ਸਿੱਖ ਧਰਮ ਤੇ ਗੁਰੂ ਨਾਨਕ!

         (ਸਮਾਜ ਵੀਕਲੀ)
ਗੁਰੂ ਨਾਨਕ ਸਾਹਿਬ ਨੇ ਕਿਸੇ ਨਵੇਂ ਧਰਮ ਨੂੰ ਜਨਮ ਨਹੀਂ ਦਿੱਤਾ, ਉਹ ਤਾਂ ਮਨੁੱਖ ਜਾਤੀ ਨੂੰ ਧਰਮਾਂ ਦੀਆਂ ਵਲ਼ਗਣਾਂ ਤੋਂ ਮੁਕਤ ਅਜ਼ਾਦ ਇਨਸਾਨ ਬਣਾਉਣਾ ਚਾਹੁੰਦੇ ਸਨ, ਜੋ ਸਭ ਦਾ ਭਾਈ ਹੋਵੇ ਤੇ ਸਭ ਉਸਦੇ ਭਾਈ ਹੋਣ। ਗੁਰੂ ਸਾਹਿਬਾਨ ਤੇ ਹੁਣ ਉਨ੍ਹਾਂ ਦੀ ਬਾਣੀ ਇੱਕ ਅਜਿਹਾ ਮਨੁੱਖ ਤਿਆਰ ਕਰਨਾ ਚਾਹੁੰਦੀ ਹੈ, ਜੋ ਧਰਮਾਂ, ਮਜ਼੍ਹਬਾਂ, ਫ਼ਿਰਕਿਆਂ, ਵਿਚਾਰਧਾਰਾਵਾਂ, ਜਾਤਾਂ, ਰੰਗਾਂ, ਨਸਲਾਂ, ਇਲਾਕਿਆਂ, ਦੇਸ਼ਾਂ ਦੇ ਬੰਧਨਾਂ ਤੋਂ ਮੁਕਤ ਅਜ਼ਾਦ ਤੇ ਨਿਰਲੇਪ ਹੋਵੇ।
ਪਰ ਉਨ੍ਹਾਂ ਦੇ ਨਾਮ ਤੇ ਚੱਲ ਰਿਹਾ ਸਿੱਖ ਫ਼ਿਰਕਾ, ਗੁਰੂ ਦੇ ਸਿੱਖਾਂ ਨੇ ਨਹੀਂ, ਸਗੋਂ ਇਤਿਹਾਸਿਕ ਤੌਰ ਤੇ ਗੁਰੂਆਂ ਦੇ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਨਾਮ
ਤੇ ਖੜਾ ਕੀਤਾ ਸੀ। ਗੁਰੂਆਂ ਦੇ ਵਿਰੋਧੀ ਹੀ ਉਨ੍ਹਾਂ ਦੀ ਵਿਚਾਰਧਾਰਾ ਤੇ ਪਿੱਛਲੇ 300 ਸਾਲਾਂ ਤੋਂ ਕਾਬਿਜ ਚਲੇ ਆ ਰਹੇ ਹਨ, ਬੇਸ਼ਕ ਸਮੇਂ ਨਾਲ਼ ਉਨ੍ਹਾਂ ਦੇ ਨਾਮ, ਪਹਿਰਾਵੇ, ਸੰਸਥਾਵਾਂ ਦੇ ਨਾਮ ਤੇ ਕੰਮ ਕਰਨ ਦੇ ਢੰਗ ਬਦਲਦੇ ਆ ਰਹੇ ਹਨ। ਪਰ ਖ਼ਾਸਾ ਸਭ ਦਾ ਪੁਰਾਣੇ ਧਰਮਾਂ ਦੇ ਪੁਜਾਰੀਆਂ ਵਾਲ਼ਾ ਹੀ ਹੈ ਕਿ ਮਨੁੱਖ ਨੂੰ ਧਰਮਾਂ, ਜਾਤਾਂ, ਕੌਮਾਂ, ਦੇਸ਼ਾਂ, ਫ਼ਿਰਕਿਆਂ ਦੇ ਨਾਮ ਤੇ ਵੰਡ ਕੇ ਧਾਰਮਿਕ ਕਰਮਕਾਂਡਾਂ ਵਿੱਚ ਉਲਝਾ ਕੇ ਲੁੱਟਣਾ ਕਿਵੇਂ ਹੈ?
