ਨਿਮਰਤਾ

0
32
ਵੀਨਾ ਬਟਾਲਵੀ

(ਸਮਾਜ ਵੀਕਲੀ)

ਪਰਮਾਰਬ ਦੇ ਰਸਤੇ ਤੇ ਚੱਲਣ ਲਈ ਨਿਮਰਤਾ ਦਾ ਹੋਣਾ ਪਹਿਲੀ ਅਤੇ ਜ਼ਰੂਰੀ ਸ਼ਰਤ ਹੈ। ਜਿਸ ਤਰ੍ਹਾਂ ਹਵਾ ਤੋਂ ਬਿਨਾਂ ਗ਼ੁਬਾਰੇ ਦਾ ਉੱਡਣਾ ਅਸੰਭਵ ਹੈ, ਖੰਭਾਂ ਤੋਂ ਬਿਨਾਂ ਉਡਾਨ ਨਹੀਂ ਭਰੀ ਜਾ ਸਕਦੀ, ਊਰਜਾ ਤੋਂ ਬਿਨਾਂ ਜਿੰਦਾ ਨਹੀਂ ਰਿਹਾ ਜਾ ਸਕਦਾ ; ਠੀਕ ਇਸੇ ਤਰ੍ਹਾਂ ਹੀ ਨਿਮਰਤਾ ਤੋਂ ਬਿਨਾਂ ਪਰਮਾਤਮਾ ਨੂੰ ਪਾਉਣਾ ਅਸੰਭਵ ਹੈ।

ਪੰਜਾਂ ਵਿਕਾਰਾਂ ਵਿਚੋਂ ਵਿਅਕਤੀ ਕਾਮ, ਕ੍ਰੋਧ, ਲੋਭ, ਮੋਹ ਨੂੰ ਕੋਸ਼ਿਸ਼ ਕਰਕੇ ਤਿਆਗਣ ਵਿਚ ਜਲਦੀ ਸਫਲਤਾ ਹਾਸਲ ਕਰ ਸਕਦਾ ਹੈ ਪਰ ਹੰਕਾਰ ਜਾਂ ਹਉਮੈ ਨੂੰ ਤਿਆਗ ਕੇ ਨਿਮਰਤਾ ਹਾਸਲ ਕਰਨਾ ਬਹੁਤ ਮੁਸ਼ਕਲ ਕੰਮ ਹੈ। ਬੇਸ਼ੱਕ ਇਹ ਅਸੰਭਵ ਨਹੀਂ ਹੈ ਪਰ ਕਰਨਾ ਵੀ ਕੋਈ ਛੋਟਾ-ਮੋਟਾ ਜਾਂ ਸੌਖਾ ਕੰਮ ਨਹੀਂ ਹੈ। ਜੇ ਸਾਨੂੰ ਇਹ ਗਿਆਨ ਹੋ ਜਾਵੇ ਕਿ ਸੰਸਾਰ ਅਤੇ ਇਸ ਦੇ ਸ਼ਕਲਾਂ-ਪਦਾਰਥ ਅਤੇ ਪ੍ਰਾਪਤੀਆਂ ਨਾਸ਼ਵਾਨ ਹਨ ਤਾਂ ਅਸੀਂ ਕਦੇ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰ ਸਕਦੇ। ਹਾਲਾਂਕਿ ਇਸ ਸਭ ਦੀ ਜਾਣਕਾਰੀ ਅਸੀਂ ਸਭ ਰੱਖਦੇ ਹਾਂ।
ਗੁਰਬਾਣੀ ਵਿਚ ਅੰਗ 278 ਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਲੋਕ ਤੋਂ ਚੋਅ-ਚੋਅ ਪੈਂਦੀ ਨਿਮਰਤਾ ਸਾਫ਼ ਦਿਖਾਈ ਦਿੰਦੀ ਹੈ :

ਸੁਖੀ ਬਸੈ ਮਸਕੀਨੀਆ ਆਪ ਨਿਵਾਰਿ ਤਲੇ।।
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।।

