HOME ਨਵਾਂਸ਼ਹਿਰ ਖੇਤਰ ‘ਚ ਮੱਕੀ ਦੇ ਅਚਾਰ ਦਾ ਰੁਝਾਨ ਜ਼ੋਰਾਂ ‘ਤੇ, ਪਸ਼ੂਆਂ ਦਾ...

ਨਵਾਂਸ਼ਹਿਰ ਖੇਤਰ ‘ਚ ਮੱਕੀ ਦੇ ਅਚਾਰ ਦਾ ਰੁਝਾਨ ਜ਼ੋਰਾਂ ‘ਤੇ, ਪਸ਼ੂਆਂ ਦਾ ਦੁੱਧ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਿਲ ਰਿਹਾ ਰੁਜ਼ਗਾਰ :ਸੁਰਜੀਤ ਸਿੰਘ ਦੋਭਾਲੀ

2
ਫੋਟੋ ਕੈਪਸ਼ਨ ਕਿਸਾਨ ਸੁਰਜੀਤ ਸਿੰਘ ਦੋਭਾਲੀ ਜਾਣਕਾਰੀ ਦਿੰਦੇ ਹੋਏ
ਨਵਾਂਸ਼ਹਿਰ,  (ਸਮਾਜ ਵੀਕਲੀ)    (ਜਤਿੰਦਰ ਪਾਲ ਸਿੰਘ ਕਲੇਰ) : ਪੰਜਾਬ ਦੇ ਦੁਆਬਾ ਖੇਤਰ ਵਿੱਚ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਮੱਕੀ ਦਾ ਹਰਾ ਅਚਾਰ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਇੱਕ ਵੱਡਾ ਵਰਦਾਨ ਸਾਬਤ ਹੋ ਰਿਹਾ ਹੈ। ਅੱਜ-ਕੱਲ੍ਹ ਨਵਾਂਸ਼ਹਿਰ ਜ਼ਿਲ੍ਹੇ ਦੇ ਕੰਡੀ ਅਤੇ ਮੰਡ ਖੇਤਰਾਂ ਸਮੇਤ ਪੂਰੇ ਦੁਆਬੇ ਵਿੱਚ ਮੱਕੀ ਦੇ ਅਚਾਰ ਪਾਉਣ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਦੋਭਾਲੀ ਨੇ ਇਸ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਆਧੁਨਿਕ ਤਰੀਕਾ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਵਧਾਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਬੇਹੱਦ ਲਾਹੇਵੰਦ ਸਿੱਧ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚੋਂ ਖੜ੍ਹੀ ਮੱਕੀ ਦੀ ਫਸਲ, ਜਿਸ ਵਿੱਚ ਮੱਕੀ ਦੀਆਂ ਛੱਲੀਆਂ ਦੇ ਦਾਣੇ ਪੂਰੀ ਤਰ੍ਹਾਂ ਮੌਜੂਦ ਹੁੰਦੇ ਹਨ, ਨੂੰ ਆਧੁਨਿਕ ਮਸ਼ੀਨਾਂ ਰਾਹੀਂ ਵੱਢ ਕੇ ਅਤੇ ਕੁਤਰ ਕੇ ਅਚਾਰ ਤਿਆਰ ਕੀਤਾ ਜਾਂਦਾ ਹੈ। ਇਹ ਅਚਾਰ ਜ਼ਮੀਨ ਵਿੱਚ ਵੱਡੇ ਖੱਡੇ (ਟੋਏ) ਪੁੱਟ ਕੇ ਉਸ ਵਿੱਚ ਦੱਬ ਕੇ ਉੱਪਰੋਂ ਚੰਗੀ ਤਰ੍ਹਾਂ ਕਵਰ ਕਰ ਦਿੱਤਾ ਜਾਂਦਾ ਹੈ, ਜੋ ਕਿ ਸੱਤ-ਅੱਠ ਮਹੀਨਿਆਂ ਤੋਂ ਲੈ ਕੇ ਇੱਕ ਸਾਲ ਤੱਕ ਖਰਾਬ ਨਹੀਂ ਹੁੰਦਾ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਦਾ ਹੈ। ਇਹ ਅਚਾਰ ਪਸ਼ੂਆਂ ਲਈ ਪਰੰਪਰਾਗਤ ਤੂੜੀ ਅਤੇ ਹੋਰ ਮਹਿੰਗੇ ਚਾਰਿਆਂ ਨਾਲੋਂ ਕਾਫੀ ਸਸਤਾ ਪੈਂਦਾ ਹੈ, ਜਿਸ ਨਾਲ ਪਸ਼ੂ ਪਾਲਕਾਂ ਦਾ ਖਰਚਾ ਘੱਟਦਾ ਹੈ ਅਤੇ ਮੁਨਾਫਾ ਵੱਧਦਾ ਹੈ। ਇਸ ਖੇਤਰ ਵਿੱਚ ਡੇਅਰੀ ਉਦਯੋਗ ਨੂੰ ਹੁਲਾਰਾ ਦੇਣ ਲਈ ਮੰਡੇਰਾ, ਭਰਥਲਾ ਅਤੇ ਮੰਡ ਵਰਗੇ ਇਲਾਕਿਆਂ ਵਿੱਚ ਛੋਟੀਆਂ-ਛੋਟੀਆਂ ਇੰਡਸਟਰੀਆਂ ਅਤੇ ਫੈਕਟਰੀਆਂ ਸਥਾਪਿਤ ਹੋ ਚੁੱਕੀਆਂ ਹਨ। ਇਹ ਫੈਕਟਰੀਆਂ ਮੱਕੀ ਦੇ ਚਾਰੇ ਨੂੰ ਕੁਤਰ ਕੇ ਅਤੇ ਵਿਸ਼ੇਸ਼ ਮਸ਼ੀਨਾਂ ਰਾਹੀਂ ਪ੍ਰੈੱਸ ਕਰਕੇ ਅਚਾਰ ਦੀਆਂ ਛੋਟੀਆਂ-ਵੱਡੀਆਂ ਗੱਠਾਂ ਤਿਆਰ ਕਰਦੀਆਂ ਹਨ। ਇਹ ਗੱਠਾਂ ਉਨ੍ਹਾਂ ਛੋਟੇ ਕਿਸਾਨਾਂ ਜਾਂ ਡੇਅਰੀ ਮਾਲਕਾਂ ਲਈ ਬਹੁਤ ਫਾਇਦੇਮੰਦ ਹਨ ਜਿਨ੍ਹਾਂ ਕੋਲ ਜ਼ਮੀਨ ਦੀ ਘਾਟ ਹੈ, ਕਿਉਂਕਿ ਉਹ ਆਪਣੀ ਲੋੜ ਅਨੁਸਾਰ ਇੱਕ-ਦੋ ਜਾਂ ਵੱਧ ਕੁਇੰਟਲ ਦੀਆਂ ਗੱਠਾਂ ਆਸਾਨੀ ਨਾਲ ਖਰੀਦ ਸਕਦੇ ਹਨ।ਇਸ ਨਵੇਂ ਰੁਝਾਨ ਨੇ ਇਲਾਕੇ ਦੇ ਸੈਂਕੜੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਇਸ ਸਮੇਂ ਖੇਤਰ ਵਿੱਚ ਸੈਂਕੜੇ ਟਰੈਕਟਰ-ਟਰਾਲੀਆਂ ਅਤੇ ਆਧੁਨਿਕ ਮਸ਼ੀਨਾਂ ਮੱਕੀ ਦੀ ਕਟਾਈ ਅਤੇ ਕੁਤਰਾਈ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ, ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਚੰਗੀ ਕਮਾਈ ਹੋ ਰਹੀ ਹੈ। ਦੂਜੇ ਪਾਸੇ, ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਵੀ ਇਸ ਦਾ ਦੋਹਰਾ ਫਾਇਦਾ ਮਿਲ ਰਿਹਾ ਹੈ ਕਿਉਂਕਿ ਉਹ ਇਸ ਫਸਲ ਦੀ ਜਲਦੀ ਕਟਾਈ ਕਰਕੇ ਸਾਲ ਵਿੱਚ ਵਾਧੂ ਫਸਲਾਂ ਲੈਣ ਦੇ ਸਮਰੱਥ ਹੋ ਜਾਂਦੇ ਹਨ। ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਪੈਦਾ ਹੋਣ ਵਾਲਾ ਉੱਚ ਗੁਣਵੱਤਾ ਵਾਲਾ ਦੁੱਧ ਨਾ ਸਿਰਫ ਪੂਰੇ ਪੰਜਾਬ, ਬਲਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਵੱਡੇ ਪੱਧਰ ‘ਤੇ ਸਪਲਾਈ ਕੀਤਾ ਜਾਂਦਾ ਹੈ, ਜਿਸ ਵਿੱਚ ਮੱਕੀ ਦੇ ਇਸ ਸਸਤੇ ਅਤੇ ਪੌਸ਼ਟਿਕ ਅਚਾਰ ਦਾ ਬਹੁਤ ਵੱਡਾ ਯੋਗਦਾਨ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਿਊਨਿਸੀਪਲ ਕਮੇਟੀ ਚੋਣਾਂ ‘ਚ ਸ਼ਹਿਰੀ ਇਲਾਕਿਆਂ ‘ਚ ਬਸਪਾ ਦੇ ਹਾਥੀ ਦਾ ਜਿੱਤਣਾ 2027 ਦੀ ਜਿੱਤ ਦਾ ਸੁਨੇਹਾ : ਡਾ. ਕਰੀਮਪੁਰੀ
Next articleਕਾਰ ਦਾ ਸਤੁੰਨਲ ਵਿਗੜਨ ਨਾਲ ਕਾਰ ਪਲਟੀਆਂ ਖਾਂਦੀ ਹੋਈ ਖੇਤਾਂ ਵਿੱਚ ਜਾ ਡਿੱਗੀ ਵੱਡਾ ਹਾਦਸਾ ਹੋਣੋ ਟਲਿਆ