ਪ੍ਰਚਲਤ ਸਿੱਖ ਧਰਮ (ਫ਼ਿਰਕਾ) ਗੁਰੂਆਂ ਦੀ ਮੌਲਿਕ ਵਿਚਾਰਧਾਰਾ ਨੂੰ ਨਾ ਸਿਰਫ ਪੂਰੀ ਤਰ੍ਹਾਂ ਨਕਾਰ ਚੁੱਕਾ ਹੈ, ਸਗੋਂ ਉਸ ਤੋਂ ਬਿਲਕੁਲ ਉਲਟ ਦਿਸ਼ਾ ਵੱਲ ਤੇਜ਼ੀ ਨਾਲ਼ ਭੱਜ ਰਿਹਾ ਹੈ। ਹੁਣ ਇਸਨੂੰ ਸੁਧਾਰਨ ਜਾਂ ਮੁੜ ਲੀਹਾਂ ਤੇ ਲਿਆਉਣ ਦਾ ਕੋਈ ਵੀ ਯਤਨ ਸਾਰਥਿਕ ਨਹੀਂ ਹੋ ਸਕਦਾ।
ਗੁਰੂ ਸਾਹਿਬਾਨ ਨੇ ਉਨ੍ਹਾਂ ਦੇ ਸਮਿਆਂ ਦੇ ਪ੍ਰਚਲਤ ਧਾਰਮਿਕ ਫ਼ਿਰਕਿਆਂ, ਉਨ੍ਹਾਂ ਦੇ ਪੁਜਾਰੀਆਂ ਅਤੇ ਉਨ੍ਹਾਂ ਦੀਆਂ ਪ੍ਰੰਪਰਾਵਾਂ ਰੱਦ ਕਰਕੇ ਇੱਕ ਨਵੇਂ ਮਨੁੱਖ ਦੀ ਸਿਰਜਨਾ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਨ੍ਹਾਂ ਅਨੁਭਵ ਕਰ ਲਿਆ ਸੀ ਕਿ ਸਮਾਜ ਨੂੰ ਸਮੁੱਚੇ ਤੌਰ ਤੇ ਕਦੇ ਬਦਲਿਆ ਨੀ ਜਾ ਸਕਦਾ। ਸਿਰਫ ਮਨੁੱਖ ਦੇ ਹੀ ਬਦਲਣ ਦੀ ਸੰਭਾਵਨਾ ਹੈ।
ਜਿਸ ਤਰ੍ਹਾਂ ਗੁਰੂਆਂ ਨੇ ਉਨ੍ਹਾਂ ਦੇ ਸਮਿਆਂ ਦੇ ਪ੍ਰਚਲਤ ਧਾਰਮਿਕ ਫ਼ਿਰਕਿਆਂ ਨੂੰ ਰੱਦ ਕਰਕੇ ਨਵਾਂ ਤੇ ਅਜ਼ਾਦ ਰਾਹ ਚੁਣਿਆ, ਸਾਡੇ ਕੋਲ਼ ਵੀ ਇਹੀ ਰਸਤਾ ਹੈ ਕਿ ਜੇ ਅਸੀਂ ਆਪਣੇ-ਆਪਣੇ ਤੌਰ ਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਅਜ਼ਾਦ ਮਨੁੱਖ ਬਣਨਾ ਹੈ ਤਾਂ ਇਹ ਸਮਾਂ ਵਿਹਾਅ ਚੁੱਕੀਆਂ ਪ੍ਰੰਪਰਾਵਾਂ ਤੇ ਫੋਕਟ ਰੀਤਾਂ-ਰਸਮਾਂ ਨੂੰ ਛੱਡ ਕੇ ਹੀ ਸੰਭਵ ਹੈ। ਹੁਣ ਇਸ ਵਿੱਚ ਸੁਧਾਰ ਦੇ ਕੋਈ ਵੀ ਯਤਨ ਕਾਮਯਾਬ ਨਹੀਂ ਹੋ ਸਕਦੇ। ਇਸ ਲਈ ਹੁਣ ਗੁਰੂ ਗ੍ਰੰਥ ਸਾਹਿਬ ਦੀ  ਵਿਚਾਰਧਾਰਾ ਦੀ ਅਜੋਕੇ ਸਮੇਂ ਅਨੁਸਾਰ ਵਿਆਖਿਆ ਅਧਾਰਿਤ ਹੀ ਕੁਝ ਲੋਕ-ਪੱਖੀ ਕੀਤਾ ਜਾ ਸਕਦਾ। ਜੇ ਇਹ ਧਰਮ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਦਾ ਕੋਈ ਹੱਲ ਨਹੀ ਪੇਸ਼ ਕਰ ਸਕਦੇ ਤਾਂ ਇਨ੍ਹਾਂ ਦਾ ਕੋਈ ਲਾਭ ਨਹੀਂ।
ਹਰਚਰਨ ਸਿੰਘ ਪ੍ਰਹਾਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਿਕ੍ਰਿਸ਼ਨ ਪਬਲਿਕ ਦੀ ਅਧਿਆਪਕਾ ਸੁਮਨ ਨੂੰ ਮਿਲਿਆ ਬੈਸਟ ਟੀਚਰ ਐਵਾਰਡ
Next article101ਵੇਂ ਨੰਬਰ ਦੀ ਲੱਜ–ਪਾਲ