ਬਚਪਨ ਦੀਆਂ ਯਾਦਾਂ ਸਮੋਈ ਬੈਠੀ ਪੁਸਤਕ-‘ਉਮਰ ਲੰਘਦੀ ਗਈ’

(ਸਮਾਜ ਵੀਕਲੀ)

ਡਾ. ਉਜਾਗਰ ਸਿੰਘ ਮਾਨ ਕਿੱਤੇ ਵਜੋਂ ਡਿਪਟੀ ਡਾਇਰੈਕਟਰ­ ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਰਿਟਾਇਰ ਹੋਇਆ ਹੈ। ਉਸਨੇ ਆਪਣੀ ਜ਼ਿੰਦਗੀ ਵਿੱਚ ਹੁਣ ਤੱਕ ਜਿੰਨੀਆਂ ਵੀ ਕਵਿਤਾਵਾਂ/ਗੀਤ/ਗ਼ਜ਼ਲ/ਟੱਪੇ ਆਦਿ ਦੀ ਰਚਨਾ ਕੀਤੀ­ ਉਹ ਹੁਣ ਤੱਕ ਸਿਰਫ ਕਾਗ਼ਜਾਂ ਤੱਕ ਹੀ ਮਹਿਫੂਜ ਸੀ ਪਰ ਸੇਵਾ ਮੁਕਤ ਹੋਣ ਤੋਂ ਬਾਅਦ ਉਸ ਨੇ ਇਹਨਾਂ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ। ਫੁੱਟਦੀ ਜਵਾਨੀ ਵਿੱਚ ਹਰ ਕਿਸੇ ਦੇ ਮਨ ਵਿੱਚ ਕੁਝ ਤਰੰਗਾਂ ਉਠਦੀਆਂ ਹਨ ਅਤੇ ਉਹ ਆਪਣੇ ਹਾਵ-ਭਾਵ ਆਪਣੀ ਕਲਮ ਜਾਂ ਜੁਬਾਨ ਨਾਲ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਡਾ. ਉਜਾਗਰ ਸਿੰਘ ਮਾਨ ਨੇ ਆਪਣੇ ਬਚਪਨ­ ਜਵਾਨੀ ਦੇ ਸਮੇਂ ਦੀਆਂ ਵਾਧ-ਘਾਟਾਂ ਸਬੰਧੀ ਕੀਤੀਆਂ ਰਚਨਾਵਾਂ ਨੂੰ ਹੁਣ ਤੱਕ ਸਾਂਭ ਕੇ ਰੱਖਿਆ ਹੈ।

