ਲਖੀਮਪੁਰ ਹਿੰਸਾ: ਤਿੰਨ ਕਿਸਾਨਾਂ ਦਾ ਸਸਕਾਰ

 

  • ਪਹਿਲੀ ਪੋਸਟਮਾਰਟਮ ਰਿਪੋਰਟ ਵਿੱਚ ਸੱਚ ਲੁਕਾਉਣ ਦਾ ਲਾਇਆ ਦੋਸ਼
  • ਕਿਸਾਨ ਦੀ ਮੌਤ ਗੋਲੀ ਵੱਜਣ ਕਾਰਨ ਹੋਣ ਦਾ ਦਾਅਵਾ
  • ਕਿਸਾਨ ਦੇ ਪਰਿਵਾਰ ਨੂੰ ਮਿਲੀ ਸੋਨੀਆ ਮਾਨ

ਲਖੀਮਪੁਰ ਖੀਰੀ (ਸਮਾਜ ਵੀਕਲੀ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲਖੀਮਪੁਰ ਖੀਰੀ ’ਚ ਐਤਵਾਰ ਨੂੰ ਰੋਸ ਮੁਜ਼ਾਹਰੇ ਦੌਰਾਨ ਤੇਜ਼ ਰਫ਼ਤਾਰ ਐੱਸਯੂਵੀ ਨਾਲ ਕਥਿਤ ਤੌਰ ’ਤੇ ਦਰੜ ਕੇ ਮਾਰੇ ਗਏ ਚਾਰ ਕਿਸਾਨਾਂ ’ਚੋਂ ਤਿੰਨ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ ਜਦਕਿ ਇੱਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਮੁੜ ਪੋਸਟਮਾਰਟਮ ਕਰਵਾਉਣ ਦੀ ਮੰਗ ਕਰਦਿਆਂ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੂੰ ਸਸਕਾਰ ਲਈ ਮਨਾਉਣ ਲਈ ਏਡੀਜੀਪੀ ਪੱਧਰ ਦਾ ਇੱਕ ਅਧਿਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਮੌਕੇ ’ਤੇ ਪਹੁੰਚੇ।

ਇਸੇ ਵਿਚਾਲੇ ਪ੍ਰਸ਼ਾਸਨ ਨੇ ਗੁਰਵਿੰਦਰ ਸਿੰਘ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਲਖਨਊ ਤੋਂ ਪੋਸਟਮਾਰਟਮ ਮਾਹਿਰਾਂ ਦੀ ਟੀਮ ਅੱਜ ਸ਼ਾਮ ਬਹਿਰਾਈਚ ਪੁਲੀਸ ਲਾਈਨ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਇਸ ਹਿੰਸਕ ਘਟਨਾ ’ਚ ਮਾਰੇ ਗਏ ਚਾਰ ਕਿਸਾਨਾਂ ’ਚੋਂ ਦੋ ਲਖੀਮਪੁਰ ਖੀਰੀ ਤੇ ਦੋ ਬਹਿਰਾਈਚ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਲੀਆ ’ਚ ਅੱਜ ਬਾਅਦ ਦੁਪਹਿਰ ਸਤਨਾਮ ਸਿੰਘ ਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ (19) ਦਾ ਸਸਕਾਰ ਕੀਤਾ। ਸ਼ੁਰੂ ’ਚ ਸਤਨਾਮ ਸਿੰਘ ਆਪਣੇ ਪੁੱਤ ਦੇ ਸਸਕਾਰ ਲਈ ਤਿਆਰ ਨਹੀਂ ਸਨ ਪਰ ਬਾਅਦ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਦਖਲ ਮਗਰੋਂ ਉਹ ਮੰਨ ਗਏ। ਲਖੀਮਪੁਰ ਖੀਰੀ ਦੀ ਧੌਰਹਿਰਾ ਤਹਿਸੀਲ ਦੇ ਨਛੱਤਰ ਸਿੰਘ (60-65) ਦੀ ਦੇਹ ਨੂੰ ਉਸ ਦੇ ਪੁੱਤਰ ਮਨਦੀਪ ਸਿੰਘ ਨੇ ਅਗਨੀ ਦਿਖਾਈ।

ਬਹਿਰਾਈਚ ’ਚ ਦਲਜੀਤ ਸਿੰਘ (42) ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਸਕਾਰ ਕੀਤਾ ਜਦਕਿ ਬਹਿਰਾਈਚ ਦੀ ਹੀ ਮਟੇਰਾ ਤਹਿਸੀਲ ਦੇ ਗੁਰਵਿੰਦਰ ਸਿੰਘ (22) ਦਾ ਸਸਕਾਰ ਅਜੇ ਕੀਤਾ ਜਾਣਾ ਬਾਕੀ ਹੈ। ਉਸ ਦੇ ਪਰਿਵਾਰ ਨੇ ਸਸਕਾਰ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਗੁਰਵਿੰਦਰ ਸਿੰਘ ਨੂੰ ਗੋਲੀ ਮਾਰੀ ਗਈ ਹੈ ਜਿਸ ਦਾ ਪੋਸਟਮਾਰਟਮ ਰਿਪੋਰਟ ’ਚ ਜ਼ਿਕਰ ਨਹੀਂ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਵੀ ਅੱਜ ਗੁਰਵਿੰਦਰ ਦੇ ਪਿਤਾ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਅੱਜ ਸਵੇਰੇ ਗੁਰਵਿੰਦਰ ਦੇ ਘਰ ਪੁੱਜੀ ਕਿਸਾਨ ਅੰਦੋਲਨ ਦੀ ਹਮਾਇਤੀ ਤੇ ਪੰਜਾਬੀ ਕਲਾਕਾਰ ਸੋਨੀਆ ਮਾਨ ਨੇ ਵੀ ਪੀੜਤ ਪਰਿਵਾਰ ਦੀ ਮੰਗ ਦੀ ਹਮਾਇਤ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleएसबीआई लेडीज क्‍लब ने अमृतसर में इंस्‍टीट्यूट फॉर ब्‍लाइंड को शैक्षणिक सामग्री प्रदान की
Next articleਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