ਜਹਾਂਗੀਰਪੁਰੀ ਹਿੰਸਾ: ਅਸਥਾਨਾ ਨੇ ‘ਇਕਪਾਸੜ ਜਾਂਚ’ ਦੇ ਦੋਸ਼ ਨਕਾਰੇ

 

  • ਵੀਐੱਚਪੀ ਤੇ ਬਜਰੰਗ ਦਲ ਦੇ ਅਹੁਦੇਦਾਰਾਂ ਖ਼ਿਲਾਫ਼ ਐਫਆਈਆਰ, ਇਕ ਗ੍ਰਿਫ਼ਤਾਰ
  • ਦੋ ਮੁਲਜ਼ਮਾਂ ਦੀ ਪੁਲੀਸ ਹਿਰਾਸਤ ਵਿਚ ਵਾਧਾ

ਨਵੀਂ ਦਿੱਲੀ (ਸਮਾਜ ਵੀਕਲੀ):  ਦਿੱਲੀ ਪੁਲੀਸ ਦੇ ਮੁਖੀ ਰਾਕੇਸ਼ ਅਸਥਾਨਾ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ ਵਿਚ ‘ਇਕਪਾਸੜ’ ਜਾਂਚ ਕੀਤੇ ਜਾਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਹੁਣ ਤੱਕ 25 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਵਿਚ ‘ਦੋਵਾਂ ਫ਼ਿਰਕਿਆਂ’ ਦੇ ਵਿਅਕਤੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਅੱਠ ਜਣਿਆਂ ਦਾ ਅਪਰਾਧਕ ਰਿਕਾਰਡ ਹੈ। ਅਸਥਾਨਾ ਨੇ ਕਿਹਾ ਕਿ ਜੋ ਵੀ ਵਿਅਕਤੀ ਹਿੰਸਾ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਹੋਵੇਗੀ ਭਾਵੇਂ ਉਹ ਕਿਸੇ ਵੀ ਵਰਗ, ਨਸਲ, ਭਾਈਚਾਰੇ ਜਾਂ ਧਰਮ ਦਾ ਹੋਵੇ। ਉਨ੍ਹਾਂ ਇਲਾਕੇ ਵਿਚ ‘ਸ਼ੋਭਾ ਯਾਤਰਾ’ ਦੌਰਾਨ ਮਸਜਿਦ ’ਚ ਭਗਵੇਂ ਝੰਡੇ ਲਹਿਰਾਉਣ ਦੀਆਂ ਕੋਸ਼ਿਸ਼ ਬਾਰੇ ਕੀਤੇ ਗਏ ਦਾਅਵਿਆਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਥਿਤੀ ਨੂੰ ਤਣਾਅਪੂਰਨ ਰੱਖਣ ਲਈ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਕਈ ਸਿਆਸੀ ਆਗੂਆਂ ਤੇ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਦੋਸ਼ ਲਾਇਆ ਸੀ ਕਿ ਮਸਜਿਦ ਉਤੇ ਝੰਡਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਪੱਥਰਬਾਜ਼ੀ ਤੇ ਹਿੰਸਾ ਹੋਈ। ਸ਼ਨਿਚਰਵਾਰ ਦੀ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਅਸਥਾਨਾ ਨੇ ਕਿਹਾ ਕਿ ਸ਼ਾਮ 4.15 ’ਤੇ ਸ਼ੋਭਾ ਯਾਤਰਾ ਨਿਕਲੀ ਸੀ। ਇਸ ਰੂਟ ਉਤੇ ਪਹਿਲਾਂ ਵੀ ਯਾਤਰਾ ਨਿਕਲਦੀ ਰਹੀ ਹੈ। ਸ਼ਾਮ ਕਰੀਬ 6.15 ’ਤੇ ਜਿਹੜੇ ਲੋਕ ਯਾਤਰਾ ਵਿਚ ਮੂਹਰੇ ਸਨ, ਉਹ ਅੱਗੇ ਵੱਧ ਗਏ। ਜਦਕਿ ਪਿੱਛੇ ਆ ਰਹੇ ਲੋਕ ਤਕਰਾਰ ਹੋਣ ’ਤੇ ਰੁਕ ਗਏ ਤੇ ਮਗਰੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਰਾਹੀਂ ਹੋਰਨਾਂ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਹਿੰਸਾ ਦੀ ਹਰ ਪਹਿਲੂ ਤੋਂ ਜਾਂਚ ਕਰਨ ਲਈ 14 ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਤੇ ਡਿਜੀਟਲ ਮੀਡੀਆ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ’ਤੇ ਪੋਸਟਾਂ ਰਾਹੀਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਮਿਸ਼ਨਰ ਨੇ ਦੱਸਿਆ ਕਿ ਫੌਰੈਂਸਿਕ ਲੈਬ ਦੀ ਟੀਮ ਨੇ ਵੀ ਅੱਜ ਅਪਰਾਧ ਵਾਲੀ ਥਾਂ ਦਾ ਦੌਰਾ ਕੀਤਾ।

ਇਸੇ ਦੌਰਾਨ ਜਹਾਂਗੀਰਪੁਰੀ ਹਿੰਸਾ ’ਚ ਕਥਿਤ ਤੌਰ ’ਤੇ ਸ਼ਾਮਲ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਲਈ ਗਈ ਦਿੱਲੀ ਪੁਲੀਸ ਦੀ ਟੀਮ ’ਤੇ ਅੱਜ ਮੁਲਜ਼ਮ ਦੇ ਪਰਿਵਾਰ ਨੇ ਹਮਲਾ ਕਰ ਦਿੱਤਾ। ਸ਼ਨਿਚਰਵਾਰ ਨੂੰ ਹੋਈ ਹਿੰਸਾ ਦੌਰਾਨ ਮੁਲਜ਼ਮ ਸੋਨੂੰ ਚਿਕਨਾ ਪਿਸਤੌਲ ਨਾਲ ਗੋਲੀ ਚਲਾਉਂਦਾ ਕੈਮਰੇ ’ਚ ਆ ਗਿਆ ਸੀ। ਪੁਲੀਸ ਮੁਤਾਬਕ ਇਕ ਅਧਿਕਾਰੀ ਦੇ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੇ ਪੱਥਰ ਮਾਰੇ। ਹਾਲਾਂਕਿ ਪੁਲੀਸ ਨੇ ਮਗਰੋਂ 28 ਸਾਲਾ ਸੋਨੂੰ ਉਰਫ਼ ਇਮਾਮ ਉਰਫ਼ ਯੂਨੁਸ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਕਿ ਜਹਾਂਗੀਰਪੁਰੀ ਦੇ ਸੀ-ਬਲਾਕ ਦਾ ਵਾਸੀ ਹੈ।

ਪੁਲੀਸ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਤੇ ਹਿੰਸਾ ਦੀ ਕੋਈ ਹੋਰ ਘਟਨਾ ਨਹੀਂ ਵਾਪਰੀ। ਦਿੱਲੀ ਪੁਲੀਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਜੇ ਲੋਕ ਪਥਰਾਅ ਕਰ ਕੇ ਜਾਂਚ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਦਿੱਲੀ ਪੁਲੀਸ ਨੇ ਹਨੂੰਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ ਕੱਢਣ ਵਾਲੇ ਸੰਗਠਨਾਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਤੇ ਬਜਰੰਗ ਦਲ ਦੇ ਮੈਂਬਰਾਂ ਖਿਲਾਫ ਇਜਾਜ਼ਤ ਤੋਂ ਬਿਨਾਂ ਅਜਿਹਾ ਕਰਨ ਲਈ ਪਹਿਲਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਵੀਐਚਪੀ ਦੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰ ਪ੍ਰੇਮ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਦਿੱਲੀ ਦੀ ਇੱਕ ਅਦਾਲਤ ਨੇ ਅੱਜ ਜਹਾਂਗੀਰਪੁਰੀ ਹਿੰਸਾ ਮਾਮਲੇ ਦੇ ਮੁਲਜ਼ਮਾਂ ਅੰਸਾਰ ਅਤੇ ਅਸਲਮ ਨੂੰ ਦੋ ਹੋਰ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਹਾਂਗੀਰਪੁਰੀ ਵਿੱਚ ਸ਼ਨਿਚਰਵਾਰ ਨੂੰ ਭੜਕੀ ਹਿੰਸਾ ਦੇ ਕੇਸ ਵਿੱਚ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਾਰ ਹੋਰ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਸੁਣਵਾਈ ਦੌਰਾਨ ਦਿੱਲੀ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਮੁੱਖ ਦੋਸ਼ੀ ਅੰਸਾਰ ਤੇ ਅਸਲਮ ਨੂੰ 15 ਅਪਰੈਲ ਨੂੰ ‘ਸ਼ੋਭਾ ਯਾਤਰਾ’ ਬਾਰੇ ਪਤਾ ਲੱਗਾ ਸੀ ਤੇ ਫਿਰ ਉਨ੍ਹਾਂ ਕਥਿਤ ਤੌਰ ’ਤੇ ਫ਼ਿਰਕੂ ਹਿੰਸਾ ਦੀ ਸਾਜ਼ਿਸ਼ ਰਚੀ। ਦਿੱਲੀ ਪੁਲੀਸ ਨੇ ਇਹ ਵੀ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਹੋਰ ਜਾਂਚ ਕਰਨੀ ਪਵੇਗੀ ਤੇ ਇਸ ਮਾਮਲੇ ਵਿੱਚ ਸ਼ਾਮਲ ਹੋਰਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਪੁਲੀਸ ਨੇ ਦੋਸ਼ ਲਾਇਆ ਕਿ ਮੁਹੰਮਦ ਅਸਲਮ ਨੇ ਹੀ ਗੋਲੀ ਚਲਾਈ ਸੀ ਜੋ ਦਿੱਲੀ ਪੁਲੀਸ ਦੇ ਇੱਕ ਸਬ-ਇੰਸਪੈਕਟਰ ਨੂੰ ਲੱਗੀ। ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਹੋਇਆ ਹੈ। ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਪੁਲੀਸ ਨੂੰ ਨਿਰਦੇਸ਼ ਦਿੱਤਾ ਕਿ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ 16 ਸਾਲਾ ਨਾਬਾਲਗ ਨੂੰ ਜੁਵੇਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕੀਤਾ ਜਾਵੇ। ਉਸ ਨੂੰ ਪੱਥਰਬਾਜ਼ੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉੱਤਰ-ਪੱਛਮ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿਚ ਜ਼ਿਆਦਾਤਰ ਦੁਕਾਨਾਂ ਅਜੇ ਵੀ ਬੰਦ ਹਨ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲੀਸ ਹਾਲੇ ਵੀ ਇੱਥੇ ਵੱਡੀ ਗਿਣਤੀ ਵਿਚ ਤਾਇਨਾਤ ਹੈ। ਪੂਰੇ ਇਲਾਕੇ ਦੀ ਨਾਕਾਬੰਦੀ ਕੀਤੀ ਗਈ ਹੈ।

‘ਸ਼ੋਭਾ ਯਾਤਰਾ’ ਵਿਚ ਹਥਿਆਰ ਲਿਜਾਣ ’ਤੇ ਸੀਪੀਐਮ ਨੇ ਉਠਾਏ ਸਵਾਲ

ਬਰਿੰਦਾ ਕਰਾਤ ਸਮੇਤ ਸੀਪੀਐਮ ਦੇ ਸੀਨੀਅਰ ਪੋਲਿਟ ਬਿਊਰੋ ਮੈਂਬਰਾਂ ਨੇ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹੋਈ ਹਿੰਸਾ ’ਤੇ ਪੁਲੀਸ ਮੁਖੀ ਰਾਕੇਸ਼ ਅਸਥਾਨਾ ਨੂੰ ਪੱਤਰ ਲਿਖਿਆ ਹੈ ਤੇ ਉਨ੍ਹਾਂ ਪੁਲੀਸ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਸ਼ੋਭਾ ਯਾਤਰਾ ਵਿਚ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਹੀ ਗੜਬੜ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਨੇ ਸਨ। ਸੀਪੀਐਮ ਆਗੂਆਂ ਨੇ ਸਵਾਲ ਉਠਾਇਆ ਕਿ ‘ਜਲੂਸ’ ਨੂੰ ਮਸਜਿਦ ਦੇ ਸਾਹਮਣੇ ਰੋਕਣ ਦੀ ਇਜਾਜ਼ਤ ਕਿਸ ਨੇ ਦਿੱਤੀ। ਪੱਤਰ ਵਿੱਚ ਉਨ੍ਹਾਂ ਲਿਖਿਆ ਕਿ, ‘ਸਾਡੀ ਤੱਥ ਖੋਜ ਟੀਮ ਨੂੰ ਚਸ਼ਮਦੀਦ ਗਵਾਹਾਂ ਨੇ ਦੱਸਿਆ ਹੈ ਤੇ ਨਾਲ ਹੀ ਕਈ ਟੀਵੀ ਚੈਨਲਾਂ ’ਤੇ ਪ੍ਰਸਾਰਿਤ ਵੀਡੀਓਜ਼ ਵਿਚ ਨਜ਼ਰ ਆ ਰਿਹਾ ਹੈ ਕਿ ਬਜਰੰਗ ਦਲ ਦੇ ਯੂਥ ਵਿੰਗ ਦੇ ਮੈਂਬਰਾਂ ਕੋਲ ਨੰਗੀਆਂ ਤਲਵਾਰਾਂ, ਲਾਠੀਆਂ ਸਨ। ਹੈਰਾਨ ਕਰਨ ਵਾਲੀ ਗੱਲ ਹੈ ਜਲੂਸ ਦੌਰਾਨ ਇਨ੍ਹਾਂ ਹਥਿਆਰਾਂ ਨਾਲ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।

ਭਾਜਪਾ ਨੇ ‘ਆਪ’ ਨੂੰ ਘੇਰਿਆ

ਦਿੱਲੀ ਭਾਜਪਾ ਦੇ ਆਗੂਆਂ ਨੇ ਅੱਜ ਦਾਅਵਾ ਕੀਤਾ ਕਿ ਹਿੰਸਾ ਮਾਮਲੇ ਦੇ ਮੁਲਜ਼ਮ ਮੁਹੰਮਦ ਅੰਸਾਰ ਤੇ ਸੱਤਾਧਾਰੀ ‘ਆਪ’ ਵਿਚਾਲੇ ਤਾਲਮੇਲ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ‘ਕਿਉਂ ਘਟਨਾ ਦੇ ਸਾਜ਼ਿਸ਼ਘਾੜੇ ਇਕ ਖਾਸ ਪਾਰਟੀ ਨਾਲ ਸਬੰਧਤ ਹੁੰਦੇ ਹਨ।’ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅੰਸਾਰ ਨੂੰ ਪਾਰਟੀ ਵਿਚੋਂ ਕੱਢਿਆ ਜਾਵੇ। ਕਪੂਰ ਨੇ ਕਿਹਾ ਕਿ ਅੰਸਾਰ ‘ਆਪ’ ਵਰਕਰ ਹੈ ਤੇ ਦਿੱਲੀ ਵਾਸੀ ਉਸ ਦੀ ਦੰਗਿਆਂ ਵਿਚ ਸ਼ਮੂਲੀਅਤ ਬਾਰੇ ਜਾਣਨਾ ਚਾਹੁੰਦੇ ਹਨ। ਭਾਜਪਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ‘ਆਪ’ ਆਗੂ ਤੇ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ‘ਅੰਸਾਰ ਭਾਜਪਾ ਨਾਲ ਸਬੰਧਤ ਹੋ ਸਕਦਾ ਹੈ ਕਿਉਂਕਿ ਭਗਵਾਂ ਪਾਰਟੀ ਨੂੰ ਸਾਰੀ ਅੰਦਰ ਦੀ ਕਹਾਣੀ ਪਤਾ ਹੈ।’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਅਗਲੇ ਥਲ ਸੈਨਾ ਮੁਖੀ
Next articleਸ੍ਰੀਲੰਕਾ: ਮੇਰੀਆਂ ਗ਼ਲਤੀਆਂ ਕਾਰਨ ਦੇਸ਼ ਆਰਥਿਕ ਮੰਦੀ ਦਾ ਸ਼ਿਕਾਰ ਹੋਇਆ: ਰਾਸ਼ਟਰਪਤੀ