101ਵੇਂ ਨੰਬਰ ਦੀ ਲੱਜ–ਪਾਲ

ਡਾ. ਸਵਾਮੀ ਸਰਬਜੀਤ
 (ਸਮਾਜ ਵੀਕਲੀ) ਮੇਰਾ ਬਾਪੂ ਰੇਲਵੇ ਵਿਭਾਗ ਵਿੱਚ ਸੀ (ਸਟੇਸ਼ਨ ਸੁਪਰਡੈਂਟ), ਇਸ ਕਰਕੇ ਹਰੇਕ 4 ਸਾਲ ਬਾਅਦ ਬਦਲੀ ਹੋ ਜਾਂਦੀ। ਮੇਰੀ ਜ਼ਿੰਦਗੀ ਸਦਾ ਜਿਪਸੀਆਂ (ਵਣਜਾਰਿਆਂ/ਗਾਡੀ–ਲੁਹਾਰਾਂ) ਵਰਗੀ ਰਹੀ। ਅੱਜ ਇਸ ਸ਼ਹਿਰ, ਕੱਲ੍ਹ ਉਸ ਸ਼ਹਿਰ, ਪਰਸੋਂ ਕਿਸੇ ਹੋਰ ਸ਼ਹਿਰ। ਇਸ ਵਜ੍ਹਾ ਇਹ ਹੋਇਆ ਕਿ ਮੇਰਾ ਕਿਸੇ ਥਾਂ ਨਾਲ਼ ਕਦੇ ਵੀ, ਬਹੁਤਾ ਮੋਹ ਨਾ ਬਣ ਸਕਿਆ। ਸੱਦਾ ਸਿੰਘ ਵਾਲ਼ਾ, ਛੀਂਟਾ ਵਾਲ਼ਾ, ਲਾਲੜੂ, ਧੂਰੀ, ਰਾਮਪੁਰਾ ਫੂਲ, ਬਠਿੰਡਾ, ਤਪਾ, ਭੁੱਚੂ, ਬਠਿੰਡਾ ਛਾਉਣੀ… ਕਿੰਨੇ ਹੀ ਸਟੇਸ਼ਨ/ਸ਼ਹਿਰ ਗਾਹੇ।
ਵੱਡੀ ਸਮੱਸਿਆ ਇਹ ਸੀ ਕਿ ਹਰੇਕ ਚਾਰ ਸਾਲ ਬਾਅਦ ਸਟੇਸ਼ਨ ਬਦਲਦਾ, ਸ਼ਹਿਰ ਬਦਲਦਾ, ਮੇਰਾ ਸਕੂਲ ਵੀ ਬਦਲ ਜਾਂਦਾ (ਇਸੇ ਵਜ੍ਹਾ ਮੇਰੇ ਸਕੂਲੀ ਦੋਸਤਾਂ ਨਾਲ਼ ਮੇਰੀ ਕੋਈ ਨੇੜਤਾ ਨਹੀਂ।) ਇੱਕ ਸਮੱਸਿਆ ਇਹ ਵੀ ਹੁੰਦੀ ਕਿ ਡੈਡੀ ਹੁਰਾਂ ਦੀ ਬਦਲੀ ਸਾਲ ਦੇ ਅੱਧ ਜਿਹੇ ਵਿੱਚ ਹੁੰਦੇ, ਜਦੋਂ ਸਕੂਲਾਂ ਦਾ ਵੀ ਅੱਧ ਸੈਸ਼ਨ ਹੁੰਦਾ ਸੀ, ਇਸੇ ਲਈ ਇੱਕ ਸਕੂਲ ਛੱਡ ਕੇ, ਦੂਜੇ ਸਕੂਲ ਵਿੱਚ ਦਾਖ਼ਲਾ ਲੈਣ ਵੇਲ਼ੇ ਵੀ ਸਮੱਸਿਆ ਹੁੰਦੀ ਸੀ (ਬਾਪੂ ਇਸ ਸਮੱਸਿਆ ਨਾਲ਼ ਕਿਵੇਂ ਨਜਿੱਠਦਾ ਸੀ, ਨਹੀਂ ਪਤਾ!!)
