(ਸਮਾਜ ਵੀਕਲੀ)
ਉਲਝ ਜਾਂਦੇ ਨੇ, ਰਸਮਾਂ ਦੇ, ਤਾਣੇ -ਬਾਣੇ ਇੱਥੇ,
ਭੇਟ ਚੜ੍ਹਦੇ ਹਕੂਮਤਾਂ ਦੀ, ਮੁਥਾਜਾਂ ਦੇ ਲਾਣੇ ਇੱਥੇ,
ਫਿਰਨ ਚੋਰ ਵੀ ਤਾਂ, ਸਾਧਾਂ ਦੇ ਪਾ ਕੇ ਬਾਣੇ ਇੱਥੇ,
ਬਦਬੂ ਮਾਰੇ ਜੇ ਜ਼ਮਾਨਾ,ਆਪਾਂ ਵੀ ਤਾਂ ਸੜੇ ਹੋਏ ਲੋਕ ਹਾਂ!
ਮੈਂ ਤੈਨੂੰ ਆਖਿਆ ਸੀ, ਆਪਾਂ ਵੀ ਤਾਂ ਡਰੇ ਹੋਏ ਲੋਕ ਹਾਂ!
ਤਾਹੀਂ ਖੋ ਜਾਂਦੇ, ਕਾਇਰਾਂ ਦੀ ਭੀੜ ‘ਚ ਕਿੱਧਰੇ,
ਤੁਰ ਪੈਂਦੇ ਹਾਂ, ਤੁਰਦੇ , ਭੇਡਾਂ ਦੇ ਵੱਗ ਜਿੱਧਰੇ,
ਕੋਈ ਆਖਦਾ ਚਲਾਕ, ਕੋਈ ਆਖਦਾ ਹੈ ਸਿੱਧਰੇ,
ਪਰ ਮੈਂਨੂੰ ਲੱਗਦਾ ਆਪਾਂ, ਸ਼ਾਇਦ ਬਾਹਲੇ ਡਰਪੋਕ ਹਾਂ!
ਮੈਂ ਤੈਨੂੰ ਆਖਿਆ ਸੀ, ਆਪਾਂ ਵੀ ਤਾਂ ਡਰੇ ਹੋਏ ਲੋਕ ਹਾਂ!
ਅੱਖਾਂ ਮੀਟੀਆਂ ਮੈਂ ਦੇਖ ਦੇਖ, ਜਬਰ ਕਈ ਵਾਰੀ,
ਮੇਰਾ ਮੁਆਸ਼ਰੇ ਨੇ ਪਰਖਿਆ, ਸਬਰ ਕਈ ਵਾਰੀ,
ਮੈਂ ਤਾਂ ਆਪਣੇ ਤੋਂ ਚੁਰਾ ਲਈ , ਨਜ਼ਰ ਕਈ ਵਾਰੀ,
ਕੱਲਾ ਕੀੜੀਆਂ ਦਾ ਭੌਣ ਨਹੀਂ, ਬਰੂਦਾਂ ਤੇ ਖੜ੍ਹੇ ਹੋਏ ਲੋਕ ਹਾਂ!
ਮੈਂ ਤੈਨੂੰ ਆਖਿਆ ਸੀ, ਆਪਾਂ ਵੀ ਤਾਂ ਡਰੇ ਹੋਏ ਲੋਕ ਹਾਂ!
ਆ ਲੁਕ-ਛੁਪ ਜਾਈਏ, ਛੱਡ ਅਸੀਂ ਕੀ ਆ ਲੈਣਾ ,
ਨਾਲੇ ਅਸੀਂ ਕਿਹੜਾ ਦੁਜ਼ਦਾਂ ਨਾਲ ਨਿੱਤ ਨਿੱਤ ਬਹਿਣਾ,
ਪਰ, ਉਹਲੇ ਬੈਠ ਕੇ ਤਾਂ, ਗਿਰਝਾਂ ਨੇ ਮਗਰੋਂ ਨਹੀਂ ਲਹਿਣਾ!
ਉਤੋਂ ਟਹਿਕਦੇ ਹਾਂ ਭਾਵੇਂ, ਪਰ ਅੰਦਰੋਂ ਮਰੇ ਹੋਏ ਲੋਕ ਹਾਂ!
ਮੈਂ ਤੈਨੂੰ ਆਖਿਆ ਸੀ, ਆਪਾਂ ਵੀ ਤਾਂ ਡਰੇ ਹੋਏ ਲੋਕ ਹਾਂ!
ਮੈਂ ਤੈਨੂੰ ਆਖਿਆ ਸੀ
ਮੈਂ ਤੈਨੂੰ ਆਖਿਆ ਸੀ
ਮੈਂ ਤੈਨੂੰ ਆਖਿਆ ਸੀ
ਮੈਂ ਤੈਨੂੰ ਆਖਿਆ ਸੀ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly