ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੀ ਰਾਸ਼ਟਰੀ ਕਮੇਟੀ ਵਲੋਂ ਪੱਛਮੀ ਬੰਗਾਲ ਦੇ ਡਾਕਟਰਾਂ ਵਲੋਂ ਅਭਿਆ ਦੇ ਇਨਸਾਫ਼ ਲਈ ਕੀਤੇ ਜਾ ਰਹੇ ਸੰਘਰਸ਼ ਨਾਲ ਨਵਾਂਸ਼ਹਿਰ ਵਿਖੇ ਇਕਜੁੱਟਤਾ ਦਿਵਸ ਮਨਾਇਆ ਹੈ।ਇਸ ਮੌਕੇ ਇਫਟੂ ਪੰਜਾਬ ਦੇ ਸਹਾਇਕ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਅਤੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਕਿਹਾ ਹੈ ਕਿ ਡਬਲਯੂ.ਬੀ.ਜੇ.ਡੀ.ਐਫ.(ਪੱਛਮੀ ਬੰਗਾਲ ਜੂਨੀਅਰ ਡਾਕਟਰ ਫੈਡਰੇਸ਼ਨ) ਇਨਸਾਫ਼ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ।ਉਹਨਾਂ ਕਿਹਾ ਕਿ 9 ਅਗਸਤ ਨੂੰ ਆਰਜੀ ਕਾਰ ਹਸਪਤਾਲ ਕੋਲਕਾਤਾ ਦੀ ਇੱਕ ਮਹਿਲਾ ਡਾਕਟਰ ਦੀ ਕੰਮ ਵਾਲੀ ਥਾਂ ‘ਤੇ ਜਿਨਸੀ ਹਿੰਸਾ ਅਤੇ ਕਤਲ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਬੜੀ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ। ਉਹਨਾਂ ਕਿਹਾ ਕਿ ਜੂਨੀਅਰ ਡਾਕਟਰ
ਅਭਿਆ ਦੇ ਬਲਾਤਕਾਰ ਅਤੇ ਕਤਲ ਦੀ ਜਾਂਚ ਸੀਬੀਆਈ ਨੂੰ ਸੌਂਪੇ ਦੋ ਮਹੀਨੇ ਬੀਤ ਚੁੱਕੇ ਹਨ। ਸੀਬੀਆਈ ਸੁਪਰੀਮ ਕੋਰਟ ਨੂੰ ਸੀਲਬੰਦ ਲਿਫਾਫਾ ਸੌਂਪ ਚੁੱਕੀ ਹੈ ਅਤੇ ਇਸ ਨੂੰ ਜਾਂਚ ਸੌਂਪਣ ਤੋਂ ਕੁਝ ਦਿਨਾਂ ਪਹਿਲਾਂ ਅਪਰਾਧ ਵਾਲੀ ਥਾਂ ‘ਤੇ ਮੌਜੂਦ ਸਬੂਤ ਨਸ਼ਟ ਕਰ ਦਿੱਤੇ ਗਏ ਸਨ। ਜੂਨੀਅਰ ਡਾਕਟਰਾਂ ਨੇ ਆਪਣੇ ਕੋਲ ਮੌਜੂਦ ਸਾਰੇ ਸਬੂਤ ਸੀਬੀਆਈ ਨੂੰ ਸੌਂਪ ਦਿੱਤੇ ਹਨ। ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਸਬੰਧਤ ਥਾਣੇ ਦੇ ਇੰਚਾਰਜ ਨੂੰ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਥਾਪਿਤ ਕੀਤਾ ਗਿਆ ਹੈ ਕਿ ਪੁਲਿਸ ਨੇ ਘਟਨਾ ਤੋਂ ਕੁਝ ਦਿਨ ਬਾਅਦ ਆਰ ਜੀ ਕਾਰ ਹਸਪਤਾਲ ਦੀ ਐਮਰਜੈਂਸੀ ਇਮਾਰਤ ‘ਤੇ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਨਹੀਂ ਰੋਕਿਆ ਅਤੇ ਉਨ੍ਹਾਂ ਦਾ ਉਦੇਸ਼ ਸਿਰਫ ਸਬੂਤਾਂ ਨੂੰ ਨਸ਼ਟ ਕਰਨਾ ਅਤੇ ਉਨ੍ਹਾਂ ਲੋਕਾਂ ਨੂੰ ਡਰਾਉਣਾ ਹੋ ਸਕਦਾ ਹੈ ਜੋ ਘਟਨਾ ਬਾਰੇ ਕੁਝ ਜਾਣਦੇ ਸਨ।
ਉਹਨਾਂ ਕਿਹਾ ਕਿ ਨਿਆਂ ਵਿਚ ਦੇਰੀ ਨਿਆਂ ਤੋਂ ਇਨਕਾਰ ਹੈ। ਉਹਨਾਂ ਕਿਹਾ ਕਿ ਇਫਟੂ ਦੀ ਕੌਮੀ ਕਮੇਟੀ ਸੁਪਰੀਮ ਕੋਰਟ ਤੋਂ ਮੰਗ ਕਰ ਰਹੀ ਹੈ ਕਿ ਸੀਬੀਆਈ ਦੁਆਰਾ ਇਸ ਜਾਂਚ ਨੂੰ ਤੁਰੰਤ, ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬਲਾਤਕਾਰ/ਗੈਂਗਰੇਪ ਅਤੇ ਕਤਲ ਵਿਚ ਸ਼ਾਮਲ ਵਿਅਕਤੀਆਂ ਜਾਂ ਪਰਦੇ ਵਿਚ ਸ਼ਾਮਲ ਹੋਣ ਅਤੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ।
ਉਹਨਾਂ ਕਿਹਾ ਕਿ ਕੰਮਕਾਜੀ ਔਰਤਾਂ ਦੀ ਸੁਰੱਖਿਆ ਕਰਨਾ ਸਰਕਾਰਾਂ ਦੀ ਜੁੰਮੇਵਾਰੀ ਹੈ।
ਇਸ ਮੌਕੇ ਤਰਨਜੀਤ, ਗੋਪੀ, ਹਰੇ ਰਾਮ, ਹਰੀ ਲਾਲ,ਸਰਵੇਸ਼ ਗੁਪਤਾ, ਕਿਸ਼ੋਰ, ਰਾਜੂ,ਕਪਿਲ ਇਫਟੂ ਦੇ ਆਗੂ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly