ਮਿੰਨੀ ਕਹਾਣੀ / ਚਾਹ ਦੀ ਘੁੱਟ

 ਮਾਲਵਿੰਦਰ ਸ਼ਾਇਰ

(ਸਮਾਜ ਵੀਕਲੀ)-“ਸਰਦਾਰਾ ਆਹ ਮਣੀਪੁਰ ਔਰਤ ਨਗਨ ਪਰੇਡ ਆਲੀ  ਘਟਨਾ ਨੇ ਤਾਂ ਮੇਰਾ ਦਿਲ ਈ ਵਲੂੰਧਰ ਕੇ ਰੱਖ ਦਿੱਤੈ…ਸੁਣ ਕੇ ਮਨ ਬਹੁਤ ਦੁਖੀ ਹੋਇਆ।” ਹਰਨਾਮ ਸਿੰਘ ਨੂੰ ਉਸਦੇ ਸੀਰੀ ਬੀਰੀ ਨੇ ਖੇਤ ਵਿਖੇ ਦੁਪਹਿਰ ਦੀ ਚਾਹ ਪੀਂਦਿਆਂ ਕਿਹਾ।

“ਓ ਭਲਿਆ ਇਹ ਹੈ ਈ ਸੂਖ਼ਮ ਦਿਲ ‘ਤੇ ਚੋਟ ਮਾਰਨ ਵਾਲੀ ਘਟਨਾ …ਉਹ ਵੀ ਤਾਂ ਆਪਣੀਆਂ ਈ ਧੀਆਂ ਭੈਣਾਂ ਨੇ ਬੀਰਿਆ…ਜਦੋਂ ਦੇਸ਼ ਚਲਾਉਣ ਆਲੇ ਈ ਅੱਗ ਹੱਥਾਂ ਦੀਆਂ ਤਲੀਆਂ ‘ਤੇ ਚੁੱਕੀ ਫਿਰਦੇ ਆ…ਫਿਰ ਤਾਂ ਸਮਝ ਲੈ ਚੰਗਿਆੜੀ ਕਿਤੇ ਵੀ ਸੁਲਗ ਸਕਦੀ ਐ…ਏਧਰ ਵੀ ਓਧਰ ਵੀ…ਤੇਰੇ ਵੀ ਮੇਰੇ ਵੀ…।”
“ਫਿਰ ਤਾਂ ਸਾਡੇ ਗਰੀਬਾਂ ਦਾ ਰੱਬ ਈ ਰਾਖੈ ਸਰਦਾਰਾ…ਬਈ ਖੌਰੇ ਕਦੋਂ ਮਾਸੂਮ ਜਿੰਦਾ ‘ਤੇ ਆਦਮਖੋਰੇ ਸ਼ਿਕਰੇ ਝਪਟ ਪੈਣ…ਕਿਹੜਾ ਕੋਈ ਪੁੱਛ ਪੜਤਾਲ ਐ…ਬਾਅਦ ‘ਚ ਸਾਰੇ ਆਪੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਪੈਂਦੇ ਨੇ…ਜੀਹਦੇ ਨਾਲ਼ ਬੀਤਦੀ ਐ ਉਹੀ ਜਾਣਦੇ…ਕੋਰਟ ਕਚਹਿਰੀਆਂ ਦੇ ਗੇੜੇ ਕੱਢ-ਕੱਢ ਹੰਭ ਜਾਂਦੈ ਬੰਦਾ…ਕਿ ਨਹੀਂ ਜੀ।”
“ਯਾਰ ਅਕੇਰਾਂ ਇੱਕ ਘਟਨਾ ਹੋਈ ਕਿ ਔਰਤਾਂ ਨੂੰ ਦਰਿੰਦਿਆਂ ਦੀ ਭੀੜ ਨੇ ਉਨ੍ਹਾਂ ਦੇ ਕਪੜੇ ਲਾਹ ਕੇ ਘੁਮਾਇਆ… ਦਰਿੰਦਿਆਂ ਦੀ ਭੀੜ ਨੇ ਉਨ੍ਹਾਂ ਦੇ ਨੰਗੇ ਅੰਗਾਂ ਨਾਲ਼ ਛੇੜ-ਛਾੜ ਵੀ ਕੀਤੀ…ਸਮੇਂ ਦੇ ਹਾਕਮ ਨੇ ਉੱਕਾ ਹੀ ਹਾਅ ਦਾ ਨਾਅਰਾ ਨਾ ਮਾਰਿਆ…ਐਨਾ ਮਰੀ ਜ਼ਮੀਰ ਆਲਾ ਨਿਕਲਿਆ…ਨਾ ਹੀ ਉਸਦੇ ਚਮਚਿਆਂ ਨੇ…ਲੈ ਦੱਸ।”
“ਬਾਖਰੂ…ਬਾਖਰੂ।”
“ਬੀਰਿਆ…ਉਸ ਦੀ ਅਪਣੀ ਅਕਲ ‘ਤੇ ਸਤਾ ਦੇ ਨਸ਼ੇ ਦਾ ਐਨਾ ਭੂਤ ਸਵਾਰ ਕਿ ਫਿਰ ਵੀ ਵਿਦੇਸ਼ੀ ਦੌਰਿਆਂ ‘ਤੇ ਹੀ ਰਿਹਾ…ਤੇ ਆਪਣੀਆਂ ਚੋਣ ਰੈਲੀਆਂ ਵਿੱਚ ਵੀ ਰੁਝਿਆ ਰਿਹਾ..ਸਿਆਸੀ ਦਲ ਬਦਲੂਆਂ ਦੀ ਭੰਨਤੋੜ ਕਰਦਾ ਰਿਹਾ…।”
“ਇਹੋ ਜੇ ਨੂੰ ਲੀਡਰ ਕੀਹਨੇ ਬਣਾ ਤਾ…ਸਰਦਾਰਾ।”
“ਸੁਣ ਤਾਂ ਸਹੀ…’ਹਾਥੀ ਦੇ ਦੰਦ ਦਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ’…ਕਿਹਾ ਕਰੇ ਗਊ ਹਮਾਰੀ ਮਾਤਾ ਹੈ…ਨਾਰੀ ਹਮਾਰੀ ਜਨਮਦਾਤੀ ਹੈ…ਬੇਟੀ ਬਚਾਓ…ਬੇਟੀ ਪੜ੍ਹਾਓ… ਆਦਿ…ਆਦਿ…ਬੜੇ ਗਪੌੜ ਭਰੇ ਨਾਅਰੇ ਲਾਇਆ ਕਰੇ…ਉਸ ਦੇ ਰਾਜ ‘ਚ ਗਊਆਂ ਬੇਸਹਾਰਾ ਗਲੀਆਂ ‘ਚ ਫਿਰਦੀਅਂ ਸੀ ਤੇ ਔਰਤ ਵੀ ਉਸਦੇ ਰਾਜ ਵਿੱਚ ਸੁਰੱਖਿਅਤ ਨਹੀਂ ਸਨ…।”
“ਅੱਛਾ…।”
“ਅਸਲ ਵਿੱਚ ਬੀਰਿਆ…ਸਿਆਣੇ ਕਹਿੰਦੇ ਬਈ ਉਹ ਪਸ਼ੂ-ਬਿਰਤੀ ਦਾ ਮਾਲਕ ਹੀ ਸੀ…ਮਨੁੱਖੀ ਸੂਝ ਤਾਂ ਉਸ ‘ਚੋਂ ਮੰਨ ਲੈ ਬਈ ਮਨਫ਼ੀ ਹੀ ਸੀ…। “
“ਉਹ ਕਿਵੇਂ ਭਲਾ…?”
“ਕਿਉਂਕਿ ਉਹ ਗਊ ਮੂਤਰ…ਗਊ ਮਲ ਆਦਿ ਪ੍ਰਯੋਗ ਕਰਨ ਦਾ ਟੇਢੇ ਲੋਟ ਪ੍ਰਚਾਰ ਵੀ ਕਰਦਾ ਸੀ…ਉਸਦੀ ਜ਼ਿੰਦਗੀ ਵਿੱਚ ਅਸਲੀਅਤਾ ਤੋਂ ਵੱਧ ਕੇ ਨਾਟਕੀਅਤਾ ਅੰਸ਼ ਵੀ ਜ਼ਿਆਦਾ ਸਨ।”
“ਅੱਛਾ ਜੀ…।”
“ਤੂੰ ਇਉਂ ਦੱਸ ਜਿਹੜਾ ਰਾਜਾ ਆਪਣੇ ਰਾਜ  ‘ਚ ਜਨਤਾ ਤੋਂ ਥਾਲੀਆਂ ਖੜਕਵਾ ਕੇ ਜਾਂ ਮੋਮਬੱਤੀਆਂ ਜਗਵਾ ਕੇ…ਜੇ ਮੋਮਬੱਤੀਆਂ ਨਹੀਂ ਤਾਂ ਰਾਤ ਨੂੰ ਮਿੱਥੇ ਸਮੇਂ ‘ਤੇ ਟਾਰਚ ਜਾਂ ਮੋਬਾਈਲਾਂ ਦੀਆਂ ਲਾਈਟਾਂ ਜਗਾ ਕੇ… ਦੇਸ਼ ‘ਚੋ ਭਿਅੰਕਰ ਬਿਮਾਰੀ ਨੂੰ ਛੂ-ਮੰਤਰ ਕਰਨ ਦਾ ਅਖੌਤੀ ਅਡੰਬਰ ਰੱਖਦਾ ਹੋਵੇ…ਏਦੂੰ ਵੱਡੀ ਨਾਟਕੀਅਤਾ ਭਲਾ ਕੀ ਹੋਊ…?…ਨਾਲ਼ੇ ਐਂ ਦੱਸ… ਭਲਾ ਉਸ ਦੇਸ਼ ਦਾ ਭਵਿੱਖ ਕੀ ਹੋਊ ?”
