HOME ਮਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਜਾਂ ਮਾਂ ਦਾ ਕਰਜ਼ ਉਤਾਰਿਆ ਨਹੀਂ...

ਮਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਜਾਂ ਮਾਂ ਦਾ ਕਰਜ਼ ਉਤਾਰਿਆ ਨਹੀਂ ਜਾ ਸਕਦਾ 

5
           11 ਮਈ ਨੂੰ ਮਾਂ ਦਿਵਸ ’ਤੇ ਵਿਸ਼ੇਸ਼
  (ਸਮਾਜ ਵੀਕਲੀ)   ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਾਂ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦੀ ਸੰਗਿਆ ਮਮਤਾ ਹੈ। ਮਾਂ ਦੇ ਦੁਆਰਾ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ। ਮਾਂ ਆਪ ਗਿੱਲੀ ਥਾਂ ਤੇ ਪੈ ਸਕਦੀ ਹੈ ਪਰ ਬੱਚਿਆਂ ਨੂੰ ਸੁੱਕੀ ਥਾਂ ਤੇ ਹੀ ਰੱਖਦੀ ਹੈ। ਮਾਂ ਆਪ ਭੁੱਖ ਬਰਦਾਸ਼ਤ ਕਰ ਸਕਦੀ ਹੈ ਪਰ ਬੱਚਿਆਂ ਨੂੰ ਭੁੱਖੇ ਦੇਖ ਨਹੀਂ ਸਕਦੀ। ਮਾਂ ਆਪ ਖਾਣ-ਪੀਣ ਤੋਂ ਪਹਿਲਾਂ ਬੱਚਿਆਂ ਨੂੰ ਖੁਆਉਂਦੀ ਹੈ।  ਇੱਕ ਵਾਰ ਕੋਈ ਰਾਜਾ ਜ਼ਿੱਦ ਕਰ ਰਿਹਾ ਸੀ ਕਿ ਮਾਂ ਮੈਂ ਤੇਰਾ ਕਰਜ਼ ਉਤਾਰਾਂਗਾ, ਜੋ ਤੁਸੀਂ ਕਹੋਗੇ, ਮੈਂ ਉਹੀ ਕਰਾਂਗਾ। ਮਾਂ ਨੇ ਕਿਹਾ, ‘‘ਬੇਟਾ ! ਤੂੰ ਨਹੀਂ ਉਤਾਰ ਸਕਦਾ। ਮਾਂ ਦੇ ਕਈ ਵਾਰ ਸਮਝਾਉਣ ਤੇ ਵੀ ਉਹ ਨਾ ਮੰਨਿਆ ਤੇ ਆਪਣੀ ਜ਼ਿੱਦ ਤੇ ਪੱਕਾ ਰਿਹਾ। ਅੰਤ ਵਿੱਚ ਮਾਂ ਨੇ ਕਿਹਾ, ‘‘ਬੇਟਾ ! ਤੂੰ ਆਪਣੇ ਪੇਟ ਤੇ ਕੁਝ ਭਾਰ ਬੰਨ੍ਹ ਕੇ ਨੌਂ ਘੰਟੇ ਖੜ੍ਹਾ ਹੀ ਰਹਿ।’’ ਬੇਟੇ ਨੇ ਕਿਹਾ, ‘‘ਮਾਂ ਤੂੰ ਮੈਨੂੰ ਨੌਂ ਘੰਟੇ ਖੜ੍ਹਾ ਰਹਿਣ ਲਈ ਕਿਹਾ ਹੈ, ਮੈਂ ਤਾਂ ਨੌਂ ਦਿਨ ਖੜ੍ਹਾ ਰਹਿ ਸਕਦਾ।’’ ਪਰ ਦੋ-ਤਿੰਨ ਘੰਟਿਆਂ ਬਾਅਦ ਹੀ ਉਹ ਥੱਕ ਗਿਆ। ਮਾਂ ਨੇ ਕਿਹਾ, ‘‘ਬਸ ਦੋ-ਤਿੰਨ ਘੰਟਿਆਂ ਵਿੱਚ ਹੀ ਥੱਕ ਗਿਆ ਏਂ। ਮੈਂ ਤੈਨੂੰ ਨੌਂ ਮਹੀਨੇ ਪੇਟ ’ਚ ਰੱਖਿਆ, ਦੱਸ ਤੂੰ ਮੇਰਾ ਕਰਜ਼ ਕਿਵੇਂ ਉਤਾਰ ਸਕਦਾ ਏਂ।’’ ਰਾਜਾ ਫਿਰ ਵੀ ਨਾ ਮੰਨਿਆ ਤੇ ਉਸ ਨੇ ਮਾਂ ਨੂੰ ਕਿਹਾ, ‘‘ਮਾਂ ! ਮੈਨੂੰ ਇੱਕ ਮੌਕਾ ਹੋਰ ਦੇ ਦਿਓ ।’’ ਮਾਂ ਦੇ ਫਿਰ ਸਮਝਾਉਣ ਤੇ ਉਹ ਨਾ ਮੰਨਿਆ, ਅੰਤ ਮਾਂ ਨੇ ਕਿਹਾ, ਬੇਟਾ ! ਮੈਂ ਸਮਾਂ ਆਉਣ ’ਤੇ ਤੈਨੂੰ ਦੱਸਾਂਗੀ।’’ ਜਦੋਂ ਪੋਹ-ਮਾਘ (ਦਸੰਬਰ-ਜਨਵਰੀ) ਦਾ ਮਹੀਨਾ ਆਇਆ ਤਾਂ ਮਾਂ ਨੇ ਕਿਹਾ, ‘‘ਬੇਟਾ ! ਜੇ ਮੇਰਾ ਕਰਜ਼ ਉਤਾਰਨਾ ਹੈ ਤਾਂ ਤੂੰ ਅੱਜ ਮੇਰਾ ਮੰਜਾ ਡਾਹ (ਵਿਛਾ) ਕੇ ਪੈਣਾ।’’ ਜਦ ਬੇਟਾ ਗੂੜ੍ਹੀ ਨੀਂਦ ਸੌਂ ਗਿਆ ਤਾਂ ਮਾਂ ਨੇ ਠੰਡੇ ਪਾਣੀ ਦਾ ਗਲਾਸ ਉਸ ਦੇ ਬਿਸਤਰੇ ’ਤੇ ਡੋਲ੍ਹ ਦਿੱਤਾ। ਬੇਟਾ ਅੱਬੜਵਾਹੇ ਇਕਦਮ ਉੱਠ ਕੇ ਖੜ੍ਹਾ ਹੋ ਗਿਆ, ਮਾਂ ਕਹਿਣ ਲੱਗੀ, ‘‘ਬੇਟਾ ! ਸੌਂ ਜਾਹ ਉੱਠ ਕਿਉਂ ਗਿਆ ?’’ ਮਾਂ, ਮੈਂ ਗਿੱਲੇ ਬਿਸਤਰੇ ’ਤੇ ਕਿਵੇਂ ਸੌਂ ਸਕਦਾ ਹਾਂ ? ਮੈਨੂੰ ਤਾਂ ਨੀਂਦ ਨਹੀਂ ਆਉਂਦੀ। ਮਾਂ ਨੇ ਕਿਹਾ, ‘‘ਬੇਟਾ ! ਤੂੰ ਉਹ ਦਿਨ ਭੁੱਲ ਗਿਆ ਜਦੋਂ ਤੂੰ ਬਿਸਤਰਾ ਗਿੱਲਾ ਕਰਦਾ ਸੀ ਤੇ ਮੈਂ ਤੈਨੂੰ ਸੁੱਕੀ ਥਾਂ ਤੇ ਪਾਉਂਦੀ ਸੀ ਅਤੇ ਆਪ ਗਿੱਲੀ ਥਾਂ ’ਤੇ ਪੈਂਦੀ ਸੀ।’’ ਰਾਜਾ ਮਾਂ ਦੇ ਚਰਨਾਂ ’ਤੇ ਡਿੱਗ ਪਿਆ ਅਤੇ ਕਹਿਣ ਲੱਗਿਆ ਸੱਚਮੁੱਚ ਕੋਈ ਵੀ ਵਿਅਕਤੀ ਮਾਂ ਦਾ ਕਰਜ਼ਾ ਸਾਰੀ ਉਮਰ ਨਹੀਂ ਉਤਾਰ ਸਕਦਾ। ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਦੇ ਬੱਚੇ ਪੜ੍ਹ ਲਿਖ ਕੇ ਵੱਡੇ ਅਫਸਰ ਭਾਵ ਉੱਚੇ ਅਹੁਦੇ ਤੇ ਪਹੁੰਚਣ। ਮਾਂ ਕਿੰਨੀਆਂ ਮੁਸ਼ਕਲਾਂ ਵਿੱਚ ਆਪਣੇ ਬੱਚਿਆਂ ਨੂੰ ਪਾਲਦੀ-ਪੋਸਦੀ ਹੈ, ਇਹ ਸਿਰਫ਼ ਮਾਂ ਹੀ ਜਾਣਦੀ ਹੈ। ਮਾਂ ਦਾ ਕਰਜ਼ ਬੱਚੇ ਸਾਰੀ ਉਮਰ ਨਹੀਂ ਉਤਾਰ ਸਕਦੇ। ਇਹ ਵੀ ਕਿਹਾ ਜਾਂਦਾ ਹੈ ਕਿ ਮਾਂ ਦਾ ਕਰਜ਼ ਸੱਤ ਜਨਮਾਂ ਤੱਕ ਉਤਾਰਿਆ ਨਹੀਂ ਜਾ ਸਕਦਾ। ਫਿਰ ਵੀ ਪਤਾ ਨਹੀਂ ਕਿਉਂ ਮਾਂ ਜਿਸ ਨੇ ਬੱਚਿਆਂ ਦਾ ਹਰ ਦਰਦ ਆਪਣੇ ਸਰੀਰ ਤੇ ਝੱਲਿਆ, ਨੂੰ ਅੱਜ ਦੋ ਰੋਟੀਆਂ ਬਦਲੇ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ। ਮਾਂ ਜਿਸ ਨੇ ਪੋਤੇ-ਪੋਤੀਆਂ ਨਾਲ ਘਰ ’ਚ ਹੱਸ-ਖੇਡ ਕੇ, ਬੱਚਿਆਂ ਨਾਲ ਲਾਡ-ਪਿਆਰ ਕਰਕੇ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰਨਾ ਹੁੰਦਾ ਹੈ, ਉਹ ਬਿਰਧ ਆਸ਼ਰਮ ’ਚ ਇਕੱਲੀ ਰਹਿੰਦੀ ਹੈ ਤੇ ਆਪਣਾ ਦੁੱਖ ਵੀ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ। ਬੇਸ਼ੱਕ ਬਿਰਧ ਆਸ਼ਰਮ ਵਿੱਚ ਉਸ ਨੂੰ ਪੇਟ ਭਰਨ ਲਈ ਰੋਟੀ, ਪਹਿਨਣ ਲਈ ਕੱਪੜਾ, ਰਹਿਣ ਲਈ ਕਮਰਾ ਤੇ ਹੋਰ ਸੁੱਖ ਸਹੂਲਤਾਂ ਮਿਲ ਜਾਂਦੀਆਂ ਹਨ, ਪਰ ਜੋ ਸੁੱਖ ਮਾਂ ਨੂੰ ਬੱਚਿਆਂ ਵੱਲੋਂ ਬੋਲੇ ਬੋਲ  ‘ਦਾਦੀ’, ‘ਵੱਡੇ ਮੰਮੀ’ ਸੁਣ ਕੇ ਮਿਲਦਾ ਹੈ, ਉਹ ਬਿਰਧ ਆਸ਼ਰਮਾਂ ’ਚ ਨਹੀਂ ਮਿਲਦਾ। ਪਹਿਲਾਂ ਦਾਦੀ ਮਾਂ ਆਪਣੇ ਪੋਤੇ-ਪੋਤੀਆਂ ਨੂੰ ਲਾਡ-ਪਿਆਰ ਕਰਦੀ, ਕਹਾਣੀਆਂ ਸੁਣਾਉਂਦੀ ਹੁੰਦੀ ਸੀ, ਪਰ ਅੱਜ ਬਜ਼ੁਰਗ ਮਾਂ ਨੂੰ ਬਹੁਤੇ ਘਰਾਂ ’ਚ ਦੁਰਕਾਰ ਦਿੱਤਾ ਜਾਂਦਾ ਹੈ। ਮਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਜੇਕਰ ਬੱਚਿਆਂ ਨੇ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰ ਲਈ ਤਾਂ ਉਹਨਾਂ ਨੂੰ ਕਿਸੇ ਵੀ ਧਰਮ ਅਸਥਾਨ ’ਤੇ ਯੱਗ ਜਾਂ ਪੁੰਨ ਕਰਨ ਦੀ ਲੋੜ ਨਹੀਂ। ਜੇਕਰ ਮਾਂ-ਬਾਪ ਦੀ ਸੇਵਾ ਨਹੀਂ ਕੀਤੀ ਤਾਂ ਜਿੰਨੇ ਮਰਜ਼ੀ ਦਾਨ ਪੁੰਨ ਕਰ ਲਉ, ਭੰਡਾਰੇ ਲਾ ਲਉ, ਉਹ ਸੇਵਾ ਪ੍ਰਵਾਨ ਨਹੀਂ ਹੁੰਦੀ। ਹਾਂ, ਅੱਜ-ਕੱਲ੍ਹ ਦੇ ਬੱਚੇ ਪੁਰਾਣੇ ਜ਼ਮਾਨੇ ਦੇ ਖ਼ਿਆਲਾਂ ਵਾਲੇ ਨਹੀਂ। ਇਸ ਲਈ ਬਜ਼ੁਰਗ ਮਾਂ-ਬਾਪ ਨੂੰ ਵੀ ਬੱਚਿਆਂ (ਨੂੰਹਾਂ-ਪੁੱਤਰਾਂ) ਨਾਲ ਪ੍ਰੇਮ-ਪਿਆਰ ਨਾਲ ਬੋਲਣਾ ਚਾਹੀਦਾ ਹੈ। ਕਿਉਂਕਿ ਨਿੱਕੀ-ਨਿੱਕੀ ਗੱਲ ਤੋਂ ਹੀ ਘਰ ਵਿੱਚ ਦਰਾੜ ਪੈ ਜਾਂਦੀ  ਹੈ। ਜੇਕਰ ਮਾਂ-ਬਾਪ ਆਪਣੇ ਬੱਚਿਆਂ ਨਾਲ ਪ੍ਰੇਮ-ਪਿਆਰ ਨਾਲ ਵਰਤਾਓ ਕਰਨ ਤਾਂ ਕਦੇ ਕਿਸੇ ਮਾਂ-ਬਾਪ ਨੂੰ ਆਪਣਾ ਘਰ ਤਿਆਗ ਕੇ ਬਿਰਧ ਆਸ਼ਰਮ ਦਾ ਸਹਾਰਾ ਨਹੀਂ ਲੈਣਾ ਪਵੇਗਾ। ਪੰਜਾਬ ਦੇ ਪ੍ਰਸਿੱਧ ਗੀਤਕਾਰ ਪਾਲੀ ਦੇਤਵਾਲੀਆਂ ਨੇ ਮਾਂ ਦੇ ਬਾਰੇ ਇੱਕ ਗੀਤ ਵਿੱਚ ਇੰਜ ਜ਼ਿਕਰ ਕੀਤਾ ਹੈ।
             ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ।
ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ।
ਮਾਂ ਬਿਨਾਂ ਨਾ ਕੋਈ ਲਾਡ ਲਡਾਉਂਦਾ।
ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ।
ਕੋਈ ਨਾ ਫੜਦਾ ਬਾਂਹ ਓ ਦੁਨੀਆਂ ਵਾਲਿਓ।
ਮਾਂ ਦੀ ਪੂਜਾ ਰੱਬ ਦੀ ਪੂਜਾ।
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ।

ਮਾਂ ਦਾ ਜਿੰਨਾਂ ਵੀ ਸਤਿਕਾਰ ਤੇ ਸੇਵਾ ਕਰੀਏ ਉਹ ਥੋੜ੍ਹਾ ਹੈ। ਉਸ ਦਾ ਦੇਣਾ (ਕਰਜ਼) ਸਾਰੀ ਉਮਰ ਨਹੀਂ ਉਤਾਰ ਸਕਦੇ।
ਅੱਜ ਮਾਂ ਦਿਵਸ ਤੇ ਇਹ ਪ੍ਰਣ ਕਰੀਏ ਕਿ ਅਸੀਂ ਮਾਂ ਦੀ ਸੇਵਾ ਤੇ ਸਤਿਕਾਰ ਕਰਾਂਗੇ। ਮਾਂ ਆਪਣੇ ਬੱਚਿਆਂ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨਾਲ ਘਰ ਵਿੱਚ ਸੁੱਖਾਂ ਭਰਿਆ ਜੀਵਨ ਬਤੀਤ ਕਰੇ। ਇਹੀ ਅਸੀਂ ਸਾਰੇ ਚਾਹੁੰਦੇ ਹਾਂ।

  ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰ:1, ਚੰਡੀਗੜ੍ਹ ਰੋਡ,।ਜਮਾਲਪੁਰ, ਲੁਧਿਆਣਾ।
E-mail- [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਜੁਗ ਜੁਗ ਜੀਵਨ ਜੱਗ ਤੇ ਮਾਵਾਂ”
Next articleਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.)ਪੰਜਾਬ ਵੱਲੋਂ ਮੋਜੂਦਾ ਹਾਲਾਤਾਂ ਨੂੰ ਦੇਖਦੇ ਕੀਤੀ, ਅਪੀਲ ਆਪਣੇ ਨੇੜੇ ਦੇ ਬਲੱਡ ਬੈਂਕਾਂ ਵਿੱਚ ਵੱਧ ਤੋਂ ਵੱਧ ਖੂਨਦਾਨ ਕਰੋ ….ਗੁਰਜੀਤ ਹੈਰੀ ਢਿੱਲੋਂ