(ਸਮਾਜ ਵੀਕਲੀ)-–ਅੱਖੀਂ ਦੇਖੀ ਹਕੀਕਤ
ਪੰਜਾਬ ਵਿੱਚ ਰਹਿੰਦਿਆਂ ਜਦੋਂ ਅਜੇ 7-8 ਸਾਲ ਦਾ ਹੀ ਸੀ ਤਾਂ ਸਿਆਣੀਆਂ ਮਾਤਾਵਾਂ ਦੇ ਮੂੰਹੋਂ ਅਕਸਰ ਸੁਣਦਾ ਕਿ ਦੁੱਧ ਤੇ ਪੁੱਤ ਕਰਮਾਂ ਨਾਲ ਹੀ ਮਿਲਦੇ ਹਨ l ਉਸ ਸਮੇਂ ਜਿਆਦਾ ਲੋਕ ਅਨਪੜ੍ਹ ਹੁੰਦੇ ਸਨ ਪਰ ਸਖਤ ਮਿਹਨਤੀ ਸਨ l ਵੱਡੀ ਗਿਣਤੀ ਲੋਕ ਕਰਮਾਂ ਤੇ ਹੀ ਯਕੀਨ ਰੱਖਦੇ ਸਨ l
ਉਨ੍ਹਾਂ ਸਮਿਆਂ ਵਿੱਚ ਪੈਸਾ ਬਹੁਤ ਘੱਟ ਹੁੰਦਾ ਸੀ l ਪੈਸੇ ਵਾਸਤੇ ਲੋਕਾਂ ਵਿੱਚ ਬੇਲੋੜੀ ਦੌੜ ਵੀ ਨਹੀਂ ਸੀ l ਲੋਕ ਕਾਹਲੀ ਵਿੱਚ ਵੀ ਨਹੀਂ ਹੁੰਦੇ ਸਨ l ਜਿਆਦਾ ਲੋਕ ਖੇਤੀਬਾੜੀ ਤੇ ਨਿਰਭਰ ਸਨ l ਲੋਕ ਫਸਲਾਂ ਨੂੰ ਵੇਚਣ ਦੀ ਬਜਾਏ ਇੱਕ ਦੂਜੇ ਨਾਲ ਲੋੜ ਅਨੁਸਾਰ ਵਟਾ ਲੈਂਦੇ ਸਨ l
ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਕੰਮ ਵੱਟੇ ਦਾਣੇ ਹੀ ਲੈਂਦੇ ਹੁੰਦੇ ਸੀ ਜਾਂ ਉਨ੍ਹਾਂ ਨੂੰ ਰੋਟੀ ਪਾਣੀ ਖਵਾ ਦਿੱਤਾ ਜਾਂਦਾ ਸੀ l ਬਹੁਤ ਵਾਰ ਤਾਂ ਰਿਸ਼ਤੇਦਾਰੀ ਵਿੱਚੋਂ ਕੋਈ ਨਾ ਕੋਈ ਖੇਤੀਬਾੜੀ ਦੇ ਕੰਮ ਵਿੱਚ ਮੱਦਦ ਕਰਵਾਉਣ ਲਈ ਆਬਤ ਤੇ ਆ ਜਾਂਦਾ ਸੀ l ਆਬਤ ਦਾ ਭਾਵ ਕਿ ਆਏ ਹੋਏ ਮਹਿਮਾਨ ਦੀ ਕੰਮ ਵੱਟੇ ਸੇਵਾ ਕਰ ਦਿੱਤੀ ਜਾਂਦੀ ਸੀ l
ਜਦੋਂ ਕਿਸੇ ਨੂੰ ਪੁੱਛ ਲੈਣਾ ਕਿ ਕੀ ਤੁਸੀਂ ਦੁੱਧ ਵੇਚਣਾ ਚਾਹੁੰਦੇ ਹੋ? ਬਹੁਤ ਵਾਰ ਜਵਾਬ ਮਿਲਣਾ ਕਿ ਦੁੱਧ ਪੁੱਤ ਵੇਚੀਦੇ ਨਹੀਂ ਹੁੰਦੇ l ਹੁਣ ਵਾਲੀ ਪੀੜ੍ਹੀ ਵਾਸਤੇ ਇਹ ਹੈਰਾਨ ਕਰਨ ਵਾਲੀ ਗੱਲ ਹੋਵੇਗੀ ਪਰ ਸੱਚ ਇਹੀ ਸੀ l
ਇਸੇ ਤਰਾਂ ਜਦੋਂ ਕਿਸੇ ਨੂੰ ਪੁੱਛ ਲੈਣਾ ਕਿ ਕੀ ਤੂੰ ਜ਼ਮੀਨ ਵੇਚਣੀ ਹੈ? ਇਸ ਦਾ ਜਵਾਬ ਮਿਲਣਾ ਕਿ ਮਾਂ ਵੇਚੀਦੀ ਨਹੀਂ ਹੁੰਦੀ l ਉਸ ਵੇਲੇ ਕਿਸਾਨ ਜ਼ਮੀਨ ਨੂੰ ਮਾਂ ਦੇ ਬਰਾਬਰ ਸਮਝਦਾ ਹੁੰਦਾ ਸੀ ਕਿਉਂਕਿ ਜ਼ਮੀਨ ਹੀ ਪਰਿਵਾਰਾਂ ਦਾ ਢਿੱਡ ਭਰਦੀ ਸੀ l
ਸਮਾਂ ਬਦਲਿਆ, ਪੰਜਾਬੀਆਂ ਦੀ ਸੋਚ ਬਦਲੀ ਜੋ ਹੁਣ ਪਿੱਛੇ ਮੁੜਨ ਦਾ ਨਾਮ ਹੀ ਨਹੀਂ ਲੈ ਰਹੀ l ਕਾਰਪੋਰੇਟ ਘਰਾਣੇ ਆਏ ਜਿਨ੍ਹਾਂ ਵੱਡੇ ਕਾਰੋਬਾਰ ਵਿਕਸਿਤ ਕੀਤੇ ਅਤੇ ਲੋਕਾਂ ਨੂੰ ਵੱਧ ਤਨਖਾਹਾਂ ਤੇ ਨੌਕਰੀਆਂ ਦਿੱਤੀਆਂ l
ਪੈਸੇ ਦੀ ਦੌੜ ਵਿੱਚ ਦੁੱਧ, ਪੁੱਤ ਅਤੇ ਜ਼ਮੀਨਾਂ ਦੇ ਸੌਦੇ ਹੋਣ ਲੱਗੇ l ਪੁੱਤਾਂ ਧੀਆਂ ਦੇ ਸੌਦੇ ਵਿਦੇਸ਼ ਜਾਣ ਲਈ ਹੋਣ ਲੱਗੇ l
ਕਾਰਪੋਰੇਟ ਘਰਾਣਿਆਂ ਜਾਂ ਸਰਮਾਏਦਾਰਾਂ ਵਲੋਂ ਵੱਧ ਪੈਸੇ ਤੇ ਨੌਕਰੀਆਂ ਦੇਣੀਆਂ ਵਧੀਆ ਜ਼ਰੂਰ ਲਗਦੀਆਂ ਹਨ ਪਰ ਇਸ ਵਧੀ ਹੋਈ ਆਮਦਨ ਦੇ ਨਾਲ ਨਾਲ ਬਹੁਤ ਨਵੇਂ ਖਰਚੇ ਪੈਦਾ ਹੋ ਗਏ l ਉਦਾਹਰਣ ਦੇ ਤੌਰ ਤੇ ਮਹਿੰਗੇ ਟੀਵੀ (ਟੈਲੀਵੀਜ਼ਨ), ਵੀ ਸੀ ਆਰ, ਫਰਨੀਚਰ, ਸਕੂਟਰ, ਮੋਟਰ ਸਾਇਕਲ, ਕਾਰਾਂ , ਟਰੈਕਟਰ, ਟਰਾਲੀਆਂ, ਕੰਬਾਈਨਾਂ, ਫੋਨ, ਬਹੁਤ ਤਰਾਂ ਦੀਆਂ ਮਠਿਆਈਆਂ, ਡਰਿੰਕਾਂ, ਮਹਿੰਗੇ ਸਲੂਨ, ਬਿਊਟੀ ਪਾਰਲਰ, ਕੰਪਿਊਟਰ ਅਤੇ ਹੋਰ ਖਾਣ ਵਾਲੇ ਫਾਸਟ ਫ਼ੂਡ ਹੋਂਦ ਵਿੱਚ ਆਏ l ਸੰਨ 1985 ਤੱਕ ਵਿਰਲੇ ਪੰਜਾਬੀਆਂ ਨੂੰ ਹੀ ਕੌਫੀ ਦਾ ਪਤਾ ਸੀ l ਅੱਜ ਵੱਡੀ ਗਿਣਤੀ ਕੌਫੀ ਦੀ ਆਦੀ ਹੋ ਗਈ ਹੈ l
ਭਾਵੇਂ ਕਿ ਮਸ਼ੀਨਰੀ ਨੇ ਇਨਸਾਨ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਪਰ ਮਸ਼ੀਨਰੀ ਦੇ ਆਉਣ ਨਾਲ ਵੱਡੀ ਗਿਣਤੀ ਇਨਸਾਨ ਵਿਹਲੜ੍ਹ ਬਣ ਗਏ l ਕੰਮ ਘੱਟ ਕਰਨ ਜਾਂ ਨਾ ਕਰਨ ਨਾਲ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਏ l
ਜਿੱਥੇ ਉਪਰੋਕਤ ਸਭ ਕੁੱਝ ਬਹੁਤ ਜਿਆਦਾ ਮਹਿੰਗਾ ਸੀ ਉੱਥੇ ਹੀ ਇਹ ਸਿਹਤ ਲਈ ਖਤਰਨਾਕ ਸੀ l
ਇਸ ਸਭ ਦੇ ਨਾਲ ਨਾਲ ਪੰਜਾਬੀਆਂ ਨੂੰ ਨਵੇਂ ਫੈਸ਼ਨ ਦੀ ਆਦਤ ਪਈ ਜੋ ਹਰ ਇੱਕ ਦੋ ਦਿਨ ਬਾਦ ਬਦਲਣ ਲੱਗਾ l ਟੈਲੀਵੀਜ਼ਨ ਦੀ ਵੱਧ ਵਰਤੋਂ ਨਾਲ ਘਰੇਲੂ ਔਰਤਾਂ ਨਾਟਕ ਅਤੇ ਫ਼ਿਲਮਾਂ ਦੇਖ ਕੇ ਵੱਧ ਸਮਾਂ ਖਰਾਬ ਕਰਨ ਦੇ ਨਾਲ ਨਾਲ ਖੁਦ ਨੂੰ ਵੀ ਹੀਰੋਇਨਾਂ ਵਰਗਾ ਹੋਣ ਦੇ ਸੁਪਨੇ ਲੈਣ ਲੱਗੀਆਂ l ਨਤੀਜਾ ਇਹ ਹੋਇਆ ਕਿ ਔਰਤਾਂ ਦਾ ਫੈਸ਼ਨ ਬਹੁਤ ਤੇਜ਼ੀ ਨਾਲ ਵਧਿਆ ਜਿਸ ਨਾਲ ਇਨਸਾਨਾਂ ਦੀ ਵਧੀ ਹੋਈ ਆਮਦਨ ਬਹੁਤ ਤੇਜ਼ੀ ਨਾਲ ਖਤਮ ਹੋਈ l
ਬਚਪਨ ਵਿੱਚ ਇੱਕ ਹੋਰ ਚੀਜ਼ ਸੁਣਨ ਨੂੰ ਮਿਲਦੀ ਸੀ ਕਿ ਸ਼ਾਹੂਕਾਰ ਦਾ ਕਰਜ਼ਾ ਬਹੁਤ ਮਾੜਾ ਹੁੰਦਾ ਹੈ l ਲੋਕ ਸਿਆਣਿਆਂ ਦੀ ਇਸ ਨਸੀਹਤ ਦੇ ਬਾਵਯੂਦ ਇਸ ਤੋਂ ਉਲਟ ਚੱਲ ਪਏ l ਆਪਣੇ ਵਧੇ ਹੋਏ ਖਰਚੇ ਪੂਰੇ ਕਰਨ ਲਈ ਲੋਕਾਂ ਕਰਜ਼ੇ ਲੈਣੇ ਸ਼ੁਰੂ ਕਰ ਦਿੱਤੇ l
ਇਸ ਤੋਂ ਬਾਦ ਕਿਸ਼ਤਾਂ ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆ l ਭਾਵ ਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ਪਹਿਲਾਂ ਹੀ ਕਿਸ਼ਤਾਂ ਦੇ ਰੂਪ ਵਿੱਚ ਖਤਮ ਕਰਨ ਲੱਗੇ l
ਕਰੈਡਿਟ ਕਾਰਡਾਂ ਨੂੰ ਵਰਤਣ ਦਾ ਰਿਵਾਜ਼ ਹੋਇਆ ਤਾਂ ਲੋਕਾਂ ਕਰੈਡਿਟ ਕਾਰਡ ਦਾ ਵਿਆਜ਼ ਬਹੁਤ ਜਿਆਦਾ ਭਰਿਆ l ਕਈ ਕਰੈਡਿਟ ਕਾਰਡ ਕੰਪਨੀਆਂ 20% ਦੇ ਲਾਗੇ ਵਿਆਜ਼ ਲੈਂਦੀਆਂ ਹਨ l
ਪੰਜਾਬ ਵਿੱਚ ਹਰ ਇੱਕ ਨੂੰ ਨੌਕਰੀਆਂ ਮਿਲਣੀਆਂ ਔਖੀਆਂ ਸਨ l ਇਸ ਕਰਕੇ ਲੋਕਾਂ ਨੇ ਵਿਦੇਸ਼ਾਂ ਵੱਲ ਜਾਣਾ ਸ਼ੁਰੂ ਕੀਤਾ l ਕਈਆਂ ਨੇ ਜ਼ਮੀਨਾਂ ਵੇਚ ਕੇ ਅਤੇ ਕਈਆਂ ਜ਼ਮੀਨਾਂ ਗਹਿਣੇ ਰੱਖ ਕੇ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕੀਤਾ l
ਵਿਦੇਸ਼ਾਂ ਨੂੰ ਜਾਣ ਦਾ ਸਫ਼ਰ ਕੁੱਝ ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਅੱਜ ਲੱਖਾਂ ਰੁਪਏ ਤੱਕ ਪਹੁੰਚ ਚੁੱਕਾ ਹੈ l ਇਸ ਕਿੱਤੇ ਵਿੱਚੋਂ ਟਰੈਵਲ ਏਜੇਂਟਾਂ ਨੇ ਖੂਬ ਕਮਾਈ ਕੀਤੀ l ਇਸ ਵਿੱਚੋਂ ਕੁੱਝ ਨੇ ਇਮਾਨਦਾਰੀ ਨਾਲ ਕਮਾਈ ਕੀਤੀ ਪਰ ਵੱਡੀ ਗਿਣਤੀ ਨੇ ਧੋਖੇ ਨਾਲ ਕਮਾਈ ਕੀਤੀ l
ਇਸੇ ਸਮੇਂ ਦੌਰਾਨ ਪੰਜਾਬੀਆਂ ਨੇ ਵਿਦੇਸ਼ਾਂ ਨੂੰ ਜਾਣ ਖਾਤਰ ਆਪਣੇ ਕੁੜੀਆਂ ਅਤੇ ਮੁੰਡਿਆਂ ਦਾ ਵਿਆਹ ਦੇ ਰੂਪ ਵਿੱਚ ਵਪਾਰ ਸ਼ੁਰੂ ਕੀਤਾ l ਭਾਵ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਵੇਚਿਆ l ਇਹ ਰਿਸ਼ਤੇ ਇੱਕ ਦੂਜੇ ਦੀ ਪਸੰਦ ਨਾਲ ਹੋਣ ਦੀ ਬਜਾਏ ਆਪਣੀ ਆਰਥਿਕ ਲੋੜ ਪੂਰੀ ਕਰਨ ਅਤੇ ਵਿਦੇਸ਼ਾਂ ਨੂੰ ਜਾਣ ਖਾਤਰ ਹੋਏ ਜਿਸ ਕਾਰਣ ਇੱਕ ਧਿਰ ਵਿਦੇਸ਼ ਜਾ ਕੇ ਦੂਜੀ ਧਿਰ ਨਾਲ ਧੋਖਾ ਕਰ ਗਈ l ਇਹੋ ਜਿਹੇ ਮਾਮਲੇ ਅਕਸਰ ਅਖਬਾਰਾਂ ਵਿੱਚ, ਸੋਸ਼ਲ ਮੀਡੀਆ ਵਿੱਚ ਅਤੇ ਪੰਜਾਬੀਆਂ ਦੀਆਂ ਮਹਿਫ਼ਿਲਾਂ ਵਿੱਚ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ l
ਵੱਡੀ ਗਿਣਤੀ ਪੰਜਾਬੀ ਬੇਸ਼ੱਕ ਰੱਬ ਨੂੰ ਬਹੁਤ ਜਿਆਦਾ ਮੰਨਦੇ ਹਨ ਪਰ ਨਕਲੀ ਵਿਆਹ ਵੀ ਧਾਰਮਿਕ ਅਸਥਾਨਾਂ ਵਿੱਚ ਹੀ ਕੀਤੇ ਗਏ l ਭਾਵ ਰੱਬ ਦੀ ਹਜ਼ੂਰੀ ਵਿੱਚ ਵੀ ਲੂਣ ਹੀ ਗੁੰਨਿਆ ਗਿਆ l
ਵਿਦੇਸ਼ੀ ਸਰਕਾਰਾਂ ਵੀ ਇਸ ਲੁੱਟ ਵਿੱਚ ਸ਼ਾਮਲ ਹੋਈਆਂ l ਉਨ੍ਹਾਂ ਵੱਡੀ ਗਿਣਤੀ ਪੰਜਾਬ ਤੋਂ ਅਤੇ ਦੂਜੇ ਪਛੜੇ ਮੁਲਕਾਂ ਤੋਂ ਬੱਚਿਆਂ ਨੂੰ ਪੜ੍ਹਨ ਲਈ ਆਪੋ ਆਪਣੇ ਮੁਲਕਾਂ ਵਿੱਚ ਸੱਦਿਆ l ਇਸ ਆਈ ਹੋਈ ਪੀੜ੍ਹੀ ਨੇ ਆਪਣੇ ਪਰਿਵਾਰਾਂ ਦੇ ਲੱਖਾਂ ਰੁਪਏ ਵੀ ਖਤਮ ਕੀਤੇ ਅਤੇ ਕਈਆਂ ਨੇ ਵਿਦੇਸ਼ ਖਾਤਰ ਜ਼ਮੀਨਾਂ ਵੀ ਗਹਿਣੇ ਰੱਖ ਦਿੱਤੀਆਂ ਜਾਂ ਵਿਕਾ ਦਿੱਤੀਆਂ l
ਜਿਹੜੇ ਵਿਦੇਸ਼ੀ ਮੁਲਕ ਦੂਜੀ ਸੰਸਾਰ ਜੰਗ ਵਿੱਚ ਸ਼ਾਮਲ ਸੀ ਉਨ੍ਹਾਂ ਵਿੱਚ ਨੌਜਵਾਨ ਉਮਰ ਦੇ ਬੱਚਿਆਂ ਦੀ ਘਾਟ ਸੀ l ਭਾਰਤ ਵਿੱਚ ਨੌਜਵਾਨਾਂ ਦੀ ਘਾਟ ਨਹੀਂ ਸੀ l ਇਸ ਕਰਕੇ ਇਹ ਘਾਟ ਭਾਰਤ ਵਿੱਚੋਂ ਪੂਰੀ ਹੋਣ ਲੱਗੀ l
ਇਨਾਂ ਵਿਦੇਸ਼ਾਂ ਵਿੱਚ ਜਾਣ ਵਾਲਿਆਂ ਵਿੱਚੋਂ ਕੁੱਝ ਉੱਥੇ ਪੱਕੇ ਹੋ ਗਏ ਅਤੇ ਸੋਹਣਾ ਪੈਸਾ ਬਣਾ ਪਿੰਡ ਕੋਠੀਆਂ ਵੀ ਬਣਾ ਲਈਆਂ ਪਰ ਵੱਡੀ ਗਿਣਤੀ ਦੀ ਖੂਹ ਦੀ ਮਿੱਟੀ ਖੂਹ ਹੀ ਲਗਦੀ ਰਹੀ l
ਜਿਹੜੇ ਆਪਣੀ ਆਰਥਿਕਤਾ ਮਜ਼ਬੂਤ ਕਰ ਗਏ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਔਲਾਦ ਪੰਜਾਬ ਜਾਣਾ ਨਹੀਂ ਚਾਹੁੰਦੀ l ਇਸ ਕਰਕੇ ਉਨ੍ਹਾਂ ਦੀ ਦੂਜੀ ਪੀੜ੍ਹੀ ਨੂੰ ਪੰਜਾਬ ਵਿਚਲੀ ਜ਼ਮੀਨ ਜਾਂ ਘਰ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਰਹੀ l ਉਨ੍ਹਾਂ ਵਿੱਚੋਂ ਬਹੁਤੇ ਬੱਚਿਆਂ ਨੂੰ ਤਾਂ ਮਾਪੇ ਪੰਜਾਬੀ ਬੋਲੀ ਨਾਲ ਵੀ ਜੋੜ ਨਹੀਂ ਸਕੇ l ਪੰਜਾਬੀ ਭਾਸ਼ਾ ਨਾਲੋਂ ਟੁੱਟਿਆ ਬੱਚਾ ਪੰਜਾਬ ਨਾਲ ਜੁੜਨਾ ਬਹੁਤ ਮੁਸ਼ਕਲ ਹੁੰਦਾ ਹੈ l
ਕੁੱਝ ਦੇ ਮਾਪੇ ਪੰਜਾਬ ਵਿੱਚ ਆਪਣੇ ਵਿਦੇਸ਼ਾਂ ਵਿੱਚ ਗਏ ਬੱਚਿਆਂ ਨੂੰ ਮਿਲਣ ਨੂੰ ਤਰਸ ਰਹੇ ਹਨ l
ਵਿਦੇਸ਼ ਗਏ ਪੁੱਤ ਧੀਆਂ ਆਪਣੇ ਖਰੀਦੇ ਹੋਏ ਘਰਾਂ ਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ l
ਇਸ ਕਰਕੇ ਕਹਿ ਸਕਦੇ ਹਾਂ ਕਿ ਜਦੋਂ ਤੋਂ ਪੰਜਾਬੀਆਂ ਨੇ ਕਰਮਾਂ ਨਾਲ ਮਿਲੀਆਂ ਚੀਜ਼ਾਂ ਦਾ ਵਪਾਰ ਸ਼ੁਰੂ ਕੀਤਾ ਹੈ ਉਹ ਉਨ੍ਹਾਂ ਨੂੰ ਰਾਸ ਨਹੀਂ ਆਈਆਂ ਹਨ ਅਤੇ ਪੰਜਾਬ ਤੇ ਪੰਜਾਬੀ ਕਰਜ਼ੇ ਵਿੱਚ ਦਿਨੋਂ ਦਿਨ ਦੱਬੀ ਜਾ ਰਹੇ ਹਨ l
ਇਹ ਹਰ ਪੰਜਾਬੀ ਵਾਸਤੇ ਸੋਚਣ ਦਾ ਵਿਸ਼ਾ ਹੈ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly