(ਸਮਾਜ ਵੀਕਲੀ)
ਸਵੀਡਨ ਦੀ ਰਾਜਧਾਨੀ ਸਟਾਕਹੋਮ ਤੋਂ 5 ਜੂਨ 1972 ਨੂੰ ਸ਼ੁਰੂ ਹੋਇਆ ਵਾਤਾਵਰਣ ਨੂੰ ਬਚਾਉਣ ਦਾ ਸਫ਼ਰ ਲੰਬਾ ਪੈਂਡਾ ਤੈਅ ਕਰਕੇ ਅੱਜ ਆਪਣੀ 50 ਵੀਂ ਵਰੇਗੰਢ ਮਨਾ ਰਿਹਾ ਹੈ, ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਏ ਜਾਂਦੇ ਅੱਜ ਦੇ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਸੰਘ ਵੱਲੋਂ ਕੀਤੀ ਗਈ ਸੀ ਤੇ ਪਹਿਲੇ ਵਿਸ਼ਵ ਵਾਤਾਵਰਣ ਦਿਵਸ ਨੂੰ ਮਨਾਉਣ ਦਾ ਸੁਭਾਗ ਸਵੀਡਨ ਦੀ ਧਰਤੀ ਨੂੰ ਮਿਲਿਆ ਸੀ, ਪਹਿਲੇ ਵਿਸ਼ਵ ਵਾਤਾਵਰਣ ਸੰਮੇਲਨ ਵਿੱਚ ਦੁਨੀਆਂ ਭਰ ਦੇ 120 ਦੇ ਕਰੀਬ ਛੋਟੇ ਵੱਡੇ ਦੇਸ਼ਾਂ ਨੇ ਭਾਗ ਲਿਆ ਸੀ।
ਜੇ ਗੱਲ ਕਰੀਏ ਵਾਤਾਵਰਣ ਦਿਵਸ ਕਿਉਂ ਮਨਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਗੱਲ ਚਲਦੀ ਹੈ ਪ੍ਰਦੂਸ਼ਿਤ ਹੋ ਰਹੀ ਆਬੋ ਹਵਾ, ਪਾਣੀ ਇਸ ਦਾ ਮੁੱਖ ਕਾਰਣ ਹੈ ਤੇ ਵਿਸ਼ਵ ਭਰ ਦੇ ਲੋਕਾਂ ਵਿੱਚ ਵਾਤਾਵਰਣ ਨੂੰ ਲੈਕੇ ਜਾਗਰੂਕਤਾ ਪੈਦਾ ਕਰਨ ਲਈ ਹੀ ਅੱਜ ਦੇ ਦਿਨ ਨੂੰ ਵਾਤਾਵਰਣ ਦਿਵਸ ਵਜੋਂ ਚੁਣਿਆ ਗਿਆ।
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਵਿੱਚ ਵਿਕਾਸ ਕਾਰਜਾਂ ਦਾ ਹੜ ਆ ਗਿਆ ਸੀ ਤੇ ਇਸ ਦੇ ਲਈ ਵੱਡੇ ਪੱਧਰ ਜੰਗਲਾਂ ਦਾ ਕਟਾਵ ਹੋਣਾ ਸ਼ੁਰੂ ਹੋ ਗਿਆ ਸੀ। ਵਾਤਾਵਰਣ ਦਾ ਸਿੱਧਾ ਸਬੰਧ ਰੁੱਖਾਂ ਨਾਲ ਹੁੰਦਾ ਹੈ ਤੇ ਰੁੱਖਾਂ ਦਾ ਸਿੱਧਾ ਸਬੰਧ ਮਨੁੱਖ ਨਾਲ ਹੁੰਦਾ ਹੈ, ਰੁੱਖ ਹੀ ਸਾਨੂੰ ਤਾਜ਼ੀ ਆਬੋ ਹਵਾ ਤੇ ਪਾਣੀ ਦੀ ਕਮੀਂ ਮਹਿਸੂਸ ਨਹੀਂ ਹੋਣ ਦਿੰਦੇ, ਵਿਕਾਸ ਦੇ ਨਾਂਅ ਤੇ ਦਿਨੋਦਿਨ ਵਧਦੀ ਕਾਰਖਾਨਿਆਂ ਦੀ ਗਿਣਤੀ (ਜਿੱਥੋਂ ਕਿ ਵੱਡੀ ਮਾਤਰਾ ਵਿੱਚ ਪ੍ਰਦੂਸ਼ਣ ਦਾ ਜਨਮ ਹੁੰਦਾ ਹੈ) ਇੱਕ ਪਾਸੇ ਤਾਂ ਦੁਨੀਆਂ ਦੀ ਵੱਧ ਰਹੀ ਅਬਾਦੀ ਵਿੱਚ ਆਮ ਜਨ ਜੀਵਨ ਨੂੰ ਸੁਖਾਵਾਂ, ਬੇਰੋਜ਼ਗਾਰੀ ਦੀ ਦਰ ਨੂੰ ਦੂਰ ਕਰਦੀ ਗਈ ਦੂਜੇ ਪਾਸੇ ਇਸ ਦਾ ਵੱਡਾ ਨੁਕਸਾਨ ਕੁਦਰਤ ਨੂੰ ਭੁਗਤਣਾ ਪੈ ਰਿਹਾ ਹੈ।
ਸਰਕਾਰਾਂ ਵੱਲੋਂ ਆਤਮ ਚਿੰਤਨ ਕਰਦੇ ਹੋਏ ਵੱਖੋ ਵੱਖ ਦੇਸ਼ਾਂ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਪਹਿਲ ਸ਼ੁਰੂ ਕੀਤੀ ਗਈ, ਸਕੂਲਾਂ,ਕਾਲਜਾਂ ਵਿੱਚ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਮੋਹ ਵਧਾਉਣ ਲਈ ਜਗਿਆਸਾ ਪੈਦਾ ਕੀਤੀ ਜਾ ਰਹੀ ਹੈ, ਵਣ ਵਿਭਾਗ ਵੱਲੋਂ ਆਮ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਦੇ ਸਰਪੰਚਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸੋਂਹ ਚੁਕ ਸੈਮੀਨਾਰ ਕੀਤੇ ਜਾ ਰਹੇ ਹਨ, ਇਹਨਾਂ ਸੈਮੀਨਾਰਾਂ ਵਿੱਚ ਪੜੇ ਲਿਖੇ ਤੇ ਬੁੱਧੀਜੀਵੀ ਵਰਗ ਦੇ ਲੋਕ ਲੋਕਾਂ ਵਿੱਚ ਰੁੱਖਾਂ ਪ੍ਰਤੀ ਮੋਹ ਪੈਦਾ ਕਰਨ ਲਈ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹਨ ਤਾਂ ਜੋ ਹਰ ਇੱਕ ਮਨੁੱਖ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਸਕੇ।
ਵਾਤਾਵਰਣ ਪ੍ਰਤੀ ਮੋਹ ਪੈਦਾ ਕਰਨ ਦਾ ਸਭ ਤੋਂ ਪੁਰਾਣਾ ਉਦਾਹਰਣ ਬਾਬਾ ਨਾਨਕ ਜੀ ਦੀ ਬਾਣੀ ਤੋਂ ਮਿਲਦਾ ਹੈ, ਜਿਹਨਾਂ ਸਾਫ਼ ਸ਼ਬਦਾਂ ਵਿੱਚ ਆਪਣੀ ਬਾਣੀ ਲਿਖ ਕੇ ” ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ‘ ਦਾ ਉਪਦੇਸ਼ ਪੂਰੀ ਦੁਨੀਆ ਨੂੰ ਦਿੱਤਾ ਹੈ।
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਰਾਗੁ ਮਾਝੁ ਵਿੱਚ ਫਰਮਾਇਆ ਹੈ – ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।।
ਵਾਤਾਵਰਣ ਨੂੰ ਵਿਗਾੜਨ ਦਾ ਇੱਕ ਵੱਡਾ ਕਾਰਣ ਪਲਾਸਟਿਕ ਵੀ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਖ਼ੁਦ ਨਹੀਂ ਗਲ਼ਦਾ ਤੇ ਮਨੁੱਖਤਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਵਿਸ਼ਵ ਵਾਤਾਵਰਣ ਦਿਵਸ ਦਾ ਇਸ ਸਾਲ ਦਾ ਥੀਮ ਪਲਾਸਟਿਕ ਪ੍ਰਦੂਸ਼ਣ ਦੇ ਸਮਾਧਾਨ ਤੇ ਕੇਂਦ੍ਰਿਤ ਕੀਤਾ ਗਿਆ ਹੈ (Solution to plastic pollution )
ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਨੂੰ ਕੋਟੇ ਡੀ ਆਈਵਰ ਵੱਲੋਂ ਹੋਸਟ ਕੀਤਾ ਗਿਆ ਹੈ ਤੇ ਸਾਊਥ ਅਫਰੀਕਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪਲਾਸਟਿਕ ਕਾਰਣ ਵੱਡਾ ਨੁਕਸਾਨ ਉਦੋਂ ਝੱਲਣਾ ਪੈਂਦਾ ਹੈ ਜਦੋਂ ਅਬਾਦੀ ਖੇਤਰ ਨਾਲ ਲੱਗਦੇ ਜੰਗਲ ਦੇ ਖੇਤਰ ਵਿੱਚ ਪਲਾਸਟਿਕ ਦੇ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ ਤੇ ਵੱਡੇ ਜੰਗਲੀਂ ਜੀਵ ਜਿਵੇਂ ਹਾਥੀ, ਸਾਨ ਇਸ ਕੂੜੇ ਦੇ ਢੇਰ ਤੋਂ ਪਲਾਸਟਿਕ ਖਾ ਲੈਂਦੇ ਹਨ ਜਿਸ ਕਾਰਣ ਸਿਹਤ ਵਿਗੜਨ ਤੇ ਆਪੇ ਤੋਂ ਬਾਹਰ ਹੋ ਜਾਂਦੇ ਹਨ ਤੇ ਅਬਾਦੀ ਖੇਤਰ ਵਿੱਚ ਵੱਡਾ ਉਤਪਾਤ ਮਚਾਉਂਦੇ ਹਨ। ਹਰ ਸਾਲ ਹਜ਼ਾਰਾਂ ਜਾਨਵਰਾਂ ਦੀ ਮੌਤ ਦਾ ਕਾਰਣ ਵੀ ਇਹ ਪਲਾਸਟਿਕ ਯੁਕਤ ਕੂੜੇ ਦੇ ਢੇਰ ਬਣਦੇ ਹਨ, ਸੋ ਮਨੁੱਖਤਾ ਨੂੰ ਇਸ ਪ੍ਰਤੀ ਵੀ ਜਾਗਰੂਕ ਹੋਣ ਦੀ ਲੋੜ ਹੈ ।
ਵਿਸ਼ਵ ਵਾਤਾਵਰਣ ਦਿਵਸ ਮੌਕੇ ਪੇਂਟਿੰਗ, ਭਾਸ਼ਣ, ਕਲਾ ਕ੍ਰਿਤੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਂਦੇ ਹਨ। ਰੁੱਖਾਂ ਨਾਲ ਵੱਧ ਮੀਂਹ ਪੈਣ ਕਾਰਣ ਪਾਣੀ ਦਾ ਪੱਧਰ ਵੀ ਉੱਚਾ ਹੁੰਦਾ ਹੈ। ਅੰਤ ਵਿੱਚ ਦਾਸ ਦੀ ਲਿਖੀ ਇੱਕ ਰਚਨਾ ਦੀਆਂ ਕੁੱਝ ਪੰਕਤੀਆਂ ਨਾਲ ਆਪਣੇ ਅੱਜ ਦੇ ਲੇਖ ਨੂੰ ਵਿਰਾਮ ਦਿੰਦਾ ਹੈ –
ਜੇ ਲੈਣੀ ਸ਼ੁਧ ਹਵਾ ਤੇ ਪਾਣੀ…
ਤਾਂ ਵੱਧ ਤੋਂ ਵੱਧ ਰੁੱਖ ਲਗਾ ਮੇਰੇ ਹਾਣੀ…
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ
ਪ੍ਰਧਾਨ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ)
ਮੋਬਾ: 9914721831
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly