ਵਿਚਾਰਾ ਆਲੂ
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
(ਸਮਾਜ ਵੀਕਲੀ) ਬਾਦਸ਼ਾਹ ਤਾਂ ਬਾਦਸ਼ਾਹ ਹੁੰਦਾ ਹੈ ਚਾਹੇ ਉਹ ਤਾਸ਼ ਦੇ ਪੱਤਿਆਂ ਦਾ ਬਾਦਸ਼ਾਹ ਹੋਵੇ, ਫਿਲਮ ਲਾਈਨ ਦਾ ਬਾਦਸ਼ਾਹ ਹੋਵੇ ਜਾਂ ਆਪਣੇ ਦੇਸ਼ ਦੀ ਹਕੂਮਤ ਕਰਨ ਵਾਲਾ ਬਾਦਸ਼ਾਹ ਹੋਵੇ। ਨਾ ਪੁੱਛੋ ਕਿ ਬਾਦਸ਼ਾਹੀ ਖੁਸਣ ਤੋਂ ਬਾਅਦ ਉਸ ਦਾ ਦਿਮਾਗ ਕਿਵੇਂ ਖਰਾਬ ਹੋ ਜਾਂਦਾ ਹੈ। ਅੰਗਰੇਜ਼ਾਂ ਦੀ ਹਕੂਮਤ ਦੇ ਸਮੇਂ ਬਾਦਸ਼ਾਹੀ ਖੁਸਣ ਤੋਂ ਬਾਅਦ ਵੀ ਬਹਾਦਰ ਸ਼ਾਹ ਜਫਰ ਤਾਂ ਦਿੱਲੀ ਦਾ ਬਾਦਸ਼ਾਹ ਹੀ ਸਮਝਿਆ ਜਾਂਦਾ ਸੀ। ਇਧਰ, ਸਾਡੇ ਸਬਜ਼ੀਆਂ ਦੇ ਬਾਦਸ਼ਾਹ ਆਲੂ ਹਨ। ਅੱਜ ਕੱਲ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੋ ਰਿਹਾ ਹੈ। ਵਿਚਾਰਾ ਆਲੂ ਦੁਨੀਆਂ ਦੇ ਸਾਰੇ ਭਾਗਾਂ ਵਿੱਚ ਲੋਕਾਂ ਦੀਆਂ ਕਈ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਬਹੁਤ ਸਾਰੀਆਂ ਸਬਜ਼ੀਆਂ ਦੇ ਨਾਲ ਮਿਲ ਕੇ ਸਾਡੇ ਸਵਾਦ ਨੂੰ ਵਧਾਉਂਦਾ ਹੈ। ਇਹ ਆਲੂ ਹੈ ਜਿਸ ਤੇ ਚਿਪਸ ਬਣਾ ਕੇ ਕਈ ਕੰਪਨੀਆਂ ਕਰੋੜਪਤੀ ਬਣ ਗਈਆਂ ਹਨ। ਆਲੂ ਦੀਆਂ ਟਿੱਕੀਆਂ ਤਲ ਲਓ, ਰਾਇਤੇ ਵਿੱਚ ਮਿਲਾ ਲਓ, ਆਲੂ ਵਤਾਊ, ਆਲੂ ਮੇਥੀ, ਆਲੂ ਗੋਭੀ, ਆਲੂ ਗਾਜਰ ਜਾਂ ਫਿਰ ਸਿਰਫ ਆਲੂ ਦੀ ਸਬਜ਼ੀ ਬਣਾਈ ਜਾ ਸਕਦੀ ਹੈ। ਲੇਕਿਨ ਇਸ ਦੇ ਬਾਵਜੂਦ ਵੀ ਅੱਜ ਕੱਲ ਆਲੂ ਦੀ ਪੈਦਾਵਾਰ ਜਿਆਦਾ ਹੋਣ ਕਰਕੇ ਆਲੂ ਦੀ ਬਹੁਤ ਦੁਰਗਤੀ ਹੋ ਰਹੀ ਹੈ, ਵਿਚਾਰੇ ਦੀ ਕਦਰ ਘਟ ਗਈ ਹੈ। ਕਈ ਜਿਮੀਦਾਰਾਂ ਦਾ ਇਸ ਨੂੰ ਪੈਦਾ ਕਰਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਇਸ ਲਈ ਇਸਨੂੰ ਸੜਕਾਂ ਤੇ ਸੁੱਟ ਰਹੇ ਹਨ। ਇਸ ਸਾਲ ਟਮਾਟਰ 300 ਰੁਪਏ ਕਿਲੋ ਹੋ ਚੁੱਕਿਆ ਹੈ ਔਰ ਅੱਜ ਕੱਲ 15 ਰੁਪਏ ਕਿਲੋ ਦੇ ਹਿਸਾਬ ਨਾਲ ਧੱਕੇ ਖਾ ਰਿਹਾ ਹੈ, ਕੋਈ ਖਰੀਦਣ ਵਾਲਾ ਹੀ ਨਹੀਂ, ਕਈ ਕਿਸਾਨ ਫਸਲ ਜਿਆਦਾ ਹੋਣ ਕਰਕੇ ਟਮਾਟਰਾਂ ਨੂੰ ਸੁੱਟ ਰਹੇ ਹਨ। ਅਸੀਂ ਆਲੂ ਦੀ ਗੱਲ ਕਰ ਰਹੇ ਹਾਂ। ਇਸ ਦਾ ਵੀ ਇਹੀ ਹਾਲ ਹੈ। ਕਿਸੇ ਸਮੇਂ 50 ਰੁਪਏ ਤੋਂ 70 ਰੁਪਏ ਕਿਲੋ ਵਿਕਿਆ ਕਰਦਾ ਸੀ ਅਤੇ ਅੱਜ ਕੱਲ ਇਸ ਦਾ ਹਾਲ ਦੇਖੋ 10 ਰੁਪਏ ਕਿਲੋ ਵਿਕ ਰਿਹਾ ਹੈ। ਜੇਕਰ ਆਲੂ ਅਤੇ ਟਮਾਟਰ ਦੀਆਂ ਕੀਮਤਾਂ ਇਤਨੀਆਂ ਘਟ ਜਾਣਗੀਆਂ ਅਤੇ ਕਿਸਾਨਾਂ ਦਾ ਖਰਚਾ ਪੂਰਾ ਨਹੀਂ ਹੋਏਗਾ ਔਰ ਜਿਹੜਾ ਉਧਾਰ ਲੈ ਕੇ ਉਹਨਾਂ ਨੇ ਇਹਨਾਂ ਫਸਲਾਂ ਨੂੰ ਪੈਦਾ ਕੀਤਾ ਹੈ ਉਧਾਰ ਚੁਕਾਇਆ ਨਹੀਂ ਜਾ ਸਕੇਗਾ ਤਾਂ ਵਿਚਾਰੇ ਕਿਸਾਨ ਖੁਦਕਸ਼ੀ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ। ਸਰਕਾਰ ਨੇ ਤਾਂ ਐਮਐਸ ਪੀ ਦੇਣੀ ਨਹੀਂ।। ਅਤੇ ਸਰਕਾਰ ਦੀ ਜਿੱਦ ਦਾ ਸ਼ਿਕਾਰ ਵਿਚਾਰਾ ਆਲੂ ਹੋ ਰਿਹਾ ਹੈ। ਕੋਈ ਇਨਸਾਫ ਕਰਨ ਵਾਲਾ ਹੀ ਨਹੀਂ। ਮੇਰਾ ਖਿਆਲ ਹੈ ਕਿ ਅੱਜ ਕੱਲ ਆਲੂ ਦਿਲ ਹੀ ਦਿਲ ਵਿੱਚ ਸੜ ਭੁਜ ਰਿਹਾ ਹੋਵੇਗਾ ਅਤੇ ਕਹਿ ਰਿਹਾ ਹੋਏਗਾ,,, ਬੱਚਿਓ! ਮੇਰਾ ਵੇਲਾ ਆਉਣ ਦਿਓ, ਤੁਹਾਨੂੰ ਸਭ ਨੂੰ ਦਿਖਾ ਦਿਆਂਗਾ।।
ਲੇਕਿਨ ਸਾਡੀ ਇਸ ਦੁਨੀਆ ਵਿੱਚ ਆਲੂ ਵਰਗੀ ਆਦਤ ਦੇ ਵੀ ਕਈ ਲੋਕ ਹੁੰਦੇ ਹਨ ਜਿਹੜੇ ਕਿ ਸਭ ਨਾਲ ਹੱਥ ਮਿਲਾ ਲੈਂਦੇ ਹਨ। ਅੱਜ ਕਾਂਗਰਸ ਵਿੱਚ, ਕੱਲ ਅਕਾਲੀ ਪਾਰਟੀ ਵਿੱਚ, ਪਰਸੋਂ ਭਾਜਪਾ ਵਿੱਚ, ਚੌਥੇ ਦਿਨ ਆਮ ਆਦਮੀ ਪਾਰਟੀ ਵਿੱਚ, ਪੰਜਵੇਂ ਦਿਨ ਕਮਿਊਨਿਸਟ ਪਾਰਟੀ ਵਿੱਚ ਉਵੇਂ ਇੱਕ ਮਿਕ ਹੋ ਜਾਂਦੇ ਹਨ ਜਿਵੇਂ ਆਲੂ ਕਈ ਸਬਜੀਆਂ ਨਾਲ ਇੱਕ ਮਿਕ ਹੋ ਕੇ ਆਪਣੀ ਅਹਿਮੀਅਤ ਵਧਾਉਂਦਾ ਹੈ। ਇਹੋ ਜਿਹੇ ਲੋਕ, ਖਾਸ ਤੌਰ ਤੇ ਸਿਆਸੀ ਲੋਕ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ,,, ਬਣ ਜਾਂਦੇ ਹਨ। ਆਲੂ ਮਹਿੰਗਾ ਹੋਵੇ ਜਾਂ ਸਸਤਾ ਹੋਵੇ ਉਸ ਦੀ ਅਹਿਮੀਅਤ ਲੋਕਾਂ ਵਾਸਤੇ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ਲੇਕਿਨ ਆਲੂ ਵਰਗੀ ਸਿਆਸੀ ਆਦਤ ਵਾਲੇ ਲੋਕਾਂ ਦੀ ਪੋਲ ਬਹੁਤ ਜਲਦੀ ਖੁੱਲ ਜਾਂਦੀ ਹੈ ਅਤੇ ਉਹਨਾਂ ਦੀ ਕੀਮਤ ਜ਼ੀਰੋ ਹੋ ਜਾਂਦੀ ਹੈ। ਤੁਸੀਂ ਸਿਆਸਤ ਵਿੱਚ ਇਹੋ ਜਿਹੇ ਬੰਦਿਆਂ ਦੀ ਕੀਮਤ ਜੀਰੋ ਹੁੰਦੀ ਦੇਖੀ ਹੋਏਗੀ ਜਿਹੜੇ ਵਾਰ ਵਾਰ ਪਾਰਟੀਆਂ ਬਦਲ ਲੈਂਦੇ ਹਨ।
ਲੋਕਤੰਤਰ ਵਿੱਚ ਜਨਤਾ ਹੀ ਜਨਾਰਦਨ ਹੁੰਦੀ ਹੈ। ਜਿਸ ਤੋਂ ਖੁਸ਼ ਹੋ ਜਾਏ ਉਸ ਨੂੰ ਚੁਣ ਕੇ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਭੇਜ ਦਿੰਦੀ ਹੈ ਔਰ ਜਿਸ ਤੋਂ ਜਨਤਾ ਦਾ ਦਿਲ ਅੱਕ ਜਾਏ ਉਸਨੂੰ ਡਸਟਬਿਨ ਵਿੱਚ ਸੁਟ ਦਿੰਦੀ ਹੈ। ਕੋਈ ਵੀ ਰਾਜਨੇਤਾ ਲੋਕਾਂ ਨੂੰ ਹਮੇਸ਼ਾ ਵਾਸਤੇ ਬੇਵਕੂਫ ਨਹੀਂ ਬਣਾ ਸਕਦਾ। ਤੁਸੀਂ ਦੇਖਿਆ ਹੋਵੇਗਾ ਕਿ ਪਹਾੜੀ ਮਿੱਟੀ ਦਾ ਲੇਪ ਲਾ ਕੇ ਮੰਡੀ ਵਿੱਚ ਕਈ ਵਾਰੀ ਆਲੂ ਪਹਾੜੀ ਆਲੂ ਕਹਿ ਕੇ ਵੇਚੇ ਜਾਂਦੇ ਹਨ ਲੇਕਿਨ ਘਰ ਜਾ ਕੇ ਜਦੋਂ ਇਹਨਾਂ ਆਲੂਆਂ ਨੂੰ ਧੋਇਆ ਜਾਂਦਾ ਹੈ ਤਾਂ ਇਹ ਨਕਲੀ ਨਿਕਲਦੇ ਹਨ। ਇਸੇ ਤਰੀਕੇ ਨਾਲ ਕਈ ਵਾਰ ਰਾਜਨੇਤਾ ਵੱਡੇ ਵੱਡੇ ਐਲਾਨ ਤਾਂ ਕਰਦੇ ਹਨ ਅਤੇ ਜਦੋਂ ਜਿੱਤ ਹੋ ਜਾਂਦੀ ਹੈ ਸਰਕਾਰ ਬਣਾਉਂਦੇ ਹਨ ਤਾਂ ਉਹ ਐਲਾਨ ਖੋਖਲੇ ਨਿਕਲਦੇ ਹਨ ਉਸੇ ਤਰੀਕੇ ਨਾਲ ਜਿਵੇਂ ਨਕਲੀ ਪਹਾੜੀ ਆਲੂਆਂ ਦੀ ਮਿੱਟੀ ਉਤਰਨ ਤੋਂ ਬਾਅਦ ਉਹ ਦੇਸੀ ਆਲੂ ਵੀ ਨਿਕਲਦੇ ਹਨ, ਪਹਾੜੀ ਨਹੀਂ। ਸਾਡੇ ਨੇਤਾ ਕੁਰਸੀ ਤੇ ਬੈਠਦੇ ਹੀ ਆਮ ਜਨਤਾ ਨੂੰ ਆਲੂਆਂ ਦੀ ਤਰਹਾਂ ਘੱਟ ਕੀਮਤ ਵਾਲਾ ਸਮਝਦੇ ਹਨ। ਇਹ ਤਾਂ ਮੰਨਣਾ ਹੀ ਪਏਗਾ ਕਿ ਆਲੂ ਤਾਂ ਆਲੂ ਹੀ ਹੈ ਜਿਸ ਤੋਂ ਬਿਨਾਂ ਰਾਜਨੇਤਾਵਾਂ ਦਾ ਕੰਮ ਨਹੀਂ ਚੱਲ ਸਕਦਾ। ਅੰਨਾ ਹਜ਼ਾਰੇ ਨੇ ਰਿਸ਼ਵਤ ਦੇ ਖਿਲਾਫ ਬਹੁਤ ਵੱਡਾ ਅੰਦੋਲਨ ਖੜਾ ਕਰਕੇ ਉਸ ਸਮੇਂ ਦੀ ਸਰਕਾਰ ਨੂੰ ਆਲੂਆਂ ਦਾ ਮਹੱਤਵ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ । ਬੇਸ਼ਕ ਪੈਦਾਵਾਰ ਜਿਆਦਾ ਹੋਣ ਕਰਕੇ ਆਲੂਆਂ ਦੀ ਕੀਮਤ ਬਹੁਤ ਘੱਟ ਗਈ ਹੈ ਅਤੇ ਉਹ ਵਿਚਾਰਾ ਬੇਕਦਰੀ ਦਾ ਸ਼ਿਕਾਰ ਹੋ ਕੇ ਇਧਰ ਉਧਰ ਰੁਲ ਰਿਹਾ ਹੈ। ਲੇਕਿਨ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ। ਜਿਹੜਾ ਆਲੂ ਅੱਜ ਕੱਲ। ਅੱਠ ਜਾਂ ਦਸ ਰੁਪਏ ਕਿਲੋ ਵਿਕ ਰਿਹਾ ਹੈ ਸਮਾਂ ਆਉਣ ਦੇ ਇਹੀ ਗੱਲ 50 ਰੁਪਏ ਜਾਂ 70 ਰੁਪਏ ਫੇਰ ਵਿਕਣਾ ਸ਼ੁਰੂ ਹੋ ਜਾਏਗਾ। ਉਸ ਵੇਲੇ ਆਲੂ ਅੱਖਾਂ ਮਟਕਾ ਕੇ ਅਤੇ ਸੀਟੀ ਵਜਾ ਕੇ ਲੋਕਾਂ ਨੂੰ ਪੁੱਛੇਗਾ,,, ਕਿਉਂ ਪਿਆਰਿਓ! ਮੈਨੂੰ ਪਛਾਣਿਆ ਹੈ, ਮੈਂ ਉਹੀ ਆਲੂ ਹਾਂ ਜਿਸ ਦੀ ਤੁਸੀਂ ਅਠ ਰੁਪਏ ਕੀਮਤ ਕਰਕੇ ਬੇਕਦਰੀ ਪਾਈ ਸੀ। ਅਸੀਂ ਸਬਜੀਆਂ ਦੇ ਬਾਦਸ਼ਾਹ ਹਾਂ। ਬਾਦਸ਼ਾਹ ਦੇ ਬਿਨਾਂ ਕੰਮ ਚਲਾ ਸਕਦੇ ਹੋ ਤਾਂ ਚਲਾ ਕੇ ਦਿਖਾਓ। ਲੇਕਿਨ ਲੋਕ ਤਰਲੇ ਪਾਉਂਦੇ ਹੋਏ ਕਹਿਣਗੇ,,, ਨਹੀਂ, ਨਹੀਂ! ਜਹਾਂ ਪਨਾਹ। ਅਸੀਂ ਤੁਹਾਡੀ ਅਸਲੀ ਕੀਮਤ ਸਮਝ ਨਹੀਂ ਸਕੇ। ਤੁਸੀਂ ਸਰਬ ਸ਼ਕਤੀਮਾਨ ਹੋ, ਤੁਸੀਂ ਸਰਬ ਵਿਆਪਕ ਹੋ। ਸਾਡੀ ਗਲਤੀ ਮਾਫ ਕਰੋ। ਆਮ ਜਨਤਾ ਦੇ ਦੁੱਖ ਨੂੰ ਸਮਝਦੇ ਹੋਏ ਕਦੇ ਤਸੱਲੀ ਦਿੰਦੇ ਹੋਏ ਬਾਦਸ਼ਾਹ ਆਲੂ ਲੋਕਾਂ ਨੂੰ ਤਸੱਲੀ ਦੇਵੇਗਾ,,,, ਕੋਈ ਗੱਲ ਨਹੀਂ ਅਗਲੇ ਸਾਲ ਇਸ ਸਾਲ ਦੀ ਤਰ੍ਹਾਂ ਗਲਤੀ ਨਾ ਦੁਹਰਾਉਣਾ। ਚੋਣਾਂ ਆਉਣ ਤੇ ਆਲੂ ਰੂਪੀ ਵੋਟਰ ਵੀ ਰਾਜਨੀਤਿਕਾਂ ਨੂੰ ਇਹੀ ਗੱਲ ਕਹਿਣਗੇ। ਜਦੋਂ ਤੁਸੀਂ ਕੁਰਸੀ ਤੇ ਬੈਠੇ ਸੀ ਤਾਂ ਸਾਡੀਆਂ ਮੁਸ਼ਕਲਾਂ ਨਹੀਂ ਸਮਝੀਆਂ, ਸਾਡੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ। ਹੁਣ ਚੋਣਾਂ ਆ ਗਈਆਂ ਹਨ। ਹੁਣ ਸਾਡੀ ਵਾਰੀ ਹੈ ਇਹ ਦੱਸਣ ਦੀ ਕਿ ਤੁਹਾਡੀ ਕਿਤਨੀ ਕੀਮਤ ਹੈ। ਜਿਵੇਂ ਆਲੂ ਬਿਨਾ ਸਾਡਾ ਕੰਮ ਨਹੀਂ ਜਲ ਸਕਦਾ ਉਸੇ ਤਰੀਕੇ ਨਾਲ ਸਿਆਸਤਦਾਨਾਂ ਦਾ ਵੀ ਕੰਮ ਜਨਤਾ ਰੂਪੀ ਆਲੂ ਤੋਂ ਬਿਨਾਂ ਕੰਮ ਨਹੀਂ ਨਹੀਂ ਚੱਲ ਸਕਦਾ। ਇਸ ਕਰਕੇ ਜੋਰ ਨਾਲ ਬੋਲੋ,,, ਆਲੂ ਬਾਦਸ਼ਾਹ ਦੀ ਜੈ, ਆਲੂ ਮਹਾਰਾਜ ਦੀ ਜੈ,,,,।
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj