“ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ———-

“ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ—–

  ਕੁਲਦੀਪ ਸਿੰਘ ਸਾਹਿਲ

(ਸਮਾਜ ਵੀਕਲੀ)- ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਹੋਸ਼ ਸੰਭਾਲੀ ਅਤੇ ਸਕੂਲ ਜਾਣ ਲੱਗੇ ਤਾਂ ਉਨ੍ਹਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਭਾਰਤ ਦੇਸ਼ ਵਿੱਚ ਜ਼ਾਤੀ ਅਤੇ ਵਰਨ ਵਿਵਸਥਾ ਵਿਚ ਵੰਡੀ ਗਈ ਮਨੁੱਖਤਾ ਦੀ ਨੀਤੀ ਦੇਸ਼ ਲਈ ਕਲੰਕ ਹੈ। ਉਸ ਵੇਲੇ ਮਨੂ ਦੁਆਰਾ ਬਣਾਈ ਗਈ ਵਰਨ ਅਤੇ ਜ਼ਾਤੀ ਵਿਵਸਥਾ ਵਿੱਚ ਸਭ ਤੋਂ ਹੇਠਲੇ ਵਰਗ ਜਿਸਨੂੰ ਸ਼ੂਦਰ ਵੀ ਕਿਹਾ ਜਾਂਦਾ ਸੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਇਸ ਵਰਗ ਨੂੰ ਗੁਲਾਮੀ ਅਤੇ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ। ਬਾਬਾ ਸਾਹਿਬ ਨੂੰ ਇਹ ਸਭ ਕੁਝ ਚੰਗਾ ਨਾ ਲੱਗਿਆ ਅਤੇ ਉਨ੍ਹਾਂ ਨੇ ਇਨ੍ਹਾਂ ਦਬੇ ਕੁਚਲੇ ਅਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਇਹ ਸੰਘਰਸ਼ ਉਨ੍ਹਾਂ ਦੇ ਆਖਰੀ ਸਾਹ ਤੱਕ ਜਾਰੀ ਰਿਹਾ। ਬਾਬਾ ਸਾਹਿਬ ਦਾ ਸੁਪਨਾ ਸੀ ਕਿ ਸਦੀਆਂ ਤੋਂ ਜਾਤੀ ਵਿਵਸਥਾ ਦੇ ਨਾਂ ਤੇ ਲਤਾੜੇ ਗਏ ਲੋਕਾਂ ਨੂੰ ਬਰਾਬਰਤਾ ਦਾ ਹੱਕ ਮਿਲੇ ਅਤੇ ਦੇਸ਼ ਚੋਂ ਜ਼ਾਤੀ ਭੇਦਭਾਵ ਬਿਲਕੁਲ ਖਤਮ ਹੋਵੇ। ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਵਿੱਚੋ ਮਨੁੱਖਤਾ ਨੂੰ ਜ਼ਾਤੀ ਅਤੇ ਵਰਨਾ ਵਿੱਚ ਵੰਡਣ ਵਾਲੀ ਵਿਵਸਥਾਂ ਖਤਮ ਹੋਵੇ। ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਲਮ ਇਹ ਰਿਹਾ ਕਿ ਹਰ ਪਾਰਟੀ ਸੱਤਾ ਹਾਸਲ ਕਰਨ ਲਈ ਇਹ ਨਾਹਰਾ ਜ਼ਰੂਰ ਲਾਉਂਦੀ ਰਹੀ ਕਿ “ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਹਮ ਕਰੇਗਾ ਪੂਰਾ ” ਇਹ ਨਾਅਰਾ ਹਰ ਪੰਜ ਸਾਲ ਬਾਅਦ ਵੋਟਾਂ ਤੋਂ ਪਹਿਲਾਂ ਸੁਣਨ ਨੂੰ ਮਿਲਦਾ ਹੈ।

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੁਪਨਾ ਸੀ ਕਿ ਸਾਰੇ ਹੀ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ, ਸਾਰਿਆਂ ਨੂੰ ਇਕੋ ਤਰ੍ਹਾਂ ਦੀ ਸਿਖਿਆ ਮਿਲੇ, ਅਮੀਰ ਗਰੀਬ ਦਾ ਪਾੜਾ ਖ਼ਤਮ ਹੋਵੇ, ਜ਼ਾਤੀ ਵਿਵਸਥਾ ਖਤਮ ਹੋਵੇ, ਔਰਤਾਂ ਨੂੰ ਪੂਰਨ ਅਜ਼ਾਦੀ ਮਿਲੇ, ਦੇਸ਼ ਵਿਚੋਂ ਧਰਮ, ਜ਼ਾਤ ਦੀ ਨਫ਼ਰਤ ਖਤਮ ਹੋਵੇ, ਅੰਧਵਿਸ਼ਵਾਸ, ਭ੍ਰਿਸ਼ਟਾਚਾਰ, ਵਰਗੀਆਂ ਸਮੱਸਿਆਵਾਂ ਦਾ ਅੰਤ ਹੋਵੇ, ਦੇਸ਼ ਦਾ ਸਿਸਟਮ ਇਹੋ ਜਿਹਾ ਹੋਵੇ ਕਿ ਸਾਡੇ ਨੌਜਵਾਨਾਂ ਨੂੰ ਦੂਜੇ ਮੁਲਕਾਂ ਵਿੱਚ ਜਾਣ ਦੀ ਲੋੜ ਨਾਂ ਪਵੇ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੀ ਗੰਦੀ ਰਾਜਨੀਤੀ ਦੇ ਕਾਰਨ ਬਾਬਾ ਸਾਹਿਬ ਦੇ ਸੁਪਨੇ ਅਜੇ ਅਧੂਰੇ ਹੀ ਹਨ। ਅਜ਼ਾਦੀ ਤੋਂ 75 ਸਾਲ ਬਾਅਦ ਵੀ ਸਾਡੇ ਦੇਸ਼ ਦੀ ਲੱਗਭਗ 40 ਫੀਸਦੀ ਅਬਾਦੀ ਸਿਖਿਆ ਤੋਂ ਵਾਂਝੀ ਹੈ ਤਕਰੀਬਨ 500 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਨਿੱਚੇ ਦੀ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ 150 million ਦੇ ਕਰੀਬ ਲੋਕ ਬਿਨਾਂ ਛੱਤ ਤੋਂ ਸੌਂਦੇ ਹਨ। ਹਰ ਸਾਲ ਲਗਭਗ 4 ਲੱਖ ਦੇ ਕਰੀਬ ਬੱਚੇ ਭੁਖਮਰੀ ਦਾ ਸ਼ਿਕਾਰ ਹੁੰਦੇ ਹਨ ਜਿਸਦਾ ਵੱਡਾ ਕਾਰਨ ਦੇਸ਼ ਦੀ ਰਾਜਨੀਤੀ ਨੂੰ ਕਿਹਾ ਜਾ ਸਕਦਾ ਹੈ ਜੋ ਪੈਸਾ ਖਰਚਣ ਤੋਂ ਸ਼ੁਰੂ ਹੋ ਕੇ ਪੈਸਾ ਕਮਾਉਣ ਤੱਕ ਦਮ ਤੋੜ ਜਾਂਦੀ ਹੈ।

