HOME ਹਿਮਾਚਲ ਪ੍ਰਦੇਸ਼ ਦਾ ਨੂਰਪੁਰ ਕਿਲ੍ਹਾ: ਇੱਕ ਦਿਨ ਦੀ ਯਾਤਰਾ, ਮੇਰਾ ਤਜਰਬਾ

ਹਿਮਾਚਲ ਪ੍ਰਦੇਸ਼ ਦਾ ਨੂਰਪੁਰ ਕਿਲ੍ਹਾ: ਇੱਕ ਦਿਨ ਦੀ ਯਾਤਰਾ, ਮੇਰਾ ਤਜਰਬਾ

10
ਨੂਰਪੁਰ ਕਿਲ੍ਹਾ
ਪਵਨ ਕੁਮਾਰ ਅੱਤਰੀ

   (ਸਮਾਜ ਵੀਕਲੀ)   ਕਾਫ਼ੀ ਦਿਨਾਂ ਤੋਂ ਮਨ ਵਿੱਚ ਵਿਚਾਰ ਚੱਲ ਰਿਹਾ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਦਾ ਕੁਝ ਲਾਹਾ ਲਿਆ ਜਾਵੇ ਅਤੇ ਪਰਿਵਾਰ ਨਾਲ ਕਿਤੇ ਘੁੰਮਣ ਜਾਇਆ ਜਾਵੇ। ਆਖ਼ਿਰ ਇੱਕ ਸਵੇਰ ਅਸੀਂ ਫੈਸਲਾ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਨੂਰਪੁਰ ਕਿਲ੍ਹਾ ਦੇਖਣ ਚੱਲਦੇ ਹਾਂ। ਪਠਾਨਕੋਟ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ਹੋਣ ਕਰਕੇ ਇਹ ਇੱਕ ਵਧੀਆ ਇੱਕ ਦਿਨ ਦੀ ਯਾਤਰਾ ਲਈ ਠੀਕ ਥਾਂ ਲੱਗੀ।

ਮੈਂ, ਮੇਰੀ ਪਤਨੀ ਅਤੇ ਮੇਰੇ ਦੋਵੇਂ ਬੱਚੇ ਸਵੇਰੇ ਹੀ ਕਾਰ ਵਿੱਚ ਸਵਾਰ ਹੋ ਕੇ ਨਿਕਲ ਪਏ। ਸਭ ਤੋਂ ਵੱਧ ਉਤਸ਼ਾਹ ਮੇਰੇ ਵੱਡੇ ਬੇਟੇ ਵਿੱਚ ਸੀ। ਵਿਅਸਤ ਜੀਵਨ ਕਾਰਨ ਅਜੇ ਤੱਕ ਉਸਨੂੰ ਬਹੁਤ ਘੁਮਾਉਣ ਦਾ ਮੌਕਾ ਨਹੀਂ ਮਿਲਿਆ ਸੀ, ਇਸ ਲਈ ਹਿਮਾਚਲ ਦਾ ਨਾਮ ਸੁਣਦੇ ਹੀ ਉਸਦੀ ਖੁਸ਼ੀ ਦੇਖਣ ਵਾਲੀ ਸੀ। ਭਾਵੇਂ ਅਸੀਂ ਕੋਈ ਬਹੁਤ ਦੂਰ ਦੀ ਯਾਤਰਾ ਨਹੀਂ ਕਰ ਰਹੇ ਸੀ, ਪਰ ਬੱਚਿਆਂ ਲਈ ਹਰ ਨਵੀਂ ਜਗ੍ਹਾ ਇੱਕ ਨਵਾਂ ਤਜਰਬਾ ਹੁੰਦੀ ਹੈ।
ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਭਾਰੀ ਗਰਮੀ ਅਤੇ ਲੂ ਚੱਲ ਰਹੀ ਹੈ। ਰਸਤੇ ਵਿੱਚ ਵੀ ਗਰਮੀ ਮਹਿਸੂਸ ਹੋ ਰਹੀ ਸੀ, ਪਰ ਜਿਵੇਂ-ਜਿਵੇਂ ਅਸੀਂ ਨੂਰਪੁਰ ਵੱਲ ਵਧੇ, ਹਵਾ ਵਿੱਚ ਕੁੱਝ ਹੱਦ ਤੱਕ ਠੰਢਕ ਮਹਿਸੂਸ ਹੋਣ ਲੱਗੀ। ਮੌਸਮ ਵਿੱਚ ਕੋਈ ਵੱਡਾ ਫ਼ਰਕ ਨਹੀਂ ਸੀ, ਪਰ ਪੰਜਾਬ ਦੇ ਮੁਕਾਬਲੇ ਗਰਮ ਹਵਾਵਾਂ ਦਾ ਅਸਰ ਕੁਝ ਘੱਟ ਜ਼ਰੂਰ ਸੀ। ਰਸਤੇ ਵਿੱਚ ਅਸੀਂ ਕਿਤੇ ਨਹੀਂ ਰੁਕੇ ਅਤੇ ਸਿੱਧੇ ਨੂਰਪੁਰ ਕਿਲ੍ਹੇ ਪਹੁੰਚ ਗਏ।
ਨੂਰਪੁਰ ਕਿਲ੍ਹੇ ਦਾ ਸੰਖੇਪ ਇਤਿਹਾਸ : ਨੂਰਪੁਰ ਕਿਲ੍ਹਾ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਪ੍ਰਾਚੀਨ ਕਿਲ੍ਹਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਨਿਰਮਾਣ ਲਗਭਗ 11ਵੀਂ ਸਦੀ ਵਿੱਚ ਪਠਾਨੀਆ ਰਾਜਪੂਤ ਸ਼ਾਸਕਾਂ ਵੱਲੋਂ ਕਰਵਾਇਆ ਗਿਆ ਸੀ। ਪਹਿਲਾਂ ਇਸ ਖੇਤਰ ਨੂੰ ਧਮੇਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪਰ ਬਾਅਦ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰ ਜਹਾਂ ਦੇ ਨਾਮ ਤੇ ਇਸ ਦਾ ਨਾਮ ਨੂਰਪੁਰ ਰੱਖਿਆ ਗਿਆ। ਕਿਲ੍ਹੇ ਦੇ ਅੰਦਰ ਸਥਿਤ ਪ੍ਰਾਚੀਨ ਬ੍ਰਿਜ ਰਾਜ ਸਵਾਮੀ ਮੰਦਰ ਵੀ ਇਸ ਦੀ ਖਾਸ ਪਛਾਣ ਹੈ। (ਨੂਰਪੁਰ ਕਿਲ੍ਹੇ ਦਾ ਇਤਹਾਸ ਮੈਂ ਯਾਤਰਾ ਤੋਂ ਬਾਅਦ ਇੰਟਰਨੇਟ ਤੋਂ ਪੜ੍ਹਿਆ ਹੈ, ਇਸ ਬਾਰੇ ਮੇਰੀ ਜਾਣਕਾਰੀ ਸੀਮਿਤ ਹੈ।)
ਕਿਲ੍ਹੇ ਵਿੱਚ ਕੀ ਦੇਖਣ ਨੂੰ ਮਿਲਿਆ : ਜਦੋਂ ਅਸੀਂ ਕਿਲ੍ਹੇ ਦੇ ਅੰਦਰ ਦਾਖ਼ਲ ਹੋਏ ਤਾਂ ਮਨ ਵਿੱਚ ਕਾਫ਼ੀ ਉਮੀਦਾਂ ਸਨ। ਪਰ ਪਹਿਲੀ ਝਲਕ ਦੇਖ ਕੇ ਮੇਰੀ ਉਤਸ਼ਾਹਤਾ ਕੁੱਝ ਘੱਟ ਹੋ ਗਈ। ਕਿਲ੍ਹੇ ਦਾ ਵੱਡਾ ਹਿੱਸਾ ਸਮੇਂ ਦੀ ਮਾਰ ਕਾਰਨ ਖੰਡਰਾਂ ਵਿੱਚ ਤਬਦੀਲ ਹੋ ਚੁੱਕਾ ਹੈ। ਕਈ ਥਾਵਾਂ ਦੀਵਾਰਾਂ ਅਤੇ ਛੱਤਾਂ ਟੁੱਟੀਆਂ ਹੋਈਆਂ ਹਨ, ਜਿਸ ਕਰਕੇ ਉਸਦੀ ਪੁਰਾਣੀ ਸ਼ਾਨ ਦਾ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ।
