HOME ਮਮਤਾ ਦਿਵਸ ‘ਤੇ ਸਿਹਤ ਕੇਂਦਰਾਂ ਦਾ ਨਿਰੀਖਣ: ਡਾ. ਬਲਜੀਤ ਕੌਰ

ਮਮਤਾ ਦਿਵਸ ‘ਤੇ ਸਿਹਤ ਕੇਂਦਰਾਂ ਦਾ ਨਿਰੀਖਣ: ਡਾ. ਬਲਜੀਤ ਕੌਰ

4
ਕੈਪਸਨ : ਸਬ ਸੈਂਟਰ ਨੰਗਲ ਕਲਾਂ ਵਿਖੇ ਟੀਕਾਕਰਨ ਕੈਂਪ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਮਲਪ੍ਰੀਤ ਕੌਰ ਬਰਾੜ ਅਤੇ ਹੋਰ।

ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਜ਼ਰੂਰੀ: ਡਾ. ਰਣਜੀਤ ਸਿੰਘ ਰਾਏ

ਮਾਨਸਾ, (ਸਮਾਜ ਵੀਕਲੀ) – ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਦੇ ਨਿਰਦੇਸ਼ਾਂ ਤਹਿਤ, ਅੱਜ ਮਾਨਸਾ ਵਿੱਚ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ, ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਅਤੇ ਸਿਵਲ ਸਰਜਨ ਮਾਨਸਾ, ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਮਲਪ੍ਰੀਤ ਕੌਰ ਬਰਾੜ ਨੇ ਬਲਾਕ ਖਿਆਲਾ ਕਲਾਂ ਦੇ ਸਬ-ਸੈਂਟਰ ਜਵਾਹਰਕੇ, ਨੰਗਲ ਕਲਾਂ ਅਤੇ ਬਲਾਕ ਸਰਦੂਲਗੜ੍ਹ ਦੇ ਦੁਲੋਵਾਲ ਸੈਂਟਰ ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ ਗਰਭਵਤੀ ਔਰਤਾਂ ਦੀ ਜਾਂਚ, ਟੀਕਾਕਰਨ ਅਤੇ ਜਾਗਰੂਕਤਾ ਕੈਂਪਾਂ ਦਾ ਨਿਰੀਖਣ ਕੀਤਾ ਗਿਆ।
ਸਿਵਲ ਸਰਜਨ ਮਾਨਸਾ, ਡਾ. ਰਣਜੀਤ ਸਿੰਘ ਰਾਏ ਨੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਸਮੇਂ ਸਿਰ ਟੀਕਾਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮਾਵਾਂ ਅਤੇ ਬੱਚਿਆਂ ਦੋਵਾਂ ਦੀ ਸਿਹਤ ਲਈ ਅਤਿ ਜ਼ਰੂਰੀ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਬਲਜੀਤ ਕੌਰ ਨੇ ਮਮਤਾ ਦਿਵਸ ਦੀ ਨਿਗਰਾਨੀ ਕਰਦਿਆਂ ਦੱਸਿਆ ਕਿ ਗਰਭ ਅਵਸਥਾ ਦੌਰਾਨ ਸਮੇਂ ਸਿਰ ਜਾਂਚ ਨਾ ਕਰਵਾਉਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ, ਜਿਸ ਨਾਲ ਗਰਭਵਤੀ ਔਰਤ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਸਮੂਹ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਕਿਸੇ ਵੀ ਸਿਹਤ ਸਮੱਸਿਆ ਦੀ ਸਥਿਤੀ ਵਿੱਚ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਇਲਾਜ ਕਰਵਾਇਆ ਜਾਵੇ ਅਤੇ ਰੁਟੀਨ ਚੈੱਕਅਪ ਸਬ-ਸੈਂਟਰ ਦੀ ਏ.ਐਨ.ਐਮ. ਤੋਂ ਕਰਵਾਇਆ ਜਾਵੇ।
ਡਾ. ਬਲਜੀਤ ਕੌਰ ਨੇ ਸਮੂਹ ਏ.ਐਨ.ਐਮ. ਨੂੰ ਐਮ.ਆਰ.-1 ਅਤੇ ਐਮ.ਆਰ.-2 ਦੇ ਵਾਂਝੇ ਬੱਚਿਆਂ ਦੀ ਵੱਖਰੀ ਸੂਚੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਨੂੰ ਟੀਕਾਕਰਨ ਕੈਂਪ ਦੌਰਾਨ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਸੁਰੱਖਿਅਤ ਜਣੇਪੇ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਦਾ ਟੀਕਾਕਰਨ ਅਤੇ ਸਾਰੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਦੀ ਸਮੇਂ-ਸਮੇਂ ‘ਤੇ ਕੌਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਦਾ ਧਿਆਨ ਰੱਖ ਸਕਣ।
ਬੱਚਿਆਂ ਦੇ ਟੀਕਾਕਰਨ ਲਈ ਮਾਪਿਆਂ ਨੂੰ ਅਪੀਲ
ਡਾ. ਬਲਜੀਤ ਕੌਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਵਜੰਮੇ ਬੱਚਿਆਂ ਨੂੰ ਸਰਕਾਰ ਵੱਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਸਮੇਂ ਸਿਰ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਟੀਕਾਕਰਨ ਸ਼ਡਿਊਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ:
ਜਨਮ ਸਮੇਂ (24 ਘੰਟਿਆਂ ਦੇ ਅੰਦਰ): ਨਵਜੰਮੇ ਬੱਚੇ ਨੂੰ ਹਸਪਤਾਲ ਵਿੱਚ ਹੀ ਹੈਪਾਟਾਈਟਸ ਬੀ, ਪੋਲੀਓ ਜ਼ੀਰੋ ਅਤੇ ਬੀ.ਸੀ.ਜੀ. ਦੀ ਖੁਰਾਕ ਦਿੱਤੀ ਜਾਂਦੀ ਹੈ।
ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ: ਪੇਂਟਾ, ਰੋਟਾ, ਆਈ.ਪੀ.ਵੀ., ਪੀ.ਸੀ.ਵੀ. ਅਤੇ ਪੋਲੀਓ ਦੀਆਂ ਤਿੰਨ ਖੁਰਾਕਾਂ ਕ੍ਰਮਵਾਰ ਦਿੱਤੀਆਂ ਜਾਂਦੀਆਂ ਹਨ।
ਨੌਂ ਮਹੀਨੇ: ਬੱਚੇ ਨੂੰ ਵਿਟਾਮਿਨ ਏ, ਐਮ.ਆਰ., ਪੀ.ਸੀ.ਵੀ., ਆਈ.ਪੀ.ਵੀ. ਦੀ ਖੁਰਾਕ ਦਿੱਤੀ ਜਾਂਦੀ ਹੈ।
ਡੇਢ ਸਾਲ: ਵਿਟਾਮਿਨ ਏ, ਡੀ.ਪੀ.ਟੀ., ਐਮ.ਆਰ. ਅਤੇ ਪੋਲੀਓ ਦੀ ਬੂਸਟਰ ਡੋਜ਼ ਲਗਵਾਈ ਜਾਵੇ।
ਹਰ ਛੇ ਮਹੀਨੇ: ਵਿਟਾਮਿਨ ਏ ਦੀਆਂ ਨੌਂ ਖੁਰਾਕਾਂ ਹਰ ਛੇ ਮਹੀਨਿਆਂ ਦੇ ਫਰਕ ਨਾਲ ਬੱਚੇ ਨੂੰ ਪਵਾਉਣੀਆਂ ਯਕੀਨੀ ਬਣਾਈਆਂ ਜਾਣ।
ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਕੰਮ ‘ਤੇ ਸਟਾਫ਼ ਦੀ ਹਾਜ਼ਰੀ ‘ਤੇ ਤਸੱਲੀ ਪ੍ਰਗਟਾਈ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਸਬ-ਸੈਂਟਰ ਵਿਖੇ ਮਰੀਜ਼ਾਂ ਨੂੰ ਇਲਾਜ ਲਈ ਲਿਆਉਣ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਸਮੇਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਲੋੜ ਅਨੁਸਾਰ ਸਾਰੀਆਂ ਦਵਾਈਆਂ ਅਤੇ ਟੈਸਟ ਬਿਲਕੁਲ ਮੁਫ਼ਤ ਦਿੱਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਇਨ੍ਹਾਂ ਸੰਸਥਾਵਾਂ ਵਿਖੇ ਤਾਇਨਾਤ ਸੀ.ਐਚ.ਓ., ਮਲਟੀਪਰਪਜ਼ ਹੈਲਥ ਵਰਕਰ (ਮੇਲ ਅਤੇ ਫੀਮੇਲ), ਆਸ਼ਾ ਫੈਸਿਲੀਟੇਟਰ, ਸਮੂਹ ਆਸ਼ਾ ਵਰਕਰਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਚਾਨਣਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੱਲ ਸੁਣ, ਪੰਛੀ ਭੋਲਿਆ
Next articleਭਾਈਚਾਰੇ ਦਾ ਸ਼ਾਹੂਕਾਰ -ਕਿਰਪਾਲ ਸਿੰਘ ਗਰਚਾ (ਕਨੇਡਾ)