ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਕਰਵਾਏ ਗਏ ‘ਸਰਕਾਰ-ਏ-ਖਾਲਸਾ ਐਵਾਰਡਜ਼ 2026’ ਯਾਦਗਾਰੀ ਪੈੜਾਂ ਪਾਉਂਦੇ ਹੋਏ ਸਫਲਤਾਪੂਰਵਕ ਸੰਪੰਨ ਹੋਏ। ਇਸ ਸਮਾਗਮ ਵਿੱਚ ਵਿਸ਼ਵ ਭਰ ਦੀਆਂ ਪ੍ਰਮੁੱਖ ਪੰਜਾਬੀ ਸ਼ਖ਼ਸੀਅਤਾਂ, ਅਧਿਆਤਮਿਕ ਰਹਿਬਰਾਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕਰਕੇ ਪੰਜਾਬੀ ਵਿਰਸੇ ਅਤੇ ਮਾਨਵਤਾ ਦੀ ਸੇਵਾ ਦੇ ਜਜ਼ਬੇ ਨੂੰ ਸਲਾਮ ਕੀਤਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ੍ਰ: ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਰੂਹਾਨੀ ਸ਼ਾਨ ਨੂੰ ਵਧਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਬਤੌਰ ‘ਡਿਵਾਈਨ ਗੈਸਟ’ (ਰੂਹਾਨੀ ਮਹਿਮਾਨ) ਅਤੇ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਆਪਣੀਆਂ ਅਸੀਸਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ: ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ ਅਤੇ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਤਿੰਨ ਪੜਾਵਾਂ ਵਿੱਚ ਦਿੱਤੇ ਗਏ ਸਨਮਾਨ ਸਮਾਗਮ ਦੌਰਾਨ ਸਨਮਾਨਾਂ ਦੀ ਵੰਡ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਕੀਤੀ ਗਈ । ਸਰਕਾਰ-ਏ-ਖਾਲਸਾ ਐਵਾਰਡ: ਵਿਸ਼ਵ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 13 ਪ੍ਰਮੁੱਖ ਪੰਜਾਬੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਇਸ ਵੱਕਾਰੀ ਐਵਾਰਡ ਨਾਲ ਨਿਵਾਜਿਆ ਗਿਆ। ਸੇਵਾ ਰਤਨ ਐਵਾਰਡ: ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮਾਨਵਤਾ ਦੀ ਮਿਸਾਲ ਪੇਸ਼ ਕਰਨ ਵਾਲੀਆਂ ਐਨ.ਜੀ.ਓਜ਼ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਸਮਰਪਣ ਲਈ ਦਿੱਤਾ ਗਿਆ। ਪੰਜਾਬ ਪ੍ਰਾਈਡ ਐਵਾਰਡ: ਸੂਬੇ ਦੀ ਤਰੱਕੀ ਅਤੇ ਸਮਾਜਿਕ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਟੀਮ ਦੀ ਮਿਹਨਤ ਲਿਆਈ ਰੰਗ.. ਇਸ ਪੂਰੇ ਸਮਾਗਮ ਦੀ ਸਫਲਤਾ ਪਿੱਛੇ ਡਾ: ਮਨਜਿੰਦਰ ਸਿੰਘ, ਫਤਿਹ ਅਮਨਦੀਪ ਸਿੰਘ, ਸ੍ਰ: ਨਵਨੀਤ ਸਿੰਘ ਅਤੇ ਸ੍ਰ: ਗੁਰਸਾਹਿਬ ਸਿੰਘ ਦੀ ਅਣਥੱਕ ਮਿਹਨਤ ਅਤੇ ਦੂਰਅੰਦੇਸ਼ੀ ਸੋਚ ਸੀ, ਜਿਨ੍ਹਾਂ ਦੀ ਅਗਵਾਈ ਵਿੱਚ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।ਇਸ ਮੌਕੇ ਬੋਲਦਿਆਂ ਸ਼ਖ਼ਸੀਅਤਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਵਿਸ਼ਵ ਭਰ ਦੇ ਪੰਜਾਬੀਆਂ ਵਿੱਚ ਏਕਤਾ ਵਧਾਉਣ ਅਤੇ ਸੇਵਾ ਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਸਮਾਗਮ ਦੀ ਸਮਾਪਤੀ ਪੰਥ ਅਤੇ ਸਮਾਜ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਅਤੇ ਵਿਸ਼ਵਾਸ ਦੇ ਮਜ਼ਬੂਤ ਸੰਦੇਸ਼ ਨਾਲ ਹੋਈ। ਇਸ ਮੌਕੇ ਨਿਰਮਲ ਸਿੰਘ, ਕਰਮਵੀਰ ਸਿੰਘ, ਗੁਰਵਿੰਦਰ ਸਿੰਘ ਖਾਸ ਤੌਰ ਤੇ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


