HOME • ਬਲੈਕ ਆਊਟ •

• ਬਲੈਕ ਆਊਟ •

 (ਸਮਾਜ ਵੀਕਲੀ)  ਅਚਾਨਕ ਖ਼ਤਰੇ ਦਾ ਸਾਇਰਨ ਵੱਜਿਆ, ਆਲੇ-ਦੁਆਲੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਕਿਸੇ ਧਾਰਮਿਕ ਅਸਥਾਨ ‘ਤੇ ਮੌਜੂਦ ਹਜ਼ਾਰਾਂ ਦੀ ਗਿਣਤੀ ‘ਚ ਲੋਕ ਆਸਥਾ ਦੀ ਟੁੱਭੀ ਲਾ ਰਹੇ ਸਨ। ਉੱਥੇ ਲੋਕਾਂ ਦਾ ਕਾਫ਼ੀ ‘ਕੱਠ ਸੀ। ਸਾਇਰਨ ਦੀ ਆਵਾਜ਼ ਤੋਂ ਘਬਰਾ ਕੇ ਉੱਥੇ ਮੌਜੂਦ ਹਜ਼ਾਰਾਂ ਦੀ ਗਿਣਤੀ ‘ਚ ਲੋਕ ਭੱਜਣ ਲੱਗੇ, ਇੱਕ ਦੂਜੇ ਨੂੰ ਲਤਾੜਦੇ ਗਏ। ਰੱਬ ਦੀ ਬੰਦਗੀ ਚੀਕ-ਚਿਹਾੜੇ ‘ਚ ਬਦਲ ਗਈ। ਜਦੋਂ ਸਭ ਲੰਘ ਗਏ ਤਾਂ ਥੱਲੇ ਵਿੱਛੀਆਂ ਰਹਿ ਗਈਆਂ ਸਿਰਫ਼ ਲਾਸ਼ਾ, ਉਨ੍ਹਾਂ ਦੀਆਂ ਲਾਸ਼ਾਂ ਜੋ ਭੱਜ ਨਾ ਸਕੇ। ਸਮਾਨ ਖਿੱਲਰਿਆ ਪਿਆ ਸੀ, ਚੱਪਲਾਂ ਦੇ ਜੋੜੇ ਅਲੱਗ-ਅਲੱਗ ਹੋਏ ਅਲੱਗ-ਅਲੱਗ ਥਾਵਾਂ ‘ਤੇ ਖਿਲਰੇ ਪਏ ਸਨ। ਮੈਂ ਇੱਕ ਪਾਸੇ ਕੰਧ ਨਾਲ਼ ਲੱਗਿਆ ਖੜ੍ਹਾ ਸਭ‌ ਦੇਖ ਰਿਹਾ ਸੀ।

ਸਕੂਲਾਂ ‘ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ, ਲੋਕਾਂ ਦੇ ਘਰਾਂ ਦੇ ਨਾਲ-ਨਾਲ ਗੁਰੂ ਘਰਾਂ ‘ਚ ਵੀ ਲਾਈਟਾਂ ਭਜਾ ਦਿੱਤੀਆਂ ਗਈਆਂ। ਬਲੈਕ ਆਊਟ ਦਾ ਐਲਾਨ ਹੋ ਚੁੱਕਿਆ ਸੀ। ਚਾਰੇ ਪਾਸੇ ਹਨੇਰਾ ਪਸਰ ਗਿਆ, ਚਮਕ ਰਹੇ ਸ਼ਹਿਰ ਦੀ ਰੋਸ਼ਨੀ ਮਿੰਟਾਂ ‘ਚ ਹੀ ਸੌਂ ਗਈ।

ਮੈਂ ਚੱਲ ਕੇ ਥੋੜ੍ਹਾ ਜਿਹਾ ਅੱਗੇ ਗਿਆ। ਇੱਕ ਘਰ ਦੀ ਬਾਰੀ ਰਾਹੀਂ ਦੇਖਿਆ ਇੱਕ ਆਦਮੀ ਨਾਲ-ਨਾਲ ਸ਼ਰਾਬ ਪੀ ਰਿਹਾ ਸੀ ਤੇ ਨਾਲ-ਨਾਲ ਖਬਰਾਂ ਦੇਖ ਰਿਹਾ ਸੀ। ਨਿਊਜ਼ ਚੈਨਲਾਂ ‘ਤੇ ਪੈ ਰਿਹਾ ਸ਼ੋਰ ਮੇਰੇ ਕੰਨਾਂ ਨੂੰ ਚੀਰ ਰਿਹਾ ਸੀ। ਐਂਕਰ ਇਸ ਤਰ੍ਹਾਂ ਬੋਲ ਰਿਹਾ ਸੀ ਜਿਵੇਂ ਉਹ ਜੰਗ ਦੇ ਮੈਦਾਨ ‘ਚ ਮਾਈਕ ਦੀ ਜਗ੍ਹਾ ਮਿਜ਼ਾਇਲ ਚੱਕੀ ਖੜ੍ਹਾ‌ ਹੋਵੇ। ਉਸ ਦੇ ਭੈਅ ਖਵਾਉਂਦੇ ਬੋਲ ਸੁਣ ਉਸ ਸ਼ਰਾਬੀ ਨੂੰ ਸ਼ਰਾਬ ਨਸ਼ਾ ਨੀਂ ਕਰ ਰਹੀ ਸੀ।‌ ਸਮਝ ਨੀਂ ਆ ਰਹੀ ਸੀ ਕਿ ਇਹ ਨਿਊਜ਼ ਚੈਨਲਾਂ ਆਲੇ ਜੰਗ ਲਵਾਉਣ‌ ਦੇ ਹੱਕ ਵਿੱਚ ਨੇ ਜਾਂ ਵਿਰੋਧ ਵਿੱਚ, ਫਿਰ ਸੋਚਿਆ ਕਾਰਪੋਰੇਟ ਲਈ ਤਾਂ ਲੱਗੀ ਜੰਗ ‘ਚ ਵੀ ਫ਼ਾਇਦਾ।

ਮੈਂ ਥੋੜ੍ਹਾ ਹੋਰ ਅੱਗੇ ਗਿਆ। ਉੱਥੇ ਵੀ ਲੋਕ ਹਫ਼ੜਾ-ਦਫੜੀ ਵਿੱਚ ਆਪਣੇ ਘਰਾਂ ਨੂੰ ਜਾ ਰਹੇ ਸਨ।‌ ਪੈਟਰੋਲ ਪੰਪ ‘ਤੇ ਲੋਕਾਂ ਦੀ ਭਾਰੀ ਲਾਈਨ ਲੱਗੀ ਹੋਈ ਸੀ। ਲੋਕ ਆਪਣੇ ਸਾਧਨਾਂ ਦੀਆਂ ਟੈਂਕੀਆਂ ਭਰਾਉਣ ਲੱਗੇ ਹੋਏ ਸਨ, ਪ੍ਰਚੂਨ ਦੀਆਂ ਦੁਕਾਨਾਂ ‘ਤੇ ਲੋਕ ਸੌਦਿਆਂ ਦੇ ਥੈਲੇ ਭਰ ਰਹੇ ਸਨ। ਮੇਰੇ ਖੜ੍ਹੇ-ਖੜ੍ਹੇ ਇੱਕ ਬਜ਼ੁਰਗ ਨੂੰ ਅਟੈਕ ਆ ਗਿਆ ਤੇ ਕੁੱਝ ਬੰਦੇ ਉਸ ਬਜ਼ੁਰਗ ਨੂੰ ਚੱਕ ਹਸਪਤਾਲ ਦੀ ਜਗ੍ਹਾ ਦੁਕਾਨ ਦੇ ਅੰਦਰ ਹੀ ਲ਼ੈ ਕੇ ਵੜ੍ਹ ਗਏ। ਖ਼ਤਰੇ ਦਾ ਸਾਈਰਨ ਲਗਾਤਾਰ ਵੱਜ ਰਿਹਾ ਸੀ। ਅਨਾਊਂਸਮੈਂਟ ਹੋ ਰਹੀ ਸੀ,
” ਜੰਗ ਲੱਗਣ ਆਲੀ ਆ…ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਚੱਲੇ ਜਾਓ… ਤੇ ਸਾਰੀਆਂ ਲਾਈਟਾਂ ਬੰਦ ਕਰਦੋ..”
ਹੁਣ ਮੈਂ ਵੀ ਆਪਣੇ ਘਰ ਵੱਲ ਨੂੰ ਮੂੰਹ ਕੀਤਾ। ਘਰ ਜਾਂਦੇ ਹੋਏ ਮੈਂ ਦੇਖਿਆ ਤਿੰਨ ਕੁ ਬੰਦੇ ਕਿਸੇ ਦੁਕਾਨ ਦਾ ਤਾਲਾ ਤੋੜ੍ਹਨ ਤੋਂ ਬਾਅਦ ਚੋਰੀ ਕਰਨ ਲਈ ਦੁਕਾਨ ‘ਚ ਵੜ੍ਹ ਗਏ। ਅਜੇ ਮੈਂ ਉਨ੍ਹਾਂ ਨੂੰ ਦੇਖ ਹੀ ਰਿਹਾ ਸੀ ਜਦ ਨੂੰ ਬੰਬਾਂ ਦੀ ਆਵਾਜ਼ ਮੇਰੇ ਕੰਨੀਂ ਪੈਣ ਲੱਗੀ । ਅਸਮਾਨ ‘ਤੇ ਕੁੱਝ ਡ੍ਰੋਨ ਦਿੱਖਣ ਲੱਗੇ। ਧਮਾਕਿਆਂ ਦੀ ਆਵਾਜ਼ ਵਿੱਚ ਵਾਧਾ ਹੋ ਗਿਆ। ਅਸਮਾਨ ਕਾਲੇ ਤੋਂ ਲਾਲ ਹੋ ਗਿਆ। ਸਭ ਪਾਸੇ ਪਿੱਟ ਸਿਆਪਾ ਸ਼ੁਰੂ ਹੋ ਗਿਆ। ਵੱਡੀਆਂ-ਵੱਡੀਆਂ ਬਿਲਡਿੰਗਾਂ ਮਿੰਟਾਂ ‘ਚ ਮਿੱਟੀ ਬਣ ਗਈਆਂ। ਅਸਮਾਨ ‘ਤੇ ਮੌਤ ਆਪਣਾ ਤਾਂਡਵ ਮਚਾ ਰਹੀ ਸੀ‌।