ਦੇਸ਼ ਦੀ ਖੁਸ਼ਹਾਲੀ ਲਈ ਸੁਪਨੇ ਪੂਰੇ ਕਰਨ ਲਈ ਸੰਘਰਸ਼ ਕਰਨ ਵਾਲੇ ਮਹਾਂਨਾਇਕ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਉਹ ਇੱਕ ਇਹੋ ਜਿਹੇ ਮਹਾਨ ਸਨ ਜਿਨ੍ਹਾਂ ਨੂੰ ਉਸ ਵੇਲੇ ਦੇ ਹਾਲਾਤ ਨੇ ਉਨ੍ਹਾਂ ਨੂੰ ਬਚਪਨ ਵਿੱਚ ਹੀ ਸਿਆਣਾ ਅਤੇ ਗੰਭੀਰ ਬਣਾ ਦਿੱਤਾ ਸੀ। ਮਨੁੱਖ ਜਾਤੀ ਨੂੰ ਮਨੂ ਵਲੋਂ ਬਣਾਈ ਗਈ ਵਰਣ ਵਿਵਸਥਾ ਦੇ ਨਾਂ ਉੱਤੇ ਵੰਡ ਕੇ ਭੇਦਭਾਵ ਅਤੇ ਨਫ਼ਰਤ ਦਾ ਬੀਜ ਬੋ ਦਿੱਤਾ ਗਿਆ ਸੀ ਜਿਥੋਂ ਅਮੀਰ ਅਤੇ ਗਰੀਬ ਦਾ ਪਾੜਾ ਸ਼ੁਰੂ ਹੋਇਆ ਸਭ ਤੋਂ ਗਰੀਬ ਵਰਗ ਨੂੰ ਗੁਲਾਮ ਬਣਾਇਆ ਗਿਆ ਉਨ੍ਹਾਂ ਦੇ ਪੜਨ ਲਿਖਣ, ਬੋਲਣ ਸੁਨਣ ਦੇ ਅਧਿਕਾਰ ਖੋਹ ਲਏ ਗਏ ਸਨ। ਜਦੋਂ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ 14 ਅਪ੍ਰੈਲ 1891 ਨੂੰ ਜਨਮ ਲਿਆ ਉਸ ਵੇਲੇ ਜ਼ਾਤੀ ਭੇਦਭਾਵ ਪੂਰੀ ਚਰਮ ਸੀਮਾ ਤੇ ਸੀ ਅਤੇ ਬਚਪਨ ਤੋਂ ਹੀ ਆਪ ਨੂੰ ਕਈ ਤਰ੍ਹਾਂ ਦੇ ਆਰਥਿਕ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿੱਚ ਵੀ ਕਈ ਵਾਰੀ ਉਨ੍ਹਾਂ ਨੂੰ ਜ਼ਾਤੀ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਇਹੋ ਵਜ੍ਹਾ ਸੀ ਕਿ ਅੰਬੇਡਕਰ ਜੀ ਨੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲ ਪ੍ਰਸਿਥਤੀਆਂ ਦਾ ਸਾਹਮਣਾ ਕਰਦਿਆਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਬਾਬਾ ਸਾਹਿਬ ਨਾਲ ਸਕੂਲੀ ਪੜ੍ਹਾਈ ਦੌਰਾਨ ਵੀ ਕਈ ਵਾਰ ਭੇਦਭਾਵ ਹੋਇਆ। ਉਨ੍ਹਾਂ ਨੇ ਉਦੋਂ ਹੀ ਮਨ ਬਣਾ ਲਿਆ ਸੀ ਕਿ ਉਹ ਇਸ ਭਿਆਨਕ ਬਿਮਾਰੀ, ਭੇਦਭਾਵ, ਮਨੁੱਖੀ ਨਫਰਤ ਖ਼ਿਲਾਫ਼ ਸੰਘਰਸ਼ ਕਰਨਗੇ। ਬਾਬਾ ਸਾਹਿਬ ਨੂੰ ਪਤਾ ਸੀ ਕਿ ਇਹ ਸੰਘਰਸ਼ ਸਿਖਿਆ ਤੋਂ ਬਿਨਾਂ ਅਸੰਭਵ ਹੈ ਇਸ ਲਈ ਉਨ੍ਹਾਂ ਨੇ ਦੇਸ਼ ਅਤੇ ਦੁਨੀਆਂ ਦੀ ਸਭ ਤੋਂ ਵਧੀਆ ਤਾਲੀਮ ਹਾਸਿਲ ਕੀਤੀ।

ਡਾ. ਅੰਬੇਡਕਰ ਨੂੰ ਵੀਹਵੀਂ ਅਤੇ ਇੱਕੀਵੀਂ ਸਦੀ ਦੇ ਚਿੰਤਕਾਂ, ਵਿਦਵਾਨਾਂ ਅਤੇ ਸਿਆਸੀ ਆਗੂਆਂ ਨੇ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਮੰਨਿਆ ਹੈ। ਉਹ ਭਾਰਤ ਦੇ ਸੰਵਿਧਾਨ ਦੇ ਰਚਣਹਾਰੇ ਅਤੇ ਦਲਿਤਾਂ ਲਈ ਮਾਰਗ ਦਰਸ਼ਕ ਸਾਬਤ ਹੋਏ। ਉਹ ਆਪਣੀ ਬੌਧਿਕ ਸਮਰੱਥਾ ਸਦਕਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਦਲਿਤ ਸਮਾਜ ਵਿਚ ਵਿਚਾਰਧਾਰਕ ਕ੍ਰਾਂਤੀ ਲਿਆਉਣ ਕਰ ਕੇ ਉਨ੍ਹਾਂ ਦਾ ਪ੍ਰਾਥਮਿਕ ਸਥਾਨ ਹੈ।

ਡਾਕਟਰ ਅੰਬੇਡਕਰ ਨੇ ਭਾਰਤ ਦੇ ਗ਼ਰੀਬ ਨਾਗਰਿਕਾਂ ਨੂੰ ਵੋਟਾਂ ਦਾ ਬਰਾਬਰ ਦਾ ਹੱਕ ਲੈ ਕੇ ਦਿੱਤਾ ਅਤੇ ਮਜ਼ਦੂਰਾਂ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਲਈ ਹੱਕ ਦਿਵਾਉਣ ਲਈ ਸੰਘਰਸ਼ ਕੀਤਾ। ਉਹ ਜੀਵਨ ਭਰ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ। ਉਹ ਇਕ ਵਰਗ ਦੇ ਨਹੀਂ ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੇ ਨਿਧੜਕ ਆਗੂ ਸਨ ਅਤੇ ਦੂਰ-ਦ੍ਰਿਸ਼ਟੀ ਦੇ ਮਾਲਕ ਸਨ।

