ਘਰ-ਪਰਿਵਾਰ

(ਸਮਾਜ ਵੀਕਲੀ)-ਘਰ ਹਰ ਇੱਕ ਮਨੁੱਖ ਦੀ ਬੁਨਿਆਦੀ ਲੋੜ ਹੁੰਦੀ ਹੈ।ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਵਧੀਆ ਤੋਂ ਵਧੀਆ ਘਰ ਹੋਵੇ। ਆਖਿਰ ਮਨੁੱਖ ਸਾਰੀ ਉਮਰ ਕਮਾਉਂਦਾ ਕਿਸ ਲਈ ਹੈ,ਘਰ ਬਣਾਉਣ ਲਈ ਹੀ ਤਾਂ ਕਮਾਉਂਦਾ ਹੈ। ਵਧੀਆ ਘਰ ਵੀ ਤਾਂ ਸੋਹਣੇ ਪਰਿਵਾਰ ਨਾਲ ਹੀ ਚੰਗਾ ਲੱਗਦਾ ਹੈ। ਜੇ ਕੋਈ ਘਰ ਬਾਹਰੋਂ ਅਤੇ ਅੰਦਰੋਂ ਸ਼ੀਸ਼ ਮਹਿਲ ਜਿਹਾ ਹੋਵੇ, ਉਸ ਵਿੱਚ ਸਮਾਨ ਵੀ ਬੇਸ਼ੁਮਾਰ ਕੀਮਤੀ ਪਿਆ ਹੋਵੇ ਪਰ ਉਸ ਵਿੱਚ ਕੋਈ ਰਹਿੰਦਾ ਹੀ ਨਾ ਹੋਵੇ ਤਾਂ ਉਹ ਮਕਾਨ ਵੀ ਕੁਝ ਸਮੇਂ ਬਾਅਦ ਖੰਡਰ ਬਣ ਜਾਵੇਗਾ।ਸੋ ਕਿਸੇ ਇਮਾਰਤ ਨੂੰ ਘਰ ਬਣਾਉਣ ਲਈ ਪਰਿਵਾਰ ਜ਼ਰੂਰੀ ਹੁੰਦਾ ਹੈ।
   ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ। ਪਹਿਲਾਂ ਪਹਿਲ ਤਾਂ ਸੰਯੁਕਤ ਪਰਿਵਾਰ ਆਮ ਹੁੰਦੇ ਸਨ ਪਰ ਅੱਜ ਕੱਲ੍ਹ ਇਕਹਿਰੇ ਪਰਿਵਾਰ ਦਾ ਫੈਸ਼ਨ ਜਿਹਾ ਹੀ ਹੋ ਗਿਆ ਹੈ। ਪਰਿਵਾਰ ਸੰਯੁਕਤ ਹੋਵੇ ਜਾਂ ਇਕਹਿਰਾ, ਉਸ ਵਿੱਚ ਸਾਰੇ ਮੈਂਬਰਾਂ ਦਾ ਆਪਸ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਪਿਆਰ ਤੋਂ ਸੱਖਣੇ ਪਰਿਵਾਰ ਵਾਲੇ ਘਰ ਨੂੰ ਵੀ ਘਰ ਨਹੀਂ ਕਿਹਾ ਜਾ ਸਕਦਾ। ਇਹ ਜ਼ਰੂਰੀ ਨਹੀਂ ਕਿ ਪਰਿਵਾਰ ਦੇ ਸਾਰੇ ਜੀਆਂ ਵਿੱਚ ਨਿਮਰਤਾ, ਮਿਠਾਸ ਤੇ ਸਹਿਨਸ਼ੀਲਤਾ ਵਰਗੇ ਗੁਣ ਹੋਣ ਤਾਂ ਹੀ ਇੱਕ ਚੰਗਾ ਪਰਿਵਾਰ ਬਣ ਸਕਦਾ ਹੈ। ਜਿਵੇਂ ਇੱਕ ਰਸੋਈ ਵਿੱਚ ਖੰਡ ਅਤੇ ਗੁੜ ਦੇ ਨਾਲ ਨਾਲ ਨਮਕ ਮਿਰਚ ਵੀ ਰੱਖੀ ਹੁੰਦੀ ਹੈ ਇਸੇ ਤਰ੍ਹਾਂ ਇੱਕ ਪਰਿਵਾਰ ਵਿੱਚ ਸਭ ਦੇ ਸੁਭਾਅ ਵੀ ਗੁਣ-ਔਗਣ ਦੇ ਮਿਸ਼ਰਣ ਵਾਲੇ ਹੀ ਹੁੰਦੇ ਹਨ।ਇਹ ਵੀ ਜ਼ਰੂਰੀ ਨਹੀਂ ਕਿ ਸਭ ਦੇ ਸੁਭਾਅ ਆਪਸ ਵਿੱਚ ਮੇਲ ਖਾਂਦੇ ਹੋਣ। ਫਿਰ ਵੀ ਜਿਹੜੇ ਪਰਿਵਾਰਾਂ ਦੇ ਜੀਅ ਕੁੜੱਤਣ, ਖਿੱਝੂਪਣ, ਲੜਾਕੂਪਣ ਪਿਆਰ, ਨਿਮਰਤਾ, ਸਹਿਣਸ਼ੀਲਤਾ ਅਤੇ ਹਮਦਰਦੀ ਵਰਗੇ ਗੁਣ-ਔਗੁਣਾਂ ਦਾ ਆਪਸ ਵਿੱਚ ਤਾਲਮੇਲ ਬਣਾ ਕੇ ਘਰ ਨੂੰ ਹੱਸਦਾ ਵੱਸਦਾ ਰੱਖਦੇ ਹਨ ਉਹ ਹੀ ਇੱਕ ਸਫ਼ਲ ਪਰਿਵਾਰ ਹੁੰਦਾ ਹੈ।
     ਅੱਜ ਕੱਲ੍ਹ ਸਾਡੇ ਸਭਿਆਚਾਰ ਉੱਪਰ ਵੀ ਪੱਛਮੀ ਸੱਭਿਅਤਾ ਦਾ ਰੰਗ ਦਿਨ-ਬ-ਦਿਨ ਗੂੜ੍ਹਾ ਚੜ੍ਹਦਾ ਜਾ ਰਿਹਾ  ਹੈ। ਸੰਚਾਰ ਦੇ ਸਾਧਨ ਵਧ ਰਹੇ ਹਨ। ਮੋਬਾਈਲ ਫੋਨਾਂ ਤੇ ਇੰਟਰਨੈੱਟ ਦੀ ਵਰਤੋਂ ਵਧ ਗਈ ਹੈ। ਜਿਸ ਕਰਕੇ ਪਰਿਵਾਰਾਂ ਦੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਵਿੱਚ ਵੀ ਨਵੀਨਤਾ ਆ ਰਹੀ ਹੈ। ਇਹਨਾਂ ਗੱਲਾਂ ਦਾ ਅਜੋਕੇ ਭਾਰਤੀ ਪਰਿਵਾਰਿਕ ਜੀਵਨ ਉੱਪਰ ਬੁਰਾ ਅਸਰ ਵੱਧ ਪੈ ਰਿਹਾ ਹੈ ਅਤੇ ਚੰਗਾ ਘੱਟ। ਨਵੀਂ ਪੀੜ੍ਹੀ ਦੇ ਬੱਚਿਆਂ ਦੀਆਂ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਰਾਵੇ ਦੀਆਂ ਆਦਤਾਂ ਪੂਰੀ ਤਰ੍ਹਾਂ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਗਈਆਂ ਹਨ ਜਦ ਕਿ ਘਰਾਂ ਵਿੱਚ ਬਜ਼ੁਰਗਾਂ ਦੀ ਸੋਚ ਉਹਨਾਂ ਨਾਲ ਮੇਲ ਨਹੀਂ ਖਾਂਦੀ ਜਿਸ ਕਾਰਨ ਕਈ ਘਰਾਂ ਵਿੱਚ ਇਹ ਸਥਿਤੀ ਤਣਾਅ ਦਾ ਮਾਹੌਲ ਪੈਦਾ ਕਰਦੀ ਹੈ। ਇਹੋ ਜਿਹੀ ਸਥਿਤੀ ਵਿੱਚ ਵਿਚਕਾਰਲੀ ਪੀੜ੍ਹੀ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ। ਉਹ ਹੀ ਇੱਕ ਜ਼ਰੀਆ ਹੁੰਦਾ ਹੈ ਜੋ ਦੋਵਾਂ ਪੀੜ੍ਹੀਆਂ ਵਿੱਚ ਇੱਕ ਸੁਖਾਵਾਂ ਮਾਹੌਲ ਸਿਰਜਣ ਵਿੱਚ ਸਹਾਈ ਹੋ ਸਕਦੇ ਹਨ। ਉਹ ਵੱਡਿਆਂ ਨੂੰ ਸਤਿਕਾਰ ਸਹਿਤ ਥੋੜ੍ਹਾ ਸੋਚ ਬਦਲਣ ਲਈ ਪ੍ਰੇਰਿਤ ਕਰਨ ਅਤੇ ਛੋਟਿਆਂ ਨੂੰ ਘਰ ਦੀਆਂ ਹੱਦਾਂ ਅਤੇ ਮਰਿਆਦਾ ਤਹਿਤ ਹੀ ਚੱਲਣ ਦੀ ਸਮੇਂ-ਸਮੇਂ ਤੇ ਤਾਕੀਦ ਕਰਦੇ ਰਹਿਣ। ਜੇ ਉਹ ਪੱਖਪਾਤੀ ਰਵੱਈਆ ਅਪਣਾਉਣਗੇ ਤਾਂ ਘਰ ਦੇ ਮਾਹੌਲ ਨੂੰ ਕੋਈ ਬਾਹਰੋਂ ਆ ਕੇ ਠੀਕ ਨਹੀਂ ਕਰ ਸਕਦਾ।
   ਅੱਜ ਕੱਲ੍ਹ  ਪਦਾਰਥਵਾਦੀ ਯੁੱਗ ਹੋਣ ਕਰਕੇ ਲੋਕਾਂ ਦੀਆਂ ਖ਼ਵਾਹਿਸ਼ਾਂ ਵੀ ਵਧ ਗਈਆਂ ਹਨ। ਉਹਨਾਂ ਖ਼ਵਾਹਿਸ਼ਾਂ ਨੂੰ ਪੂਰੀਆਂ ਕਰਨ ਲਈ ਇਕੱਲੇ ਮਰਦ ਦੀ ਕਮਾਈ ਨਾਲ ਪੂਰੀ ਨਹੀਂ ਪੈਂਦੀ। ਜਿਸ ਕਰਕੇ ਘਰਾਂ ਵਿੱਚ ਘਰੇਲੂ ਔਰਤਾਂ ਦੇ ਮੁਕਾਬਲੇ ਕੰਮ-ਕਾਜੀ ਔਰਤਾਂ ਦੀ ਗਿਣਤੀ ਵਧ ਰਹੀ ਹੈ। ਜਿਹੜੇ ਘਰਾਂ ਵਿੱਚ ਪਤੀ-ਪਤਨੀ ਦੋਵੇਂ ਨੌਕਰੀ ਪੇਸ਼ਾ ਹੁੰਦੇ ਹਨ ਉਸ ਘਰ ਵਿੱਚ ਸਵੇਰ ਤੋਂ ਲੈਕੇ ਰਾਤ ਨੂੰ ਸੌਣ ਵੇਲੇ ਤੱਕ ਮਾਹੌਲ ਭੱਜ-ਦੌੜ ਵਾਲਾ ਬਣਿਆ ਰਹਿੰਦਾ ਹੈ। ਪਤੀ ਪਤਨੀ ਦਾ ਆਪਸ ਵਿੱਚ ਝਗੜਾ ਰਹਿਣ ਲੱਗ ਪੈਂਦਾ ਹੈ । ਅੱਜ ਕੱਲ੍ਹ ਬਹੁਤੇ ਪਰਿਵਾਰ ਟੁੱਟਣ ਦਾ ਮੁੱਖ ਕਾਰਨ ਹੀ ਔਰਤਾਂ ਦਾ ਸਵੈਨਿਰਭਰ ਹੋਣਾ ਹੈ। ਔਰਤਾਂ ਦਾ ਸਵੈ-ਨਿਰਭਰ ਹੋਣਾ ਚੰਗੀ ਗੱਲ ਹੈ ਪਰ ਆਪਣੇ ਘਰ ਨੂੰ ਸੰਭਾਲ਼ ਕੇ ਰੱਖਣਾ ਉਸ ਤੋਂ ਵੀ ਚੰਗੀ ਗੱਲ ਹੈ ਕਿਉਂਕਿ ਜਦ ਪਰਿਵਾਰ ਟੁੱਟਦੇ ਹਨ ਤਾਂ ਸਭ ਤੋਂ ਵੱਧ ਖਾਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਇਹੋ-ਜਿਹੇ ਜੋੜਿਆਂ ਨੂੰ ਬਿਨ੍ਹਾਂ ਕਿਸੇ ਤੀਜੇ ਦੀ ਦਖਲਅੰਦਾਜ਼ੀ ਦੇ ਆਪਸ ਵਿੱਚ ਬੈਠ ਕੇ ਘਰੇਲੂ ਮਸਲੇ ਹਲ ਕਰਕੇ, ਆਪਣਾ ਪਰਿਵਾਰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ।ਇਸ ਲਈ ਦੋਵਾਂ ਧਿਰਾਂ ਨੂੰ ਹਉਮੈ ਦਾ ਤਿਆਗ ਕਰਨਾ ਪਵੇਗਾ। ਇੱਕ ਦੂਜੇ ਪ੍ਰਤੀ ਨਫ਼ਰਤ ਤਿਆਗ ਕੇ ਵਫ਼ਾਦਾਰੀ ਨਾਲ ਆਪਣਾ ਪਤੀ-ਪਤਨੀ ਦਾ ਰਿਸ਼ਤਾ ਨਿਭਾਉਣ।ਇਸ ਲਈ ਉਹਨਾਂ ਨੂੰ ਆਪਣੀ ਅੰਤਰ ਆਤਮਾ ਅਤੇ ਸੋਚ ਨੂੰ ਠੋਸ ਬਣਾਉਣਾ ਪਵੇਗਾ।
     ਸਾਡੇ ਸਮਾਜ ਵਿੱਚ ਨੂੰਹ-ਸੱਸ ਦੇ ਰਿਸ਼ਤੇ ਨੂੰ ਤਾਂ ਲੋਕ ਬੱਸ ਦੋ ਦੁਸ਼ਮਣਾਂ ਦੇ ਰੂਪ ਵਿੱਚ ਹੀ ਦੇਖਦੇ ਹਨ।ਜਦ ਕਿ ਇਹ ਰਿਸ਼ਤਾ ਸਭ ਤੋਂ ਖੂਬਸੂਰਤ ਰਿਸ਼ਤਾ ਹੁੰਦਾ ਹੈ। ਕਿੰਨੇ ਚਾਵਾਂ ਮਲ੍ਹਾਰਾਂ ਨਾਲ ਇਸ ਰਿਸ਼ਤੇ ਨੂੰ ਜੋੜਿਆ ਜਾਂਦਾ ਹੈ।ਇਸ ਰਿਸ਼ਤੇ ਨੂੰ ਵਿਗਾੜਨ ਵਿੱਚ ਸਮਾਜ ਅਤੇ ਰਿਸ਼ਤੇਦਾਰਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਨੂੰਹ ਕੋਲ਼ ਸੱਸ ਦੀਆਂ ਤੇ ਸੱਸ ਕੋਲ ਨੂੰਹ ਦੀਆਂ ਗੱਲਾਂ ਕਰਕੇ ਕੰਨ ਭਰਨੇ, ਲੜਾਈ ਕਰਵਾਉਣੀ ਅਤੇ ਫਿਰ ਤਮਾਸ਼ਾ ਵੇਖਣਾ ਆਮ ਹੈ। ਲੜਕੀ ਨੂੰ ਵੀ ਉਸ ਘਰ ਨੂੰ ਤੇ ਸਾਰੇ ਜੀਆਂ ਨੂੰ ਆਪਣਾ ਸਮਝ ਕੇ ਹੀ ਨਵੇਂ ਰਿਸ਼ਤਿਆਂ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ। ਲੋਕਾਂ ਤੋਂ ਉਹਨਾਂ ਦੇ ਉਲ਼ਟ ਕੁਝ ਵੀ ਨਾ ਸੁਣਨ ਦਾ ਪ੍ਰਣ ਲੈਣਾ ਚਾਹੀਦਾ ਹੈ। ਦੂਜੇ ਪਾਸੇ ਸਹੁਰਿਆਂ ਨੂੰ ਵੀ ਘਰ ਵਿੱਚ ਆਏ ਇਸ ਨਵੇਂ ਜੀਅ ਦੀਆਂ ਲੋੜਾਂ ਦੇ ਨਾਲ ਨਾਲ ਜਜ਼ਬਾਤਾਂ ਅਤੇ ਭਾਵਨਾਵਾਂ ਦਾ ਧਿਆਨ ਰੱਖਿਆ ਜਾਵੇ। ਨਵੇਂ ਜੀਅ ਨੂੰ ਘਰ ਦੇ ਮਾਹੌਲ ਅਨੁਸਾਰ ਢਾਲਣ ਲਈ ਸਹਿਯੋਗ ਦਿੱਤਾ ਜਾਵੇ। ਨੂੰਹ ਕਿਸੇ ਸਹੇਲੀ ਜਾਂ ਭੈਣ ਦੀ ਸੱਸ ਦੀਆਂ ਤਾਰੀਫਾਂ ਅਤੇ ਸੱਸ ਲੋਕਾਂ ਦੀਆਂ ਨੂੰਹਾਂ ਦੀਆਂ ਤਾਰੀਫਾਂ ਕਰਨ ਤੋਂ ਪਰਹੇਜ਼ ਕਰਨ। ਕੰਮ ਨੂੰ ਆਪਸੀ ਸਹਿਯੋਗ ਨਾਲ ਰਲ਼ ਮਿਲ਼ ਕੇ ਕਰ ਲੈਣ ਨਾਲ ਵੀ ਵਿਚਾਰਾਂ ਵਿੱਚ ਵਖਰੇਵਾਂ ਨਹੀਂ ਆ ਸਕਦਾ।
      ਸੋ ਪਾਠਕੋ ,ਮੁੱਕਦੀ ਗੱਲ ਇਹ ਹੈ ਕਿ ਪਰਿਵਾਰ ਦੇ ਜੀਆਂ ਵਿਚਲਾ ਆਪਸੀ ਸਹਿਯੋਗ ਹੀ ਘਰ ਵਿੱਚ ਪਿਆਰ ਦਾ ਮਾਹੌਲ ਪੈਦਾ ਕਰ ਸਕਦਾ ਹੈ। ਪਰਿਵਾਰ ਦੇ ਇੱਕ ਗਰਮ ਸੁਭਾਅ ਵਾਲੇ ਵਿਅਕਤੀ ਨਾਲ ਨਰਮ ਰਵੱਈਆ ਅਪਣਾ ਕੇ, ਘਰ ਅੰਦਰ ਦੇ ਕੰਮਕਾਜ ਅਤੇ ਵੱਡੇ ਛੋਟੇ ਵਾਲ਼ੇ  ਭੇਦ ਮਿਟਾ ਕੇ ਇੱਕ ਦੂਜੇ ਨੂੰ ਸਹਿਯੋਗ ਦੇਣ ਨਾਲ ਜਿੱਥੇ ਘਰ ਦੇ ਸਾਰੇ ਕੰਮ ਸਹਿਜੇ ਹੀ ਨਿਪਟ ਸਕਦੇ ਹਨ ਤੇ ਨਾਲ ਹੀ ਘਰ ਦਾ‌ ਮਾਹੌਲ ਖੁਸ਼ਨੁਮਾ ਹੋ ਜਾਵੇਗਾ। ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਘਰ ਆਪਣਾ ਹੈ , ਪਰਿਵਾਰ ਵੀ ਆਪਣਾ ਹੈ ,ਇਸ ਨੂੰ ਖੁਸ਼ਗਵਾਰ ਬਣਾਉਣਾ ਵੀ ਆਪਣਾ ਹੀ ਫਰਜ਼ ਹੈ। ਸੋ ਕਿਸੇ ਤੀਜੇ ਵਿਅਕਤੀ ਦੀ ਦਖਲਅੰਦਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਕੋਈ ਹੋਰ ਘਰ ਅੰਦਰ ਦਾ ਤਾਣਾ ਬਾਣਾ ਨਾ ਉਲਝਾ ਦੇਵੇ।ਘਰ ਅਤੇ ਪਰਿਵਾਰ ਨੂੰ ਖੁਸ਼ਹਾਲ ਬਣਾਉਣ ਲਈ ਪਰਿਵਾਰ ਦੇ ਸਾਰੇ ਜੀਆਂ ਨੂੰ ਬਰਾਬਰ ਦਾ ਯੋਗਦਾਨ ਪਾਉਣਾ ਪਵੇਗਾ।
ਬਰਜਿੰਦਰ ਕੌਰ ਬਿਸਰਾਓ…

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਪੰਜਾਬੀ ਮਾਂ-ਬੋਲੀ ਹਫ਼ਤਾ ਮਨਾਇਆ ਗਿਆ
Next articleਅੰਬ’ ਤੇ ਅੰਬੀ ਦੇ ਬੂਟੇ ਦਾ ਹੈ ਪੰਜਾਬੀਆਂ ਦੇ ਅਚੇਤ ਮਨ ਨਾਲ ਅਟੁੱਟ ਰਿਸ਼ਤਾ! — ਕਾਮਰਾਨ ਕਾਮੀ