(ਸਮਾਜ ਵੀਕਲੀ) ਕਹਾਣੀ ਸੰਨ 1991 ,26 ਜੁਲਾਈ ਤੋਂ ਸ਼ੁਰੂ ਹੁੰਦੀ ਹੈ। ਸਰਦਾਰ ਰਤਨ ਸਿੰਘ ਦੀ ਸਭ ਤੋਂ ਛੋਟੀ ਲਾਡਲੀ ਧੀ ਬਖ਼ਸ਼ ਦੀ ਹੈ। ਬੜੇ ਲਾਡਾਂ ਨਾਲ ਪਾਲੀ ਮੁੰਡਿਆਂ ਵਾਂਗ ਰੱਖੀ ਧੀ ਦਾ ਰਿਸ਼ਤਾ ਮੰਗਣ ਕੋਈ ਨਾ ਕੋਈ ਆਇਆ ਹੀ ਰਹਿੰਦਾ ਸੀ ਇਸੇ ਤਰਾ 1989 ਵਿੱਚ ਬਖ਼ਸ਼ ਤੇ ਉਸਦੀ ਵੱਡੀ ਭੈਣ ਇਕੱਠੀਆਂ ਰਹਿੰਦੀਆਂ ਸਨ ਬਖ਼ਸ਼ ਗ੍ਰੈਜੂਏਸ਼ਨ ਕਰ ਰਹੀ ਸੀ ਤੇ ਅੱਕੇ ਵੱਡੀ ਨੌਕਰੀ ਕਰਦੀ ਸੀ। ਅੱਕੇ ਵਿਆਹੀ ਸੀ ਤੇ ਉਸਦਾ ਘਰ ਵਾਲਾ ਬਾਹਰ ਰਹਿੰਦਾ ਸੀ।ਬਖ਼ਸ਼ ਪੜਦੀ ਵੀ ਸੀ ਤੇ ਨੌਕਰੀ ਵੀ ਕਰਦੀ ਸੀ।
ਜਿਨਾ ਦੇ ਦੋਨੋਂ ਭੈਣਾ ਕਰਾਏ ਤੇ ਰਹਿੰਦੀਆਂ ਸਨ ਉਨ੍ਹਾਂ ਦੇ ਚਾਰ ਬੱਚੇ ਸਨ। ਇੱਕ ਮੁੰਡਾ ਵਿੱਕੀ ਤੇ ਤਿੰਨ ਕੁੜੀਆਂ। ਮੁੰਡਾ ਵਿੱਕੀ ਵੱਡਾ ਸੀ ਤੇ ਕੁੜੀਆਂ ਛੋਟੀਆਂ ਸਨ। ਸਾਰਾ ਪਰਿਵਾਰ ਬਹੁਤ ਖਿਆਲ ਰੱਖਦਾ ਸੀ ਦੋਨੋਂ ਭੈਣਾਂ ਦਾ। ਬਖ਼ਸ਼ ਤਾ ਘਰ ਆਕੇ ਵੀ ਅਕਾਊਂਟ ਬੁੱਕਸ,ਕੈਸ਼ ਬੁੱਕ , ਖਾਤਾ ਬੁੱਕ, ਲਿਖਣ ਦਾ ਕੰਮ ਕਰਦੀ ਸੀ ਘਰ ਦਾ ਸਾਰਾ ਕੰਮ ਤਕਰੀਬਨ ਅੱਕੇ ਹੀ ਕਰਦੀ ਸੀ। ਸਰਦਾਰ ਰਤਨ ਸਿੰਘ ਨੇ ਦੋਹਤੀ ਲਈ ਮੁੰਡਾ ਦੇਖਿਆ ਜਦੋਂ ਮੁੰਡੇ ਵਾਲੇ ਕੁੜੀ ਦੇਖਣ ਆਏ ਤਾਂ ਉਨ੍ਹਾਂ ਨੂੰ ਕੁੜੀ ਪਸੰਦ ਨਾ ਆਈ ਤੇ ਉਨ੍ਹਾਂ ਕਿਹਾ ਕੁੜੀ ਪੜੀ ਲਿਖੀ ਤੇ ਸਲੀਕੇ ਵਾਲੀ ਚਾਹੀਦੀ ਹੈ। ਲੜਕਾ ਪ੍ਰੋਫੈਸਰ ਸੀ ਤੇ ਕੁੜੀ ਦਸਵੀਂ ਫੇਲ। ਰਤਨ ਸਿੰਘ ਨੂੰ ਮੁੰਡਾ ਪਸੰਦ ਸੀ ਉਨਾਂ ਕਿਹਾ ਪੜੀ ਲਿਖੀ ਕੁੜੀ ਵੀ ਹੈ ਗ੍ਰੈਜੂਏਸ਼ਨ ਕਰ ਰਹੀ ਹੈ। ਅਗਲੇ ਐਤਵਾਰ ਓਹੀ ਮੁੰਡਾ ਬਖ਼ਸ਼ ਨੂੰ ਦੇਖਣ ਆ ਰਿਹਾ ਸੀ। ਬਖ਼ਸ਼ ਨੂੰ ਮੁੰਡੇ ਦੀ ਫੋਟੋ ਭੇਜ ਦਿੱਤੀ ਗਈ। ਬਖ਼ਸ਼ ਨੇ ਉਹ ਫੋਟੋ ਜਿਸ ਘਰ ਚ ਰਹਿੰਦੀ ਸੀ ਉਸ ਅੰਟੀ ਨੂੰ ਦਿਖਾਈ ਤੇ ਦਸਿਆ ਅੰਟੀ ਇਹ ਮੁੰਡਾ ਦੇਖਣ ਆ ਰਿਹਾ। ਪਾਪਾ ਸਾਦਾ ਵਿਆਹ ਪਸੰਦ ਕਰਦੇ ਹਨ ਪਤਾ ਨਹੀਂ ਐਤਵਾਰ ਨੂੰ ਵਿਆਹ ਹੀ ਨਾ ਕਰ ਦੇਣ। ਉਨਾਂ ਦਾ ਸਾਰਾ ਟੱਬਰ ਰਾਤੀ ਰੋਂਦਾ ਰਿਹਾ ਤੇ ਬਖ਼ਸ਼ ਨੂੰ ਹੋਰ ਵੀ ਪਿਆਰ ਜਤਾਉਣ ਲੱਗਾ। ਉਦੋ ਤੱਕ ਅੱਕੇ ਦਾ ਘਰ ਵਾਲਾ ਬਾਹਰੋ ਵਾਪਿਸ ਆ ਗਿਆ ਸੀ ਤੇ ਅੱਕੇ ਪੇਕੇ ਆਈ ਹੋਈ ਸੀ ਕਿਉਕਿ ਉਸਦੇ ਮੁੰਡਾ ਹੋਇਆ ਸੀ।
ਐਤਵਾਰ ਸਵੇਰੇ 5 ਵਜੇ ਅੰਟੀ ਅੰਕਲ ਮਾਛੀਵਾੜਾ ਸਾਹਿਬ ਪਹੁੰਚ ਗਏ ਬਖ਼ਸ਼ ਦਾ ਰਿਸ਼ਤਾ ਮੰਗਣ। ਮਿੰਨਤਾਂ ਤਰਲੇ ਕਰ ਉਨ੍ਹਾਂ ਰਤਨ ਸਿੰਘ ਹੋਣਾ ਨੂੰ ਮਨਾ ਲਿਆ ਤੇ ਪ੍ਰੋਫੈਸਰ ਲੜਕੇ ਨੂੰ ਦਿੱਤੇ ਟਾਈਮ ਤੇ ਆ ਨਾ ਸਕੇ। ਵੱਡੀ ਭੈਣ ਜੀਤੀ ਘਰ ਸਾਰੇ ਇੱਕਠੇ ਹੋਏ ਵਾਪਿਸ ਆ ਗਏ। ਬਖ਼ਸ਼ ਨੂੰ ਮਾਛੀਵਾੜਾ ਭੇਜਿਆ ਗਿਆ ਇਹ ਜਾਣਨ ਲਈ ਕੇ ਉਸਦੇ ਪਾਪਾ ਕਿਉ ਨਹੀ ਆਏ। ਜਦੋਂ ਮਾਛੀਵਾੜਾ ਸਾਹਿਬ ਬਖ਼ਸ਼ ਪਹੁੰਚੀ ਤਾਂ ਘਰ ਦੇ ਖੁਸ਼ ਸਨ ਅੱਕੇ ਨੇ ਵਧਾਈ ਦਿੱਤੀ ਬਖ਼ਸ਼ ਨੂੰ ,ਵਧਾਈਆਂ ਤੇਰੀ ਸੱਸ ਆਈ ਸੀ। ਬਖ਼ਸ਼,” ਕਿਹੜੀ ਸੱਸ ਦੀਦੀ ਕੀ ਬੋਲੀ ਜਾਂਦੇ ਹੋ ਤਾਂ ਬਖ਼ਸ਼ ਨੂੰ ਸਾਰੀ ਕਹਾਣੀ ਦੱਸੀ ਤੇ ਦਸਿਆ ਪਾਪਾ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਮੇਰੇ ਵਲੋ ਤਾਂ ਹਾਂ ਹੈ ਜੇ ਬਖ਼ਸ਼ ਮੰਨ ਗਈ ਤਾਂ।
ਬਖ਼ਸ਼ ਨੂੰ ਬਹੁਤ ਗੁੱਸਾ ਆਇਆ ਵਿੱਕੀ ਉਸਤੋ ਡੇਢ ਸਾਲ ਛੋਟਾ ਤੇ +2 ਵਿਚ ਪੜ੍ਹਦਾ ਸੀ ਮੰਗਣਾ ਕਰ ਕੇ 5 ਸਾਲ ਬਾਅਦ ਵਿਆਹ ਦਾ ਕਰਾਰ ਹੋਇਆ। ਸਾਰਿਆ ਬਹੁਤ ਸਮਝਾਇਆ ਕਾਲੇ ਭੈਣ ਗੁਰਦੀਪ ਜੀਜਾ ਜੀ ਕੇ ਦੇਖ ਬਖ਼ਸ਼ ਸਾਰੇ ਤੈਨੂੰ ਬਹੁਤ ਪਿਆਰ ਕਰਦੇ ਨੇ ਖਾਸ ਕਰ ਮੁੰਡੇ ਦੇ ਮਾ ਪਿਓ ਅੱਜ ਕੱਲ ਸੱਸਾਂ ਚੰਗੀਆਂ ਨਹੀਂ ਮਿਲਦੀਆਂ ਉਹ ਮਿੰਨਤਾਂ ਕਰਦੇ ਨੇ ਮੰਨ ਜਾ ਪਾਪਾ ਠੀਕ ਨਹੀਂ ਰਹਿੰਦੇ। ਵਿੱਕੀ ਦਾ ਪਾਪਾ ਆਪਣਾ ਸਾਰਾ provident fund, ਬਖ਼ਸ਼ ਨੂੰ ਦੇਣ ਨੂੰ ਤਿਆਰ ਸੀ ਤਾਂ ਜੋ ਉਸਦੀ ਪੜਾਈ ਯਕੀਨੀ ਹੋ ਸਕੇ। ਅਖੀਰ ਨਾ ਚਾਹੁੰਦੇ ਹੋਏ ਬਖ਼ਸ਼ ਨੇ ਹਾਂ ਕਰ ਦਿੱਤੀ ਤੇ ਮੰਗਣਾ ਹੋ ਗਿਆ ਬੜੀ ਧੂਮਧਾਮ ਨਾਲ ਕਿਉਕਿ ਵਿਕੀ ਇਕਲੌਤਾ ਪੁੱਤ ਸੀ ਤੇ ਓਹ ਵੀ ਵੱਡਾ ਘਰ ਚੋ। ਡੇਢ ਸਾਲ ਮੰਗੀ ਰਹੀ ਬਖ਼ਸ਼ ਸਾਰੇ ਆਉਂਦੇ ਜਾਂਦੇ ਰਹੇ ਤੀਜ ਤਿਉਹਾਰ ਦਿੰਦੇ ਰਹੇ।
ਇੱਕ ਦਿਨ ਮਾਛੀਵਾੜੇ ਦੀ ਇਕ ਗਵਾਂਢੀਆਂ ਦੀ ਕੁੜੀ ਨੇ ਸਰਦਾਰ ਰਤਨ ਸਿੰਘ ਨੂੰ ਕਿਹਾ ਵੀਰ ਇੱਕ ਮੁੰਡਾ ਡਾਕਟਰ ਕੰਮ ਬਹੁਤ ਵਧੀਆ ਚਲਦਾ ਸਾਰਾ ਪ੍ਰੀਵਾਰ ਡਾਕਟਰ ਹੈ । ਆਪਣੀਆ ਗੁੱਡੀਆਂ ਵਿਆਹ ਦਿੱਤੀਆਂ ਸਾਰੀਆਂ। ਤਾ ਰਤਨ ਸਿੰਘ ਕਿਹਾ ਗੁੱਡੀਆਂ ਤਾ ਸਿੰਦਰ ਦੀਆਂ ਵੀ ਵਿਆਹੁਣ ਵਾਲੀਆਂ ਨੇ ਦੋ ਦੇਖ ਲੈਂਦੇ ਹਾਂ। ਰਤਨ ਸਿੰਘ ਮੁੰਡਾ ਦੇਖਣ ਗਏ ਤਾਂ ਮੁੰਡਾ ਦੇਖ ਭੁੱਖ ਲਹਿੰਦੀ ਸੀ, ਸੋਹਣਾ ਸੁਨੱਖਾ ਉੱਚਾ ਲੰਮਾ ਗੋਰਾ ਚਿੱਟਾ ਆਯੁਰਵੇਦ ਦਾ ਡਾਕਟਰ ਸੀ , ਰਤਨ ਸਿੰਘ ਸਾਰਾ ਦਿਨ ਉਸ ਨਾਲ ਗੱਲਾਂ ਕਰਦੇ ਰਹੇ ਪਿਤਾ ਉਸਦਾ ਮਰ ਚੁੱਕਾ ਸੀ ਤੇ ਮਾ ਪੇਕੇ ਗਈ ਸੀ। ਰਤਨ ਸਿੰਘ ਨੂੰ ਸੁਬਾਹ ਚੰਗਾ ਲੱਗਾ ਮਰੀਜਾ ਤੋਂ ਮੁੰਡੇ ਨੂੰ ਵੇਹਲ ਨਹੀਂ ਸੀ ਮਿਲ ਰਹੀ। ਬੱਸ ਓਥੇ ਬੈਠੇ ਰਤਨ ਸਿੰਘ ਦਾ ਦਿਮਾਗ ਘੁੰਮ ਗਿਆ ਕੇ ਜੇ ਇਸ ਨਾਲ ਬਖ਼ਸ਼ ਦਾ ਵਿਆਹ ਹੋ ਜਾਵੇ ਤਾਂ ਪੜਾਈ ਤੋਂ ਬਾਅਦ ਦੁਕਾਨ ਤੇ ਨਾਲ ਬੈਠ ਸਕਦੀ ਹੈ। ਵਿੱਕੀ ਪਤਾ ਨਹੀਂ ਕਦੋਂ ਸਟੈਂਡ ਹੋਵੇਗਾ ਆਪਣੇ ਜਿਉਂਦੇ ਜੀ ਬਖ਼ਸ਼ ਦਾ ਕਰ ਜਾਵਾਂ। ਬੱਸ ਫੇਰ ਕੀ ਸੀ ਉਹ ਮੁੰਡੇ ਦੀਪ ਸਿੰਘ ਦੀ ਫੋਟੋ ਲੇ ਆਏ। ਘਰ ਕਾਫੀ ਰਾਤ ਹੋਈ ਪਹੁੰਚੇ।
ਓਧਰ ਘਰ ਚ ਬਖ਼ਸ਼ ਦੇ ਮਾਮਾ ਮਾਮੀ ਆਏ ਹੋਏ ਸਨ ਤੇ ਉਹ ਵੀ ਕਿਸੇ ਮੁੰਡੇ ਆਪਣੀ ਕੁੜੀ ਦੇ ਦਿਓਰ ਦੀ ਫੋਟੋ ਲੈਕੇ ਬਖ਼ਸ਼ ਨੂੰ ਲੈਣ ਆਏ ਸਨ ਕੇ ਨਾਨਕਿਆਂ ਤੋਂ ਹੀ ਤੌਰ ਦੇਣੀ ਹੈ। ਰਤਨ ਸਿੰਘ ਬਹੁਤ ਖੁਸ਼ ਸਨ ਉਨਾਂ ਆਉਂਦੇ ਹੀ ਫੋਟੋ ਆਪਣੇ ਸਾਲ਼ੇ ਮੋਹਨ ਸਿੰਘ ਅੱਗੇ ਰੱਖ ਦਿੱਤੀ ਕੇ ਬਖ਼ਸ਼ ਲਈ ਮੁੰਡਾ ਦੇਖ ਕੇ ਆਇਆ। ਮੋਹਨ ਸਿੰਘ ਹੋਣਾ ਦੇ ਮੂੰਹ ਉਤਰ ਗਏ। ਰਤਨ ਸਿੰਘ ਉਸ ਮੁੰਡੇ ਦੀਆਂ ਉਸਦੇ ਕੰਮ ਦੀਆ ਸਿਫ਼ਤਾਂ ਕਰਨ ਲੱਗੇ ਤੇ ਮਾਮੀ ਜਸਵਿੰਦਰ ਬਖ਼ਸ਼ ਦੀ ਮੰਮੀ ਕੋਲ ਆ ਬੈਠੀ ਤੇ ਉਸਨੂੰ ਫੋਟੋ ਦਿਖਾ ਕਿਹਾ ਭੈਣ ਜੀ ਅਸੀਂ ਤਾਂ ਬਖ਼ਸ਼ ਨੂੰ ਲੈਣ ਆਏ ਸਾ ਬੱਬੂ ਦੇ ਦਿਓਰ ਨਾਲ ਰਿਸ਼ਤਾ ਕਰਨ ਲਈ। ਫੇਰ ਸਾਰਿਆਂ ਚ ਗੱਲ ਖੁੱਲ੍ਹ ਗਈ। ਮੋਹਨ ਸਿੰਘ ਕਿਹਾ ਭਾਈਆ ਜੀ ਮੈ ਅਗਲੇ ਐਤਵਾਰ ਆਵਾਂਗਾ ਤੇ ਮੁੰਡੇ ਦੀ ਮਾਂ ਨੂੰ ਮਿਲਣ ਜਾਣਾ ਤੁਸੀ ਮੇ ਵੀ ਚੱਲਾ ਗਾ ਜੇ ਮੁੰਡਾ ਮੈਨੂੰ ਪਸੰਦ ਹੋਇਆ ਤਾ ਠੀਕ ਹੈ ਨਾ ਪਸੰਦ ਹੋਇਆ ਤਾਂ ਬਖ਼ਸ਼ ਮੈ ਲੇ ਜਾਣੀ ਹੈ ਫਿਰ ਬੱਬੂ ਦੇ ਦਿਓਰ ਨਾਲ ਕਰ ਦੇਣਾ ।ਰਾਤ ਨੂੰ ਬਖ਼ਸ਼ ਆਪਣੇ ਕਮਰੇ ਵਿਚ ਬੈਠੀ ਪੜ ਰਹੀ ਸੀ ਕਿ ਦੁੱਧ ਦੇ ਨਾਲ ਦੋ ਫੋਟੋਆ ਉਸਦੀ ਮੰਮੀ ਨੇ ਉਸ ਅੱਗੇ ਰੱਖ ਦਿੱਤੀਆਂ ਤੇ ਕਿਹਾ ਇਹ ਦੋ ਮੁੰਡੇ ਨੇ ਇੱਕ ਮਾਮਾ ਲੇ ਕੇ ਆਇਆ ਇੱਕ ਤੇਰੇ ਪਾਪਾ ਦੇਖ ਕਿਹੜਾ ਪਸੰਦ ਹੈ। ਬਖ਼ਸ਼ ਸਵਾਲ ਭਰੀਆਂ ਨਜ਼ਰਾਂ ਨਾਲ ਮਾਂ ਦਾ ਚੇਹਰਾ ਦੇਖਣ ਲੱਗੀ ਕੀ ਕਹਿ ਰਹੇ ਹੋ ਮੰਮੀ ਵਿੱਕੀ ਨਾਲ ਕੀਤਾ ਤਾਂ ਹੈ। ਤਾਂ ਮਾ ਨੇ ਕਿਹਾ ਪਾਪਾ ਤੇਰੇ ਠੀਕ ਨਹੀਂ ਰਹਿੰਦੇ ਹਾਲੇ 4 ਸਾਲ ਕੌਣ ਇੰਤਜ਼ਾਰ ਕਰੇਗਾ ਇਸ ਲਈ ਇਹ ਆਪਣੇ ਬੈਠੇ ਬੈਠੇ ਤੇਰੀ ਜਿੰਮੇਵਾਰੀ ਪੂਰੀ ਕਰਨੀ ਚਾਹੁੰਦੇ ਹਨ। ਘਰ ਵਿਚ ਕਿਸੇ ਦੀ ਜੁਰਅੱਤ ਨਹੀਂ ਸੀ ਕਿ ਰਤਨ ਸਿੰਘ ਅੱਗੇ ਬੋਲ ਸਕਦਾ। ਬਖ਼ਸ਼ ਚੁੱਪ ਸੀ ਪ੍ਰੇਸ਼ਾਨ ਸੀ। ਹੋਣਾ ਓਹੀ ਸੀ ਜੋ ਰਤਨ ਸਿੰਘ ਕਰਨਾ ਸੀ। ਸਵੇਰੇ ਉਸਦੇ ਮਾਮਾ ਮਾਮੀ ਚਲੇ ਗਏ।
ਰਤਨ ਸਿੰਘ ਉਸ ਮੁੰਡੇ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕ ਰਹੇ ਸਨ। ਬਖ਼ਸ਼ ਚੁੱਪ ਸੀ। ਵਿਰੋਧ ਦਾ ਤਾਂ ਸੋਚ ਵੀ ਨਹੀਂ ਸੀ ਸਕਦੀ ਬੱਸ ਵਿੱਕੀ ਦੇ ਪਰਿਵਾਰ ਨਾਲ ਤੀਜ ਤਿਉਹਾਰ ਤੇ ਪਿਆਰ ਪ੍ਰੇਸ਼ਾਨ ਕਰ ਰਿਹਾ ਸੀ। ਉਸਦੀ ਮਾਂ ਵਲੋਂ ਕੀਤੇ ਲਾਡ ਨੂੰ ਯਾਦ ਕਰ ਰਹੀ ਸੀ ਬਹੁਤ ਸਵਾਲ ਸਨ ਪਰ ਚੁੱਪ ਸੀ।
ਅਖੀਰ ਐਤਵਾਰ ਆ ਗਿਆ ਮਾਮਾ ਵੀ ਪਹੁੰਚ ਗਿਆ ਰਤਨ ਸਿੰਘ ਮੋਹਨ ਸਿੰਘ ਤੇ ਬਖ਼ਸ਼ ਦੀ ਮੰਮੀ ਤੇ ਨਿੱਕਾ 7 ਕੁ ਸਾਲ ਦਾ ਭਰਾ ਸੋਨੂੰ ਰੋਪੜ ਚੱਲ ਪਏ।
ਸ਼ਾਮ ਹੋਈ ਤੇ ਵਾਪਿਸ ਆਏ ਸਾਰੇ ਖੁਸ਼ ਸਨ ਸਾਰਾ ਪਰਿਵਾਰ ਅੰਮ੍ਰਿਤਧਾਰੀ ਸੀ ਮੁੰਡੇ ਦੀ ਮਾਂ ਕੇਸਕੀ ਸਜਾਉਂਦੀ ਸੀ ਵੱਡਾ ਭਰਾ ਦਯਾ ਸਿੰਘ ਵਿਆਹਿਆ ਦੀ ਦੀਪ ਸਿੰਘ ਵਿਚਾਲਦਾ ਸੀ ਤੇ ਛੋਟਾ ਤੀਰਥ ਸਿੰਘ ਪੜਦਾ ਸੀ ਘਰ ਚ ਤਿੰਨਾਂ ਦੇ ਨਾਲ ਮਾਂ ਭਰਜਾਈ ਤੇ ਦੋ ਛੋਟੇ ਬੱਚੇ ਵੱਡੇ ਭਰਾ ਦੇ ਸੋਨੂੰ ਮੋਨੂੰ ਸਨ।
ਘਰ ਠੀਕ ਠਾਕ ਸੀ ਦਯਾ ਸਿੰਘ ਵੱਡਾ ਅਲੱਗ ਦੁਕਾਨ ਕਰਦਾ ਸੀ ਤੇ ਦੀਪ ਸਿੰਘ ਨੇ ਆਪਣੇ ਪਿਤਾ ਦੀ ਦੁਕਾਨ ਸੰਭਾਲ ਰੱਖੀ ਸੀ। ਮਕਾਨ ਦੁਕਾਨ ਅਪਣੀ ਸੀ। ਰੋਟੀ ਸੋਹਣੀ ਚਲਦੀ ਸੀ। ਸਾਰੀਆਂ ਗੱਲਾਂ ਕਰਨ ਤੋਂ ਬਾਅਦ ਹੁਣ ਬਖ਼ਸ਼ ਨੂੰ ਦਿਖਾਉਣ ਦੀ ਵਾਰੀ ਸੀ। ਰਤਨ ਸਿੰਘ ਉਨਾ ਨੂੰ ਆਉਂਦੇ ਐਤਵਾਰ ਨੂੰ ਸੱਦ ਆਏ।
ਪ੍ਰੇਸ਼ਾਨੀ ਵਿਚ ਬਖ਼ਸ਼ ਚੁੱਪ ਚੁੱਪ ਸੀ ਤਾਂ ਉਸਦੀ ਮਾਂ ਨੇ ਰਤਨ ਸਿੰਘ ਨੂੰ ਕਿਹਾ , ਜੀ ਕੁੜੀ ਚੁੱਪ ਚੁੱਪ ਹੈ ਉਸਨੂੰ ਇੱਕ ਵਾਰ ਤਾਂ ਪੁੱਛਲੋ, ਤਾਂ ਰਾਤ ਨੂੰ ਰਤਨ ਸਿੰਘ ਬਖ਼ਸ਼ ਦੇ ਕਮਰੇ ਵਿਚ ਆਏ ਬਖ਼ਸ਼ ਪੜ ਰਹੀ ਸੀ ਤਾਂ ਉਹ ਬੈਡ ਤੇ ਬੈਠ ਗਏ ਹਨ। ਤੇ ਬੋਲੇ ਬੇਟਾ ਜੇ ਕੋਈ ਹੋਰ ਪਸੰਦ ਹੈ ਤਾਂ ਦੱਸ ਦੇ। ਬਖ਼ਸ਼ ਚੁੱਪ ਸੀ ਦਿਮਾਗ ਵਿਚ ਵਿੱਕੀ ਦੇ ਘਰਦੇ ਘੁੰਮ ਰਹੇ ਸਨ। ਬਖ਼ਸ਼ ਬੋਲ ਨਹੀਂ ਸੀ ਸਕਦੀ ਉਹ ਸਮੇਂ ਨਹੀਂ ਸਨ ਆਪਣੇ ਬਾਰੇ ਬੋਲਣ ਦੇ। ਤਾਂ ਬਖ਼ਸ਼ ਕਿਹਾ ਨਹੀਂ ਪਾਪਾ ਜਿਵੇਂ ਠੀਕ ਲੱਗੇ ਤੁਹਾਨੂੰ ਉਵੇਂ ਕਰੋ। ਤਾ ਰਤਨ ਸਿੰਘ ਖੁਸ਼ ਹੋ ਗਏ ਤੇ ਖੁਸ਼ੀ ਵਿੱਚ ਹੀ ਕਿਹਾ ਠੀਕ ਹੈ ਮੁੰਡੇ ਦੀ ਮਾਂ ਨੇ ਤੈਨੂੰ ਕੇਸਕੀ ਦਸਤਾਰ ਸਜਾਉਣ ਲਈ ਕਿਹਾ ,ਮੇ ਹਾਂ ਕਰ ਆਇਆ ਹਾਂ ਕਿਉਕਿ ਤੂੰ ਬਚਪਨ ਵਿਚ ਵੀ ਬੰਨਦੀ ਸੀ। ਤਾਂ ਫਿਰ ਬਖ਼ਸ਼ ਬੋਲੀ ਪਾਪਾ ਬਚਪਨ ਵਿਚ ਮੇ ਤੁਹਾਡਾ ਪੁੱਤ ਬਣ ਬੰਨਦੀ ਸੀ ਤੇ ਹੁਣ ਅੰਮ੍ਰਿਤਛੱਕ ਕੇ ਬੰਨਣੀ ਹੈ ਬਹੁਤ ਫ਼ਰਕ ਹੈ। ਰਤਨ ਸਿੰਘ ਸੋਚੀ ਪੇ ਗਏ ਤੇ ਫਿਰ ਬੋਲੋ ਬੇਟਾ ਮੈ ਤਾਂ ਹਾਂ ਕਰ ਆਇਆ ਹਾਂ। ਤਾਂ ਬਖ਼ਸ਼ ਨੇ ਕਿਹਾ ਮੁੰਡੇ ਨੂੰ ਸੁਨੇਹਾ ਭੇਜ ਦਿਓ ਜੇ ਕੁੜੀ ਤੋਂ ਦਸਤਾਰ ਬੰਵਾਉਣੀ ਹੈ ਤਾਂ ਮੁੰਡਾ ਵੀ ਦਸਤਾਰ ਬੰਨ੍ਹ ਕੇ ਆਵੇ ਜੇ ਟੇਢੀ ਪੱਗ ਬੰਨੇਗਾ ਤਾਂ ਕੁੜੀ ਵੀ ਗੁੱਤ ਜੂੜਾ ਕਰੇਗੀ। ਰਤਨ ਸਿੰਘ ਬੜੀ ਉੱਚੀ ਤਾੜੀ ਮਾਰ ਹੱਸ ਪੇ ਤੇ ਬੋਲੇ ਮੇਰੇ ਤਾ ਦਿਮਾਗ ਵਿਚ ਹੀ ਨਹੀਂ ਆਇਆ।
ਆਖਿਰ ਐਤਵਾਰ ਆ ਗਿਆ ਬਖ਼ਸ਼ ਕੋਲ ਕੋਈ ਸੂਟ ਕੁੜੀਆਂ ਵਾਲਾ ਨਹੀਂ ਸੀ ਕਾਲੇ ਭੈਣ ਦਾ ਸੂਟ ਪਾਇਆ ਕਿਉਕਿ ਬਖ਼ਸ਼ ਮੁੰਡਿਆ ਵਾਲੇ ਕਪੜੇ ਹੀ ਪਾਉਂਦੀ ਸੀ। ਸਾਰੇ ਇੱਕਠੇ ਹੋ ਗਏ। ਮਾਮਾ ਮਾਮੀ ਵੀ ਆ ਗਏ। ਵਿਚੋਲਿਆਂ ਦੇ ਘਰ ਬਖ਼ਸ਼ ਨੂੰ ਗੱਡੀ ਵਿੱਚ ਬੈਠਾ ਕੇ ਲੇ ਗਏ। ਦੇਖ ਦਖਾਈ ਹੋ ਗਈ। ਬਖ਼ਸ਼ ਪਸੰਦ ਸੀ। ਪਰ ਦੀਪ ਸਿੰਘ ਦੀ ਭਰਜਾਈ ਨਹੀਂ ਸੀ ਮੰਨਦੀ ਕਿਉਕਿ ਉਸਦੀ ਦੀਪ ਸਿੰਘ ਨਾਲ ਯਾਰੀ ਸੀ। ਉਸ ਲਈ ਉਨ੍ਹਾਂ ਵਿਚ ਬਹਿਸ ਚੱਲ ਰਹੀ ਸੀ ਉਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਉਹ ਦੀਪ ਨੂੰ ਵਿਆਹੁਣ ਹੀ ਨਹੀਂ ਸੀ ਚਾਹੁੰਦੀ ਉਸਦੀ ਕੁੱਖੋਂ ਦੀਪ ਦਾ ਇੱਕ ਮੁੰਡਾ ਵੀ ਸੀ। ਅਖੀਰ ਬਖ਼ਸ਼ ਤੇ ਦੀਪ ਨੂੰ ਗੱਲ ਬਾਤ ਕਰਨ ਲਈ ਇੱਕਠੇ ਬੈਠਾਇਆ ਗਿਆ ਤਾਂ ਦੀਪ ਨੇ ਕਿਹਾ ਤੁਸੀਂ ਪੜੇ ਲਿਖੇ ਹੋ ਜੇ ਤੁਹਾਨੂੰ ਕੋਈ ਹੋਰ ਪਸੰਦ ਹੈ ਤਾਂ ਤੁਸੀਂ ਮੈਨੂੰ ਨਾਂਹ ਕਰ ਸਕਦੇ ਹੋ। ਤਾ ਬਖ਼ਸ਼ ਨੇ ਕਿਹਾ, ਮੇਰਾ ਦਿਮਾਗ ਠੀਕ ਹੈ ਤੁਹਾਨੂੰ ਇੰਨੇ ਜਾਣਿਆ ਨੂੰ ਸੱਦ ਮੇ ਕਹਿ ਦਿਆਂ ਮੈਨੂੰ ਕੋਈ ਹੋਰ ਪਸੰਦ ਹੈ, ਮੇਰੇ ਪਾਪਾ ਜਿੱਥੇ ਕਰਨਗੇ ਮੈ ਓਥੇ ਹੀ ਕਰਵਾਂਗੀ ਉਨਾਂ ਤੋਂ ਵੱਧ ਮੇਰੇ ਲਈ ਕੋਈ ਚੰਗਾ ਨਹੀਂ ਸੋਚ ਸਕਦਾ। ਤਾ ਦੀਪ ਸਿੰਘ ਨੇ ਹਾਂ ਕਰ ਦਿੱਤੀ ਤੇ ਬਾਹਰ ਆ ਆਪਣੇ ਪਰਿਵਾਰ ਨੂੰ ਕਿਹਾ ਕੇ ਹੁਣੇ ਲੈਕੇ ਹੀ ਜਾਣੀ ਹੈ। ਬੱਸ ਫੇਰ ਕੀ ਸੀ 11 ਵਜੇ ਹਾਂ ਹੋਈ ਤੇ 12 ਤੋਂ ਪਹਿਲਾ ਅਨੰਦ ਕਾਰਜ ਸ਼ੁਰੂ ਹੋ ਗਏ ਵਿਚੋਲਿਆ ਦੇ ਘਰੋਂ ਹੀ ਸਿੱਧੇ ਗੰਨੀ ਖਾਂ ਨਵੀਂ ਖਾਂ ਗੁਰੂਦਵਾਰੇ ਪਹੁੰਚ ਗਏ। ਘਰ ਦੇ ਬਾਕੀ ਮੈਂਬਰ ਵੀ ਨਾ ਪਹੁੰਚ ਸਕੇ। 2 ਵਜੇ ਸਭ ਨਿੱਬੜ ਗਿਆ ਵਿਆਹ ਹੋ ਗਿਆ ਘਰ ਆਕੇ ਰੋਟੀ ਖਾਦੀ ਤੇ ਡੌਲੀ ਤੋਰਨ ਦੀ ਤਿਆਰੀ ਹੋ ਗਈ। ਬਖ਼ਸ਼ ਦੀ ਮੰਮੀ ਬੜੇ ਨਰਮ ਦਿਲ ਦੀ ਤੇ ਨੇਕ ਸੁਬਾਹ ਦੀ ਔਰਤ ਸੀ ਉਸਦੀ ਤਬੀਅਤ ਖਰਾਬ ਹੋ ਗਈ ਇੱਕ ਦੰਮ ਇੰਨਾ ਕੁਝ ਇੰਨੀ ਛੇਤੀ ਹੋ ਗਿਆ ਕੇ ਓਸ ਨੂੰ ਫ਼ਿਕਰ ਸੀ ਬਖ਼ਸ਼ ਦੀ ਦਿਲ ਘਟਨਾ ਸ਼ੁਰੂ ਹੋ ਬੀਪੀ ਘੱਟ ਗਿਆ।
ਜਦੋਂ ਬਖਸ਼ ਨੂੰ ਵਿਦਾ ਕੀਤਾ ਤਾਂ ਬਖ਼ਸ਼ ਰੋ ਵੀ ਨਾ ਸਕੀ ਕਿਉਕਿ ਮੰਮੀ ਦੀ ਤਬੀਅਤ ਖਰਾਬ ਸੀ ਤੇ ਪਾਪਾ ਉਸਨੂੰ ਸਾਂਭ ਰਹੇ ਸਨ ਮਾਮੇ ਨੇ ਗੱਡੀ ਚ ਬੈਠਾ ਦਿੱਤੀ ਬਖ਼ਸ਼ ਤਾ ਡਰਦੀ ਨੇ ਆਪਣੀ ਮਾਂ ਨੂੰ ਘੁੱਟ ਜੱਫੀ ਵੀ ਨਾ ਪਾਈ। ਇਹ ਸੋਚ ਕੇ ਜੇ ਰੋ ਹੋ ਗਿਆ ਤਾਂ ਮੰਮੀ ਹੋਰ ਔਖੀ ਹੋਏਗੀ। ਗੱਡੀ ਤੁਰ ਪਈ। ਜਦੋਂ ਗੱਡੀ ਘਰ ਦੀਆਂ ਬਰੂਹਾਂ ਟੱਪ ਪਿੰਡ ਦੀਆਂ ਸੜਕਾਂ ਤੇ ਆਈ ਓਹ ਦਰੱਖਤ ਉਹ ਰੂੜੀਆਂ ਜਿੱਥੇ ਬਖ਼ਸ਼ ਖੇਡਦੀ ਪਤੰਗ ਲੁਟਦੀ ਰਹੀ ਸਭ ਪ੍ਰਾਏ ਹੋ ਰਹੇ ਲੱਗੇ ਤਾਂ ਭੁੱਬਾ ਨਿਕਲ ਗਈਆਂ ਫੇਰ ਤਾ ਬਖ਼ਸ਼ ਦਾ ਰੋਣ ਨਹੀਂ ਸੀ ਰੁਕ ਰਿਹਾ ਇੰਨਾ ਰੋਈ ਕੇ ਦੀਪ ਸਿੰਘ ਨੂੰ ਉਸਦੀ ਦੋਹਰੀ ਚੁੰਨੀ ਲਾਹ ਕੇ ਗਰਮੀ ਵਿੱਚ ਉਸ ਨੂੰ ਬੁੱਕਲ ਚ ਲੈਣਾ ਪਿਆ। ਬਖ਼ਸ਼ ਦਾ ਦਿਲ ਦੀਪ ਨੂੰ ਪੁੱਛ ਰਿਹਾ ਸੀ ਕਿ ਤੂੰ ਮੈਨੂੰ ਮਾਰੇਂਗਾ ਤਾਂ ਨਹੀਂ ਦੁਖੀ ਤਾ ਨਹੀਂ ਕਰੇਗਾ ਸਮਝੇਗਾ ਮੈਨੂੰ ਬੱਸ ਇਸੇ ਸੋਚ ਵਿਚ ਕਦੋਂ ਗੱਡੀ ਰੋਪੜ ਪਹੁੰਚ ਗਈ ਪਤਾ ਹੀ ਨਾ ਲੱਗਾ। ਸਹੁਰਿਆਂ ਦਾ ਪਿੰਡ ਆ ਗਿਆ।
ਚਲਦਾ ….
ਬਾਕੀ ਅਗਲੇ ਅੰਕ ਵਿਚ… ਡਾਕਟਰ ਲਵਪ੍ਰੀਤ ਕੌਰ ਜਵੰਦਾ
https://play.google.com/store/apps/details?id=in.yourhost.samajweekly