ਹਥਲੀ ਪੁਸਤਕ ‘ਉਮਰ ਲੰਘਦੀ ਗਈ’ ਕਾਵਿ ਸੰਗ੍ਰਹਿ ਤੋਂ ਪਹਿਲਾਂ ਲੇਖਕ ਨੇ ਪਿੱਛੇ ਜਿਹੇ ਲਗਾਤਾਰ ਦੋ ਕਾਵਿ ਪੁਸਤਕਾਂ ਪਾਠਕਾਂ ਨੂੰ ਸਮਰਪਿਤ ਕੀਤੀਆਂ। ਪਹਿਲੀ ਕਾਵਿ ਪੁਸਤਕ ‘ਜਟਕੀ ਕਵਿਤਾ’ (ਬਾਲ ਵਰੇਸ) ਅਤੇ ਦੂਜੀ ਕਾਵਿ ਪੁਸਤਕ ‘ਮੇਰੀ ਅੱਲੜ੍ਹ ਵਰੇਸ’। ਹੁਣ ਤੀਜੀ ਕਾਵਿ ਪੁਸਤਕ ‘ਉਮਰ ਲੰਘਦੀ ਗਈ’ ਨਾਲ ਫਿਰ ਸਾਹਿਤਕ ਖੇਤਰ ਵਿੱਚ ਹਾਜ਼ਰੀ ਲਗਵਾਈ ਹੈ। ਇਸ ਪੁਸਤਕ ਵਿੱਚ 65 ਕਵਿਤਾਵਾਂ ਸ਼ਾਮਲ ਕੀਤੀਆਂ ਹਨ ਜਿਹੜੀਆਂ ਸਾਲ 1960 ਤੋਂ 2020 ਤੱਕ ਸੱਠ ਸਾਲ ਦੀਆਂ ਇੱਕਤਰ ਕੀਤੀਆਂ ਕਵਿਤਾਵਾਂ ਹਨ। ਜਿਹੜੀਆਂ ਉਸਨੇ ਪੰਜਵੀਂ ਵਿੱਚ ਪੜ੍ਹਦਿਆਂ ਲਿਖਣੀਆਂ ਸ਼ੁਰੂ ਕੀਤੀਆਂ ਹਨ। ਲੇਖਕ ਦਾ ਪਿਛੋਕੜ ਪਿੰਡ ਰਾਜਗੜ੍ਹ ਹੈ ਜਿਸ ਦਾ ਜਿਕਰ ਉਸ ਨੇ ਆਪਣੀ ਕਵਿਤਾ ‘ਮੇਰੇ ਪਿੰਡ ਰਾਜਗੜ੍ਹ ਦੇ ਟੋਭੇ’ ਵਿੱਚ ਕੀਤਾ ਹੈ­ ਪਰ ਹੁਣ ਸਾਹਿਤ ਦੇ ਮੱਕੇ ਬਰਨਾਲਾ ਦਾ ਵਸਨੀਕ ਹੈ। ਇਸ ਪੁਸਤਕ ਨੂੰ ਉਸਨੇ ਆਪਣੇ ਬਹੁਤ ਪਿਆਰੇ ਮਿੱਤਰ ਸਵਰਗੀ ਪੰਡਿਤ ਸੋਮ ਦੱਤ­ ਚਰਨ ਕੌਸ਼ਲ ਦੇ ਨਾਲ ਐਡਵੋਕੇਟ ਪੁਸ਼ਕਰ ਰਾਜ ਸ਼ਰਮਾ ਅਤੇ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਕੀਤੀ ਹੈ ਜੋ ਉਸ ਨਾਲ ਹਰ ਘੜੀ ਖੜ੍ਹੇ ਰਹੇ। ਇਸ ਪੁਸਤਕ ਦਾ ਮੁੱਖ ਬੰਦ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਲਿਖਿਆ ਹੈ ਪਰ ਲੇਖਕ ਵੱਲੋਂ ਕੋਈ ਪ੍ਰਤਿਕਰਮ ਨਹੀਂ ਹੈ।

ਕਵਿਤਾ ਦਾ ਸਫ਼ਰ ‘ਗੁੱਡੇ ਦਾ ਵਿਆਹ’ ਜਦੋਂ 1960 ਵਿੱਚ ਉਹ ਪੰਜਵੀਂ ਦਾ ਵਿਦਿਆਰਥੀ ਸੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਅੱਠਵੀਂ­ ਦਸਵੀਂ­ ਪ੍ਰੀ ਮੈਡੀਕਲ 1967 ‘ਅੱਲੜ੍ਹ ਜਵਾਨੀ’ ਵਿੱਚੋਂ ਲੰਘਦੀ ਹੋਈ ਪੁਸਤਕ ਦੀ ਆਖ਼ਰੀ ਕਵਿਤਾ ‘ਕਿਰਸਾਣ ਹਾਂ’ 2020 ਤੱਕ ਪਹੁੰਚਦੀ ਹੈ। ਕਵਿਤਾ ਦਾ ਪਾਠ ਕਰਦਿਆਂ ਪੁਸਤਕ ਦੀਆਂ ਕਵਿਤਾਵਾਂ ਵਿੱਚ ਬਚਪਨ ਅਤੇ ਅੱਲੜ੍ਹਪੁਣੇ ਦੀ ਝਲਕ ਦਿਖਾਈ ਦਿੰਦੀ ਹੈ। ਸਮੁੱਚੀ ਕਵਿਤਾ ਪੜ੍ਹਦਿਆਂ ਉਸ ਦੇ ਸਮੇਂ-ਸਮੇਂ ਹੋਏ ਜ਼ਿੰਦਗੀ ਦੇ ਤਜਰਬੇ ਨੂੰ ਜਿੱਥੇ ਵਿਅਕਤ ਕਰਦੀ ਹੈ­ ਉੱਥੇ ਉਹ ਪਾਠਕ ਨੂੰ ਉਕਤਾਉਣ ਨਹੀਂ ਦਿੰਦੀ ਸਗੋਂ ਹਾਸ-ਰਸ ਲਹਿਜੇ ਵਿੱਚ ਹਲਕੀ-ਫੁਲਕੀ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਕਵਿਤਾਵਾਂ ਹਾਸ ਰਸ­ ਵਿਅੰਗਾਤਮਿਕ­ ਸਮਾਜਿਕ ਤਰਾਸਦੀਆਂ ਨਸ਼ਾ­ ਪੰਜਾਬ ’ਚੋਂ ਹਿਜਰਤ­ ਅਸ਼ਲੀਲਤਾ ਆਦਿ ਨੂੰ ਸਮੇਟਦੀ ਹੈ। ਪੁਰਾਣੀਆਂ ਕਵਿਤਾਵਾਂ ਵਿੱਚ ਸੰਭਾਲ ਕੇ ਰੱਖੇ ਸ਼ਬਦ ਅਜੋਕੀ ਪੀੜ੍ਹੀ ਨੂੰ ਅਚੰਭਤ ਕਰਦੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਭਾਸ਼ਾ ਵਿੱਚੋਂ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਸੰਭਾਲ ਕੇ ਰੱਖਦੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ।

ਅਸਲ ਵਿੱਚ ਕਵਿਤਾ ਕਿਸੇ ਬਝਣ ਵਿੱਚ ਬਝਣਾ ਨਹੀਂ ਚਾਹੁੰਦੀ­ ਇਸੇ ਪ੍ਰਸੰਗ ਨੂੰ ਲੈ ਕੇ ਕਵੀ ਨੇ ਆਪਣੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੈ। ਪਿਛਲੇ ਸਮੇਂ ਦੌਰਾਨ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਕਵਿਤਾ ‘ਪੰਜਾਬ ਬੋਲਦਾ ਹੈ’ ਅੱਜ ਦੇ ਦੌਰ ਦੀ ਕਵਿਤਾ ਦਾ ਗਿਆਨ ਦਿੰਦੀ ਹੈ। ਖੇਤੀ ਨਾਲ ਜੁੜੇ ਲੇਖਕ ਨੇ ਆਪਣੀਆਂ ਕਵਿਤਾਵਾਂ ਵਿੱਚ ਕਪਾਹ­ ਮੱਕੀ ਆਦਿ ਫ਼ਸਲਾਂ ਦਾ ਜਿਕਰ ਵੀ ਕਵਿਤਾਵਾਂ ਵਿੱਚ ਲਿਆਂਦਾ ਹੈ। ਇੱਕ ਸਖ਼ਤ ਸੁਭਾਅ ਦੇ ਸਕੂਲ ਸ਼ਾਸ਼ਤਰੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੇ ਇਸ ਗੱਲੋਂ ਨਹੀਂ ਧਾਹਾਂ ਮਾਰੀਆਂ ਕਿ ਉਸ ਦਾ ਨਹਿਰੂ ਨਾਲ ਕੋਈ ਖ਼ਾਸ ਸਬੰਧ ਸੀ ਪਰ ਉਸ ਵਿੱਚੋਂ ਇੱਕ ਫ਼ਿਕਰ ਝਲਕਦਾ ਹੈ ਕਿ ਜਿਸ ਨੇ ਭਾਰਤ ਨੂੰ ਆਜ਼ਾਦ ਕਰਵਾਇਆ ਅਤੇ ਦੇਸ਼ ਨੂੰ ਸੰਭਾਲਿਆ ਪਰ ਹੁਣ ਉਸਦੇ ਤੁਰ ਜਾਣ ਤੇ ਦੇਸ਼ ਦਾ ਕੀ ਬਣੇਗਾ।

ਕਵਿਤਾ ਵਿੱਚ ਅੱਜ ਦੇ ਮਨੁੱਖ ਦੀ ਕੀਮਤ ਦਾ ਬਿਆਨ ਕੀਤਾ ਗਿਆ ਹੈ ਕਿ ਅੱਜ ਬੰਦੇ ਦੀ ਕੋਈ ਕੀਮਤ ਨਹੀਂ ਹੈ। ਇਹ ਗੱਲ ਉਹ ਆਪਣੇ ਪਿਤਾ ਦੇ ਹਵਾਲੇ ਨਾਲ ਆਖਦਾ ਹੈ ਜਦੋਂ ਕਹਿੰਦਾ ਹੈ-
‘ਏਥੇ ਕੋਈ ਨੀ ਪੁੱਛਦਾ ਬਾਈ­ ਸਾਡਾ ਕੀ ਕਹਿੰਦਾ ਸੀ ਬਾਪੂ।
ਕੋਈ ਕੀਮਤ ਨਹੀਂ ਪੈਂਦੀ ਬੰਦਾ ਭਲਾ ਹੋਵੇ ਜਾਂ ਡਾਕੂ’ (ਕੋਈ ਕੀਮਤ ਨਹੀਂ-62)
ਅਤੇ ‘ਬੰਦੇ ਹੱਥੋਂ ਬੰਦੇ ਦੀ ਇਹ ਹੁੰਦੀ ਰਹੇ ਤਬਾਹੀ।
ਧੱਕਾ ਜ਼ੋਰੀਂ­ ਠੱਗੀ ਠੋਰੀ ਕਿਤੇ ਨਾ ਹੋਈ ਮਨਾਹੀ।’ (ਔਖੇ ਸੌਖੇ-70)

ਟਾਈਟਲ ਦੇ ਆਖ਼ੀਰ ਤੇ ਦਰਜ ਕਵਿਤਾ ‘ਤਲਖ਼ ਹਕੀਕਤ’ ਵਿੱਚ ਵੀ ਸਮਾਜ ਦੇ ਇੱਕ ਸੱਚ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਬੰਦੇ ਦੇ ਮਰ ਜਾਣ ਤੇ ਉਸ ਦੇ ਸੋਹਲੇ ਗਾਏ ਜਾਂਦੇ ਹਨ ਪਰ ਜਿਉਂਦੇ ਜੀਅ ਕੋਈ ਪ੍ਰਵਾਹ ਨਹੀਂ ਕਰਦਾ­ ਕਵਿਤਾ ਬਿਆਨ ਕਰਦੀ ਹੈ –
‘ਸੋਹਲੇ ਮਰਿਆਂ ਹੋਇਆਂ ਦੇ ਬੈਠ ਕੇ ਗਾਉਣ ਬਹੁਤੇ।
ਮਿੱਟੀ ਚੱਕ ਕੇ ਸਿਵਿਆਂ ਦੀ ਮੱਥੇ ਨੂੰ ਲਾਉਣ ਬਹੁਤੇ। (ਤਲਖ਼ ਹਕੀਕਤ)