ਭਾਰਤ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੇ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ ਜੋ ਭਾਰਤੀ ਸਮਾਜ ਦੇ ਵਿਚਾਰਧਾਰਕ ਵਿਕਾਸ ਲਈ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ‘ਜਾਤ-ਪਾਤ ਦਾ ਬੀਜ ਨਾਸ’ ਪੁਸਤਕ ਵਿਚ ਉਨ੍ਹਾਂ ਨੇ ਜਾਤ-ਪਾਤ ਨੂੰ ਭਾਰਤੀ ਸਮਾਜ ਲਈ ਕੋੜ੍ਹ ਅਤੇ ਮਹਾ ਕਲੰਕ ਦੱਸਿਆ ਹੈ। ਉਨ੍ਹਾਂ ਨੇ ਭਾਰਤੀ ਸਮਾਜ ਵਿਚ ਸ਼ੂਦਰ ਕੌਣ ਹਨ, ਦੀ ਇਤਿਹਾਸਕ ਦ੍ਰਿਸ਼ਟੀ ਤੋਂ ਸ਼ਨਾਖ਼ਤ ਕੀਤੀ। ਉਨ੍ਹਾਂ ਦਲਿਤ ਸਮਾਜ ਦੀ ਮੁਕਤੀ ਲਈ ਬੁੱਧ ਜਾਂ ਕਾਰਲ ਮਾਰਕਸ ਦਾ ਤੁਲਨਾਤਮਕ ਅਧਿਐਨ ਕੀਤਾ। ‘ਫੈਡਰੇਸ਼ਨ ਬਨਾਮ ਆਜ਼ਾਦੀ’ ਵਿਚ ਮਨੁੱਖੀ ਹੱਕਾਂ ਬਾਰੇ ਜਾਣਕਾਰੀ ਮਿਲਦੀ ਹੈ। ‘ਬੁੱਧ ਅਤੇ ਉਸ ਦਾ ਧੱਮ’ ਉਨ੍ਹਾਂ ਦੀ ਆਖਰੀ ਪੁਸਤਕ ਮੰਨੀ ਗਈ ਹੈ। ਸਾਡੇ ਦੇਸ਼ ਦੀ ਗੰਦੀ ਅਤੇ ਸਰਮਾਏਦਾਰੀ ਰਾਜਨੀਤੀ ਦੇ ਚਲਦਿਆਂ ਗਰੀਬ ਵਰਗ ਹੋਰ ਗਰੀਬ ਅਤੇ ਅਮੀਰ ਵਰਗ ਹੋਰ ਅਮੀਰ ਹੋਇਆ ਹੈ। ਮਨੂ ਜ਼ਾਤੀ ਵਿਵਸਥਾ ਦੇ ਚਲਦਿਆਂ ਜਾਤੀ ਭੇਦਭਾਵ ਅਤੇ ਨਫ਼ਰਤ ਹੋਰ ਵਧੀ ਹੈ। ਦੇਸ਼ ਦੀ ਹੁਣ ਤੱਕ ਦੀਆਂ ਸਰਕਾਰਾ ਜ਼ਾਤੀ ਵਿਵਸਥਾ ਪ੍ਰਣਾਲੀ ਨੂੰ ਖਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਜਾਂ ਫਿਰ ਕਰਨਾ ਨਹੀਂ ਚਾਹੁੰਦੀਆਂ। ਡਾਕਟਰ ਭੀਮ ਰਾਓ ਅੰਬੇਡਕਰ ਜੀ 6 ਦਸੰਬਰ 1956 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ। ਪਰ ਅਜੇ ਤੱਕ ਉਨ੍ਹਾਂ ਦੇ ਸੁਪਨੇ ਅਧੂਰੇ ਹਨ ਜੋ ਸ਼ਾਇਦ ਫਿਰ ਕਿਸੇ ਸੰਘਰਸ਼ ਦੀ ਉਡੀਕ ਵਿੱਚ ਹਨ। ਦੇਸ਼ ਹਰ ਸਾਲ 6 ਦਸੰਬਰ ਨੂੰ ਉਨ੍ਹਾਂ ਦੀ ਬਰਸੀ ਪ੍ਰੀਨਿਰਵਾਣ ਦਿਵਸ ਵਜੋਂ ਮਨਾਉਦਾ ਹੈ ਪਰ ਸਾਰੀ ਮਨੁੱਖ ਜਾਤੀ ਨੂੰ ਇੱਕੋ ਲੜ੍ਹੀ ਵਿੱਚ ਪਰੋ ਕੇ ਬਰਾਬਰਤਾ ਦੇ ਅਧਿਕਾਰ ਦੇਣ ਵਰਗੇ ਉਨ੍ਹਾਂ ਦੇ ਸੁਪਨੇ ਕਿਸੇ ਹੋਰ ਬਾਬਾ ਸਾਹਿਬ ਦੇ ਸੰਘਰਸ਼ ਨੂੰ ਉਡੀਕ ਰਹੇ ਹਨ।

ਕੁਲਦੀਪ ਸਿੰਘ ਸਾਹਿਲ
9417990040

Previous articleਜਿੰਦਰੇ ਦੀ ਮਿਆਦ!
Next articleਪੰਜਾਬੀ ਗਾਇਕਾਂ ਜਗਮੋਹਨ ਕੌਰ ਉਰਫ “ਮਾਈ ਮੋਹਣੋ” ਨੂੰ ਯਾਦ ਕਰਦਿਆਂ