ਗ਼ੈਰਕਾਨੂੰਨੀ ਖਣਨ: ਰਾਜਪਾਲ ਵੱਲੋਂ ਚੰਨੀ ਖ਼ਿਲਾਫ਼ ਪੜਤਾਲ ਦੇ ਹੁਕਮ

New Punjab Chief Minister Charanjit Singh Channi.

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹੀ ਗ਼ੈਰਕਾਨੂੰਨੀ ਖਣਨ ਦੇ ਮੁੱਦੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਚੋਣਾਂ ਦੌਰਾਨ ਪੜਤਾਲ ਦੇ ਇਨ੍ਹਾਂ ਹੁਕਮਾਂ ਨਾਲ ਨਵਾਂ ਵਿਵਾਦ ਛਿੜ ਗਿਆ ਹੈ। ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ 18 ਜਨਵਰੀ ਨੂੰ ਚਰਨਜੀਤ ਸਿੰਘ ਦੇ ਚੰਨੀ ਦੇ ਕਰੀਬੀ ਰਿਸ਼ਤੇਦਾਰ ਸਮੇਤ ਹੋਰ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਸੀ।

ਰਾਜਪਾਲ ਨੇ 24 ਜਨਵਰੀ ਨੂੰ ‘ਆਪ’ ਦੇ ਮੰਗ ਪੱਤਰ ਦੇ ਹਵਾਲੇ ਨਾਲ ਗ਼ੈਰਕਾਨੂੰਨੀ ਖਣਨ ਦੇ ਮੁੱਦੇ ਨੂੰ ਲੈ ਕੇ ਡੀਜੀਪੀ ਵੀ ਕੇ ਭੰਵਰਾ ਨੂੰ ਉੱਚ ਪੱਧਰੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਡੀਜੀਪੀ ਨੂੰ ਪੜਤਾਲ ਰਿਪੋਰਟ ਸੌਂਪਣ ਲਈ ਵੀ ਕਿਹਾ ਹੈ। ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਦੀ ਅਗਵਾਈ ਵਿਚ 24 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਸੀ ਅਤੇ ਮੰਗ ਪੱਤਰ ਸੌਂਪ ਕੇ ਰੇਤ ਮਾਫ਼ੀਆ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਵਫ਼ਦ ਨੇ ਮੰਗ ਪੱਤਰ ’ਚ ਰੇਤ ਮਾਫ਼ੀਆ ਦੇ ਮੁੱਦੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਫ਼ੌਜਦਾਰੀ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਸੀ।

ਮੰਗ ਪੱਤਰ ’ਚ ਈਡੀ ਵੱਲੋਂ ਮੁੱਖ ਮੰਤਰੀ ਦੇ ਰਿਸ਼ਤੇਦਾਰ ’ਤੇ ਮਾਰੇ ਗਏ ਛਾਪਿਆਂ ਅਤੇ 10 ਕਰੋੜ ਦੀ ਨਗਦੀ ਦਾ ਹਵਾਲਾ ਵੀ ਦਿੱਤਾ ਗਿਆ ਸੀ। ਉਂਜ ਮੁੱਖ ਮੰਤਰੀ ਅਤੇ ਕਾਂਗਰਸ ਨੇ ਕਿਹਾ ਹੈ ਕਿ ਇਹ ਛਾਪੇ ਬਦਲਾਖੋਰੀ ਤਹਿਤ ਮਾਰੇ ਗਏ ਹਨ। ਰਾਜਪਾਲ ਨੇ ‘ਆਪ’ ਦੇ ਮੰਗ ਪੱਤਰ ਦੇ ਹਵਾਲੇ ਨਾਲ ਡੀਜੀਪੀ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਕੇ ਰਿਪੋਰਟ ਸੌਂਪੀ ਜਾਵੇ। ਸਿਆਸੀ ਹਲਕੇ ਇਸ ਗੱਲੋਂ ਹੈਰਾਨ ਹਨ ਕਿ ਰਾਜਪਾਲ ਤਰਫ਼ੋਂ ਪੜਤਾਲ ਦੇ ਏਨੀ ਤੇਜ਼ੀ ਨਾਲ ਦਿੱਤੇ ਗਏ ਹੁਕਮਾਂ ਤੋਂ ਕਈ ਸ਼ੰਕੇ ਖੜ੍ਹੇ ਹੁੰਦੇ ਹਨ। ਕਾਂਗਰਸ ਹਾਈਕਮਾਨ ਤਰਫ਼ੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਪੜਤਾਲ ਦੇ ਹੁਕਮ ਜਾਰੀ ਹੋਣ ਨਾਲ ਸ਼ੱਕ ਹੋਰ ਵੀ ਡੂੰਘੇ ਹੋ ਜਾਂਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਤ ਮਾਫ਼ੀਆ ਖ਼ਿਲਾਫ਼ ਜਾਂਚ ਦੇ ਹੁਕਮਾਂ ਦਾ ‘ਆਪ’ ਵੱਲੋਂ ਸਵਾਗਤ
Next article‘ਰੇਤ ਮਾਫੀਆ ਕਿੰਗ’ ਚੰਨੀ ਦੋਵੇਂ ਸੀਟਾਂ ਤੋਂ ਹਾਰਨਗੇ: ਸੁਖਬੀਰ ਬਾਦਲ