ਨੇਪਾਲ ਦੇ ਚੀਫ਼ ਜਸਟਿਸ ਰਾਣਾ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ

ਕਾਠਮਾਂਡੂ (ਸਮਾਜ ਵੀਕਲੀ):  ਨੇਪਾਲ ਦੇ ਸੱਤਾਧਾਰੀ ਗੱਠਜੋੜ ਦੇ ਦੋਸ਼ਾਂ ਨੂੰ ਲੈ ਕੇ ਅੱਜ ਚੀਫ਼ ਜਸਟਿਸ ਚੋਲੇਂਦਰ ਸ਼ਮਸ਼ੇਰ ਜੇਬੀ ਰਾਣਾ ਖ਼ਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਦਾਖ਼ਲ ਕੀਤਾ ਗਿਆ। ਸੰਸਦ ਸਕੱਤਰੇਤ ਦੇ ਤਰਜਮਾਨ ਰਾਜਨਾਥ ਪਾਂਡੇ ਨੇ ਕਿਹਾ ਕਿ ਸਵੇਰੇ 11 ਵਜੇ ਮਹਾਦੋਸ਼ ਦਾ ਪ੍ਰਸਤਾਵ ਦਰਜ ਕੀਤਾ ਗਿਆ।

ਰਾਣਾ ਨੂੰ ਪ੍ਰਤੀਨਿਧ ਸਭਾ ਵਿੱਚ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਦਰਜ ਹੋਣ ਤੋਂ ਬਾਅਦ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਣਾ ਨੇ 2 ਜਨਵਰੀ, 2019 ਨੂੰ ਚੀਫ਼ ਜਸਟਿਸ ਦਾ ਅਹੁਦਾ ਸੰਭਾਲਿਆ ਸੀ। ਕਾਨੂੰਨ ਤੇ ਨਿਆਂ ਮੰਤਰੀ ਦਿਲੇਂਦਰ ਪ੍ਰਸਾਦ ਬਡੂ, ਨੇਪਾਲੀ ਕਾਂਗਰਸ ਦੇ ਵ੍ਹਿਪ ਪੁਸ਼ਪਾ ਭੂਸ਼ਾਲ, ਸੀਪੀਐੱਨ-ਮਾਓਵਾਦੀ ਕੇਂਦਰ ਦੇ ਵ੍ਹਿਪ ਦੇਵ ਗੁਰੁੰਗ ਸਣੇ ਸੱਤਾਧਾਰੀ ਗੱਠਜੋੜ ਦੇ ਕੁੱਲ 98 ਸੰਸਦ ਮੈਂਬਰਾਂ ਨੇ ਚੀਫ਼ ਜਸਟਿਸ ’ਤੇ ਮਹਾਦੋਸ਼ ਦਰਜ ਕੀਤੇ ਜਾਣ ਦੇ ਪ੍ਰਸਤਾਵ ’ਤੇ ਹਸਤਾਖਰ ਕੀਤੇ ਹਨ। ਮਹਾਦੋਸ਼ ਪ੍ਰਸਤਾਵ ਦੇ ਦਰਜ ਹੋਣ ਦੇ ਨਾਲ ਹੀ ਚੀਫ਼ ਜਸਟਿਸ ਦੇ ਆਪਣੇ-ਆਪ ਮੁਅੱਤਲ ਹੋਣ ਦਾ ਪ੍ਰਬੰਧ ਹੈ।

ਗੁਰੁੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਟੀ ਦੇ ਜੱਜ ਖ਼ਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਦਰਜ ਕੀਤਾ ਗਿਆ ਹੈ ਕਿਉਂਕਿ ਅਦਾਲਤ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ ਅਤੇ ਚੀਫ਼ ਜਸਟਿਸ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਸਨ। ਪ੍ਰਸਤਾਵ ਵਿਚ ਚੀਫ਼ ਜਸਟਿਸ ਖ਼ਿਲਾਫ਼ 21 ਦੋਸ਼ ਲਗਾੲੇ ਗਏ ਹਨ। ਦੋਸ਼ਾਂ ਵਿਚ ਲੋਕਤੰਤਰ, ਮਨੁੱਖੀ ਅਧਿਕਾਰ, ਕਾਨੂੰਨ ਦੇ ਸ਼ਾਸਨ, ਨਿਆਂਇਕ ਆਜ਼ਾਦੀ ਅਤੇ ਨਿਰਪੱਖਤਾ ਦੀ ਰੱਖਿਆ ਕਰਨ ਵਿਚ ਅਸਮਰੱਥ ਹੋਣਾ ਸ਼ਾਮਲ ਹੈ।

ਉਨ੍ਹਾਂ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਹਨ ਹਨ। ਜੇਕਰ ਪ੍ਰਸਤਾਵ ਪ੍ਰਤੀਨਿਧ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੇ ਘੱਟੋ-ਘੱਟ ਦੋ-ਤਿਹਾਈ ਬਹੁਮੱਤ ਨਾਲ ਪਾਸ ਹੋ ਜਾਂਦਾ ਹੈ ਤਾਂ ਚੀਫ਼ ਜਸਟਿਸ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਜਾਵੇਗਾ।

ਇਸੇ ਦੌਰਾਨ ਸੀਨੀਅਰ ਜੱਜ ਦੀਪ ਕੁਮਾਰ ਕਾਰਕੀ ਨੂੰ ਸੁਪਰੀਮ ਕੋਰਟ ਦਾ ਕਾਰਜਕਾਰੀ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2017 ਵਿਚ ਇਕ ਮਹਾਦੋਸ਼ ਪ੍ਰਸਤਾਵ ਤਤਕਾਲੀ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਖ਼ਿਲਾਫ਼ ਦਾਇਰ ਕੀਤਾ ਗਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈਸ਼ੰਕਰ ਵੱਲੋਂ ਫਿਲਪੀਨਜ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ
Next articleChopper service launched for Telangana’s tribal fair