ਜਿੰਦਰੇ ਦੀ ਮਿਆਦ!

(ਜਸਪਾਲ ਜੱਸੀ)
 (ਸਮਾਜ ਵੀਕਲੀ)-ਜਵਾਬ ਦੇ ਗਿਆ ਸੀ ਜਿੰਦਰਾ। ਬੁੱਢਾ ਜੋ ਹੋ ਗਿਆ ਸੀ। 35 ਸਾਲ ਦਾ ਸਫ਼ਰ, 35 ਸਕਿੰਟ ਵੀ ਨਹੀਂ ਲੱਗੇ ਡਿੱਗ ਕੇ ਖ਼ਰਾਬ ਹੋਣ ਲਈ।
ਪਤਾ ਨਹੀਂ ਕਿੰਨੀਆਂ ਕੁ ਇਸ ਦੀਆਂ ਨਵੀਆਂ ਚਾਬੀਆਂ ਬਣੀਆਂ। ਗੁੰਮ ਜੋ ਹੋ ਜਾਂਦੀਆਂ ਸਨ ਵਾਰ ਵਾਰ। ਦਿਲ ਨਹੀਂ ਸੀ ਕਰਦਾ ਉਸ ਨੂੰ ਸੁੱਟ ਦੇਵਾਂ, ਜਾਂ ਬਦਲ ਦੇਵਾਂ। ਨਾਤਾ ਜੋ ਉਸ ਨਾਲ, ਵਿਆਹ ਜਿੰਨਾਂ ਪੁਰਾਣਾ ਸੀ। 1988, ਮੈਨੂੰ ਅੱਜ ਵੀ ਯਾਦ ਹੈ, ਜਦੋਂ ਮੈਂ ਵਿਆਹ ਤੋਂ ਬਾਅਦ ਇਸ ਨੂੰ ਖ਼ਰੀਦ ਕੇ ਲਿਆਇਆ ਸੀ ਕਿ ਇਹ ਵੱਡਾ ਜਿੰਦਰਾ। ਬਸੇ ਹੋਏ ਘਰਾਂ ‘ਤੇ ਲੱਗਦਾ ਹੈ।
ਉਝ ਤਾਂ ਛੜੇ ਛੜਾਕ ਹੁੰਦਿਆਂ ਛੋਟੀ ਜਿਹੀ ਜਿੰਦਰੀ ਨਾਲ ਹੀ ਸਾਰ ਲੈਂਦੇ ਸਾਂ। ਉਦੋਂ ਓਸ ਜਿੰਦਰੀ ਦੀਆਂ ਚਾਬੀਆਂ ਦੀ ਗਿਣਤੀ ਵੀ, ਵੀਹ ਤੋਂ ਵੀ ਜ਼ਿਆਦਾ ਟੱਪ ਗਈ ਸੀ। ਕੋਈ ਵਾਲੀ ਵਾਰਿਸ ਤੇ ਖ਼ਸਮ ਓਸ ਦਾ ਨਹੀਂ ਸੀ ਬਣਦਾ।
ਜਿਸ ਦੇ ਹੱਥ ਚਾਬੀ, ਉਹੀ ਦਰਵਾਜ਼ਾ ਖੋਲ੍ਹ ਕੇ ਆਰਾਮ ਫਰਮਾਂ ਜਾਂਦਾ ਸੀ। ਬਹੁਤ ਅਖੌਤੀ ਅਗਾਂਹ ਵਧੂਆਂ, ਵਿਹਲੜਾਂ, ਟਾਈਮ ਪਾਸ ਕਰਨ ਵਾਲਿਆਂ ਤੇ ਸੁਹਿਰਦ ਸੱਜਣਾਂ, ਮਿੱਤਰਾਂ, ਪਿਆਰਿਆਂ ਦੀਆਂ ਮੀਟਿੰਗਾਂ ਇਸ ਜਿੰਦੀ ‌ਦੇ ਦੁਆਲੇ ਘੁੰਮਦੀਆਂ। ਜਿਸ ਕੋਲ ਰਾਤ ਰਹਿਣ ਦਾ ਟਿਕਾਣਾ ਨਾ ਹੁੰਦਾ ਉਸ ਨੂੰ ਇਸ ਇੱਕ ਛੋਟੀ ਜਿਹੀ ਜਿੰਦੀ ਦੀ ਚਾਬੀ ਅਤੇ ਰੈਣ ਬਸੇਰੇ ਦਾ ਮਾਣ ਹੁੰਦਾ। ਕਿਸੇ ਨੂੰ ਚਾਬੀ ਦੇਣ ਤੋਂ ਜੁਆਬ ਦੇਣ ਦਾ ਹੌਸਲਾ ਜੋ ਨਹੀਂ ਸੀ।
ਛੋਟੀ ਜਿੰਦਰੀ ਦੇ ਦਿਨ ਉਨੀਂ ਸੌ ਅਠਾਸੀ ‘ਚ ਉਦੋਂ ਪੁੱਗ ਗਏ ਜਦੋਂ ਵਿਆਹ ਹੋ ਗਿਆ।
ਵਿਆਹ ਤੋਂ ਬਾਅਦ ਵੱਡੇ ਜਿੰਦਰੇ ਦੀ ਲੋੜ ਮਹਿਸੂਸ ਹੋਈ ਸੀ। ਛੋਟੀ ਜਿੰਦੀ ਦੇ ਆਪੋ ਥਾਪੇ ਖ਼ਸਮ ਪਤਾ ਨਹੀਂ ਕਦੋਂ ਚਾਬੀਆਂ ਲੈ ਕੇ ਫ਼ਰਾਰ ਹੋ ਗਏ ਤੇ ਉਸ ਦੀ ਥਾਂ ਨਵੇਂ ਤੇ ਵੱਡੇ ਜਿੰਦਰੇ ਨੇ ਲੈ ਲਈ।
ਘਰ ਬੱਝ ਗਿਆ। ਛੜੇ ਛੜਾਕਾਂ ਦੀ ਹੁਣ ਇਸ ਜਿੰਦਰੇ ਦੀ ਚਾਬੀ ਦੀ ਕੋਈ ਥਾਂ ਨਹੀਂ ਸੀ। ਜਿੰਦਰਾ ਜਦੋਂ ਖੁੱਲ੍ਹਦਾ ਤੇ ਭਿੜਦਾ ਜ਼ਿੰਦਗੀ ਦੇ ਜ਼ਾਬਤੇ ਦਾ ਅਹਿਸਾਸ ਕਰਵਾਉਂਦਾ। ਉਸ ਨਾਲ ਭਾਵਨਾਵਾਂ ਜੁੜਦੀਆਂ ਗਈਆਂ।
ਬੱਚੇ ਹੋਏ, ਵੱਡੇ ਹੋਏ,ਚਾਬੀਆਂ ਦੀ ਗਿਣਤੀ ਵਧਦੀ ਗਈ। ਪੁੱਤਰ ਧੀ ਲਈ ਅਲੱਗ ਤੋਂ ‌ਚਾਬੀਆਂ ਬਣ ਗਈਆਂ। ਉਹ ਵਿਆਹ ਕਰਵਾ ਕੇ ਉਹ ਵੀ ਇਸ ਜੰਦਰੇ ਤੋਂ ਦੂਰ ਹੋ ਗਏ। ਇਹ ਚਾਬੀਆਂ ਹੁਣ ਕੰਮ ਵਾਲੀਆਂ ਪਰਖੀਆਂ,ਖਰੀਆਂ ‌ਰੂਹਾਂ ਦੇ ਹੱਥਾਂ ਵਿਚ ਆ ਗਈਆਂ। ਮਾਂ ਪਿਓ ਜਿੰਨਾਂ ਨੂੰ ਘਰ ਦਾ ਜਿੰਦਰਾ ਕਿਹਾ ਜਾਂਦਾ ਹੈ ਦਾ ਅਹਿਸਾਸ ਸਦਾ ਹੀ ਅਧੂਰਾ ਰਿਹਾ। ਸ਼ਹਿਰ ਦੀ ਆਬੋ ਹਵਾ ਉਹਨਾਂ ਨੂੰ ਕਦੇ ਮਾਫ਼ਕ ਨਾ ਰਹੀ। ਜਿੰਦਰਾ ਹੀ ਜ਼ਿੰਦਗੀ ਦਾ ਹਿੱਸਾ ਬਣ ਕੇ ਰਹਿ ਗਿਆ। ਸਰਕਾਰੀ ਨੌਕਰ ਜੋ ਹੋਏ।
ਭਾਵੇਂ ਪਿਤਾ ਜੀ ਕਿਹਾ ਕਰਦੇ ਸਨ ਕਿ,”ਜਿੰਦਰੇ ਤਾਂ ਸਾਧਾਂ ਲਈ ਹੁੰਦੇ, ਹਨ ਚੋਰਾਂ ਲਈ ਨਹੀਂ।”
ਉਦੋਂ ਜਮਾਨੇ ਹੋਰ ਸੀ ਹੁਣ ਤਾਂ ਬਿਲਕੁਲ ਵੇਲਾ ਨਹੀਂ ਰਿਹਾ ਕਿਸੇ ‘ਤੇ ਇਤਬਾਰ ਕਰਨ ਦਾ। ਜਿਨ੍ਹਾਂ ਨੇ ਚੁੱਕ ਕੇ ਲੈ ਕੇ ਜਾਣਾ ਹੈ ਉਹ ਤਾਂ ਜੰਦਰਾ ਤੋੜ ਕੇ ਵੀ ਲੈ ਜਾ ਸਕਦੇ ਹਨ ਪਰ ਇੱਕ ਮੋਹ ਸੀ,ਇਸ ਜਿੰਦਰੇ ਦੇ ਨਾਲ।
“ਪਿਆਰ ਜਾਨਦਾਰ ਚੀਜ਼ਾਂ ਨਾਲ ਨਹੀਂ ਹੁੰਦਾ, ਪਿਆਰ ਤਾਂ ਬੇਜਾਨ ਚੀਜ਼ਾਂ ਨਾਲ ਵੀ ਹੋ ਸਕਦਾ ਹੈ।”
ਆਖ਼ਿਰ ਮਿਆਦ ਹੁੰਦੀ ਹੈ ਹਰੇਕ ਚੀਜ਼ ਦੀ,
ਮਨੁੱਖ ਵਾਂਗ। ਆਖ਼ਰ ਮਿਆਦ ਮੁੱਕ ਗਈ।
ਪਰ ਜ਼ਿੰਦਰੇ ਨਾਲ 35 ਸਾਲ ਪੁਰਾਣੀ ਸਾਂਝ ਹੋਣ ਕਰ ਕੇ ਸੁੱਟਣ ਨੂੰ ਮਨ ਵੀ ਨਹੀਂ ਸੀ ਕਰ ਰਿਹਾ। ਆਖ਼ਰ ਸੰਭਾਲ ਦਿੱਤਾ ਸੀ ਉਸ ਪੁਰਾਣੇ ਜਿੰਦਰੇ ਨੂੰ। ਲੈ ਆਇਆ ਸੀ ਬਾਜ਼ਾਰ ਜਾ ਕੇ ਇੱਕ ਚਾਰ ਚਾਬੀਆਂ ਵਾਲਾ ਨਵਾਂ ਜਿੰਦਰਾ।
ਪੁਰਾਣੇ ਦੀ ਥਾਂ ਨਵੇਂ ਨੇ ਮੱਲ ਲਈ ਸੀ। ਜਦੋਂ ਦਰਵਾਜ਼ੇ ਨੂੰ ਲਗਾਇਆ ਤਾਂ ਨਵਾਂ ਜਿੰਦਰਾ ਜਿਵੇਂ ਕਹਿ ਰਿਹਾ ਹੋਵੇ, “ਪਤ ਝੜੇ ਪੁਰਾਣੇ ਵੇ ਰੁਤ ਨਵਿਆਂ ਦੀ ਆਈ।”
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਦਿਨੇਸ਼ ਚੱਢਾ ਨੇ ਘਰੇ ਬੁਲਾ ਕੇ ਕੀਤਾ ਨੰਨ੍ਹੀ ਕਰਾਟੇ ਚੈਂਪੀਅਨ ਕੋਹਿਨੂਰ ਦਾ ਸਨਮਾਨ
Next article“ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ———-