ਬਾਗਬਾਨੀ ਵਿਭਾਗ ਵਲੋਂ ਵਿਦੇਸ਼ੀ ਫਲਾਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ’ਤੇ ਜ਼ੋਰ

ਕੈਪਸ਼ਨ-ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਖੇ ਕਿਸਾਨ ਅਮਰਿੰਦਰ ਸਿੰਘ ਵਲੋਂ ਡਰੈਗਨ ਫਰੂਟ ਦੀ ਕਾਸ਼ਤ ਵਾਲੇ ਖੇਤ ਦਾ ਦੌਰਾ ਕਰਨ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਬਾਗਬਾਨੀ ਵਿਕਾਸ ਅਫਸਰ ਮਨਪ੍ਰੀਤ ਕੌਰ, ਕਿਸਾਨ ਅਮਰਿੰਦਰ ਸਿੰਘ ਤੇ ਹੋਰ।

ਐਸ.ਡੀ.ਐਮ. ਵਲੋਂ ਜੱਬੋਵਾਲ ਵਿਖੇ ਅਗਾਂਹਵਧੂ ਕਿਸਾਨ ਦੇ ਖੇਤਾਂ ਦਾ ਦੌਰਾ ਕਰਕੇ ‘ਡਰੈਗਨ ਫਰੂਟ’ ਦੀ ਕਾਸ਼ਤ ਦਾ ਜਾਇਜ਼ਾ

ਕਪੂਰਥਲਾ /ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਪੰਜਾਬ ਦੇ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਵਿਦੇਸ਼ੀ ਫਲਾਂ ਦੀ ਕਾਸ਼ਤ ਨੂੰ ਅਪਣਾਉਣ ਦਾ ਸੱਦਾ ਦਿੱਤਾ ਗਿਆ ਹੈ।ਇਸ ਸਬੰਧੀ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਵਲੋਂ ਅੱਜ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਕਪੂਰਥਲਾ ਜਿਲ੍ਹੇ ਵਿਚ ‘ਡਰੈਗਨ ਫਰੂਟ’ ਦੀ ਖੇਤੀ ਸ਼ੁਰੂ ਕਰਨ ਵਾਲੇ ਪਹਿਲੇ ਕਿਸਾਨ ਦੇ ਖੇਤਾਂ ਦਾ ਦੌਰਾ ਕੀਤਾ ਗਿਆ।

ਬਾਗਬਾਨੀ ਵਿਕਾਸ ਅਫਸਰ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਜੱਬੋਵਾਲ ਦੇ ਕਿਸਾਨ ਸ੍ਰੀ ਅਮਰਿੰਦਰ ਸਿੰਘ ਵਲੋਂ ਪਿਛਲੇ 3 ਸਾਲ ਤੋਂ ਡਰੈਗਨ ਫਰੂਟ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਦੌਰਾਨ ਉਨ੍ਹਾਂ ਨਾ ਸਿਰਫ ਰਵਾਇਤੀ ਫਸਲੀ ਚੱਕਰ ਨੂੰ ਤੋੜਿਆ ਸਗੋਂ ਉਨ੍ਹਾਂ ਦੀ ਆਮਦਨੀ ਵਿਚ ਵੀ ਚੋਖਾ ਵਾਧਾ ਹੋਇਆ।

ਇਸ ਮੌਕੇ ਕਿਸਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ 150 ਪੋਲਜ ਤੋਂ ਕੰਮ ਸ਼ੁਰੂ ਕੀਤਾ ਸੀ ਪਰ ਡਰੈਗਨ ਫਰੂਟ ਦੀ ਚੰਗੀ ਕਾਸ਼ਤ ਤੇ ਵੱਟਤ ਦੇ ਮੱਦੇਨਜ਼ਰ ਉਨ੍ਹਾਂ 250 ਪੋਲਜ ਤੱਕ ਬੂਟੇ ਵਧਾ ਦਿੱਤੇ ਹਨ। ਕਿਸਾਨ ਨੇ ਦੱਸਿਆ ਗਿਆ ਕਿ ਉਸਦੇ ਪੁਰਾਣੇ ਪੋਲ ਇਸ ਸਾਲ ਲਗਭਗ 10 ਤੋਂ 15 ਕਿਲੋ ਪ੍ਰਤੀ ਪੋਲ ਝਾੜ ਪੈਦਾ ਕਰਨਗੇ ਅਤੇ ਨਵੇਂ ਪੋਲ 7 ਤੋਂ 8 ਕਿਲੋ ਪ੍ਰਤੀ ਪੋਲ ਝਾੜ ਪੈਦਾ ਕਰਨਗੇ।

ਐਚ.ਡੀ.ਓ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਫਸਲ ਨੂੰ ਪਾਣੀ, ਸਪਰੇਆਂ ਅਤੇ ਖਾਦਾਂ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ ਅਤੇ ਕਿਸਾਨ ਫਲ ਦਾ ਸਵੈ-ਮੰਡੀਕਰਨ ਕਰਦਾ ਹੈ ਅਤੇ ਉਸ ਨੂੰ ਮੰਡੀਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਇਸ ਸਾਲ

ਕਿਸਾਨ ਵੱਲੋਂ ਡਰੈਗਨ ਫਰੂਟ ਦੀ ਨਰਸਰੀ ਵੀ ਤਿਆਰ ਕਰਕੇ ਵੀ ਵੇਚੀ ਗਈ ਹੈ।

ਐਸ.ਡੀ.ਐਮ. ਵਲੋਂ ਕਿਸਾਨ ਅਮਰਿੰਦਰ ਸਿੰਘ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਵਿਦੇਸ਼ੀ ਫਲਾਂ ਦੀ ਕਾਸ਼ਤ ਵੱਲ ਤਵੱਜ਼ੋਂ ਦੇਣ । ਇਸ ਮੌਕੇ ਡਾ. ਕੁਲਵੰਤ ਸਿੰਘ ਬਾਗਬਾਨੀ ਵਿਕਾਸ ਅਫਸਰ ਕਪੂਰਥਲਾ, ਸ੍ਰੀ ਜਸਵੀਰ ਸਿੰਘ ਅਤੇ ਸ੍ਰੀ ਦੀਪਕਪਾਲ ਸਿੰਘ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੂਠ ਫਰੇਬ ਦੀ ਮੰਡੀ ਵਿਚ…ਪਿਆਰ, ਤਿਆਗ ਤੇ ਮਮਤਾ ਵਾਲਾ ਕੋਈ ਨਿਭਦਾ ਰਿਸ਼ਤਾ ਹੁਣ ਟਾਮਾ- ਟਾਮਾ…
Next articleਤੰਜ ਡਰਾਮੇ