“ਬਿਮਾਰੀ ਤਾਂ ਦਾਰੂ ਬੂਟੀ ਨਾਲ਼ ਈ ਹਟੂ…ਜਾਂ ਫਿਰ ਉਸ ਬਿਮਾਰੀ ਪ੍ਰਤੀ ਉਸਦਾ ਕੋਈ ਢੌਂਗ ਹੋਊ…ਇਹ ਤਾਂ ਮੇਰੇ ਅਰਗੇ ਅਨਪੜ੍ਹ ਨੂੰ ਵੀ ਪਤਾ…ਪਰ ਐਨਾ ਕੁ ਆ ਬਈ ਸਾਡੇ ਦਿਮਾਗ ‘ਚ ਥੋੜ੍ਹੀ ਦੇਰ ਨਾਲ਼ ਪੈਂਦੀ ਐ…।”
” ਬਿਲਕੁੱਲ ਬੀਰਿਆ… ਏਥੇ ਆ ਅਰਾਜਕਤਾ ਭਰੇ ਬਿਮਾਰ ਦੇਸ਼ ਨੂੰ ਦਾਰੂ ਬੂਟੀ ਦੀ ਲੋੜ ਐ…ਆਹ ਉਪਰ ਦੱਸੇ ਹਾਕਮਾਂ ਵਾਂਗ ਨਾਟਕ ਰਚਾਉਣ ਦੀ ਨਹੀਂ…ਚੰਗੇ ਕੰਮ ਕਰੋਗੇ ਤਾਂ ਲੋਕ ਤੁਹਾਡੇ ਨਾਲ਼ ਆਪੇ ਚੱਲਣਗੇ…ਉਨ੍ਹਾਂ ਦੀ ਭਾਈਚਾਰਿਕ ਸਾਂਝ ਵਿੱਚ ਸੰਨ੍ਹ ਲਾਉਣ ਦੀ ਲੋੜ ਹੀ ਨਹੀਂ…ਨਾਹੀਂ ਦੰਗੇ ਫਸਾਦਾਂ ਦੀ ਲੋੜ ਐ…।”
” ਚੱਲ ਛੱਡ ਸਰਦਾਰਾ…ਆਪਾਂ ਗੱਲ ‘ਤੇ ਆਈਏ…ਹੁਣ ਭਲਾ ਮਣੀਪੁਰ ਆਲੀ ਘਟਨਾ ਦਾ ਕੀ ਬਣੂੰ…?” ਬੀਰੀ ਨੇ ਗੱਲ ‘ਤੇ ਮੁੜਦਿਆਂ ਕਿਹਾ।
” ਲੈ ਸੁਣ ਟਕੇ ਦੀ…ਇਹ ਤਾਂ ਹੁਣ ਜ਼ੁੰਮੇਵਾਰ ਰਹਿਬਰਾਂ ਦੀਆਂ ਅੱਖਾਂ ਹੀ ਦੱਸ ਸਕਦੀਆਂ ਨੇ ਬਈ ਮਗਰਮੱਛ ਦੇ ਹੰਝੂ  ਡੇਗੇ ਜਾਂਦੇ ਆ ਜਾਂ ਫਿਰ…ਫਿਲਹਾਲ਼ ਤਾਂ ਜਵਾਬ ਨਿਸ਼ਬਦ ਐ।”
ਹਰਨਾਮ ਸਿਹੁੰ ਦੀ ਐਨੀ ਗੱਲ ਸੁਣ ਕੇ ਬੀਰੀ ਦੇ ਚਾਹ ਦੀ ਘੁੱਟ ਬਾਹਰ ਨੂੰ ਆ ਰਹੀ ਸੀ ਅਤੇ ਉਹ ਆਪਦੀਆਂ ਜੁਆਨ ਹੋ ਰਹੀਆਂ ਧੀਆਂ ਦੇ ਭਵਿੱਖ ਲਈ ਸੋਚਾਂ ਵਿੱਚ ਡੁੱਬ ਗਿਆ।
 ਮਾਲਵਿੰਦਰ ਸ਼ਾਇਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਝੰਡਾ/ਕਾਵਿ ਵਿਅੰਗ
Next articleਮਿੰਨੀ ਕਹਾਣੀ – ਹੜ ਦੀ ਮਾਰ ਬੁਰੀ