ਵਿਗੜੇ ਲੋਕ ਕਦੋਂ ਤੱਕ ਤੁਹਾਡੇ ਮੂੰਹ ‘ਤੇ ਮੂਤਣਗੇ ?

  ਬਲਜਿੰਦਰ ਸਿੰਘ "ਬਾਲੀ ਰੇਤਗੜੵ"
ਸਮਾਜ ਵੀਕਲੀ
   ਅਸੀਂ ਜਿਸ ਦੇਸ਼ ਦੇ ਨਾਗਰਿਕ ਹਾਂ ਉਸਨੂੰ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਰਿਹਾ ਹੈ। ਅਸਲ ਹਕੀਕਤ ਕੀ ਹੈ ? ਲੋਕਤੰਤਰ ਦੀ ਕਠਪੁਤਲੀ ਕਿੰਨਾਂ ਮੂਠੀ ਕੁ ਭਰ ਲੋਕਾਂ ਦੇ ਹੱਥ ਵਿੱਚ ਨੱਚ ਰਹੀ ਹੈ ਇਹ ਬਹੁਤ ਥੋੜੇ ਲੋਕ ਜਾਣਦੇ ਹਨ।
           ਲੋਕਤੰਤਰ ਨੂੰ ਫਾਸ਼ੀਵਾਦ ਵੱਲ ਲੈ ਕੇ ਜਾਣ ਵਾਲੀ ਸਾਜ਼ਿਸ਼ੀ ਸੋਚ ਰਾਜ ਸੱਤਾ ਨੂੰ ਆਪਣੇ ਹੱਥ ਦੀ ਨਰਦ ਬਣਾ ਕੇ ਹਰ ਚਾਲ ਚੱਲਣੀ ਚਾਹੁੰਦੀ ਹੈ। ਧਾਰਮਿਕ ਕੱਟੜਤਾ ਦੀ ਸੋਚ ਨੂੰ ਭਗਵਾਂ ਰੰਗ ਦੇ ਕੇ ਦੇਸ਼ ਦੇ ਆਮ ਨਾਗਰਿਕਾਂ ਵਿੱਚ ਪਾਇਆ ਜਾ ਰਿਹਾ ਪਾੜਾ ਦਿਨੋ ਦਿਨ ਨਫ਼ਰਤ ਦੀ ਬਦਬੋ ਫੈਲ਼ਾ  ਰਿਹਾ ਹੈ। ਸਿਆਸਤ ਹੁਣ ਦੇਸ਼ ਦੀ ਸੇਵਾ ਨਹੀਂ ਰਹੀ, ਸੱਤਾ ਨੂੰ ਹਥਿਆ ਕੇ ਰੱਖਣ ਦਾ ਇਕ ਸੰਦ ਬਣਾ ਲਿਆ ਗਿਆ ਹੈ। ਕਿਸੇ ਰਾਜਨੀਤਿਕ ਦਲ ਨੇ ਇਸਨੂੰ ਧਾਰਮਿਕ ਭਾਵਨਾਵਾਂ ਦੀ ਪਾਣ ਦੇ ਕੇ ਆਪਣੇ ਲਈ ਰੰਗਿਆ ਹੈ, ਕਿਸੇ ਦਲ  ਨੇ ਜਾਤ-ਪਾਤ ਦੇ ਅਧਾਰ ਤੇ ਵਿਖਰੇਵਿਆਂ ਦਾ ਪਾੜਾ ਪਾ ਕੇ ਆਪਣੀ ਚਾਲ ਖੇਡੀ ਹੈ। ਇਹਨਾਂ ਚਾਲਾਂ ਨਾਲ਼ ਸਮਾਜਿਕ ਭਾਈਚਾਰੇ ਦੀ ਏਕਤਾ ਨੂੰ ਤਹਿਸ-ਨਹਿਸ ਕਰਨ ਦੀ ਭੋਰਾ ਵੀ ਫ਼ਿਕਰ ਨਹੀਂ ਕੀਤੀ। ਸਰਕਾਰੀ ਤੰਤਰ ਚੁੱਪ ਹੈ।