ਮਸਕੀਨੀਆਂ ਇੱਕ ਵੱਡਾ ਪਹਿਲਵਾਨ ਸੀ। ਇਕ ਵਾਰ ਰਾਜਾ ਨੇ ਐਲਾਨ ਕੀਤਾ ਕਿ ਮਸਕੀਨੀਆਂ ਨੂੰ ਢਾਹੁਣ ਵਾਲੇ ਨੂੰ ਭਾਰਾ ਇਨਾਮ ਦਿੱਤਾ ਜਾਵੇਗਾ। ਇਕ ਗ਼ਰੀਬ ਦੀ ਲੜਕੀ ਦੀ ਸ਼ਾਦੀ ਸੀ। ਉਸ ਦੀ ਬੇਨਤੀ ਮੰਨ ਕੇ ਮਸਕੀਨੀਆਂ ਨੇ ਢਾਹ ਲਵਾ ਲਈ ਅਤੇ ਇਨਾਮ ਉਸ ਗ਼ਰੀਬ ਨੂੰ ਮਿਲ ਗਿਆ। ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ ਕਿ ਜੋ ਸੱਚੇ ਅਰਥਾਂ ਵਿਚ ਸ਼ਕਤੀਸ਼ਾਲੀ ਹੁੰਦੇ ਹਨ, ਉਨ੍ਹਾਂ ਵਿਚ ਪੂਰਨ ਨਿਮਰਤਾ ਹੁੰਦੀ ਹੈ ਜਦਕਿ ਵੱਡੇ ਵੱਡੇ ਹੰਕਾਰੀ ਲੋਕ ਹੰਕਾਰ ਵਿਚ ਹੀ ਗਲ ਗਏ।

ਜਿਸ ਤਰ੍ਹਾਂ ਉਸ ਵਾਹਿਗੁਰੂ ਦੀ ਰਹਿਮਤ ਤੋਂ ਬਿਨਾਂ ਜੀਵ ਗੁਰੂ ਨੂੰ ਨਹੀਂ ਪਾ ਸਕਦਾ। ਠੀਕ ਉਸੇ ਤਰ੍ਹਾਂ ਹੀ ਉਸ ਦੀ ਕਿਰਪਾ ਤੋਂ ਬਿਨਾਂ ਕਿਸੇ ਜੀਵ ਦੇ ਹਿਰਦੇ ਵਿਚ ਨਿਮਰਤਾ ਦਾ ਵਾਸ ਨਹੀਂ ਹੋ ਸਕਦਾ।

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ।।
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੇ।।

ਹੇ ਨਾਨਕ ! ਉਹ ਪਰਮ ਪਿਤਾ ਪਰਮਾਤਮਾ ਜਿਸ ਜੀਵ ਦੇ ਹਿਰਦੇ ਵਿਚ ਨਿਮਰਤਾ ਪਾਉਂਦਾ ਹੈ ਫਿਰ ਉਹੀ ਜੀਵ ਇਸ ਜ਼ਿੰਦਗੀ ਵਿਚ ਮਾਇਆ ਦੇ ਬੰਧਨਾਂ ਅਤੇ ਵਿਸ਼ੇ-ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਅਤੇ ਮੌਤ ਤੋਂ ਬਾਅਦ ਵੀ ਪਰਲੋਕ ਵਿਚ ਸੁਖ ਪਾਉਂਦਾ ਹੈ।

ਸੋ ਇਸ ਕਰਕੇ ਅਸੀਂ ਆਪਣੇ ਅੰਦਰ ਨਿਮਰਤਾ ਧਾਰਨ ਕਰਨ ਲਈ ਉਸ ਸੱਚੇ ਸਤਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਹੇ! ਸੱਚੇ ਪਾਤਸ਼ਾਹ ਮੇਰੇ ਤੇ ਰਹਿਮ ਕਰ, ਬਖਸ਼ਿਸ਼ ਕਰ, ਮੇਰੇ ਹਿਰਦੇ ਵਿਚ ਨਿਮਰਤਾ ਦਾ ਵਾਸ ਕਰ ਤਾਂ ਕਿ ਮੈਂ ਆਪਣੇ ਇਸ ਮਨੁੱਖਾ ਜੀਵਨ ਨੂੰ ਸਫ਼ਲ ਕਰਕੇ ਸੰਸਾਰ ਤੋਂ ਜਾਵਾਂ।

ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ ਬਟਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly