ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਈ ਲਾਲੋ ਲੋਕ ਮੰਚ ਨਾਲ ਸੰਬੰਧਿਤ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵੱਲੋਂ ਮਨਰੇਗਾ ਕਾਮਿਆਂ ਦੀ ਪੰਜਾਬੀ ਭਵਨ ਵਿਖੇ ਰੈਲੀ ਕਰਨ ਉਪਰੰਤ ਮਾਰਚ ਕਰਕੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਭਾਈ ਲਾਲੋ ਲੋਕ ਮੰਚ ਦੇ ਕਨਵੀਨਰ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਵਿਕਸਿਤ ਭਾਰਤ ਜੀ ਰਾਮ ਜੀ ਬਿੱਲ ਪਾਸ ਹੋ ਜਾਣ ਪਿੱਛੋਂ ਕਿਰਤੀ ਅਤੇ ਆਮ ਲੋਕਾਂ ਦੇ ਪੱਖ ਵਿੱਚ ਦੁਨੀਆ ਪੱਧਰ ‘ਤੇ ਵਧੀਆ ਕਨੂੰਨਾਂ ਵਿੱਚ ਬਣੇ ਮਨਰੇਗਾ ਕਾਨੂੰਨ ਦਾ ਆਰ ਐਸ ਐਸ ਵੱਲੋਂ ਸੇਧ ਲੈ ਕੇ ਕੇਂਦਰੀ ਕਰਨ ਨੂੰ ਹੋਰ ਮਜ਼ਬੂਤੀ ਦੇਣ ਲਈ ਮੋਦੀ ਸਰਕਾਰ ਨੇ ਇਸ ਦਾ ਸਿਰਫ਼ ਨਾਮ ਹੀ ਨਹੀਂ ਬਦਲਿਆ ਬਲਕਿ ਇਸ ਦੀ ਰੂਹ ਦਾ ਹੀ ਕਤਲ ਕਰ ਦਿੱਤਾ ਹੈ। ਸਾਬਕਾ ਵਿਧਾਇਕ ਜੋਧਾਂ ਨੇ ਅੱਗੇ ਕਿਹਾ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਹੋਂਦ ਵਿੱਚ ਆ ਜਾਣ ਪਿੱਛੋਂ ਗ੍ਰਾਮ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਦੇ ਹੱਕਾਂ ‘ਤੇ ਡਾਕਾ ਮਾਰ ਕੇ ਕਾਰਪੋਰੇਟਰਾਂ ਦੇ ਹੱਕ ਵਿੱਚ ਬਣੀ ਠੇਕੇਦਾਰੀ ਪ੍ਰਥਾ ਨੂੰ ਇਹ ਕੰਮ ਸੌਂਪਿਆ ਜਾਵੇਗਾ। ਇਹ ਕਨੂੰਨ ਸੂਬਿਆਂ ਦੇ ਹੱਕ ਖੋਹ ਕੇ ਸਾਰੀਆਂ ਸ਼ਕਤੀਆਂ ਕੇਂਦਰ ਨੂੰ ਦੇ ਕੇ ਸੰਘੀ ਢਾਂਚੇ ਤੇ ਇੱਕ ਹੋਰ ਹਮਲਾ ਹੈ । ਬਹੁਤਿਆਂ ਸੂਬਾ ਸਰਕਾਰਾਂ ਜੋ ਪਹਿਲਾਂ ਹੀ ਭਾਰੀ ਕਰਜ਼ਿਆਂ ਦੇ ਬੋਝ ਥੱਲੇ ਹਨ ਜਿਵੇਂ ਕਿ ਪੰਜਾਬ ਸਰਕਾਰ 4 ਲੱਖ ਕਰੋੜ ਤੋਂ ਵੱਧ ਕਰਜ਼ੇ ਥੱਲੇ ਹੈ, ਇਸ ਕਨੂੰਨ ਨੂੰ ਲਾਗੂ ਕਰਨ ਦੇ ਸਮਰੱਥ ਨਹੀਂ ਰਹੀ। ਕਿਉਂਕਿ ਜਦੋਂ ਮਨਰੇਗਾ ਅਧੀਨ ਸੂਬੇ ਨੂੰ ਕੁਲ ਬਜ਼ਟ ਦਾ 10 ਫ਼ੀਸਦੀ ਹਿੱਸਾ ਪਾਉਣੇ ਪੈਂਦੇ ਸੀ, ਸੂਬੇ ਇਹ ਹਿੱਸਾ ਪਾਉਣ ਤੋਂ ਅਸਮਰੱਥ ਸਨ, ਹੁਣ 40 ਫ਼ੀਸਦੀ ਹਿੱਸਾ ਕਿੱਥੋਂ ਪਾਉਣਗੇ, ’ਸੋ ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ’ । ਉਨ੍ਹਾਂ ਅੱਗੇ ਕਿਹਾ ਕਿ ਨਵੀਂ ਨੀਤੀ ਨਾਲ ਪਿੰਡਾਂ ਵਿੱਚ ਬੇਰੁਜ਼ਗਾਰੀ ਦਾ ਹੋਰ ਵਾਧਾ ਹੋਵੇਗਾ । ਮੋਦੀ ਸਰਕਾਰ ਵੱਲੋਂ 2014 ਵਿੱਚ ਹੋਂਦ ਵਿੱਚ ਆਉਣ ਸਮੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਮਨਰੇਗਾ ਤੇ ਤੰਜ ਕੱਸਿਆ ਸੀ । ਇਹ ਕਨੂੰਨ ਯੂ ਪੀ ਏ ਸਰਕਾਰ ਦੀ ਨਾਕਾਮੀ ਹੈ ਅਤੇ ਇਹ ਇੱਕ ਚਿੱਟਾ ਹਾਥੀ ਹੈ। ਇਹ ਬਿੱਲ ਪਾਸ ਕਰਕੇ ਅਸਲ ਮੋਦੀ ਸਰਕਾਰ ਨੇ ਉਪਰੋਕਤ ਟਿੱਪਣੀ ਨੂੰ ਅਮਲੀ ਜਾਮਾ ਪਹਿਨਾਇਆ ਹੈ । ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਸੂਬਿਆਂ ਦੇ ਹੱਕਾਂ ਤੇ ਡਾਕਾ ਮਾਰ ਕੇ ਮੋਦੀ ਸਰਕਾਰ ਫੈਡਰਲ ਢਾਂਚੇ ਨੂੰ ਤਹਿਸ ਨਹਿਸ ਕਰ ਰਹੀ ਹੈ ਅਤੇ ਖਾਸ ਕਰਕੇ ਪੰਜਾਬ ਦੇ ਮੁੱਖ ਮਸਲੇ ਲੱਗਦੇ ਹੀ ਨਹੀਂ ਰਹੇ ਸਗੋਂ ਸੂਬਾ ਸਰਕਾਰ ਅਧੀਨ ਆਉਂਦੇ ਖੇਤੀ, ਵਿਦਿਆ, ਬਿਜਲੀ, ਜ਼ਮੀਨ ਆਦਿ ਅਨੇਕਾਂ ਅਦਾਰੇ ਸੂਬਾ ਸਰਕਾਰਾਂ ਵੱਲੋਂ ਖੋਹ ਕੇ ਕੇਂਦਰ ਅਧੀਨ ਲਿਆਂਦੇ ਜਾ ਰਹੇ ਹਨ । ਪੰਜਾਬ ਵਿੱਚ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਪੰਜਾਬ ਦੀ ਰਾਜਧਾਨੀ, ਪੰਜਾਬ ਯੂਨੀਵਰਸਿਟੀ ਅਤੇ ਬੀ ਬੀ ਐਮ ਬੀ ਦੇ ਮਸਲੇ ਇਸ ਦੀ ਹੋਰ ਵੀ ਮਿਸਾਲਾਂ ਹਨ । ਇਸ ਮੌਕੇ ਜੋਧਾਂ ਅਤੇ ਰਾਜੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੂਬਿਆਂ ਦੇ ਹੱਕਾਂ ਲਈ ਪੰਜਾਬ ਨਾਲ ਹੋ ਰਹੇ ਧੱਕਿਆਂ, ਕਿਸਾਨਾਂ, ਮਜ਼ਦੂਰਾਂ, ਮੱਧ ਵਰਗੀ ਕਾਰੋਬਾਰੀਆਂ, ਵਿਦਿਆਰਥੀਆਂ, ਨੌਜਵਾਨਾਂ ਨੂੰ ਪੰਜਾਬ ਪੱਧਰੀ ਸ਼ਾਂਤਮਈ ਅੰਦੋਲਨ ਖੜ੍ਹੇ ਕਰਨ ਦੀ ਅਪੀਲ ਕੀਤੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਸਮੇਂ-ਸਮੇਂ ਤੇ ਰਾਜਕਰਦੀਆਂ ਰਾਜਨੀਤਕ ਪਾਰਟੀਆਂ ਸਵਾਏ ਚੋਣ ਜਿੱਤਣ ਲਈ ਇੱਕ ਦੂਜੇ ਤੇ ਦੂਸ਼ਣ ਲਾਉਣ ਅਤੇ ਮਿਹਣੋਂ ਮੇਣੀ ਹੋਣ ਤੋਂ ਬਿਨਾਂ ਬਸ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਵਿਹਲ ਨਹੀਂ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਭਾਈ ਲਾਲੋ ਲੋਕ ਮੰਚ ਦੇ ਸੂਬਾਈ ਆਗੂ ਬਾਪੂ ਬਲਕੌਰ ਸਿੰਘ ਗਿੱਲ, ਕਰਨ ਸਿੰਘ ਰਾਣਾ ਤੇ ਕੇਵਲ ਸਿੰਘ ਹਜ਼ਾਰਾਂ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਅਤੇ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਤੇ ਪ੍ਰਕਾਸ਼ ਸਿੰਘ ਹਿੱਸੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿੰਡਾਂ ਦੇ ਕਿਰਤੀ ਲੋਕਾਂ ਨੂੰ ਬੇਰੁਜ਼ਗਾਰ ਕਰਨ ਵਾਲਾ ਮਜ਼ਦੂਰ ਵਿਰੋਧੀ ਵਿਕਸਿਤ ਭਾਰਤ ਜੀ ਰਾਮ ਜੀ ਬਿੱਲ ਅਤੇ ਬਿਜਲੀ ਬਿੱਲ 2025 , ਬੀਜ ਬਿੱਲ 2025 ਅਤੇ ਮਜ਼ਦੂਰ ਵਿਰੋਧੀ 4 ਕੋਡ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ । ਜੇਕਰ ਇਹ ਮਜ਼ਦੂਰ ਕਿਸਾਨ ਵਿਰੋਧੀ ਬਿੱਲ ਵਾਪਸ ਨਾ ਲਏ ਤਾਂ ਸ਼ਾਂਤਮਈ ਅੰਦੋਲਨ ਖੜ੍ਹੇ ਕੀਤੇ ਜਾਣਗੇ ਅਤੇ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਣਗੇ। ਇਸ ਮੌਕੇ ਇਕੱਠ ਰਾਹੀਂ 2 ਮਤੇ ਪਾਸ ਕੀਤੇ ਗਏ ਪਹਿਲਾਂ ਮਤਾ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਸਮੇਤ ਸਮੂਹ ਬੁੱਧੀਜੀਵੀਆਂ, ਇਨਕਲਾਬੀ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਦੂਜਾ ਮਤਾ ਸਰਕਾਰਾਂ ਵੱਲੋਂ ਅਖਬਾਰਾਂ ਮੀਡੀਆ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਹਮਲੇ ਬੰਦ ਕੀਤੇ ਜਾਣ ਪ੍ਰੈਸ ਦੀ ਅਜ਼ਾਦੀ ਬਹਾਲ ਕੀਤੀ ਜਾਵੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ , ਅਮਰਜੀਤ ਸਿੰਘ ਹਿਮਾਂਯੂੰਪੁਰਾ, ਗੁਰਪ੍ਰੀਤ ਸਿੰਘ ਤੋਲਾਵਾਲ, ਸਤਨਾਮ ਸਿੰਘ ਰਾਏਕੋਟ, ਸ਼ਿੰਦਰ ਸਿੰਘ ਜਵੱਦੀ, ਰਣਜੀਤ ਸਿੰਘ ਸਾਇਆਂ, ਪਰਮਿੰਦਰ ਕੁਮਾਰ, ਮਿੱਟੂ ਕੁਮਾਰ, ਨਿਰਮਲ ਸਿੰਘ ਨਿੰਮਾ ਆਦਿ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