ਸੋ ਜੀ, ਡੈਡੀ ਦੀ ਬਦਲੀ ਹੋਈ ਬਠਿੰਡਾ, ਮੇਰਾ ਦਾਖ਼ਲਾ ਹੋਇਆ ਦੇਸਰਾਜ ਸ.ਸੀ.ਸੈ.ਸ., ਬਠਿੰਡਾ ਵਿਖੇ। (ਔਖਾ ਹੀ ਹੋਇਆ ਸੀ ਮੈਨੂੰ ਯਾਦ ਹੈ। ਨਾਲ਼ ਲਗਦੇ ਇਹ ਗੱਲ ਵੀ ਚੇਤੇ ਕਰਵਾ ਦੇਵਾਂ ਕਿ ਮੈਂ ਸਦਾ ਮੁੰਡਿਆਂ ਆਲ਼ੇ ਸਕੂਲ ਵਿੱਚ ਹੀ ਪੜ੍ਹਿਆ ਹਾਂ। ਕੋ–ਐਡ ਵਿੱਚ ਨਹੀਂ। ਪਤਾ ਨਹੀਂ ਬਾਪੂ ਦੀ ਸਕੀਮ ਸੀ ਕਿ ਸੁਭੈਕੇ ਹੀ ਸੀ।) ਸੋ ਦੇਸਰਾਜ ਸਕੂਲ ਵਿੱਚ ਮੇਰੀ ਐਂਟਰੀ ਹੋਈ। ਮਸਾਂ 10–12 ਦਿਨ ਹੀ ਬੀਤੇ ਹੋਣਗੇ ਕਿ ਹਾਊਸ–ਐਗਜ਼ਾਮ ਸ਼ੁਰੂ ਹੋ ਗਏ।  ਐਗਜ਼ਾਮ ਨਿੱਬੜੇ, ਟੀਚਰ ਕਲਾਸ ਵਿੱਚ ਪੇਪਰਾਂ ਦੀ ਪਰਫ਼ਾਰਮੈਂਸ ਦੱਸਣ ਲੱਗੇ। ਸਭ ਤੋਂ ਪਹਿਲਾਂ ਜਿਸ ਪੇਪਰ ਦਾ ਖ਼ੁਲਾਸਾ ਹੋਇਆ, ਉਹ ਸੀ ਪੰਜਾਬੀ ਦਾ ਪੇਪਰ। ਅਮਰਜੀਤ ਕੌਰ ਮੈਡਮ ਪੜ੍ਹਾਉਂਦੇ ਸੀ, ਬਿਰਧ ਸੀ, ਰਿਟਾਇਰਮੈਂਟ ਦੇ ਨੇੜੇ। ਉਨ੍ਹਾਂ ਨੰਬਰ ਦੱਸ–ਦੱਸ ਕੇ ਪੇਪਰ ਵੰਡੇ। ਮੇਰਾ ਪੇਪਰ ਆਇਆ ਤਾਂ ਬੋਲਿਆ ਕਿ ਫ਼ਲਾਂ ਰੋਲ ਨੰ….. ਦੇ ਨੰਬਰ ਨੇ 100…. ਫੇਰ ਕਹਿੰਦੇ 100 ਵਿੱਚੋਂ 100… ਕਿਹੜਾ ਸੂਰਮਾ ਇਹ…? ਮੈਂ ਸੰਗਦਾ, ਝਿਜਕਦਾ ਜਿਹਾ ਉੱਠਿਆ…
ਮੈਡਮ ਕਹਿੰਦੇ, ”ਤੂੰ ਤਾਂ ਹਾਲੇ ਹੁਣੇ ਆਇਐਂ ਨਾ ਸਕੂਲ ਵਿੱਚ?”
ਮੈਂ ਕਿਹਾ, ”ਹਾਂ ਜੀ, ਉਹ ਮੇਰੇ ਡੈਡੀ ਰੇਲਵੇ…”
ਮੈਡਮ ਵਿਚਾਲ਼ਿਓਂ ਟੋਕ ਕੇ ਕਹਿੰਦੇ, ”ਆਹ ਇੰਨੀ ਸੋਹਣੀ ਪੰਜਾਬੀ ਤੇ ਇੰਨੇ ਸੋਹਣੇ ਢੰਗ ਨਾਲ਼ ਲਿਖਣੀ ਤੈਨੂੰ ਕੀਹਨੇ ਸਿਖਾਈ ਐ ?”
ਮੈਂ ਕਿਹਾ, ”ਜੀ ਟੀਚਰਾਂ ਨੇ…!”
ਉਹ ਕਹਿੰਦੇ, ”ਟੀਚਰ ਤਾਂ ਸਾਰਿਆਂ ਨੂੰ ਸਿਖਾਉਂਦੇ ਆ ਪਰ ਤੈਨੂੰ ਇੰਨੀ ਪੰਜਾਬੀ ਕਿਵੇਂ ਆਗੀ?”