        ਭਾਰਤ ਬਹੁ-ਭਾਸ਼ਾਈ ਬਹੁ-ਕੌਮੀ ਲੋਕਾਂ ਦਾ ਸੰਘ ਹੈ।ਹਰ ਰਾਜ ਦੀ ਆਪਣੀ ਬੋਲੀ ਹੈ। ਆਪਣਾ ਆਪਣਾ ਸੱਭਿਆਚਾਰ ਹੈ। ਹਰ ਸੱਭਿਆਚਾਰ ਅੰਦਰ ਲੋਕਾਂ ਦੀਆਂ ਸਮਾਜਿਕ ਰੀਤਾਂ ਵੱਖ ਵੱਖ ਹਨ। ਅਮੀਰ ,ਤਕੜੇ ਬੰਦੇ ਦੀ ਚੌਧਰ ਹਰ ਸਮਾਜ ਅੰਦਰ ਹੁੰਦੀ ਆਈ ਹੈ ਅਤੇ ਇਹ ਭਾਰਤ ਅੰਦਰ ਜਿਉਂ ਦੀ ਤਿਉਂ ਜ਼ਾਰੀ ਵੀ ਹੈ।ਜਾਤਾਂ ਦੇ ਅਧਾਰ ਤੇ ਕਾਣੀ ਵੰਡ ਨਾਲ਼ ਗਰੀਬ ਆਦਿ-ਵਾਸੀ ਲੋਕਾਂ ਨੂੰ ਦਬਕਾਇਆ ਤੇ ਧਮਕਾਇਆ ਜਾ ਰਿਹਾ ਹੈ। ਆਦਿ-ਵਾਸੀ ਤੇ ਪੱਛੜੇ ਵਰਗਾਂ ਲਈ ਸੰਵਿਧਾਨ ਵਲੋਂ ਦਿੱਤੀ ਗਈ ਰਿਜ਼ਰਬਰੇਸ਼ਨ ਵੀ ਹੱਕਦਾਰ ਲੋਕਾਂ ਦੇ ਜੀਵਨ ਪੱਧਰ ਨੂੰ ਉਪਰ ਨਹੀਂ ਚੱਕ ਸਕੀ। ਇਸਦਾ ਕਾਰਣ ਵਿਦਿਅਕ ਪੱਖੋਂ ਪਿੱਛੇ ਰਹਿ ਕੇ ਪੱਛੜ ਜਾਣਾ। ਜਦੋਂ ਤੱਕ ਵਿੱਦਿਆ ਨਹੀਂ ਤਾਂ ਗਿਆਨ ਨਹੀਂ। ਗਿਆਨ ਬਿਨਾਂ ਮਾਰਗ-ਦਰਸ਼ਨ ਨਹੀਂ। ਆਪਣੇ ਹੱਕਾਂ ਬਾਰੇ ਗਿਆਨ ਬਿਨਾਂ ਜਦੋ-ਜਹਿਦ ਅਤੇ ਲੜਾਈ ਨਹੀਂ ਹੁੰਦੀ। ਵਿਦਿਅਕ ਗਿਆਨ ਸਾਨੂੰ ਮਨੁੱਖ ਹੋਣ ਦੀ ਸਮਝ ਦਿੰਦਾ ਹੈ। ਧਰਤੀ ਉਪਰ ਵਿਚਰ ਰਹੇ ਮਨੁੱਖੀ ਭਾਈਚਾਰੇ ਦੇ ਨਾਲ਼ ਰਲ਼ ਤੁਰਨ ਲਈ ਪ੍ਰੇਰਨਾ ਤੇ ਮਾਨਸਿਕ ਸ਼ਕਤੀ ਵਿੱਦਿਆ ਹੀ ਦਿੰਦੀ ਹੈ। ਅਫ਼ਸੋਸ ! ਭਾਰਤ ਅੰਦਰ ਰਾਜ ਸੱਤਾ ਤੇ ਕਾਬਿਜ਼ ਹਿੰਦੂ /ਸਨਾਤਨੀ ਆਪਣੇ ਆਪ ਬਣੇ ਅਖੌਤੀ ਉੱਚ ਜਾਤੀ ਵਰਗ ਨੇ ਵਿੱਦਿਅਕ ਅਦਾਰਿਆਂ ਉਪਰ ਵੀ ਕਬਜ਼ਾ ਕਰਕੇ ਆਪਣੀ ਧਾਂਕ ਜਮਾਈ ਰੱਖੀ ਹੈ। ਆਦਿ-ਵਾਸੀ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸਣ ਕੀਤਾ ਜਾਂਦਾ ਰਿਹਾ ਹੈ।ਛੂਆ-ਛਾਤ ਰਾਂਹੀ ਉਹਨਾਂ ਦੀਆਂ ਰਿਹਾਇਸ਼ਾਂ ਵੀ ਪਿੰਡਾਂ ਅਤੇ ਕਸਬਿਆਂ ਵਿੱਚ ਪੱਛਮ ਵੱਲ ਰੱਖੀਆਂ ਗਈਆਂ। ਹਰ ਪੱਧਰ ਤੇ ਸਮਾਜ ਵਿੱਚ ਦੁਰਕਾਰਿਆ ਗਿਆ। ਜਿਸ ਕਾਰਣ ਗੁਲਾਮ ਹੋਣ ਤੇ ਨੀਚੀ ਅਛੂਤ ਜਾਤੀ ਦੇ ਹੋਣ ਦੀ ਮਨੋ-ਵਿਰਤੀ ਉਹਨਾਂ ਅੰਦਰ ਪੱਕਿਆਂ ਹੀ ਘਰ ਕਰ ਗਈ।
         ਭਾਰਤ ਅੰਦਰ ਸਿਆਸਤ ਮਨੁੱਖਾਂ ਦੀਆਂ ਲਾਸ਼ਾਂ ਤੇ ਤਾਂਡਵ ਕਰ , ਕਰਵਾ ਕੇ ਕੀਤੀ ਜਾਂਦੀ ਰਹੀ ਹੈ। ਰਾਜ ਸੱਤਾ
ਨੂੰ ਆਪਣੀ ਉੱਚ ਜਾਤੀਆਂ ਦੇ ਵਿਸ਼ੇਸ਼ ਹਿੱਤਾਂ ਦੀ ਰਾਖ਼ੀ ਲਈ ਵਰਤਣਾ ਸਰਮਾਏਦਾਰਾਂ-ਅਜਾਰੇਦਾਰਾਂ ਦਾ ਮੁੱਖ ਏਜੰਡਾ ਰਿਹਾ ਹੈ। ਅਦਾਲਤਾਂ ਤੱਕ ਆਪਣੇ ਹੱਕਾਂ ਅਤੇ ਹਿੱਤਾਂ ਲਈ ਲੜਨ ਦੀ ਸ਼ਕਤੀ ਅਤੇ ਸਾਧਨ ਇਹਨਾਂ ਗਰੀਬ ਸਦੀਆਂ ਤੋਂ ਲਿਤਾੜਿਆਂ ਲੋਕਾਂ ਕੋਲ ਨਹੀਂ ਹਨ। ਇਸੇ ਲਈ ਜੇਕਰ ਕਦੇ ਕੋਈ ਪਿਆਸਾ ਬੱਚਾ ਸਕੂਲ ਵਿੱਚ ਵੀ ਉੱਚ ਜਾਤੀ ਵਾਲਿਆਂ ਦੇ ਘੜੇ ਚੋਂ ਪਾਣੀ ਪੀਣ ਦੀ ਕੋਸ਼ਿਸ ਕਰਦਾ ਹੈ ਤਾਂ ਉਸ ਤੇ ਤਸ਼ੱਦਦ ਹੁੰਦਾ ਹੈ। ਉਸਦੀ ਚਮੜੀ ਉਧੇੜ ਦਿੱਤੀ ਜਾਂਦੀ ਹੈ। ਮਹਾਂਭਾਰਤ ਦੇ ਵਿੱਚ ਵੀ ਜੇਕਰ ਆਦਿ-ਵਾਸੀ ਭੀਲ ਬੱਚਾ ਚੋਰੀ ਛੁਪਕੇ ਸ਼ਾਸਤਰ ਵਿੱਦਿਆ ਸਿੱਖ ਲੈਂਦਾ ਹੈ ਤਾਂ ਅਚਾਰੀਆ ਦਰੋਣ ਉਸ ਦਾ ਅੰਗੂਠਾ ਕੱਟ ਕੇ ਉਸ ਨੂੰ ਸ਼ਾਸਤਰ ਵਿੱਦਿਆ ਤੋਂ ਸਦਾ ਲਈ ਵਾਂਝਾ ਕਰ ਦਿੰਦਾ ਹੈ। ਸਦੀਆਂ ਬਾਅਦ ਅੱਜ ਵੀ ਉਹੀ ਮਨੂੰਵਾਦੀ ਵਿਚਾਰਧਾਰਾ ਹਾਵੀ ਹੋ ਰਹੀ ਹੈ। ਆਦਿ-ਵਾਸੀ ਦੇ ਮੂੰਹ ਉਪਰ ਉਚ ਜਾਤੀ ਪੰਡਤ ਸ਼ੁਕਲ਼ਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ,ਜਾਤੀਵਾਦ ਦਾ ਤਾਂਡਵ ਕਰਦਾ ਉਸ ਗਰੀਬ ਦੇ ਮੂੰਹ ਉਪਰ ਪਿਸ਼ਾਬ ਕਰ ਰਿਹਾ ਹੈ। ਉੱਚ ਜਾਤੀ ਪੰਡਤਾਂ ਦੀ ਸੰਸਥਾ ਪਿਸ਼ਾਬ ਕਰਨ ਵਾਲੇ ਨੂੰ 51000/- ਹਜ਼ਾਰ ਦੇ ਕੇ ਇਸ ਅਣਮਨੁੱਖੀ ਕਾਰੇ ਦੀ ਹੌਸਲ਼ਾ ਅਫ਼ਜਾਈ ਕਰ ਰਹੀ ਹੈ।
        ਪੰਜਾਬ ਕਾਂਗਰਸ ਦਾ ਇਕ ਨੇਤਾ ਇਸ ਲਈ ਹੈਰਾਨ ਤੇ ਦੁੱਖੀ ਹੈ ਕਿ ਗਰੀਬ ਕਿਰਤੀ ਆਰਥਿਕ ਤੌਰ ਤੇ ਪੱਛੜੇ ਲੋਕਾਂ ਨੂੰ ਵਿਧਾਨ ਸਭਾ ਦੇ ਮੈਂਬਰ ਬਣਾ ਕੇ ਲੋਕਾਂ ਨੇ ਇਹਨਾਂ ਉੱਚ ਜਾਤੀ ਹੰਕਾਰੇ ਲੋਕਾਂ ਦੇ ਬਰਾਬਰ ਕਿਵੇਂ ਬਿਠਾ ਦਿੱਤਾ ਹੈ।
         ਆਖ਼ਿਰ ਇਹ ਪਾੜਾ, ਇਹ ਸ਼ੋਸਣ ਕਦੋ ਤੱਕ ਚੱਲੇਗਾ। ਇਸ ਹੈਵਾਨੀਅਤ ਦੇ ਟਾਕਰੇ ਲਈ ਇਹ ਗਰੀਬ ਲਿਤਾੜੇ ਲੋਕ ਕਿਸ ਰਾਹ ਤੁਰਨ ਅਤੇ ਕੀ ਕਰਨ ? ਆਪਣੇ ਇਨਸਾਨ ਹੋਣ ਦਾ ਪ੍ਮਾਣ ਪੱਤਰ ਕਿਸ ਤਰਾਂ ਦੇਣ ? ਇਹਨਾਂ ਨੂੰ ਸਮਾਜ ਵਿੱਚ ਸਨਮਾਨ ਨਾਲ਼ ਜੀਣ ਦਾ ਹੱਕ ਕਿਸ ਤਰਾਂ ਮਿਲੇ ?
     ਹਾਂ,  ਇਹਨਾਂ ਸਵਾਲਾਂ ਦਾ ਉੱਤਰ ਹੈ, ਜਦੋਂ ਤੱਕ ਹਥਿਆਰਬੰਦ ਹੋ ਕੇ ਇਹੋ ਜਿਹੇ ਵਰਤਾਰਿਆਂ ਵਿਰੁੱਧ ਬਗ਼ਾਵਤ ਇਹ ਆਦਿ-ਵਾਸੀ ਗਰੀਬ ਲਿਤਾੜੇ ਲੋਕ ਨਹੀਂ ਕਰਨਗੇ, ਜਾਬਰ ਜੁਲਮ ਹੁੰਦੇ ਹੀ ਰਹਿਣਗੇ। ਇੱਟ ਦਾ ਜਵਾਬ ਪੱਥਰ ਨਾਲ਼ ਮਿਲਦਾ ਹੈ ਤਾਂ ਅਗਲਾ ਅੱਗਿਓਂ ਸਮਝਦਾ ਹੈ। ਹੱਕ ਰੋ ਰੋ ਨਹੀਂ ਮਿਲਦੇ , ਸੰਘਰਸ਼ ਕਰਨਾ ਪੈਂਦਾ ਹੈ।  ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ। ਸ਼ਾਸਤਰਧਾਰੀ ਹੋ ਕੇ ਤਿਆਰ-ਬਰ-ਤਿਆਰ ਸਿਪਾਹੀ ਰੂਪ ਵਿੱਚ ਰਹਿਣਾ ਪਵੇਗਾ। ਸੰਗਤ ਰੂਪ ਹੋਣਾ ਪਵੇਗਾ , ਇਕ ਸ਼ਕਤੀ ਹੋਣ ਲਈ ਇਕ ਰੂਪ ਸੰਗਤ ਹੋਣਾ ਜ਼ਰੂਰੀ ਹੈ। ਸੰਗਤ ਲਈ ਇਕ ਪੰਗਤ ਵਿੱਚ ਵੀ ਬੈਠਣਾ ਤੇ ਛਕਣਾ-ਛਕਾਉਣਾ । ਵਿੱਦਿਆਕ ਗਿਆਨ ਹਾਸਿਲ ਕਰਨਾ ਅਤਿ ਜ਼ਰੂਰੀ ਹੈ ਪਰ ਇਨਸਾਫ਼ ਲਈ ਆਤਮ ਬਲ ਦਾ ਹੋਣਾ। ਅਨਿਆਇ ਦਾ ਵਿਰੋਧ ਕਰਨ ਲਈ ਮਨੋਬਲ ਅਤੇ ਸਰੀਰਕ ਬਲ ਦਾ ਹੋਣਾ ਅਤਿ ਜ਼ਰੂਰੀ ਹੈ। ਜੇਕਰ  ਆਦਿ ਵਾਸੀ , ਪੱਛੜੇ ਗਰੀਬ ਲੋਕ ਇਸ ਰਸਤੇ ਨਹੀਂ ਤੁਰੇ ਤਾਂ ਤੁਹਾਡੇ ਨਾਲ਼ ਜਬਰ-ਜੁਲਮ ਹੁੰਦਾ ਹੀ ਰਹੇਗਾ। ਕੋਈ ਅਦਾਲਤ ਤੁਹਾਡੇ ਕੋਲ ਚੱਲ ਕੇ ਤੁਹਾਡੇ ਘਰ ਨਹੀਂ ਆਵੇਗੀ। ਤੁਹਾਡੇ ਮਨੁੱਖੀ ਅਧਿਕਾਰ ਖੋਹੇ ਜਾਂਦੇ ਰਹਿਣਗੇ। ਤੁਹਾਡੀਆਂ ਬੇ-ਪੱਤੀਆਂ ਹੁੰਦੀਆਂ ਹੀ ਰਹਿਣਗੀਆਂ। ਅਖੌਤੀ ਉੱਚ ਜਾਤੀ-ਧਰਮ ਦੇ ਲੋਕ ਇਨਸਾਨੀਅਤ ਦੇ ਮੂੰਹ ਤੇ ਮੂਤਦੇ ਰਹਿਣਗੇ ਅਤੇ ਮਨੁੱਖਤਾ ਸ਼ਰਮਸ਼ਾਰ ਹੁੰਦੀ ਰਹੇਗੀ ਅਤੇ ਮਰਦੀ ਰਹੇਗੀ।
         ਬਲਜਿੰਦਰ ਸਿੰਘ “ਰੇਤਗੜੵ”
          919465129168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦੇ ਬੀ ਸੀ ਏ ਭਾਗ ਤੀਜਾ  ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿੱਚ ਮਾਰੀਆਂ ਮੱਲ੍ਹਾਂ 
Next articleਪੰਜਾਬ ਪੁਲਿਸ ਵੱਲੋ ਵੀ ਪਹਿਲ ਕਦਮੀ ਹੜ ਪੀੜਤਾਂ ਲਈ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