ਸਿੱਖਿਆ ਵਿਭਾਗ ਦੇ ਕੱਚੇ ਦਫਤਰੀ ਮੁਲਾਜ਼ਮ ਵੱਲੋਂ ਕਲਮ ਛੋੜ ਹੜਤਾਲ , ਸਿੱਖਿਆ ਵਿਭਾਗ ਦਾ ਕੰਮ-ਕਾਜ ਰਿਹਾ ਠੱਪ

ਬਿਨਾਂ ਪੇ ਸਕੇਲ, ਸੀ.ਐਸ.ਆਰ ਅਤੇ ਪੈਨਸ਼ਨਰੀ ਲਾਭ ਦਿੱਤੇ ਰੈਗੂਲਰ ਕਰਨ ਦਾ ਕੀਤਾ ਜਾ ਰਿਹਾ ਝੂਠਾ ਪ੍ਰਚਾਰ – ਰਮੇਸ਼ ਲਾਧੂਕਾ
ਗੋਰਮਿੰਟ ਟੀਚਰਜ਼ ਯੂਨੀਅਨ ,ਮਾਸਟਰ ਕੇਡਰ ਯੂਨੀਅਨ ਸਮੇਤ ਵੱਖ ਵੱਖ ਯੂਨੀਅਨਾਂ ਦੇ ਆਗੂ ਹੋਏ ਹੜਤਾਲ ਵਿੱਚ ਸ਼ਾਮਿਲ 
ਕਪੂਰਥਲਾ  , 6 ਜੁਲਾਈ (  ਕੌੜਾ  ) – ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਅਦਾ ਖਿਲਾਫੀ ਕਰਕੇ ਅੱਜ ਤੋਂ ਸਿੱਖਿਆ ਵਿਭਾਗ ਦੇ ਕੱਚੇ ਦਫਤਰੀ ਮੁਲਾਜ਼ਮ ਅਤੇ ਆਈ ਈ ਆਰ ਟੀ ਅਧਿਆਪਕਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਿਛਲੇ 10 ਮਹੀਨੇ ਤੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਸਰਕਾਰ ਪ੍ਰਚਾਰ ਕਰ ਰਹੀ ਹੈ । ਪਰ ਜੋ ਸੱਚਾਈ ਸਾਹਮਣੇ ਆਈ ਹੈ ਉਹ ਸ਼ਰੇਆਮ ਕੱਚੇ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਧੋਖਾ ਹੈ।ਪੰਜਾਬ ਸਰਕਾਰ ਬਿਨਾਂ ਪੇ ਸਕੇਲ, ਸੀ.ਐਸ.ਆਰ ਅਤੇ ਪੈਨਸ਼ਨਰੀ ਲਾਭ ਦਿੱਤੇ ਰੈਗੂਲਰ ਦੇ ਨਾਮ ਤੇ ਪ੍ਰਚਾਰ ਰੈਗੂਲਰ ਕਰਨ ਦਾ ਕਰ ਰਹੀ ਹੈ ਜੋ ਕਿ ਕੌਰਾ ਝੂਠ ਹੈ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਲਮ ਛੋੜ ਹੜਤਾਲ ਤੇ ਬੈਠੇ  ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਰਮੇਸ਼ ਕੁਮਾਰ ਲਾਧੂਕਾ, ਬਨਵਾਰੀ ਲਾਲ,ਰਜੀਵ ਪਠਾਨੀਆ, ਕਿਰਨਪਾਲ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਰੋਲਣ ਦੀ ਤਿਆਰੀ ਕਰੀ ਬੈਠੀ ਹੈ।ਆਗੂਆ ਨੇ ਦੱਸਿਆ ਕਿ ਦਫਤਰੀ ਮੁਲਾਜ਼ਮਾਂ ਦੀ ਤਕਰੀਬਨ 5000 ਰੁਪਏ ਮਹੀਨਾ ਤਨਖਾਹ ਕਟੋਤੀ ਕੀਤੀ ਜਾ ਰਹੀ ਹੈ ਜੋ ਕਿ ਬਾਰ ਬਾਰ ਮੰਤਰੀਆ ਵੱਲੋਂ ਵਾਅਦੇ ਕਰਨ ਦੇ ਬਾਵਜੂਦ ਪੂਰੀ ਨਹੀ ਹੋਈ। ਇਸ ਦੇ ਨਾਲ ਹੀ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਦੀ ਸਾਲ 2019 ਤੋਂ ਤਨਖਾਹ ਵਚ ਕੀਤਾ ਜਾਣ ਵਾਲਾ ਵਾਧਾ ਰੋਕਿਆ ਹੋਇਆ ਹੈ। ਇਸ ਦੌਰਾਨ ਗੋਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਬਲਾਕ ਪ੍ਰਧਾਨ ਸੁਖਦੇਵ ਸਿੰਘ ਬੂਲਪੁਰ, ਬਲਜੀਤ ਸਿੰਘ ਬੱਬਾ,ਮਾਸਟਰ ਕੇਡਰ ਯੂਨੀਅਨ ਤੋਂ ਨਰੇਸ਼ ਕੋਹਲੀ,ਅਜੈ ਕੁਮਾਰ ਗੁਪਤਾ,ਰਾਜ ਕੁਮਾਰ ਆਦਿ ਨੇ ਉਕਤ ਕਲਮ ਛੋੜ ਹੜਤਾਲ  ਵਿੱਚ ਸਾਮਿਲ ਹੋਣ ਕੇ ਜਿੱਥੇ ਕੱਚੇ ਦਫ਼ਤਰੀ ਮੁਲਾਜ਼ਮਾਂ ਦੇ ਸਘੰਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ । ਉਥੇ ਹੀ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਤੇ ਰੋਸ ਪ੍ਰਗਟਾਵਾ ਕੀਤਾ।ਆਗੂਆਂ ਨੇ ਕਿਹਾ ਕਿ ਜਦੋਂ 7 ਅਕਤੂਬਰ 2022 ਨੂੰ ਪਾਲਿਸੀ ਜਾਰੀ ਹੋਈ ਸੀ ਤਾਂ ਮੁਲਾਜ਼ਮਾਂ ਨੂੰ ਕੁਝ ਖਦਸ਼ੇ ਸੀ।
ਜਿਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਭਵਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿਚ ਸਪੱਸ਼ਟ ਕਿਹਾ ਸੀ ਕਿ ਰੈਗੂਲਰ ਮੁਲਾਜ਼ਮਾਂ ਵਾਂਗ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਹੋਣ ਤੇ ਪੇ ਸਕੇਲ ਭੱਤੇ ਸੀ.ਐਸ.ਆਰ ਰੂਲ ਅਤੇ ਪੈਨਸ਼ਨਰੀ ਲਾਭ ਮਿਲਣਗੇ ਪਰ 9 ਮਹੀਨਿਆ ਬਾਅਦ ਜੋ ਸੱਚਾਈ ਸਾਹਮਣੇ ਆਈ ਹੈ ਉਹ ਹਰ ਇਕ ਕੱਚੇ ਮੁਲਾਜ਼ਮ ਦੇ ਹੋਸ਼ ਉਡਾਉਣ ਵਾਲੀ ਹੈ।ਆਗੂ ਨੇ ਕਿਹਾ ਕਿ ਬਿਨ੍ਹਾਂ ਪੇ ਸਕੇਲ ਤੋਂ ਮੁਲਾਜ਼ਮ ਕਿਵੇਂ ਰੈਗੂਲਰ ਹੋਣਗੇ।ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰ ਐਨਾ ਕੀਤਾ ਜਾ ਰਿਹਾ ਕਿ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪਤਾ ਨਹੀ ਕਿੰਨਾ ਵੱਡਾ ਤੋਹਫਾ ਦੇ ਦਿੱਤਾ ਹੋਵੇ।
ਆਗੂ ਨੇ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਡੀੳ ਸ਼ੰਦੇਸ਼ ਰਾਹੀ ਦੱਸਿਆ ਕਿ ਕੁਝ ਕਰਮਚਾਰੀਆ ਦੀਆ ਤਨਖਾਹਾਂ ਵਿਚ ਵਾਧਾ ਕੀਤਾ ਜਾ ਰਿਹਾ  ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸੰਦੇਸ਼ ਵਿਚ ਦਫਤਰੀ ਕਰਮਚਾਰੀਆ ਦਾ ਕੋਈ ਜ਼ਿਕਰ ਨਹੀ ਕੀਤਾ।  ਆਗੂਆ ਨੇ ਕਿਹਾ ਕਿ ਸਰਕਾਰ ਨੇ ਕੱਚੇ ਮੁਲਾਜ਼ਮਾਂ ਨਾਲ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਜਿਸ ਤੋਂ ਸਰਕਾਰ ਹੁਣ ਭੱਜ ਰਹੀ ਹੈ ।  ਆਗੂਆ ਨੇ ਕਿਹਾ ਕਿ 1 ਅਪ੍ਰੈਲ 2018 ਨੂੰ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਸਾਰੇ ਲਾਭ ਦੇ ਕੇ ਰੈਗੂਲਰ ਕਰ ਦਿੱਤਾ ਗਿਆ ਸੀ ਪ੍ਰੰਤੂ ਉਸ ਸਮੇਂ ਵੀ ਦਫਤਰੀ ਕਰਮਚਾਰੀਆ ਨਾਲ ਵਿਤਕਰਾ ਕੀਤਾ ਗਿਆ ਅਤੇ ਹੁਣ ਇਸ ਸਰਕਾਰ ਵੱਲੋਂ ਵੀ ਰੈਗੂਲਰ ਦੇ ਨਾਮ ਤੇ ਸਿਰਫ ਅਖਬਾਰੀ ਪ੍ਰਚਾਰ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ ਜਿਸ ਕਰਕੇ ਮੁਲਾਜ਼ਮ ਹੜਤਾਲ ਕਰਨ ਨੂੰ ਮਜ਼ਬੂਰ ਹੋਏ ਹਨ।
ਇਸ ਮੌਕੇ ਤੇ ਗੋਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਬਲਾਕ ਪ੍ਰਧਾਨ ਸੁਖਦੇਵ ਸਿੰਘ ਬੂਲਪੁਰ, ਬਲਜੀਤ ਸਿੰਘ ਬੱਬਾ,ਮਾਸਟਰ ਕੇਡਰ ਯੂਨੀਅਨ ਤੋਂ ਨਰੇਸ਼ ਕੋਹਲੀ,ਅਜੈ ਕੁਮਾਰ ਗੁਪਤਾ,ਰਾਜ ਕੁਮਾਰ ਆਦਿ ਵੱਖ ਵੱਖ ਭਰਾਤਰੀ ਯੂਨੀਅਨਾਂ ਦੇ ਆਗੂ ਹਾਜ਼ਰ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਪਿੰਡ ਸ਼ੇਰਪੁਰ  ਦੋਨਾਂ ਤੇ ਸਾਬੂਵਾਲ ਦੇ ਸਕੂਲਾਂ ਵਿੱਚ ਹੋਈ ਚੋਰੀ