ਮੈਂ ਆਪਣੀ ਚਾਲ ਤੇਜ਼ ਕਰ ਲਈ। ਮੈਂ ਆਪਣੇ ਘਰ ਪਹੁੰਚਣ ਹੀ ਵਾਲ਼ਾ ਸੀ ਜਦ ਨੂੰ ਮੇਰੀ ਨਿਗ੍ਹਾ ਉੱਪਰ ਨੂੰ ਪਈ, ਉੱਪਰ ਡ੍ਰੋਨ ‘ਚੋਂ ਨਿੱਕਲਿਆ ਗੋਲਾ ਮੇਰੇ ਵੱਲ਼ ਨੂੰ ਆ ਰਿਹਾ ਸੀ‌। ਮੈਂ ਘਬਰਾ ਕੇ ਉੱਥੇ ਹੀ ਖੜ੍ਹ ਗਿਆ। ਮੈਨੂੰ ਮੇਰੀ ਮੌਤ ਮੇਰੇ ਨੇੜੇ ਹੀ ਦਿੱਖ ਰਹੀ ਸੀ। ਮੈਂ ਡਰ ਕੇ ਆਪਣੀਆਂ ਦੋਨਾਂ ਅੱਖਾਂ ਬੰਦ ਕਰ ਲਈਆਂ। ਅਚਾਨਕ ਮੇਰੀ ਮਾਂ ਦੀ ਆਵਾਜ਼ ਮੇਰੇ ਕੰਨੀਂ ਪਈ, “ਉੱਠਜਾ ਹੁਣ… ਕਿਹੜਾ ਟੈਮ ਹੋ ਗਿਆ… ਕੰਮ ‘ਤੇ ਨੀਂ ਜਾਣਾ …?”

ਮੈਂ ਉੱਭਰ ਕੇ ਉੱਠਿਆ ਤੇ ਦੇਖਿਆ ਮੇਰੀ ਮਾਂ ਮੇਰੇ ਕੋਲ਼ ਖੜ੍ਹੀ ਸੀ। ਮੈਂ ਆਲੇ-ਦੁਆਲੇ ਦੇਖਦੇ ਹੋਏ ਨੇ ਆਪਣੀ ਮਾਂ ਨੂੰ ਕਿਹਾ, “ਸ਼ੁਕਰਾ ਮੰਮੀ… ਤੂੰ ‘ਠਾਲ ਲਿਆ ਮੈਨੂੰ… ਬਸ ਮਰਨ ਹੀ ਆਲਾ ਸੀ ਸੁਫ਼ਨੇ ‘ਚ ਮੈਂ ਬੰਬ ਨਾਲ਼…”
ਮੇਰੀ ਮਾਂ ਬੋਲੀ, “ਜਦੋਂ ਤਾਂ ਸਾਰਾ ਦਿਨ ਖ਼ਬਰਾਂ ‘ਚ ਵੜ੍ਹਿਆ ਰਹਿਣੈਂ….ਫੇਰ ਇਹੋ ਜਹੇ ਉਂਟ ਪਟਾਂਗ ਸੁਪਨੇ ਹੀ ਆਉਂਣਗੇ ਤੈਨੂੰ… ਨਾਲੇ ਚਾਹੇ ਜਿੰਨਾਂ ਮਰਜ਼ੀ ਭੈੜਾ ਸੁਫ਼ਨਾ ਹੋਵੇ…ਪਰ ਸੁਪਨੇ ‘ਚ ਕਦੇ ਬੰਦਾ ਨੀਂ ਮਰਦਾ…”

ਮੈਂ ਉੱਠਿਆ, ਟੀ.ਵੀ. ਵਾਲੇ ਕਮਰੇ ‘ਚ ਗਿਆ। ਨਿਊਜ਼ ਚੈਨਲ ‘ਤੇ ਬੋਲਦੇ ਐਂਕਰ ਦੀ ਆਵਾਜ਼ ਮੇਰੇ ਕੰਨ ਪਾੜ ਰਹੀ ਸੀ, “ਹੋ ਗਿਆ ਹੈ ਜੰਗ ਕਾ ਐਲਾਨ… ਪਾਕਿਸਤਾਨ ਨੇ ਕੀ ਗੋਲਾਬਾਰੀ… ਭਾਰਤ ਨੇ ਦੀਯਾ ਮੂੰਹ ਤੋੜ ਜਵਾਬ… ਸਭੀ ਔਰ ਮਚਾ ਕੌਹਰਾਮ…. ਤੋਪ ਗੋਲੋ ਸੇ ਦਹਿਲੀ ਧਰਤੀ… ਅਬ ਨਾ ਹੋਗੀ ਦੇਰ, ਲਾਸ਼ੋਂ ਕੇ ਲਗੇਂਗੇ ਡੇਰ….” ਮੈਂ ਟੀ. ਵੀ. ਬੰਦ ਕਰਦੇ ਨੇ ਕਚੀਚੀ ਵੱਟ ਕੇ ਕਿਹਾ, “ਕਾਸ਼..! ਇਨ੍ਹਾਂ ਦੇ ਸਟੂਡਿਓਆਂ ‘ਚ ਵੀ ਹੋਜਵੇ ਬਲੈਕ ਆਊਟ…” ਮੈਂ ਆਪਣਾ ਮੁਬਾਇਲ ਵੀ ਸਵਿੱਚ ਆਫ ਕੀਤਾ ਤੇ ਟੀ.ਵੀ. ਆਲੇ ਕਮਰੇ ‘ਚ ਲੱਗੇ ਸੋਫੇ ‘ਤੇ ਦੁਬਾਰਾ ਲੇਟ ਗਿਆ।

• ਜੋਬਨ ਖਹਿਰਾ •

Previous articleਵਿਰਾਟ ਕੋਹਲੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਵਿਚਾਰ ਕਰ ਰਹੇ ਹਨ, BCCI ਨੇ ਉਨ੍ਹਾਂ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ
Next article“ਜੁਗ ਜੁਗ ਜੀਵਨ ਜੱਗ ਤੇ ਮਾਵਾਂ”