ਮਿੰਨੀ ਕਹਾਣੀ/ ਕਰਜ਼ਾ

ਰਣਜੀਤ ਸਿੰਘ ਨੂਰਪੁਰਾ

(ਸਮਾਜ ਵੀਕਲੀ)-ਮੈਂ ਸਵੇਰੇ-ਸਵੇਰੇ ਬੱਸ ਅੱਡੇ ‘ਤੇ ਖੜ੍ਹੇ ਪਿੰਡ ਦੇ ਵਿਅਕਤੀਆਂ ਕੋਲ ਜਾ ਕੇ ਰੁਕਿਆ ਹੀ ਸੀ ਕਿ ਤਾਏ ਬਲੌਰ ਨੇ ਬਹੁਤ ਮੰਦਭਾਗੀ ਖ਼ਬਰ ਮੇਰੇ ਕੰਨਾਂ ਵਿੱਚ ਪਾ ਦਿੱਤੀ।

       ” ਬਲਵੀਰ ਸਿਓਂ ਨੇ ਰਾਤ ਖੁਦਕੁਸ਼ੀ ਕਰ ਲਈ।”
        ” ਕਿਉਂ, ਉਹਨੂੰ ਕੀ ਗੱਲ ਹੋ ‘ਗੀ ਸੀ —-ਕੱਲ੍ਹ ਚੰਗਾ-ਭਲਾ ਤਾਂ ਸੀ ?” ਹੈਰਾਨਗੀ ਕਾਰਨ ਮੇਰਾ ਸਰੀਰ ਢਿੱਲਾ ਪੈ ਗਿਆ।
        ” ਕੱਲ੍ਹ ਬੈਂਕ ਆਲ਼ੇ ਆਏ ਸੀ ਯਾਰ ਏਦ੍ਹੇ ਘਰੇ, ਏਨ੍ਹੇ ਵੱਡੀ ਕੁੜੀ ਦੇ ਵਿਆਹ ਵੇਲੇ ਆਪਣੀ ਜ਼ਮੀਨ ਬੈਂਕ ‘ਚ ਗਿਰਵੀ ਧਰ ਕਰਜ਼ਾ ਲਿਆ ਸੀ। ਉਦੋਂ ਖ਼ਰਚਾ ਕਰ ਬੈਠਿਆ ਸੀ ਨਜਾਇਜ਼। ਬੱਸ ਉਹ ਕਰਜ਼ਾ ਏਸ ਤੋਂ ਲਿਹਾ ਈ ਨੀਂ ਸਗੋਂ ਵਿਆਜ਼ ਪੈ ਕੇ ਹੁਣ ਡੇਢਾ ਬਣਿਆ ਪਿਆ —-ਕੱਲ੍ਹ ਬੈਂਕ ਆਲ਼ੇ ਕਾਫ਼ੀ ਲਾਹ-ਪਾਹ ਕਰਕੇ ਗਏ ਆ—-ਬੱਸ ਸ਼ਰਮ ਮੰਨ ਗਿਆ।” ਹਰਨਾਮੇ ਕੇ ਭਿੰਦੇ ਨੇ ਨੇੜ੍ਹੇ ਹੋ ਸਾਰੀ ਗੱਲ ਸਮਝਾ ਦਿੱਤੀ।
         ” ਮਾੜੀ ਗੱਲ ਹੋ ‘ਗੀ ਯਾਰ —ਹਾਲੇ ਤਾਂ ਦੋਵੇਂ ਮੁੰਡੇ ਵਿਆਹੁਣ ਆਲ਼ੇ ਨੇ —–ਬਾਕੀ ਏਸ ਗੱਲ ਦਾ ਪਤਾ ਤਾਂ ਮੈਨੂੰ ਵੀ ਲੱਗਿਆ ਸੀ ਕਿ ਏਹ ਕਰਜ਼ਾ ਮੋੜਨ ਦਾ ਮਾਰਾ ਇੱਕ ਜਥੇਬੰਦੀ ‘ਚ ਰਲ਼ ਗਿਆ ਏ ਤੇ ਉਸ ਦੇ ਧਰਨੇ ਮੁਜ਼ਾਹਰਿਆਂ ‘ਚ ਵੀ ਸ਼ਮੂਲੀਅਤ ਕਰਨ ਲੱਗ ਪਿਆ ਏ। ਲੋਕਾਂ ਨੂੰ ਏਹ ਆਖਦੈ ਕਿ ਜਥੇਬੰਦੀ ਆਲ਼ੇ ਕਰਜ਼ੇ ‘ਤੇ ਲੀਕ ਮਰਵਾ ਦੇਣਗੇ। ਮੈਨੂੰ ਤਾਂ ਏਹ ਗੱਲ ਉਦੋਂ ਈ ਹਾਸੋਹੀਣੀ ਲੱਗੀ ਸੀ ਕਿ ਜਥੇਬੰਦੀਆਂ ਬਣਨ ਦਾ ਅਜਿਹੇ ਲੋਕਾਂ ਨੂੰ ਬਹੁਤ ਫਾਇਦਾ ਹੋ ਗਿਆ ਹੈ । ਲੋੜ ਵੇਲੇ ਹੱਥ ‘ਤੇ ਹੱਥ ਮਾਰ ਪੈਸੇ ਲੈ ਤਾਂ ਜਾਂਦੇ ਨੇ ਪਰ  ਮੋੜਨ ਵੇਲੇ ਜਥੇਬੰਦੀ ਦੇ ਕਿਸੇ ਆਗੂ ਨੂੰ ਮੂਹਰੇ ਕਰ ਦਿੰਦੇ ਨੇ । ਹੁਣ ਲੈਣ ਆਲ਼ੇ ਨੇ ਤਾਂ ਆਪਣੇ ਪੈਸੇ ਲੈਣੇ ਈ ਆ ਭਾਈ। ਬਹੁਤ ਗ਼ਲਤ ਗੱਲ ਚੱਲ ਪਈ ਏ ।” ਮੈਂ ਆਪਣੀ ਜਾਣਕਾਰੀ ਸਾਂਝੀ ਕੀਤੀ।
      ਜਦ ਨੂੰ ਤਾਇਆ ਵਿੱਚੋਂ ਹੀ ਬੋਲ ਪਿਆ, ” ਉਏ ਮੁੰਡਿਓ , ਏਹ ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਨਤੀਜਾ। ਚਾਦਰ ਵੇਖ ਪੈਰ ਪਸਾਰਨ ਆਲ਼ਾ ਕਦੇ ਮਾਰ ਨੀਂ ਖਾਂਦਾ। ਕੁੜੀ ਦੇ ਵਿਆਹ ਵੇਲੇ ਏਹ ਖ਼ਰਚਾ ਕਰ ਬੈਠਾ ਸੀ ਬੇ-ਵੰਨ੍ਹਾਂ। ਜੇ ਤਾਂ ਕਰਜ਼ਾ ਲੈ ਕੇ ਕੋਈ ਕੰਮ-ਧੰਦਾ ਛੇੜਿਆ ਹੋਵੇ ਤਾਂ ਅਗਲਾ ਕਮਾਈ ‘ਚੋਂ ਕਿਸ਼ਤ ਭਰਦਾ ਰਹਿੰਦਾ ਤੇ ਕੰਮ ‘ਚ ਪੈਰ ਵੀ ਜੰਮਾ ਲੈਂਦਾ ਪਰ ਵਿਆਹ ਨੇ ਕਿਹੜੀ ਆਮਦਨ ਦੇਣੀ ਹੁੰਦੀ ਆ? ਜਿੰਨੀਂ-ਕੁ ਜੇਬ੍ਹ ਇਜਾਜ਼ਤ ਦੇਵੇ ਉਸ ‘ਸਾਬ ਨਾਲ਼ ਖ਼ਰਚਾ ਕਰ ਲੋ। ਬਾਕੀ  ਲੈਣ ਆਲ਼ਾ ਤਾਂ ਘਰੇ ਆਊਗਾ ਈ। ” ਤਾਏ ਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਸਭ ਦੇ ਸਾਹਮਣੇ ਰੱਖ ਦਿੱਤਾ।
    ” ਬਿਲਕੁਲ ਠੀਕ ਆਖਿਆ ਤਾਇਆ। ਕਰਜ਼ਾ, ਬਿਮਾਰੀ,
ਮੁਕੱਦਮਾ ਘਰਾਂ ਦੇ ਚੁਲ੍ਹਿਆਂ ‘ਚ ਘਾਹ ਉਗਾ ਦਿੰਦੇ ਨੇ ਜੇਕਰ ਏਹ ਸਮੇਂ ਸਿਰ ਸੰਭਾਲੇ ਨਾ ਜਾਣ। ਬਾਕੀ ਆਪਣੇ ਪੰਜਾਬੀ ਤਾਂ ਦਿਖਾਵਿਆਂ ਨੇ ਪੱਟ ‘ਤੇ। ਪਤਾ ਨੀਂ ਕਿਉਂ ਮੱਤ ਮਾਰੀ ਗਈ ਏਨ੍ਹਾਂ ਦੀ।” ਇਨ੍ਹਾਂ ਆਖ ਮੈਂ ਵੀ ਅਗਾਂਹ ਤੁਰ ਪਿਆ।
*****
–ਰਣਜੀਤ ਸਿੰਘ ਨੂਰਪੁਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਫਾਸਟਫੂਡ ਦੇ ਨਾਮ ਤੇ ਅਸੀਂ ਸੱਤ ਜ਼ਹਿਰ ਖਾਂਦੇ ਹਾਂ।
Next article*ਪੰਜਾਬੀ ? (ਭਾਗ: ਦੂਸਰਾ)*