ਜੈਸ਼ੰਕਰ ਵੱਲੋਂ ਫਿਲਪੀਨਜ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ

ਮਨੀਲਾ (ਸਮਾਜ ਵੀਕਲੀ):  ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਫਿਲਪੀਨੀ ਹਮਰੁਤਬਾ ਟਿਓਡੋਰੋ ਐੱਲ ਲੋਕਸਿਨ ਨਾਲ ਮੀਟਿੰਗ ਦੌਰਾਨ ਉਸਾਰੂ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਦੋਵੇਂ ਆਗੂਆਂ ਨੇ ਕੌਮੀ ਸੁਰੱਖਿਆ ਅਤੇ ਵਿਕਾਸ ਪ੍ਰਾਜੈਕਟਾਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟਾਏ। ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ਦੋਵੇਂ ਮੁਲਕਾਂ ਦੀ ਭਾਈਵਾਲੀ ਨਵੇਂ ਗੇੜ ’ਚ ਦਾਖ਼ਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਹੋਰ ਕਈ ਮੁੱਦਿਆਂ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਹੈ। ਇਸ ਤੋਂ ਪਹਿਲਾਂ ਫਿਲਪੀਨਜ਼ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਮੌਜੂਦਾ ਸਿਹਤ, ਸੁਰੱਖਿਆ, ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵੀ ਵਿਚਾਰਾਂ ਕੀਤੀਆਂ ਹਨ।

ਇਸ ਤੋਂ ਇਲਾਵਾ ਕੋਵਿਡ ਤੋਂ ਬਾਅਦ ਦੇ ਹਾਲਾਤ ਲਈ ਸਹਿਯੋਗ ਦੇਣ ਸਬੰਧੀ ਵੀ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਜੈਸ਼ੰਕਰ ਦਾ ਵਿਦੇਸ਼ ਮੰਤਰੀ ਲੋਕਸਿਨ ਨੇ ਇਥੇ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਬਾਅਦ ’ਚ ਉਨ੍ਹਾਂ ਵਿਰਾਸਤੀ ਸਥਾਨ ਦਾ ਦੌਰਾ ਵੀ ਕੀਤਾ ਜੋ ਮਨੀਲਾ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ’ਚੋਂ ਇਕ ਹੈ। ਉਨ੍ਹਾਂ ਕੌਮੀ ਨਾਇਕ ਜੋਸ ਰਿਜ਼ਾਲ ਨੂੰ ਸ਼ਰਧਾਂਜਲੀ ਵੀ ਦਿੱਤੀ। ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੋਵੇਂ ਮੰਤਰੀਆਂ ਵੱਲੋਂ ਦੁਵੱਲੇ ਸਬੰਧਾਂ ਦੀ ਵੀ ਨਜ਼ਰਸਾਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕੌਮਾਂਤਰੀ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ਬਾਰੇ ਵੀ ਗੱਲਬਾਤ ਹੋਈ ਹੈ। ਜੈਸ਼ੰਕਰ ਆਸਟਰੇਲੀਆ ਤੋਂ ਇਥੇ ਪਹੁੰਚੇ ਹਨ ਜਿਥੇ ਉਨ੍ਹਾਂ ਕੁਆਡ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਕਰੋਨਾ ਪਾਜ਼ੇਟਿਵ
Next articleਨੇਪਾਲ ਦੇ ਚੀਫ਼ ਜਸਟਿਸ ਰਾਣਾ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