ਮੈਂ ਕਿਹਾ, ”ਭੈਣਜੀ ਜੀ, ਮੈਨੂੰ ਪੰਜਾਬੀ ਬਧੀਆ ਲਗਦੀ ਐ ਜੀ!”
ਮੈਡਮ ਨੇ ਮੇਰੇ ਪੇਪਰ ਉੱਤੇ ਕੁਝ ਕਾਰਵਾਈ ਕਰਦਿਆਂ ਕਿਹਾ, ”ਸਰਬਜੀਤ ਸਿੰਘ, ਤੇਰੇ ਪੰਜਾਬੀ ਵਿੱਚੋਂ 100 ਵਿੱਚੋਂ 100 ਨੰਬਰ ਆਏ ਨੇ, ਪਰ ਜਿਹੋ–ਜਿਹਾ ਤੂੰ ਪੇਪਰ ਕਰਿਆ ਤੇਰੇ ਤਾਂ ਸੌ ਵਿੱਚੋਂ…” ਫੇਰ ਮੈਡਮ ਨੇ ਮੇਰਾ ਪੇਪਰ ਕਲਾਸ ਨੂੰ ਦਿਖਾਉਂਦਿਆਂ ਕਿਹਾ, ”ਮੈਂ ਤੈਨੂੰ 100 ਵਿੱਚੋਂ 101 ਨੰਬਰ ਦੇ ਰਹੀ ਆਂ…. ਜੇ ਤੈਨੂੰ ਪੰਜਾਬੀ ਇੰਨੀ ਓ ਚੰਗੀ ਲਗਦੀ ਐ ਨਾ… ਤਾਂ ਪੰਜਾਬੀ ਦਾ ਲੜ ਨਾ ਛੱਡੀਂ…!”
ਮੈਂ ਮਾਣ ਮਹਿਸੂਸ ਕਰਦਿਆਂ ਕਿਹਾ, ”ਨਹੀਂ ਛੱਡਦਾ ਜੀ…!”
ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕਿੰਨੇ ਮਾਣਮੱਤੇ ਪਲ ਸਨ…. 100 ਵਿੱਚੋਂ 101 ਨੰਬਰ ਲੈਣੇ…
ਮੈਂ ਹੁਣ ਪੰਜਾਬੀ ਦਾ ਅਧਿਆਪਕ ਆਂ, ਕਾਲਜਾਂ ਵਿੱਚ ਪੜ੍ਹਾਇਆ, ਹੁਣ ਯੂਨੀ. ਵਿੱਚ ਜਵਾਕਾਂ ਨੂੰ ਪੰਜਾਬੀ ਪੜ੍ਹਾ ਰਿਹਾਂ…
ਮੇਰੇ ਕੋਲ਼ ਆਪਸ਼ਨਾਂ ਹੋਰ ਬਥੇਰੀਆਂ ਸਨ (ਥੀਏਟਰ, ਫ਼ਿਲਮਾਂ, ਮਿਊਜ਼ਿਕ) ਮੈਂ ਐਮ.ਏ. ਵੀ 3 ਕੀਤੀਆਂ (ਰਾਜਨੀਤੀ, ਪੰਜਾਬੀ, ਥੀਏਟਰ) ਪਰ ਸਭ ਕਾਸੇ ਦੇ ਬਾਵਜੂਦ ਮੈਂ ਅਧਿਆਪਕ ਬਣਿਆ ਅਤੇ ਪੰਜਾਬੀ ਦਾ ਅਧਿਆਪਕ ਬਣਿਆ।
ਮੈਨੂੰ ਸਦਾ ਲਗਦਾ ਹੁੰਦੈ ਕਿ ਮੈਂ ਉਹ 101ਵੇਂ ਨੰਬਰ ਦੀ ਲੱਜ ਪਾਲ਼ ਰਿਹਾਂ। ਜੇ ਉਹ ਮੈਡਮ ਵਾਧੂ ਦਾ ਉਹ 1 ਨੰਬਰ ਨਾ ਦਿੰਦੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਮੈਂ ਕਿਤੇ ਹੋਰ ਬਗ ਜਾਂਦਾ…
ਕਈ ਰਿਣ ਹੁੰਦੇ ਨੇ, ਉਹ ਇੰਝ ਹੀ ਉਤਾਰਨੇ ਪੈਂਦੇ ਨੇ…
  ਡਾ ਸਵਾਮੀ ਸਰਬਜੀਤ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਧਰਮ ਤੇ ਗੁਰੂ ਨਾਨਕ!
Next articleRaj Kapoor’s birth centennial kicks off with auction of his memorabilia