ਹਉਮੈਂ ਦੀ ਸਹੇੜੀ ਆਫ਼ਤ! 

ਜਸਪਾਲ ਜੱਸੀ

(ਸਮਾਜ ਵੀਕਲੀ)

ਦੁਨੀਆਂ ‘ਤੇ ਮੱਚੀ ਉਥਲ ਪੁਥਲ ਸੰਵੇਦਨਸ਼ੀਲ ਬੰਦਿਆਂ ਦੇ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕੁਰਸੀਆਂ ‘ਤੇ ਬੈਠੇ ਲੀਡਰਾਂ ਦੇ ਹਊਮੈਂ ਨੇ ਸਾਰੀ ਲੋਕਾਈ ਨੂੰ ਵਕਤ ਪਾ ਰੱਖਿਆ ਹੈ। ਰੂਸ, ਯੂਕਰੇਨ ਜੰਗ ਦਾ ਦਾਇਰਾ ਮੋਕਲਾ ਹੁੰਦਾ ਹੋਇਆ ਖਾੜੀ ਦੇਸ਼ਾਂ ਤੱਕ ਪਹੁੰਚ ਗਿਆ ਹੈ। ‌ ਰਹਿੰਦੀ ਖੂੰਹਦੀ ਕਸਰ ਇਜ਼ਰਾਈਲ,ਹਮਾਸ ਨਾਲ ਜੰਗ ਨੇ ਕੱਢ ਦਿੱਤੀ ਹੈ। ਹਥਿਆਰਾਂ ਦੇ ਵਪਾਰੀਆਂ ਨੂੰ ਇਹ ਜੰਗ ਸਭ ਤੋਂ ਸਟੀਕ ਬੈਠਦੀ ਹੈ। ਵਿਉਪਾਰ ਦੇ ਨਾਲ ਹਉਮੈਂ ਨੂੰ ਪੱਠੇ ਪਾਣੇ ਇਹਨਾਂ ਮੁਲਕਾਂ ਦੇ ਹਿੱਸੇ ਆਇਆ ਹੈ। ਖਲਕਤ ਧੜਿਆਂ ਵਿਚ ਨਹੀਂ ਵੰਡੀ ਜਾਂਦੀ ਤੇ ਨਾ ਹੀ ਮੁਲਕ ਵੰਡੇ ਜਾਂਦੇ ਹਨ। ਇਹਨਾਂ ਮੁਲਕਾਂ ਦੀਆਂ ਕੁਰਸੀਆਂ ‘ਤੇ ਬਿਰਾਜਮਾਨ ਲੀਡਰ ਆਪਣੇ ਧੜੇ ਬਣਾ ਲੈਂਦੇ ਹਨ। ਚੀਨ,ਰੂਸ ਇਰਾਨ ਤੇ ਉਤਰੀ ਕੋਰੀਆ ਅਤੇ ਰੂਸ ਦੇ ਨਾਲ ਛੋਟੇ ਛੋਟੇ ਚੇਲੇ ਚਪਟੇ ਮੁਲਕ ਆ ਗਏ ਹਨ।
ਦੁਨੀਆਂ ਦਾ ਦਾਦਾ ਅਮਰੀਕਾ ਯੂਰਪੀ ਯੂਨੀਅਨ ਨੂੰ ਉਂਗਲ ਲਾ ਕੇ ਤੇ ‌ਹਥਿਆਰ ਦੇ ਕੇ ਤਮਾਸ਼ਾ ਦੇਖ ਰਿਹਾ ਹੈ। ਉੱਤੋਂ ਉੱਤੋਂ ਫ਼ਲਸਤੀਨ ਨੂੰ ਅਲੱਗ ਮੁਲਕ ਦਾ ਦਰਜਾ ਦੇਣ ਲਈ ਹਲਕਾ ਜਿਹਾ ਨਾਹਰਾ ਵੀ ਮਾਰਦਾ ਹੈ ਤੇ ਇਜ਼ਰਾਇਲ ਨੂੰ ਉਂਗਲ ਲਾ ਕੇ ਮਨੁੱਖਤਾ ਦਾ ਘਾਣ ਵੀ ਕਰਵਾ ਰਿਹਾ ਹੈ। ‌
ਚੀਨ ਦੀ ਆਪਣੇ ਗਵਾਂਢੀਆਂ ਨੂੰ ਨੱਪਣ ਦੀ ਨੀਤੀ ਵਿਚ ਹਲਕਾਅ ਪਹਿਲਾਂ ਨਾਲੋਂ ਵੀ ਵਧ ਗਿਆ ਹੈ।
ਅੱਜ ਕੱਲ੍ਹ ਉਸ ਦੀ ਅੱਖ਼ ਤਾਇਵਾਨ ਅਤੇ ਫੀਨੇ ਨੱਕ ਵਾਲੇ ਬੰਦਿਆਂ ਦੇ ਮੁਲਕਾਂ ‘ਤੇ ਲੱਗੀ ਹੋਈ ਹੈ। ਚੀਨ ਦੀ ਦੂਜੇ ਮੁਲਕਾਂ ਦੀ ਜ਼ਮੀਨ ਹੀ ਨਹੀਂ ਮੁਲਕ ਦੱਬਣ ਦੀ ਨੀਤੀ ਉਸ ਦੀ ਰਾਜਨੀਤੀ ਦਾ ਹਿੱਸਾ ਹੈ।
ਹੁਣ ਇੱਕ ਨਵਾਂ ਝਗੜਾ ਮੀਆਂਮਾਰ ( ਬਰਮਾ) ਦਾ ਆ ਗਿਆ ਹੈ। ਉਥੋਂ ਦੀ ਫ਼ੌਜੀ ਹਕੂਮਤ ਨੇ ਲੋਕਤੰਤਰ ਦਾ ਘਾਣ ਕਰ ਕੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਆਖ਼ਰ ਉੱਥੋਂ ਦੇ ਫ਼ੌਜੀ ਆਪਣੇ ਦੇਸ਼ ‘ਚੋਂ ਬਗ਼ਾਵਤ ਕਰ ਕੇ ਬੰਗਲਾਦੇਸ਼ ਅਤੇ ਹਿੰਦੁਸਤਾਨ‌ ਦੇ ਲਗਦੇ ਇਲਾਕਿਆਂ ਵਿਚ ਪਨਾਹ/ ਸ਼ਰਨ ਲੈ ਰਹੇ ਹਨ।
ਮਨੁੱਖਤਾ ਮੌਤ ਦੇ ਮੁਹਾਨੇ ‘ਤੇ ਖੜ੍ਹੀ ਹੈ। ਹਰ ਰੋਜ਼ ਮੁਲਕਾਂ ਦੇ,ਨਵੇਂ ਨਵੇਂ ਗੁੱਟ ਬਣਦੇ ਨਜ਼ਰ ਆ ਰਹੇ ਹਨ। ਹਿੰਦੋਸਤਾਨ ਵਰਗਾ ਮੁਲਕ ਦੇਖਣ ਨੂੰ ਤਾਂ ਕਿਸੇ ਪਾਸੇ ਨਹੀਂ ਲਗਦਾ ਤੇ ਗੁੱਟ ਨਿਰਲੇਪ ਕਹਾਉਂਦਾ ਹੈ। ਪਰ ਅੰਦਰ ਖ਼ਾਤੇ ਉਹ ਅਮਰੀਕਾ ਦੀਆਂ ਵਧੀਕੀਆਂ ਨੂੰ ਕਦੇ ਵੀ ਨਹੀਂ ਭੁੱਲਿਆ ਤੇ ਜਦੋਂ ਦਾਅ ਲਗਦਾ ਹੈ ਅਸਿੱਧੇ ਰੂਪ ਵਿਚ ਰੂਸ ਦਾ ਪੱਖ ਪੂਰ ਹੀ ਜਾਂਦਾ ਹੈ। ਪੂਰੇ ਵੀ ਕਿਉਂ ਨਾ, ਹਰ ਬਿਪਤਾ ਵੇਲੇ ਨਾਲ ਖੜ੍ਹਦਾ ਰਿਹਾ ਹੈ।
ਹਥਿਆਰਾਂ ਦੀ ਖ਼ਰੀਦਦਾਰੀ ਦੀ ਦੌੜ ਵਿਚ ਹਿੰਦੁਸਤਾਨ ਦਾ ਨਾਂ ਦੁਨੀਆਂ ਦੇ ਮੂਹਰਲੇ ਮੁਲਕਾਂ ਵਿਚ ਆਉਂਦਾ ਹੈ। ਭਾਵੇਂ ਹਿੰਦੋਸਤਾਨ ਨੇ ਆਪਣੇ ਮੁਲਕ ਵਿਚ ਅਤੀ ਆਧੁਨਿਕ ਹਥਿਆਰ ਬਣਾ ਕੇ ਇਸ ਮੰਡੀ ਵਿਚ ਪ੍ਰਵੇਸ਼ ਕੀਤਾ ਹੈ।
ਹਥਿਆਰਾਂ ਵਿਚ ਆਤਮ ਨਿਰਭਰ ਬਣਾਉਣ ਲਈ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ।
ਆਖ਼ਰ ਇਹ ਹਥਿਆਰ ਕਿੱਥੇ ਕੰਮ ਆਉਣਗੇ ?
ਅਸਲ ਵਿਚ ਅਮਰੀਕਾ, ਰੂਸ, ਪਾਕਿਸਤਾਨ ਤੇ ਹਿੰਦੁਸਤਾਨ ਵਿਚ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ।
ਆਪਣੇ ਦੇਸ਼ ਅਤੇ ਦੂਜੇ ਦੇਸ਼ ਦੇ ਲੋਕਾਂ ਨੂੰ ਦਿਖਾਉਣ ਲਈ ਕਿ,* ਮੈਂ ਨਹੀਂ ਝੁਕਿਆ,ਡੱਟ ਕੇ ਮੁਕਾਬਲਾ ਕੀਤਾ* ਦਾ ਨਜ਼ਰੀਆ ਇਸ ਤ੍ਰਾਸਦੀ ਲਈ ਜ਼ਿੰਮੇਵਾਰ ਹੋਣ ਵਾਲਾ ਹੈ।
ਦੁਨੀਆਂ ਤੀਜੀ ਸੰਸਾਰ ਜੰਗ ਦੇ ਮੁਹਾਣੇ ‘ਤੇ ਖੜ੍ਹੀ ਹੈ। ਕੁਦਰਤ ਖ਼ੈਰ ਕਰੇ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਮਹਿੰਦਰ ਸਿੰਘ ਕੇ. ਪੀ 9 ਫਰਵਰੀ ਨੂੰ ਕਰਨਗੇ ਰੀਲੀਜ਼
Next articleਮਿੰਨੀ ਕਹਾਣੀ/ਪਹਿਚਾਣ-ਪੱਤਰ (ਆਈਡੀ-ਪ੍ਰੂਫ)