ਇਸੇ ਤਰ੍ਹਾਂ ਸਰਕਾਰਾਂ ਵੱਲੋਂ ਹਾਸ਼ੀਏ ਤੇ ਧੱਕੇ ਲੋਕਾਂ­ ਕਾਲ਼ਾ ਧਨ­ ਸਰਹੱਦਾਂ ਆਦਿ ਦੀ ਗੱਲ ਕਰਦੀ ਕਵਿਤਾ ਕਹਿੰਦੀ ਹੈ ਕਿ-
‘ਲੋਕੀ ਧੱਕ ਦਿੱਤੇ ਹਾਸ਼ੀਏ ਤੇ ਸਾਰੇ।
ਸਭ ਫਿਰਦੇ ਨੇ ਅੱਜ ਮਾਰੇ ਮਾਰੇ।’ (ਆਮ ਜਨਤਾ ਹਾਸ਼ੀਏ ਤੇ-86)

ਇਹਨਾਂ ਤੋਂ ਇਲਾਵਾ ਉਸ ਦੀਆਂ ਕਵਿਤਾਵਾਂ ਅਵੱਲਾ ਰੋਗ­ ਕੱਲ੍ਹ ਅੱਜ ਕੱਲ੍ਹ­ ਅਮਿ੍ਰਤਾ ਪ੍ਰੀਤਮ ਨੂੰ ਯਾਦ ਕਰਦਿਆਂ­ ਚਮਚਾਗਿਰੀ­ ਪਾਪ ਪਸਾਰਾ­ ਜ਼ਾਲਮ ਸਮਾਂ­ ਮਜ਼ਬੂਰੀਆਂ­ ਬਦਲੀ ਤੋਰ­ ਅੰਧਕਾਰ­ ਵਿਦਰੋਹੀ ਵੈਣ­ ਪੰਜਾਬ ਦੇ ਜ਼ਖਮ­ ਸੀਨੀਅਰ ਸਿਟੀਜ਼ਨ ਅਤੇ ਸਿਰ ਤੋਂ ਪਾਣੀ ਆਦਿ ਪੜ੍ਹਨਯੋਗ ਹਨ।

ਡਾ. ਉਜਾਗਰ ਸਿੰਘ ਮਾਨ ਦੀ ਕਵਿਤਾ ਸਮੁੱਚੇ ਰੂਪ ਵਿੱਚ ਮਨੁੱਖਤਾ ਦੀ ਅਸਲੀਅਤ ਨੂੰ ਦਰਸਾਉਂਦੀ ਹੈ। ਉਸ ਦੀ ਲੇਖਣ ਕਲਾ ਸਰਲ ਅਤੇ ਦਿਲਚਸਪ ਹੈ। ਕਵਿਤਾ ਦੇ ਵਿਸ਼ੇ ਸਮਾਜ ਵਿੱਚ ਘਟ ਰਹੀਆਂ ਆਮ ਜਿਹੀਆਂ ਘਟਨਾਵਾਂ ਦੀ ਤਰਜ਼ਮਾਨੀ ਕਰਦੀ ਹੈ। ਇਸ ਪੁਸਤਕ ਨੂੰ ਖੁਸ਼ ਆਮਦੀਦ ਕਿਹਾ ਜਾਂਦਾ ਹੈ ਅਤੇ ਭਵਿੱਖ ਵਿੱਚ 2020 ਤੋ ਹੁਣ ਤੱਕ ਦੇ ਅੰਤਰਾਲ ਦੀਆਂ ਹੋਰ ਰਚਨਾਵਾਂ ਦਾ ਸਵਾਗਤ ਕਰਾਂਗੇ।

ਪੁਸਤਕ ਦਾ ਨਾਂ : ਉਮਰ ਲੰਘਦੀ ਗਈ ਲੇਖਕ : ਡਾ. ਉਜਾਗਰ ਸਿੰਘ ਮਾਨ
ਪੰਨੇ : 104 ਕੀਮਤ 150/- ਰੁਪਏ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ­ ਬਰਨਾਲਾ।

ਤੇਜਿੰਦਰ ਚੰਡਿਹੋਕ­
ਸਾਬਕਾ ਏ.ਐਸ.ਪੀ­ ਨੈਸ਼ਨਲ ਐਵਾਰਡੀ­
ਸੰਪਰਕ 95010-00224

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 241
Next articleCongo to host summit of world’s three major forest basins: Spokesperson