ਖੰਡ ਮਿਸ਼ਰੀ ਵਰਗੀ ਸੁਰੀਲੀ ਸੁਰ ਲੋਕ ਗਾਇਕ ਸੁਰਿੰਦਰਜੀਤ ਮਖਸੂਦਪੁਰੀ ਆਪਣੇ ਨਵੇਂ ਸਿੰਗਲ ਟ੍ਰੈਕ ‘ਤੂੰ ਵੀ ਭੁੱਲ ਜਾਹ’ ਨਾਲ ਫਿਰ ਹੋਇਆ ਸਰਗਰਮ ਮਕਸੂਦਪੁਰੀ ਸਰੋਤਿਆਂ ਨੂੰ ਦੇ ਚੁੱਕਾ ਦਰਜਨਾਂ ਹਿੱਟ ਗੀਤ

ਸੁਰਿੰਦਰਜੀਤ ਮਖਸੂਦਪੁਰੀ

ਕਨੇਡਾ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਉੰਝ ਤਾਂ ਸੰਗੀਤ ਨੂੰ ਇੱਕ ਵਿਸ਼ਾਲ ਸਮੁੰਦਰ ਦਾ ਨਾਮ ਦਿੱਤਾ ਗਿਆ ਹੈ, ਜਿਸ ਵਿੱਚ ਨਿੱਤ ਦਿਨ ਨਵੇਂ ਨਵੇਂ ਸੰਗੀਤ ਦੇ ਫ਼ਨਕਾਰ ਸੁਰੀਲੀਆਂ ਸੁਰਾਂ ਜਨਮ ਲੈਂਦੀਆਂ ਹਨ ਅਤੇ ਆਪਣੀਆਂ ਮੰਜ਼ਿਲਾਂ ਸਮੇਂ ਨਾਲ ਤੈਅ ਕਰਦੀਆਂ ਉੱਚ ਉਚਾਈਆਂ ਨੂੰ ਛੂਹ ਲੈਂਦੀਆਂ ਹਨ। ਪਰ ਕਈ ਕਲਾਕਾਰ ਇਸ ਸੰਗੀਤ ਨੁਮਾ ਸਮੁੰਦਰ ਵਿੱਚ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਜਿਵੇਂ ਪਰਮਾਤਮਾ ਵਲੋਂ ਹੀ ਸੰਗੀਤ ਦੀ ਸੁਰ ਪ੍ਰਦਾਨ ਹੋਈ ਹੁੰਦੀ ਹੈ ਤੇ ਉਹਨਾਂ ਦੇ ਗਲੇ ਵਿੱਚ ਅਜਿਹੀ ਮਿਠਾਸ ਸਰਸਵਤੀ ਨੇ ਭਰੀ ਹੁੰਦੀ ਹੈ ਕਿ ਉਹ ਹਰ ਕਿਸੇ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੇ ਹਨ । ਅੱਜ ਜਿਸ ਲੋਕ ਗਾਇਕ ਦੀ ਮੇਰੀ ਕਲਮ ਗੱਲ ਕਰਨ ਜਾ ਰਹੀ ਹੈ ਉਸ ਲੋਕ ਗਾਇਕ ਨੂੰ ਪੰਜਾਬੀ ਸੰਗੀਤ ਦੇ ਨੀਲੇ ਗਗਨ ਵਿੱਚ ਸੁਰੀਲੀ ਸੁਰ ਜਿਵੇਂ ਖੰਡ ਤੇ ਮਿਸ਼ਰੀ ਦਾ ਸੁਮੇਲ ਹੋਵੇ ਸੁਰਿੰਦਰਜੀਤ ਮਕਸੂਦਪੁਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ,ਜਿਸ ਦਾ ਨਾਮ ਅੱਜ ਹਰ ਪੰਜਾਬੀ ਦੀ ਜੁਬਾਨ ਤੇ ਸੁਰੀਲੇ ਗਾਇਕਾਂ ਦੀ ਕਤਾਰ ਦੇ ਪਹਿਲੇ ਤੇ ਸਥਾਪਿਤ ਕਲਾਕਾਰਾਂ ਵਜੋਂ ਗੂੰਜਦਾ ਹੈ। ਸੁਰਿੰਦਰਜੀਤ ਮਕਸੂਦਪੁਰੀ ਬਚਪਨ ਤੋਂ ਹੀ ਗਾਇਕੀ ਦੀ ਸੁਰੀਲੀ ਮੁਹਾਰਤ ਰੱਖਣ ਵਾਲਾ ਕਲਾਕਾਰ ਹੈ , ਜਿਸ ਨੇ ਹੁਣ ਤੱਕ ਦਰਜਨਾਂ ਹਿੱਟ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ । ਉਸ ਦਾ ਕਹਿਣਾ ਹੈ ਕਿ ‘ਜਿਹਦੇ ਮੂੰਹ ਨੂੰ ਯਾਰੋ ਲੱਗ ਜਾਵੇ ਖੰਡ ਮਿਸ਼ਰੀ ਉੱਥੇ ਲੂਣ ਦੀਆਂ ਡਲੀਆਂ ਨੂੰ ਕੌਣ ਪੁੱਛਦਾ”‘ ਗੀਤ ਉਸ ਦੀ ਪਹਿਚਾਣ ਦਾ ਗੀਤ ਹੈ, ਜਿਸ ਗੀਤ ਨੇ ਉਸ ਦੀ ਸੁਰੀਲੀ ਸੁਰ ਨੂੰ ਮਣਾਂ ਮੂੰਹੀਂ ਮੁਹੱਬਤਾਂ ਦੇ ਨਾਲ ਓਤ ਪੋਤ ਕਰ ਦਿੱਤਾ ।ਇਸ ਗੀਤ ਨੇ ਉਸ ਦੀ ਗਾਇਕੀ ਖੇਤਰ ਵਿੱਚ ਮਕਬੂਲੀਅਤ ਸਿੱਧੀ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤੀ । ਉਸ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਕਸੂਦਪੁਰ (ਨੇੜੇ ਭੁਲੱਥ) ਵਿੱਚ ਮਾਤਾ ਸ਼੍ਰੀਮਤੀ ਮਹਿੰਦਰ ਕੌਰ ਦੀ ਕੁੱਖੋਂ ਪਿਤਾ ਸ਼੍ਰੀਮਾਨ ਗੁਲਜ਼ਾਰ ਮਸੀਹ ਦੇ ਗ੍ਰਹਿ ਵਿਖੇ ਹੋਇਆ। ਮੁੱਢਲੀ ਵਿੱਦਿਆ ਉਸ ਨੇ ਪਿੰਡ ਤੋਂ ਹਾਸਲ ਕਰਕੇ ਗੌਰਮਿੰਟ ਰਣਧੀਰ ਕਾਲਜ ਕਪੂਰਥਲਾ ਤੋਂ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ । ਡੀ ਏ ਵੀ ਕਾਲਜ ਜਲੰਧਰ ਵਿੱਚ ਭੰਗੜੇ ਦੀ ਟੀਮ ਦੀ ਕਪਤਾਨੀ ਕਰਦਿਆਂ ਉਸ ਨੇ ਗ੍ਰੈਜੂਏਸ਼ਨ ਵਿੱਚ ਦਾਖਲਾ ਲਿਆ । ਇੱਥੇ ਪੜ੍ਹਦਿਆਂ ਹੀ ਉਸ ਨੂੰ ਪ੍ਰਸਿੱਧ ਸੰਗੀਤ ਅਹਿਲਕਾਰ ਪ੍ਰੋਫੈਸਰ ਬੀ ਐਸ ਨਾਰੰਗ ਜੀ ਦੀ ਪਾਰਖੂ ਅੱਖ ਨੇ ਦੇਖਿਆ, ਬਸ ਫਿਰ ਕੀ ਸੀ ਕਿਸਮਤ ਅਤੇ ਸੁਰ ਦਾ ਸੁਰੀਲਾ ਸਿਤਾਰਾ ਚਮਕ ਉਠਿਆ, ਮਕਸੂਦਪੁਰੀ ਨੇ ਸੰਗੀਤ ਦੇ ਮਹਾਨ ਧਨੰਤਰ ਉਸਤਾਦ ਪ੍ਰੋਫੈਸਰ ਬੀ ਐਸ ਨਾਰੰਗ ਜੀ ਨੂੰ ਆਪਣਾ ਉਸਤਾਦ ਬਣਾ ਲਿਆ ਤੇ ਸੰਗੀਤ ਦੇ ਪਿੜ ਵਿੱਚ ਕੁੱਦ ਉਤਰਿਆ। ਉਸ ਦੀ ਗਾਇਕੀ ਦੇ ਸਫ਼ਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲਗਾਤਾਰ ਤਿੰਨ ਸਾਲ ਲੋਕ ਗੀਤ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਤਹਿਲਕਾ ਮਚਾ ਦਿੱਤਾ । ਇੰਟਰਵਸਟੀ ਮੁਕਾਬਲਿਆਂ ਵਿੱਚ ਦਿੱਲੀ ਪੰਜਾਬੀ ਅਕੈਡਮੀ ਵਿੱਚੋਂ ਵੀ ਪਹਿਲਾ ਸਥਾਨ ਲਿਆ। ਉਸ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਡੀ ਏ ਵੀ ਕਾਲਜ ਦੀ ਮੈਨੇਜਮੈਂਟ ਵਲੋਂ ਉਸਨੂੰ ਅਨੇਕਾਂ ਵਾਰ ਕਈ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਲੰਧਰ ਦੂਰਦਰਸ਼ਨ ਦੇ ਵਰਾਇਟੀ ਪ੍ਰੋਗਰਾਮ ‘ਸ਼ਾਮ ਸੰਧੂਰੀ ‘ ਵਿੱਚ ਉਸ ਤੇ ਆਏ ਗੀਤ “ਜਿਹਦੇ ਮੂੰਹ ਨੂੰ ਲੱਗ ਜਾਵੇ ਯਾਰੋ ਖੰਡ ਮਿਸ਼ਰੀ, ਉਥੇ ਲੂਣ ਦੀਆਂ ਡਲੀਆਂ ਨੂੰ ਕੌਣ ਪੁੱਛਦਾ” ਨੇ ਸੰਗੀਤਕ ਖੇਤਰ ਵਿੱਚ ਅਜਿਹੀ ਤਰਥੱਲੀ ਮਚਾਈ ਕੇ ਉਸ ਨੂੰ ਦਿਨ ਚੜ੍ਹਦਿਆਂ ਹੀ ਲੋਕਾਂ ਨੇ ਹੱਥਾਂ ਤੇ ਚੁੱਕ ਲਿਆ ਜਾਂ ਇੰਝ ਕਹਿ ਲਓ ਕਿ ਇਹ ਗੀਤ “ਖੰਡ ਮਿਸ਼ਰੀ” ਉਸ ਦੀ ਪਹਿਚਾਣ ਬਣਾਉਣ ਵਿੱਚ ਸੋਲਾਂ ਆਨੇ ਸੰਪੂਰਨ ਕਲਾ ਦਾ ਰੋਲ ਨਿਭਾ ਗਿਆ। ਪ੍ਰਸਿੱਧ ਸੰਗੀਤ ਸਮਰਾਟ ਉਸਤਾਦ ਚਰਨਜੀਤ ਅਹੂਜਾ ਨੇ ਉਸ ਦੀ ਟੇਪ 1996 ਵਿੱਚ “ਲੋਂਗ ਬੁਰਜੀਆਂ ਵਾਲਾ” ਦੇ ਟਾਈਟਲ ਹੇਠ ਰਿਲੀਜ ਕੀਤੀ । ਜਿਸ ਦੇ ਗਾਣਿਆਂ ਨੂੰ ਲੋਕਾਂ ਨੇ ਮੋਹ ਦੀਆਂ ਤਲੀਆਂ ਤੇ ਰੱਖ ਕੇ ਮੁਹੱਬਤਾਂ ਦਾ ਤਾਜ ਪਹਿਨਾ ਦਿੱਤਾ । ਉਸ ਦੀਆਂ ਲਗਾਤਾਰ ਆਈਆਂ ਟੇਪਾਂ ਵਿੱਚ “ਆਹ ਪਿੰਡ ਸੱਜਣਾਂ ਦਾ” “ਕੋਸ਼ਿਸ਼” ‘ਪੀਂਘ ਸਾਡੀ ਤੇ ਹੁਲਾਰਾ ਕਿਸੇ ਹੋਰ ਦਾ, ‘ਸਾਥੋਂ ਕੀ ਛੁਪਾਉਂਦੀ ਵੈਰਨੇ ,’ ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀਂ ਸੀ ਆਉਂਦਾ, ‘ਭੁੱਲ ਨਹੀਂ ਸਕਦੀ ਤੈਨੂੰ ਦਿਲ ਤੋਂ ਲਾ ਕੇ ਬਹਿ ਗਈ ਆਂ ,ਮੈਂ ਤੇਰੇ ਲਈ ਜਾਨ ਦੁੱਖਾਂ ਵਿੱਚ ਪਾ ਕੇ ਬਹਿ ਗਈ ਆਂ ” ‘ਦਿਨ ਰਾਤੀਂ ਵੇ ਸੱਜਣਾ ਤੇਰੀ ਯਾਦ ਸਤਾਉਂਦੀ ਏ ‘ “ਹਾਲ ਚਾਲ ਤੇ ਠੀਕ ਜਿਹਾ ਪਰ ਪਹਿਲਾਂ ਵਰਗਾ ਨਹੀਂ”,
” ਮੋਰੀ ਦੀ ਨੀ ਲੱਗਦੀ ਇੱਟ ਚੁਬਾਰੇ ਨੂੰ” ‘ਕਿਹੜੀ ਘੜੀ ਅਸੀਂ ਤੈਨੂੰ ਪਿਆਰ ਕਰ ਬੈਠੇ ਹਾਂ ‘ “ਤੱਕਣੀ” ” ਕੰਡਿਆਂ ਤੋਂ ਬਚਦੇ ਫਿਰਦੇ ਸੀ ਫੁੱਲਾਂ ਤੋਂ ਜਖਮੀ ਹੋ ਗਏ ਆਂ” ” ਸੋਚਿਆ ਵੀ ਨਾ ਮੇਰੇ ਦਿਲ ਦੀ ਰਾਣੀ ਦੂਰ ਹੋ ਗਈ” ” ਮਰ ਜਾਣੀਏ ਤੂੰ ਆਉਣ ਦਾ ਵਾਅਦਾ ਕਰਕੇ ਤੇ ਸਹੀ, ਸਾਰੀ ਉਮਰ ਉਡੀਕਾਂ ਕਰ ਲਾਂ ਗੇ, ਅਨੇਕਾਂ ਸੁਪਰ ਡੁਪਰ ਹਿੱਟ ਗੀਤ  ਟੇਪਾਂ ਰਾਹੀਂ ਪੰਜਾਬੀਆਂ ਦੀ ਝੋਲੀ ਪਾਏ। ਉਹ ਆਪਣੇ ਫਰੈਂਡ ਸਰਕਲ ਵਿੱਚ ਗੀਤਕਾਰ ਨਰਿੰਦਰ ਜੱਗੀ,  ਪ੍ਰੋਫੈਸਰ ਗੁਰਨਾਮ ਸਿੰਘ, ਅਮਰਦੀਪ ਗਿੱਲ, ਜਸਵੀਰ ਗੁਣਾਚੌਰੀਆ, ਸੱਤਾ ਕੋਟਲੀ ਵਾਲਾ, ਸਾਜਨ ਕੁਹਾੜ, ਉਂਕਾਰ ਬਲਵੰਤ, ਬੱਲ ਬੁਤਾਲੇ ਵਾਲਾ, ਜੱਸਾ ਫਤਿਹਪੁਰੀਆ, ਬਿੱਲੂ ਬਲੀਪੁਰੀਆ ਸਮੇਤ ਕਈ ਹੋਰ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦੀ ਰਿਹਾ, ਜਿਨਾਂ ਨੇ ਉਸ ਦੇ ਸਮੇਂ ਸਮੇਂ ਬਾਂਹ ਫੜਕੇ ਉਸ ਨੂੰ ਕਾਮਯਾਬੀ ਦੀ ਮੰਜ਼ਿਲ ਵੱਲ ਤੋਰਿਆ । ਪੰਜਾਬ ਵਿੱਚ ਲੱਗਣ ਵਾਲੇ ਅਨੇਕਾਂ ਸੱਭਿਆਚਾਰਕ ਮੇਲਿਆਂ ਵਿੱਚ ਉਸਦਾ ਮਾਣ ਸਨਮਾਨ ਆਪਣੇ ਆਪ ਵਿੱਚ ਇੱਕ ਪਹਿਚਾਣ ਹੈ । ਇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਵਿੱਚ ਉਸਨੇ ਆਪਣੀ ਗਾਇਕੀ ਦੀ ਧਾਂਕ ਜਮਾਈ ਅਤੇ ਅਨੇਕਾਂ ਕੰਟਰੀਆਂ ਵਿੱਚ ਉਸਨੇ ਸਟੇਜ ਸ਼ੋਅ ਕਰਕੇ ਆਪਣੇ ਸੰਗੀਤ ਦਾ ਜਾਦੂ ਪੰਜਾਬੀ ਸਰੋਤਿਆਂ ਦੇ ਦਿਲਾਂ ਵਿੱਚ ਬਖੇਰਿਆ ।
ਹਾਲ ਹੀ ਵਿੱਚ ਉਸ ਨੇ ਆਪਣੀ ਚੁੱਪ ਤੋੜਦਿਆਂ ਇੱਕ ਖੂਬਸੂਰਤ ਟ੍ਰੈਕ ਆਰ ਜੇ ਬੀਟਸ ਯੂਐਸਏ ਅਤੇ ਪ੍ਰੋਡਿਊਸਰ ਰਾਮ ਭੋਗਪੁਰੀਆ ਦੀ ਅਗਵਾਈ ਹੇਠ “ਤੂੰ ਵੀ ਭੁੱਲ ਜਾਹ” ਟਾਈਟਲ ਹੇਠ ਰਿਲੀਜ਼ ਕੀਤਾ। ਜਿਸ ਦੀ ਪ੍ਰਮੋਸ਼ਨ ਲਈ ਪੰਜਾਬ ਦੇ ਸਮੁੱਚੇ ਸੀਨੀਅਰ ਕਲਾਕਾਰਾਂ ਨੇ ਆਪਣੀਆਂ ਸ਼ੁਭਕਾਮਨਾਵਾਂ ਸੋਸ਼ਲ ਮੀਡੀਆ ਰਾਹੀਂ ਗਾਇਕ ਸੁਰਿੰਦਰਜੀਤ ਮਕਸੂਦਪੁਰੀ ਨੂੰ ਦਿੱਤੀਆਂ। ਉਸ ਦੇ ਇਸ ਖੂਬਸੂਰਤ ਟ੍ਰੈਕ ਨੂੰ ਤਾਰੀ ਬੀਟ ਬਰੇਕਰਸ ਦੇ ਮਿਊਜਿਕ ਨੇ ਸ਼ਿੰਗਾਰਿਆ ਤੇ ਇਸ ਨੂੰ ਡਿੰਪਾ ਚੀਮਾ ਬਾਠ ਨੇ ਕਲਮਬੱਧ ਕੀਤਾ । ਮੁਨੀਸ਼ ਸ਼ਰਮਾ ਇਸ ਟਰੈਕ ਦੇ ਡਾਇਰੈਕਟਰ ਬਣੇ ਅਤੇ ਲੋਕ ਕਚਹਿਰੀ ਵਿੱਚ ਇਸ ਗੀਤ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ । ਅੱਜਕੱਲ੍ਹ ਸੁਰਿੰਦਰਜੀਤ ਮਕਸੂਦਪੁਰੀ ਪੱਕੇ ਤੌਰ ਤੇ ਕਨੇਡਾ ਦੇ ਮੋਂਟਰਿਅਲ ਸ਼ਹਿਰ ਵਿੱਚ ਪ੍ਰਵਾਸ ਕਰ ਚੁੱਕਾ ਹੈ ਅਤੇ ਪਰਿਵਾਰ ਨਾਲ ਆਪਣੀ ਸਕੂਨ ਭਰੀ ਜਿੰਦਗੀ ਬਿਤਾਉਂਦਿਆਂ ਪੰਜਾਬੀ ਮਾਂ ਬੋਲੀ ਦੀ ਸੇਵਾ ਆਪਣੀ ਗਾਇਕੀ ਰਾਹੀਂ ਕਰ ਰਿਹਾ ਹੈ । ਮਕਸੂਦਪੁਰੀ ਦਾ ਕਹਿਣਾ ਹੈ ਕਿ ਉਹ ਹੁਣ ਲਗਾਤਾਰ ਨਾਨ ਸਟਾਪ ਆਪਣੇ ਨਵੇਂ ਗੀਤਾਂ ਰਾਹੀਂ ਸਰੋਤਿਆਂ ਦੇ ਰੂਬਰੂ ਹੁੰਦਾ ਰਹੇਗਾ । ਪ੍ਰਮਾਤਮਾ ਕਰੇ ਉਸ ਦੀ ਗਾਇਕੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੀ ਪਹਿਲਾਂ ਵਾਂਗ ਸਰੋਤਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡਦੀ ਰਹੇ। ਮੇਰੀ ਇਹੀ ਦਿਲੀ ਦੁਆ ਹੈ , ਆਮੀਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਂਟੀ ਡੇਂਗੂ ਕੰਪੇਨ ਤਹਿਤ ਰੋਡਵੇਜ਼ ਵਰਕਸ਼ਾਪਾਂ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ‘ਤੇ ਲਾਰਵਾ ਚੈੱਕ ਕੀਤਾ, ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਤਹਿਤ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਕੀਤਾ ਜਾ ਰਿਹਾ ਹੈ ਜਾਗਰੂਕ – ਸਿਵਲ ਸਰਜਨ ਮਾਨਸਾ
Next articleਤੇਰਾ ਭਾਣਾ ਮੀਠਾ ਲਾਗੇ…