪਣੇ ਆਲੇ ਦੁਆਲੇ ਕੀ ਵਾਪਰ ਰਿਹਾ ਹੈ ਕੁਝ ਪਤਾ ਨਹੀਂ ਹੁੰਦਾ। ਦੇਸ਼ ਦੁਨੀਆ ਦਾ ਤਾਂ ਪਤਾ ਹੀ ਕੀ ਹੋਵੇਗਾ?  ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਨੇ ਲੋਕਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਤਾਂ ਕੀਤਾ ਹੈ ਪ੍ਰੰਤੂ ਸੱਚ ਇਹ ਵੀ ਹੈ ਕਿ ਜੋ ਨੇੜੇ ਹਨ ਉਹ ਵੀ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ।ਅੱਜ ਦੇ ਟਾਈਮ ਵਿੱਚ ਪਰਿਵਾਰ ਦੇ ਹਰ ਇੱਕ ਮੈਂਬਰ ਕੋਲ ਆਪਣਾ ਫੋਨ ਹੈ। ਕਿਸੇ ਕੋਲ ਕਿਸੇ ਲਈ ਟਾਈਮ ਨਹੀਂ ਪੁਰਾਤਨ ਸਮੇਂ ਵਿੱਚ ਲੋਕ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਸਨ ਉਹ ਹੁਣ ਅਲੋਪ ਹੋ ਰਿਹਾ ਹੈ ਕਿਉਂਕਿ ਸਭ ਕੋਲ ਆਪਣੇ ਆਪਣੇ ਫੋਨ ਹਨ ਉਹ ਆਪਣੇ ਫੋਨ ਵਿੱਚ ਮਸਤ ਹਨ ਬੱਚੇ ਆਪਣੇ ਫੋਨ ਵਿੱਚ ਮਸਤ ਹਨ ਮਾਂ ਬਾਪ ਆਪਣੇ ਫੋਨ ਵਿੱਚ ਮਸਤ ਹਨ। ਪੁਰਾਣੇ ਸਮੇਂ ਵਿੱਚ ਬੱਚੇ ਆਪਣੇ ਦਾਦੇ ਦਾਦੀਆਂ ਕੋਲ ਬੈਠ ਕੇ ਪੁਰਾਣੀਆਂ ਬਾਤਾਂ ਅਤੇ ਕਹਾਣੀਆਂ ਸੁਣਦੇ ਸਨ। ਜੋ ਕਿ ਅੱਜ ਕੱਲ ਵੇਖਣ ਵਿੱਚ ਨਹੀਂ ਆਉਂਦਾ ਕਿਉਂਕਿ ਬੱਚੇ ਆਪਣੇ ਵੱਡੇ ਵਡੇਰਿਆਂ ਕੋਲ ਬੈਠਣ ਦੀ ਜਗ੍ਹਾ ਤੇ ਮੋਬਾਇਲ ਫੋਨ ਵਿੱਚ ਜਿਆਦਾ ਸਮਾਂ ਬਤੀਤ ਕਰਦੇ ਹਨ। ਮੋਬਾਇਲ ਫੋਨ ਵਿੱਚ ਬਹੁਤ ਸਾਰੀਆਂ ਨੁਕਸਾਨਦਾਇਕ ਐਪ ਵੀ ਹਨ ਜੋ ਕਿ ਅੱਜ ਕੱਲ ਦੇ ਨੌਜਵਾਨ ਅਤੇ ਵਿਦਿਆਰਥੀ ਇਸ ਦੀ ਵਰਤੋਂ ਕਰਦੇ ਹਨ। ਆਨਲਾਈਨ ਗੇਮਾਂ  ਖੇਡਣ ਵਾਲੀਆਂ ਐਪ,ਜੂਆ ਖੇਡਣ ਵਾਲੀਆਂ ਐਪ ਦੀ ਵਰਤੋਂ ਨੌਜਵਾਨ ਪੀੜੀ ਜਿਆਦਾ ਕਰਦੀ ਹੈ ਉਹਨਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਇਹ ਸਭ ਕੁਝ ਬਹੁਤ ਵਧੀਆ ਲੱਗਦਾ ਹੈ। ਪਰੰਤੂ ਇਸ ਦਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ। ਅਸੀਂ ਕਈ ਵਾਰ ਖਬਰਾਂ ਵਿੱਚ ਪੜ੍ਦੇ ਹਾਂ ਕਿ ਕਿਸੇ ਗੇਮ ਦੇ ਖੇਡਣ ਨਾਲ ਜਾਂ  ਜੂਏ ਵਾਲੀਆਂ ਐਪ ਦੀ ਵਰਤੋਂ ਕਰਨ ਨਾਲ ਕਈ ਲੋਕ ਬਹੁਤ ਸਾਰੇ ਪੈਸੇ ਲੁਟਾ ਲੈਂਦੇ ਹਨ।  ਮੋਬਾਇਲ ਫੋਨ ਦੀ ਜਿਆਦਾ ਵਰਤੋਂ ਨਾਲ ਸਾਈਬਰ ਕਰਾਈਮ ਦੇ ਮਾਮਲੇ ਵੱਧ ਰਹੇ ਹਨ ਅਤੇ ਆਨਲਾਈਨ ਲੁੱਟ ਜਿਆਦਾ ਹੋ ਰਹੀ ਹੈ। ਮੋਬਾਇਲ ਫੋਨ ਦੇ ਦੁਆਰਾ ਹੀ ਕਈ ਲੋਕ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੁੰਦੇ ਹਨ।
 ਨਿਸ਼ਕਰਸ਼:- ਨੌਜਵਾਨ ਪੀੜੀ ਨੂੰ ਇਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਜਿੰਨਾ ਹੋ ਸਕੇ ਦੂਰ ਰੱਖਣ ਇਸ ਦੇ ਫਾਇਦੇ ਨੁਕਸਾਨ ਬਾਰੇ ਉਹਨਾਂ ਨੂੰ ਜਾਣੂ ਕਰਵਾਉਣ। ਅੱਜ ਦੇ ਸਮੇਂ ਵਿੱਚ ਜੇ ਵਿਦਿਆਰਥੀ ਵਰਗ ਚਾਹਵੇ ਤਾਂ ਉਹ ਇਸ ਦਾ ਸਹੀ ਪ੍ਰਯੋਗ ਕਰਕੇ ਸਮੇਂ ਦਾ ਹਾਣੀ ਬਣ ਸਕਦਾ ਹੈ। ਕਿਉਂਕਿ ਮੋਬਾਈਲ ਫੋਨ ਤੇ ਇੰਟਰਨੈਟ ਦੀ ਮਦਦ ਨਾਲ ਅਸੀਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ ਜੋ ਕਿ ਵਿਦਿਆਰਥੀ ਵਰਗ ਲਈ ਬਹੁਤ ਹੀ ਲਾਹੇਵੰਦ ਹੈ। ਮੋਬਾਇਲ ਫੋਨ ਵਿਗਿਆਨ ਦੀ ਇੱਕ ਬਹੁਤ ਵਧੀਆ ਕਾਢ ਹੈ ਜੇਕਰ ਇਸਦੀ ਸਹੀ ਵਰਤੋਂ ਕੀਤੀ ਜਾਵੇ ਪਰ ਇਸ ਦੀ ਗ਼ਲਤ ਜਾਂ ਵਧੇਰੇ ਵਰਤੋਂ ਕੀਤੀ ਜਾਵੇ ਤਾਂ ਇਹ ਨੁਕਸਾਨ ਦਾਇਕ ਵੀ ਸਾਬਿਤ ਹੋ ਸਕਦਾ ਹੈ। ਇਸ ਕਰਕੇ ਮੋਬਾਇਲ ਫੋਨ ਦੀ ਵਰਤੋਂ ਵਿੱਚ ਸੰਜੀਦਗੀ ਤੇ ਸੰਤੁਲਨ ਬਣਾਈ ਰੱਖਣਾ ਜਰੂਰੀ ਹੈ। ਸੋ ਲੋੜ ਹੈ, ਅੱਜ ਦੀ ਨੌਜਵਾਨ ਪੀੜੀ ਨੂੰ ਵਿਗਿਆਨ ਦੇ ਇਸ ਬਖਸ਼ੇ ਹੋਏ ਵਰਦਾਨ ਦੀ ਉਚਿੱਤ ਤੇ ਯੋਗ ਵਰਤੋਂ ਕਰਨ ਦੀ ਅਤੇ ਇਸ ਨੂੰ ਸਮਝਣ ਦੀ ਕਿ ਮੋਬਾਈਲ ਫੋਨ ਸਾਡੇ ਲਈ ਹੈ ਅਸੀਂ ਮੋਬਾਇਲ ਫੋਨ ਲਈ ਨਹੀਂ।
ਪਵਨ ਕੁਮਾਰ ਅੱਤਰੀ
ਕੰਪਿਊਟਰ ਫੈਕਲਟੀ  
ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਪਰਮਜੀਤਪੁਰ (ਕਪੂਰਥਲਾ)   
ਮੋ. ਨੰ. 8427791277
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2025
Next articleਸੱਚ ਦਾ ਪ੍ਰਚਾਰ, ਕਰ ਰਿਹਾ ਵਿਰੋਧੀਆਂ ‘ਤੇ ਤਿੱਖਾ ਵਾਰ – ਇਸ ਵਾਰ ਐਡਵੋਕੇਟ ਪਰਉਪਕਾਰ