ਝੂਠ ਫਰੇਬ ਦੀ ਮੰਡੀ ਵਿਚ…ਪਿਆਰ, ਤਿਆਗ ਤੇ ਮਮਤਾ ਵਾਲਾ ਕੋਈ ਨਿਭਦਾ ਰਿਸ਼ਤਾ ਹੁਣ ਟਾਮਾ- ਟਾਮਾ…

(ਸਮਾਜ ਵੀਕਲੀ)

ਹੁਣ ਸੋਹਣੀਆਂ, ਮਿੱਟੀ ਦੀਆਂ ਭਾਵਨਾਵਾਂ ਰਹਿਤ ਫਿਰਦੀਆਂ ਮੂਰਤੀਆਂ ਬਹੁਤ ਮਿਲਦੀਆਂ ਨੇ, ਅਸਲ ਚ ਸਾਡੇ ਅੰਦਰ ਸੋਹਣੀ ਆਤਮਾ ਦਾ ਹੋਣਾ ਹੀ ਸਾਡੀ ਇਨਸਾਨੀ ਮਿੱਟੀ ਦੇ ਵਜ਼ੂਦ ਨੂੰ ਰੂਪ ਦਿੰਦਾ ਹੈ।

ਦੋ-ਸੱਤ ਜਾਂ ਦੋ-ਸੱਚ ਇਕੱਠੇ ਹੋਣ ਤੇ ਇੱਕ ਦੋਸਤ ਪੈਦਾ ਹੁੰਦਾ ਹੈ, ‘ਤੂੰ ਲਈ ਮੈਂ, ਮੈਂ ਲਈ ਤੂੰ’। ਜਿੱਥੇ ਸੱਚ ਦਾ ਕੱਦ ਤੇ ਕਿਰਦਾਰ ਬਹੁਤ ਵੱਡਾ ਤੇ ਵਿਸ਼ਾਲ ਹੁੰਦਾ ਹੈ, ਉੱਥੇ ਇਹ ਦੁਨੀਆਦਾਰਾਂ ਲਈ ਅਣਦਿੱਖ ਵੀ ਹੁੰਦਾ।

ਜਿੱਥੇ ਵੀ ਦੋ-ਸੱਚ ਜੁੜੇ ਹਨ, ਦੁਨੀਆ ਨੇ ਸੱਚ ਨੂੰ ਪ੍ਰਵਾਨ ਹੀ ਨਹੀਂ ਕੀਤਾ, ਕਿਉਂਕਿ ਬਹੁਗਿਣਤੀ ਲੋਕਾਂ ਨੇ ਕਦੇ ਅਸਲ ਸੱਚ ਦਾ ਸਵਾਦ ਚੱਖਿਆ ਹੀ ਨਹੀਂ, ਅਸੀਂ ਤਾਂ ਸਿਰਫ ਝੂਠ ਦੇ ਸਵਾਦ ਤੋਂ ਹੀ ਵਾਕਿਫ਼ ਲੋਕ ਹਾਂ! ਏਥੇ ਤਾਂ ਦੁਨਿਆਵੀ ਅਲੱਗ ਜਾਤਾਂ ਨਾਲ ਸਬੰਧਤ ਦੋਸਤਾਂ ਦੀ ਦੋਸਤੀ ਨੂੰ ਪ੍ਰਵਾਨਗੀ ਨਹੀਂ। ਪਰ ਕੁਦਰਤ ਦੀ ਨਜ਼ਰ ਵਿਚ ਸਿਰਫ਼ ਦੋ ਹੀ ਜਾਤਾਂ ਹਨ ਇੱਕ ਮਰਦ ਜਾਤ ਅਤੇ ਦੂਸਰੀ ਔਰਤ ਜਾਤ।

ਜੇ ਕੁਦਰਤ ਦੀ ਮੇਹਰ ਸਦਕਾ ਇਨ੍ਹਾਂ ਦੋਹਾਂ ਜਾਤਾਂ ਦੀਆਂ ਰੂਹਾਂ ਨੂੰ ਇੱਕ-ਦੂਜੇ ਦੀ ਦੋਸਤੀ ਪ੍ਰਵਾਨ ਹੋ ਜਾਵੇ ਤਾਂ ਦੋਨੋਂ ਇੱਕ-ਦੂਜੇ ਨਾਲ ਬਹੁਤ ਖੁਸ਼ ਰਹਿ ਸਕਦੇ ਹਨ। ਕਿਉਂਕਿ ਇੱਕ ਸੁਲਝੇ ਮਰਦ ਨੂੰ, ਮਰਦ ਜਾਤ ਦੀਆਂ ਅਸਲ ਸੱਚਾਈਆਂ ਬਾਰੇ ਸਭ ਕੁਝ ਪਤਾ ਹੁੰਦਾ ਹੈ ਅਤੇ ਸਚਿਆਰੀ ਔਰਤ ਨੂੰ ਔਰਤ ਜਾਤ ਦੀਆਂ ਡੂੰਘਾਈਆਂ ਦਾ ਡੂੰਘਾ ਗਿਆਨ ਹੁੰਦਾ ਹੈ। ਜੇ ਦੋਨੋਂ ਮਿਲ ਕੇ ਦੁਨੀਆਵੀ ਸ਼ੰਕੇ ਦੂਰ ਕਰਨ, ਸੋਹਣੇ ਸਮਾਜ ਦੀ ਸਿਰਜਣਾ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲਣ, ਤਾਂ ਵੀ ਸਮਾਜ ਨੂੰ ਦਿੱਕਤ ਹੁੰਦੀ ਹੈ।

ਭਾਵੇਂ ਉਨ੍ਹਾਂ ਦੋਹਾਂ ਪਾਕ ਤੇ ਬੇਦਾਗ਼ ਰੂਹਾਂ ਦੀ ਨਜ਼ਰ ਵਿੱਚ ਆਪਣੇ ਸੁੱਖਾਂ ਨਾਲੋਂ ਜ਼ਰੂਰੀ ਆਪਣਿਆਂ ਨਾਲ ਜੁਡ਼ਿਆਂ ਦੇ ਸੁੱਖ ਹੁੰਦੇ ਹਨ। ਜਿਸ ਖਾਤਰ ਉਹ ਦੋਵੇਂ ਆਪਣੀਆਂ ਖੁਵਾਹਿਸ਼ਾਂ ਸੁਪਨਿਆਂ ਦਾ ਖਾਤਮਾ ਕਰਦੇ ਕਰਦੇ ਆਖਿਰ ਗਲਾ ਘੋਟ ਦਿੰਦੇ ਹਨ। ਸੱਚੀਆਂ ਰੂਹਾਂ ਦਾ ਭਾਵੇਂ ਆਪਣੇ ਸਭ ਤੋਂ ਕਰੀਬੀ ਦੋਸਤ ਬਾਰੇ ਕੋਠੇ ਦੀ ਛੱਤ ਤੇ ਚੜ੍ਹ ਰੌਲਾ ਪਾਉਣ ਨੂੰ ਜੀਅ ਕਰਦਾ ਹੋਵੇ, ਪਰ ਉਹ ਸਮਾਜ ਦੀ ਗਿਰੀ ਹੋਈ ਮਾਨਸਿਕਤਾ ਕਰਕੇ ਨਾਲ ਰਹਿੰਦਿਆਂ ਨੂੰ ਵੀ ਉਸ ਦੀ ਭਿਣਕ ਨਹੀਂ ਲੱਗਣ ਦਿੰਦੇ।

ਝੂਠੇ ਸੰਸਾਰ ਅੰਦਰ ਰੋਜ਼ਾਨਾ ਅਨੇਕਾਂ ਨੇਕ ਰੂਹਾਂ ਦੇ ਸੱਚੇ ਰਿਸ਼ਤੇ ਕਤਲ ਹੁੰਦੇ ਨੇ, ਸਾਡੀ ਮੰਦਬੁੱਧੀ ਸੋਚ ਕਰਕੇ, ਤੇ ਕੁਦਰਤ ਵਰਗੇ ਰਿਸ਼ਤੇ ਇਸ ਖੂਬਸੂਰਤ ਸੰਸਾਰ ਤੋਂ ਵਿਦਾ ਹੋਣ ਲੱਗਿਆ, ਸੋਚਾਂ ਦੀਆਂ ਪੰਡਾਂ ਦੇ ਲੜ ਬੰਨਕੇ ਬਹੁਤ ਸਾਰੇ ਅਣਸੁਲਝੇ ਸਵਾਲਾਂ ਨੂੰ ਆਪਣੇ ਨਾਲ ਹੀ ਲੈ ਜਾਂਦੇ ਹਨ। ਜਿਉਂਦਿਆਂ ਦੇ ‘ਫ਼ਿਕਰ’ ਲਈ ਸਾਡੇ ਕੋਲ ਕੋਈ ਹੱਲ ਨਹੀਂ ਕਿਉਕਿ ਅਸੀਂ ਜਨਾਜ਼ਿਆਂ ਤੇ ਇਕੱਠੇ ਹੋਣ ਮਾਹਿਰ ਹਾਂ। ਸਾਰੇ ਧਾਰਮਿਕ ਪ੍ਰਚਾਰਕਾਂ ਤੋਂ ਹੁਣ ਤੱਕ ਇਹੀ ਸੁਣਿਆ ਸੀ ਕਿ… *ਸਭ ਨੇ ਖ਼ਾਲੀ ਹੱਥ ਜਾਣਾ ਇਸ ਦੁਨੀਆ ਤੋਂ, ਪਰ ਸਮਝ ਹੁਣ ਆਇਆ ਰਿਹਾ ਕਿ ਅਸੀਂ ਬਹੁਤ ਸਾਰੀਆਂ ਅਣਕਹੀਆਂ ਗੱਲਾਂ ਵੀ ਨਾਲ ਲੈ ਕੇ ਜਾਵਾਂਗੇ..!*

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਸੰਜੀਵ ਸ਼ਰਮਾ ਐਸਡੀਐਮ ਸ਼ਾਹਕੋਟ ਦੀ ਤਰੱਕੀ ਹੋ ਕੇ ਏਡੀਸੀ ਬਨਣ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ
Next articleਬਾਗਬਾਨੀ ਵਿਭਾਗ ਵਲੋਂ ਵਿਦੇਸ਼ੀ ਫਲਾਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ’ਤੇ ਜ਼ੋਰ