ਤੁਰ ਗਿਆ ‘ਭਲੂਰ’ ਦੀ ਮਿੱਟੀ ਦਾ ‘ਹਿੰਮਤੀ ਪੁੱਤ’  ਸਰਦਾਰ ਬਲਵਿੰਦਰ ਸਿੰਘ ਕਲੇਰ

ਮੋਗਾ/ਭਲੂਰ (ਬੇਅੰਤ ਗਿੱਲ) ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਉਰਫ ਗੋਗੀ ਕਲੇਰ ਪਿੰਡ ਭਲੂਰ ਦਾ ਉਹ ਬਿਰਖ਼ ਸੀ ਜਿਸ ਨੇ ਪੱਤਝੜ੍ਹ ਦੀ ਰੁੱਤੇ ਵੀ ਭਲੂਰ ਵਾਸੀਆਂ ਨੂੰ ਛਾਂਵਾਂ ਦੇਣ ਤੋਂ ਕਦੇ ਮੁੱਖ ਨਹੀਂ ਸੀ ਮੋੜਿਆ। ਉਹ ਪਿੰਡ ਦੀ ਹਰ ਤਕਲੀਫ਼ ਨੂੰ ਆਪਣੀ ਤਕਲੀਫ਼ ਸਮਝ ਕੇ  ਉਸ ਨਾਲ ਸਿੱਧਾ ਮੱਥਾ ਲਗਾਉਂਦੇ ਰਹੇ। ਕਿੰਨੀਆਂ ਹੀ ਸੰਸਥਾਵਾਂ ਦੇ ਪੁੰਗਰਦੇ ਬੂਟਿਆਂ ਨੂੰ ਪਾਣੀ ਦੇ ਕੇ ਜਵਾਨ ਕਰਨ ਵਿਚ ਉਨ੍ਹਾਂ ਦਾ ਰੋਲ ਰਿਹਾ। ਉਹਨਾਂ ਸੰਸਥਾਵਾਂ ਨੇ ਪਿੰਡ ਲਈ ਵੱਡੇ ਉਪਰਾਲੇ ਕੀਤੇ। ਹੁਣ ਉਹ ਸ੍ਰੀ ਗੁਰੂ ਹਰਕ੍ਰਿਸ਼ਨ ਐਜ਼ੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਭਲੂਰ ਵਿਚ ਬਤੌਰ ਚੇਅਰਮੈਨ ਵਜੋਂ ਵੱਡੀਆਂ ਤੇ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਨ। ਲੋੜਵੰਦ ਮਰੀਜ਼ਾਂ, ਲੋੜਵੰਦ ਵਿਦਿਆਰਥੀਆਂ ਅਤੇ ਹੋਰ ਲੋੜਵੰਦ ਲੋਕਾਂ ਲਈ ਮੂਹਰੇ ਹੋ ਕੇ ਸਹਿਯੋਗ ਦਿੰਦੇ ਰਹੇ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੇ ਹੁੰਦਿਆਂ ਬਹੁਤਾ ‘ਭਲੂਰ’ ਬੇਫ਼ਿਕਰ ਸੀ । ਭਲੂਰ ਦੀਆਂ ਗਲੀਆਂ ਦਾ ਖੁਸ਼ਦਿਲ ਇਨਸਾਨ, ਭਲੂਰ ਦੀ ਮਿੱਟੀ ਦਾ ਹਿੰਮਤੀ, ਸਿਰੜੀ, ਉੱਦਮੀ ਤੇ ਯੋਧਾ ਪੁੱਤ ਸੀ ਬਲਵਿੰਦਰ ਸਿੰਘ ਖ਼ਾਲਸਾ। ਅਗਾਂਹਵਧੂ ਵਿਚਾਰਾਂ ਨਾਲ ਲਬਰੇਜ਼, ਮਿਲਾਪੜਾ ਤੇ ਜਿਗਰੇ ਵਾਲਾ ਇਨਸਾਨ ਸੀ। ਸਰਦਾਰ ਬਲਵਿੰਦਰ ਸਿੰਘ ਕਲੇਰ ਧਾਰਮਿਕ, ਸਮਾਜਿਕ ਤੇ ਰਾਜਸੀ ਸਮਝ ਰੱਖਣ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਦੇ ਸਟੇਜਾਂ ‘ਤੇ ਖੜ ਕੇ ਜੁਅਰੱਤ ਨਾਲ ਬੋਲੇ ਸੱਚੇ ਬੋਲ ਸਦਾ ਕੰਨਾਂ ‘ਚ ਗੂੰਜਦੇ ਰਹਿਣਗੇ।
ਪਿੰਡ ਦੀਆਂ ਸਾਂਝੀਆਂ ਲੋੜਾਂ ਨੂੰ ਅੱਗੇ ਲੱਗ ਕੇ ਨੇਪਰੇ ਚੜ੍ਹਾਉਣ ਵਾਲਾ ਅੱਜ ਜਦੋਂ ਅਛੋਪਲੇ ਜਿਹੇ ਤੁਰ ਗਿਆ ਤਾਂ ਸਾਰੇ ਨਗਰ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਜਿੰਨ੍ਹਾਂ ਨਾਲ ਰੋਸੇ, ਗਿਲੇ ਤੇ ਸਰੀਰਕ ਵਿੱਥਾਂ ਸਨ, ਉਹਨਾਂ ਦੀਆਂ ਅੱਖਾਂ ‘ਚੋਂ ਵੀ ਤਿਪ ਤਿਪ ਹੰਝੂ ਡਿੱਗਦੇ ਦੇਖੇ। ਉਨ੍ਹਾਂ ਦਾ ਬੇਵਕਤ ਵਿਛੋੜਾ  ਜਿੱਥੇ ਪਰਿਵਾਰ ਨੂੰ ਵੱਡਾ ਸਦਮਾ ਦੇ ਗਿਆ ਹੈ, ਉੱਥੇ ਹੀ ਪਿੰਡ ਭਲੂਰ ਦੀ ਝੋਲੀ ਵੱਡਾ ਘਾਟਾ ਪਾ ਗਿਆ ਹੈ। ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਅੱਜ ਪਿੰਡ ਭਲੂਰ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੇ ਸਪੁੱਤਰ ਬਲਕਰਨ ਸਿੰਘ ਨੇ ਉਨ੍ਹਾਂ ਦੀ ਅੰਤਿਮ ਦੇਹ ਨੂੰ ਅਗਨੀ ਦਿੱਤੀ। ਸਰਦਾਰ ਬਲਵਿੰਦਰ ਸਿੰਘ ਕਲੇਰ ਦੇ ਅਚਾਨਕ ਤੁਰ ਜਾਣ ਨਾਲ ਉਨ੍ਹਾਂ ਦੀ ਧਰਮ ਪਤਨੀ ਕੁਲਵੰਤ ਕੌਰ, ਬੇਟੀ ਮਨਪ੍ਰੀਤ ਕੌਰ, ਭਰਾ ਜਸਵਿੰਦਰ ਸਿੰਘ, ਬੇਟੇ ਬਲਕਰਨ ਸਿੰਘ ਅਤੇ ਸਮੁੱਚੇ ਕਲੇਰ ਪਰਿਵਾਰ ਨਾਲ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਸਾਰੇ ਨਗਰ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਟਿਆਲਾ ਵਿੱਚ ਗਰਜਣੇ ਹਜ਼ਾਰਾਂ ਸਿਹਤ ਕਾਮੇ 
Next articleSamaj Weekly 349 = 21/01/2024