ਮਿੰਨੀ ਕਹਾਣੀ/ਪਹਿਚਾਣ-ਪੱਤਰ (ਆਈਡੀ-ਪ੍ਰੂਫ)

ਜੇ.ਐੱਸ.ਮਹਿਰਾ,

(ਸਮਾਜ ਵੀਕਲੀ)

ਪਿਛਲੇ ਕਈ ਸਾਲਾਂ ਤੋਂ ਜੱਗੀ ਦਾ ਇੱਕ ਦੋਸਤ ਇੱਕ ਝੂਠੇ ਮੁਕਦਮੇ ਦਾ ਸ਼ਿਕਾਰ ਹੋ ਜਾਣ ਕਾਰਨ ਸ਼ਿਮਲਾ (ਹਿਮਾਚਲ ਪ੍ਰਦੇਸ਼)ਦੀ ਇੱਕ ਜੇਲ ਵਿੱਚ ਬੰਦ ਸੀ। ਉਸ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ ਜੋ ਉਸਨੂੰ ਪੈਰੋਲ ਜਾ ਜ਼ਮਾਨਤ ਤੇ ਛੁਡਵਾ ਲਵੇ। ਇਸ ਲਈ ਉਹ ਜੱਗੀ ਦੀਆਂ ਜੇਲ ਵਿੱਚੋਂ ਫੋਨ ਕਰਕੇ ਖ਼ੁਦ ਨੂੰ ਪੈਰੋਲ ਤੇ ਛੁਡਵਾਉਣ ਲਈ ਤਰਲੇ ਮਿਨਤਾਂ ਕਰਦਾ ਰਹਿੰਦਾ।
ਪਰ ਜੱਗੀ ਮਜਬੂਰ ਸੀ ਉਸ ਕੋਲ ਆਪਣੀ ਕੋਈ ਪ੍ਰਾਪਰਟੀ ਨਹੀਂ ਸੀ ਜਿਸ ਦੀ ਉਹ ਫਰਦ ਲਗਾ ਕੇ ਉਸ ਨੂੰ ਜੇਲ ਵਿੱਚੋਂ ਪੈਰੋਲ ਤੇ ਛੁਡਵਾ ਕੇ ਲੈ ਆਵੇ। ਉਸ ਕੋਲ ਤਾਂ ਬਸ ਇੱਕ ਛੋਟਾ ਜਿਹਾ ਮਕਾਨ ਹੀ ਸੀ ਜਿਸ ਵਿੱਚ ਉਹ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਤੇ ਜੋ ਅਜੇ ਉਸ ਦੇ ਬਾਪੂ ਦੇ ਨਾਮ ਤੇ ਸੀ।ਕੋਈ ਹੋਰ ਤੀਜਾ ਬੰਦਾ ਇਹ ਸਿਰ-ਦਰਦੀ ਮੁੱਲ ਲੈਣ ਲਈ ਤਿਆਰ ਨਹੀਂ ਸੀ।ਪਰ ਜੱਗੀ ਫਿਰ ਵੀ ਆਪਣੇ ਗਰੀਬ,ਲਾਚਾਰ ਤੇ ਮਜਬੂਰ ਦੋਸਤ ਦੀ ਮਦਦ ਕਰਨੀ ਚਾਹੁੰਦਾ ਸੀ। ਉਸ ਦਾ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ। ਇੱਕ ਦਿਨ ਉਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਪੁੱਛੇ ਬਗੈਰ ਹੀ ਫਰਦ ਕੇਂਦਰ ਵਿੱਚੋਂ ਆਪਣੇ ਮਕਾਨ ਦੀ ਫਰਦ ਕਢਵਾ ਲਈ।ਉਸਨੇ ਸੋਚਿਆ ਕਿ ਨਾਲੇ ਤਾਂ ਉਹ ਆਪਣੀ ਪਤਨੀ ਨੂੰ ਸ਼ਿਮਲਾ ਘੁਮਾ ਲੈ ਆਵੇਗਾ ਤੇ ਨਾਲੇ ਪੈਰੋਲ ਲਈ ਅਪਲਾਈ ਕਰ ਆਵੇਗਾ।ਇਸ ਲਈ ਉਹ ਆਪਣੀ ਪਤਨੀ ਨੂੰ ਲੈ ਸ਼ਿਮਲੇ ਵੱਲ ਰਵਾਨਾ ਹੋ ਗਿਆ।ਜਿਵੇਂ ਹੀ ਉਹ ਦੋਵੇਂ ਸੋਲਨ ਪਹੁੰਚੇ ਤਾਂ ਜੱਗੀ ਨੇ ਕੁਝ ਪੁਲਿਸ ਵਾਲਿਆਂ ਨੂੰ ਸੜਕ ਤੇ ਖੜੇ ਦੇਖਿਆ ਤੇ ਉਹਨਾਂ ਨੂੰ ਦੇਖ ਕੇ ਉਹ ਮੋਟਰਸਾਈਕਲ ਨੂੰ ਜਾਣ ਬੁੱਝ ਕੇ ਸ਼ਰਾਬੀਆਂ ਵਾਂਗ ਚਲਾਉਣ ਲੱਗ ਪਿਆ ਇਹ ਦੇਖ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਤੇ ਲਾਈਸੈਂਸ ਤੇ ਮੋਟਰਸਾਈਕਲ ਦੇ ਕਾਗਜ਼ਾਂ ਦੀ ਮੰਗ ਕੀਤੀ। ਉਸ ਨੇ ਮੋਟਰਸਾਈਕਲ ਦੇ ਸਾਰੇ ਕਾਗਜ਼ ਪੁਲਿਸ ਨੂੰ ਦਿਖਾ ਦਿੱਤੇ ਪਰ ਲਾਈਸੈਂਸ ਜੇਬ ਵਿੱਚ ਹੁੰਦੇ ਹੋਏ ਵੀ ਘਰ ਭੁੱਲ ਆਉਣ ਦਾ ਡਰਾਮਾ ਕੀਤਾ ਜਿਸ ਕਾਰਨ ਪੁਲਿਸ ਨੇ ਚਲਾਨ ਕਰ ਦਿੱਤਾ।ਉਸ ਨੇ ਵਾਰ-ਵਾਰ ਨਾ ਆਉਣ ਜਾਣ ਦੇ ਚੱਕਰ ਤੋਂ ਬਚਣ ਲਈ ਚਲਾਨ ਮੌਕੇ ਉੱਤੇ ਹੀ ਭਰ ਦਿੱਤਾ ਜਿਸ ਦੀ ਰਸੀਦ ਪੁਲਿਸ ਦੁਆਰਾ ਉਸਦੇ ਰਜਿਸਟਰਡ ਫੋਨ ਨੰਬਰ ਤੇ ਮੈਸਿਜ ਰਾਹੀਂ ਭੇਜ ਦਿੱਤੀ ਗਈ।ਉਸ ਨੇ ਪੁਲਿਸ ਦਾ ਧੰਨਵਾਦ ਕੀਤਾ ਤੇ ਅੱਗੇ ਚੱਲ ਪਿਆ। ਰਸਤੇ ਵਿੱਚ ਉਸਦੀ ਪਤਨੀ ਨੇ ਉਸ ਨੂੰ ਪੁੱਛਿਆ “ਤੁਸੀਂ ਪੁਲਿਸ ਨੂੰ ਦੇਖ ਕੇ ਜਾਣ ਬੁੱਝ ਕੇ ਮੋਟਰਸਾਈਕਲ ਗਲਤ ਤਰੀਕੇ ਨਾਲ ਕਿਉਂ ਚਲਾਉਣ ਲੱਗ ਪਏ ਸੀ ਤੇ ਤੁਹਾਡੀ ਜੇਬ ਵਿੱਚ ਲਾਇਸੈਂਸ ਹੁੰਦੇ ਹੋਏ ਵੀ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦਿਖਾਇਆ”? ਤਾਂ ਉਸਨੇ ਕਿਹਾ ਕਿ ਇਹ ਤੈਨੂੰ ਖੁਦ ਸ਼ਾਮ ਤੱਕ ਪਤਾ ਚੱਲ ਜਾਵੇਗਾ।
ਸ਼ਿਮਲੇ ਡੀਸੀ ਦਫਤਰ ਵਿੱਚ ਪਹੁੰਚ ਕੇ ਉਸਨੇ ਟਾਈਪਿਸਟ ਕੋਲ ਜਾ ਕੇ ਪੈਰੋਲ ਲਈ ਦਰਖਾਸਤ ਟਾਈਪ ਕਰਵਾ ਲਈ। ਫਿਰ ਉਹ ਫਰਦ ਤੇ ਟਾਈਪ ਕੀਤੀ ਹੋਈ ਦਰਖਾਸਤ ਲੈ ਕੇ ਕਲਰਕ ਕੋਲ ਜਾ ਪਹੁੰਚਿਆ। ਕਲਰਕ ਨੇ ਕਾਗਜ਼ ਪੱਤਰ ਚੈੱਕ ਕੀਤੇ ਤੇ ਹਸਤਾਖਰ ਕਰਨ ਲਈ ਕਿਹਾ। ਹੁਣ ਫਰਦ ਪਿਤਾ ਦੇ ਨਾਮ ਤੇ ਸੀ ਇਸ ਲਈ ਉਸਨੇ ਬੜੀ ਚਲਾਕੀ ਨਾਲ ਆਪਣੇ ਪਿਤਾ ਦੇ ਹਸਤਾਖਰ ਖੁਦ ਹੀ ਕਰ ਦਿੱਤੇ।ਜਦੋਂ ਕਲਰਕ ਵੱਲੋਂ ਆਈਡੀ ਪ੍ਰੂਫ ਦੀ ਮੰਗ ਕੀਤੀ ਗਈ ਤਾਂ ਉਸਨੇ ਇਹ ਦੱਸਿਆ ਕਿ ਉਹ ਆਈਡੀ ਪ੍ਰੂਫ ਤਾਂ ਘਰ ਹੀ ਭੁੱਲ ਆਇਆ ਹੈ।ਇਸ ਗੱਲ ਤੇ ਕਲਰਕ ਨੂੰ ਉਸ ਤੇ ਸ਼ੱਕ ਹੋਇਆ ਤੇ ਉਹ ਕਾਗਜ਼ ਲੈ ਉਸ ਨੂੰ ਏ.ਡੀ.ਸੀ. ਸਾਹਿਬ ਕੋਲ ਲੈ ਗਿਆ ਤੇ ਇਹ ਸਾਰੀ ਗੱਲ ਬਾਤ ਦੱਸੀ।
ਏ.ਡੀ.ਸੀ. ਸਾਹਿਬ ਨੇ ਆਪਣੇ ਤਰੀਕੇ ਨਾਲ ਪੜਤਾਲ ਕਰਦੇ ਹੋਏ ਪੁੱਛਿਆ “ਕਿਆ ਨਾਮ ਹੈ ਤੁਮਹਾਰਾ”?
“ਸਰ ਸੰਤੋਖ ਸਿੰਘ(ਆਪਣੇ ਪਿਤਾ ਦਾ ਨਾਮ)”ਉਸ ਨੇ ਜਵਾਬ ਦਿੰਦਿਆਂ ਕਿਹਾ।
ਏ.ਡੀ.ਸੀ.:-“ਆਪਣਾ ਆਈਡੀ ਪ੍ਰੂਫ ਦਿਖਾਓ”?
ਜੱਗੀ:-“ਸਰ ਵੋ ਤੋ ਮੈਂ ਘਰ ਪੇ ਭੂਲ ਆਇਆ”
ਏ.ਡੀ.ਸੀ.:-“ਘਰ ਸੇ ਕਿਸੀ ਸੇ ਵਟਸਐਪ ਪਰ ਫੋਟੋ ਮੰਗਵਾ ਲਓ”
ਜੱਗੀ:-“ਸਰ ਘਰ ਪਰ ਮੇਰੇ ਮਾਂ ਬਾਪ ਹੈ ਵਹ ਪੜੇ ਲਿਖੇ ਨਹੀਂ ਹੈ ਔਰ ਉਨਕੇ ਪਾਸ ਮੋਬਾਇਲ ਵੀ ਨਹੀਂ ਹੈ, ਔਰ ਮੇਰੀ ਪਤਨੀ ਜੋ ਹੈ ਵਹ ਮੇਰੇ ਸਾਥ ਹੀ ਆਈ ਹੈ”
ਏ.ਡੀ.ਸੀ.:- “ਆਪਨੀ ਪਤਨੀ ਕੋ ਬੁਲਾਓ”
ਜੱਗੀ:-ਪਤਨੀ ਨੂੰ ਬੁਲਾਉਂਦਾ ਹੈ (ਪਤਨੀ ਹਾਜ਼ਰ)
ਏ.ਡੀ.ਸੀ.:- “ਹਮ ਕੈਸੇ ਮਾਨ ਲੇ ਕਿ ਤੁਮ ਡਾਕੂਮੈਂਟ ਘਰ ਪੇ ਭੂਲ ਆਏ ਹੋ”? “ਇਸਕਾ ਕੋਈ ਸਬੂਤ”?
ਜੱਗੀ:-“ਸਰ ਆਜ ਹੀ ਡਾਕੂਮੈਂਟ ਪਾਸ ਨਾ ਹੋਨੇ ਕੀ ਵਜਹ ਸੇ ਸਟੇਟ ਪੁਲਿਸ ਨੇ ਹਮਾਰਾ ਚਲਾਨ ਕੀਆ ਹੈ,ਯਹ ਦੇਖੀਏ ਮੇਰੇ ਮੋਬਾਈਲ ਮੇ ਇਸਕੀ ਰਸੀਦ ਭੀ ਹੈ”(ਬਿਨਾਂ ਕਿਸੇ ਡਰ-ਭੈ ਤੋਂ ਭਾਵ ਵਾਲੀ ਫੀਲਿੰਗ ਚਿਹਰੇ ਉੱਤੇ ਲੈਂਦਾ ਹੋਇਆ ਹਾਜ਼ਰ ਜਵਾਬ ਦਿੰਦੇ ਹੋਏ)
ਏ.ਡੀ.ਸੀ. ਸਾਹਿਬ ਰਸੀਦ ਦੇਖਦੇ ਨੇ, ਤੇ ਦਰਖਾਸਤ ਤੇ ਲਿਖ ਦਿੰਦੇ ਨੇ ਕਿ ਸਟੇਟ ਪੁਲਿਸ ਤੇ ਏਡੀਸੀ ਦੁਆਰਾ ਵੈਰੀਫਿਕੇਸ਼ਨ ਹੋ ਚੁੱਕੀ ਹੈ,ਜਮਾਨਤੀ ਸਾਹਮਣੇ ਮੌਜੂਦ ਹੈ, ਕਿਸੇ ਆਈਡੀ ਪ੍ਰੂਫ ਦੀ ਕੋਈ ਲੋੜ ਨਹੀਂ।
ਜੱਗੀ ਆਪਣੀ ਘਰਵਾਲੀ ਵੱਲ ਦੇਖਦਾ ਹੋਇਆ ਸਟਾਈਲ ਮਾਰ ਆਪਣਾ ਚਸ਼ਮਾ ਅੱਖਾਂ ਤੇ ਲਗਾਉਂਦਾ ਹੈ ਤੇ ਡੀਸੀ ਆਫ਼ਿਸ ਵਿੱਚੋਂ ਨਿਕਲ ਰਿੱਜ਼ ਵੱਲ ਚੱਲ ਪੈਂਦਾ ਹੈ। ਉਸ ਦੀ ਪਤਨੀ ਉਸ ਦੀ ਬਾਂਹ ਵਿੱਚ ਬਾਂਹ ਪਾਉਂਦੇ, ਮੁਸਕਰਾਉਂਦੇ ਤੇ ਉਸ ਵੱਲ ਦੇਖਦੇ ਹੋਏ ਸਟਾਈਲ ਮਾਰਦੀ ਹੋਈ ਕਹਿੰਦੀ ਹੈ “ਓਹ!ਹੁਣ ਪਤਾ ਚੱਲਿਆ”।
ਜੇ.ਐੱਸ.ਮਹਿਰਾ
ਮੋਬਾਈਲ ਨੰਬਰ 9592430420

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਹਉਮੈਂ ਦੀ ਸਹੇੜੀ ਆਫ਼ਤ! 
Next articleਵਿਸ਼ਵ ਜੋਤੀ