ਫਿਰ ਵੀ, ਇਸ ਕਿਲ੍ਹੇ ਦੀ ਸਭ ਤੋਂ ਖਾਸ ਗੱਲ ਇਸ ਦੀ ਪੁਰਾਤਨ ਕਾਰੀਗਰੀ ਹੈ। ਪੱਥਰਾਂ ਦੀਆਂ ਦੀਵਾਰਾਂ ਉੱਤੇ ਕੀਤੀ ਗਈ ਮੂਰਤੀਕਲਾ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਦੀਆਂ ਪਹਿਲਾਂ, ਜਦੋਂ ਆਧੁਨਿਕ ਮਸ਼ੀਨਾਂ ਨਹੀਂ ਸਨ, ਉਸ ਸਮੇਂ ਦੇ ਕਾਰੀਗਰਾਂ ਨੇ ਸਿਰਫ਼ ਹਥੌੜੇ ਅਤੇ ਸ਼ੈਣੀ ਦੀ ਮਦਦ ਨਾਲ ਇੰਨਾ ਸੁੰਦਰ ਕੰਮ ਕਿਵੇਂ ਕੀਤਾ ਹੋਵੇਗਾ। ਇਹ ਸ਼ਿਲਪਕਲਾ ਅੱਜ ਵੀ ਉਸ ਯੁੱਗ ਦੀ ਕਲਾ ਅਤੇ ਮਿਹਨਤ ਦੀ ਗਵਾਹੀ ਦਿੰਦੀ ਹੈ। ਕਿਲ੍ਹੇ ਦੀਆਂ ਮੋਟੀਆਂ ਅਤੇ ਚੌੜੀਆਂ ਦੀਵਾਰਾਂ ਵੀ ਉਸ ਸਮੇਂ ਦੀ ਮਜ਼ਬੂਤ ਉਸਾਰੀ ਨੂੰ ਦਰਸਾਉਂਦੀਆਂ ਹਨ। ਉੱਥੇ ਮੈਂ ਤਿੰਨ ਪੁਰਾਤਨ ਖੂਹ ਵੀ ਦੇਖੇ ਜੋ ਕਿ ਉਪਰੋਂ ਲੋਹੇ ਦੇ ਜਾਲ ਨਾਲ ਢੱਕੇ ਹੋਏ ਸਨ। ਇਕ ਵਿੱਚ ਪਾਣੀ ਸੀ ਅਤੇ ਦੋ ਸੁੱਕੇ ਸਨ।
ਕਿਲ੍ਹੇ ਦੇ ਅੰਦਰ ਸਥਿਤ ਮੰਦਿਰ ਦਾ ਇਲਾਕਾ ਕਾਫ਼ੀ ਸਾਫ਼-ਸੁਥਰਾ ਅਤੇ ਸੰਭਾਲਿਆ ਹੋਇਆ ਲੱਗਿਆ। ਪਰ ਮੈਨੂੰ ਇਹ ਸਾਰਾ ਨਵਾਂ ਬਣਿਆ ਹੋਇਆ ਲੱਗਿਆ, ਕੋਈ ਵੀ ਦੀਵਾਰ ਕਿਲ੍ਹੇ ਦੇ ਸਮੇਂ ਦੀ ਨਹੀਂ ਸੀ। ਉੱਥੇ ਕੁਝ ਸਮਾਂ ਬਿਤਾਉਣਾ ਮਨ ਨੂੰ ਸ਼ਾਂਤੀ ਦੇਣ ਵਾਲਾ ਅਨੁਭਵ ਸੀ।
ਕੁੱਝ ਕਮੀਆਂ ਜੋ ਮਹਿਸੂਸ ਹੋਈਆਂ : ਇਤਿਹਾਸਕ ਮਹੱਤਤਾ ਹੋਣ ਦੇ ਬਾਵਜੂਦ ਕੁੱਝ ਗੱਲਾਂ ਨਿਰਾਸ਼ ਕਰਨ ਵਾਲੀਆਂ ਵੀ ਸਨ। ਸਭ ਤੋਂ ਪਹਿਲਾਂ, ਕਿਲ੍ਹੇ ਦੀ ਸੰਭਾਲ ਅਤੇ ਸਫ਼ਾਈ ਉਨੀ ਨਹੀਂ ਲੱਗੀ ਜਿੰਨੀ ਇੱਕ ਪ੍ਰਸਿੱਧ ਟੂਰਿਸਟ ਸਥਾਨ ਤੋਂ ਉਮੀਦ ਕੀਤੀ ਜਾਂਦੀ ਹੈ। ਮੰਦਿਰ ਤੋਂ ਬਿਨਾਂ ਮੈਨੂੰ ਹੋਰ ਕਿਤੇ ਵੀ ਨਾ ਹੀ ਪੀਣ ਲਈ ਪਾਣੀ ਨਜ਼ਰ ਆਇਆ ਅਤੇ ਨਾ ਹੀ ਕੋਈ ਟਾਇਲਟ ਜਾਂ ਬਾਥਰੂਮ ਨਜ਼ਰ ਆਇਆ। ਇਸ ਤੋਂ ਇਲਾਵਾ, ਕਿਤੇ ਵੀ ਅਜਿਹੇ ਜਾਣਕਾਰੀ ਬੋਰਡ ਨਹੀਂ ਨਜ਼ਰ ਆਏ ਜਿੱਥੇ ਕਿਲ੍ਹੇ ਦਾ ਇਤਿਹਾਸ, ਉਸਾਰੀ ਜਾਂ ਮਹੱਤਤਾ ਬਾਰੇ ਵਿਸਥਾਰ ਨਾਲ ਲਿਖਿਆ ਹੋਵੇ। ਜੇਕਰ ਇਹ ਜਾਣਕਾਰੀ ਉਪਲਬੱਧ ਹੋਵੇ ਤਾਂ ਆਉਣ ਵਾਲੇ ਟੂਰਿਸਟ ਦਾ ਅਨੁਭਵ ਹੋਰ ਵੀ ਬਿਹਤਰ ਬਣ ਸਕਦਾ ਹੈ।
ਸੁਰੱਖਿਆ ਦੇ ਮਾਮਲੇ ਵਿੱਚ ਵੀ ਕੁੱਝ ਥਾਵਾਂ ਤੇ ਸੁਧਾਰ ਦੀ ਲੋੜ ਮਹਿਸੂਸ ਹੋਈ। ਕਿਲ੍ਹਾ ਇੱਕ ਉੱਚੀ ਜਗ੍ਹਾ ਤੇ ਸਥਿਤ ਹੈ ਅਤੇ ਦੋ ਪਾਸੇ ਡੂੰਘੀਆਂ ਖਾਹੀਆਂ ਹਨ। ਕਈ ਥਾਵਾਂ ਤੇ ਸੁਰੱਖਿਆ ਰੇਲਿੰਗ ਨਾ ਹੋਣ ਕਰਕੇ ਛੋਟੇ ਬੱਚਿਆਂ ਨਾਲ ਘੁੰਮਦੇ ਸਮੇਂ ਵਾਧੂ ਸਾਵਧਾਨੀ ਰੱਖਣੀ ਪੈਂਦੀ ਹੈ। ਪਰਿਵਾਰਾਂ ਲਈ ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ।
ਅੰਤ ਵਿੱਚ : ਕੁੱਲ ਮਿਲਾ ਕੇ ਨੂਰਪੁਰ ਕਿਲ੍ਹੇ ਦੀ ਇਹ ਯਾਤਰਾ ਇੱਕ ਮਿਲਿਆ-ਜੁਲਿਆ ਤਜਰਬਾ ਰਹੀ। ਜਿੱਥੇ ਇੱਕ ਪਾਸੇ ਕਿਲ੍ਹੇ ਦੀ ਮੌਜੂਦਾ ਹਾਲਤ ਅਤੇ ਸੰਭਾਲ ਦੀ ਕਮੀ ਕੁੱਝ ਨਿਰਾਸ਼ ਕਰਦੀ ਹੈ, ਉੱਥੇ ਦੂਜੇ ਪਾਸੇ ਇਸ ਦੀ ਇਤਿਹਾਸਕ ਮਹੱਤਤਾ, ਪੁਰਾਤਨ ਸ਼ਿਲਪਕਲਾ, ਵਿਸ਼ਾਲ ਦੀਵਾਰਾਂ ਅਤੇ ਸ਼ਾਂਤ ਮਾਹੌਲ ਇਸ ਨੂੰ ਇੱਕ ਵਾਰ ਦੇਖਣ ਯੋਗ ਜਗ੍ਹਾ ਜ਼ਰੂਰ ਬਣਾਉਂਦੇ ਹਨ।
ਜੇ ਤੁਸੀਂ ਇਤਿਹਾਸ, ਪੁਰਾਤਨ ਇਮਾਰਤਾਂ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਨੂਰਪੁਰ ਕਿਲ੍ਹਾ ਤੁਹਾਨੂੰ ਜ਼ਰੂਰ ਪਸੰਦ ਆ ਸਕਦਾ ਹੈ। ਪਰ ਜੇ ਤੁਸੀਂ ਕਿਸੇ ਬਹੁਤ ਵਧੀਆ ਤਰ੍ਹਾਂ ਸੰਭਾਲੇ ਹੋਏ ਅਤੇ ਆਧੁਨਿਕ ਸੁਵਿਧਾਵਾਂ ਵਾਲੇ ਟੂਰਿਸਟ ਸਥਾਨ ਦੀ ਉਮੀਦ ਨਾਲ ਜਾ ਰਹੇ ਹੋ, ਤਾਂ ਆਪਣੀਆਂ ਉਮੀਦਾਂ ਕੁੱਝ ਹੱਦ ਤੱਕ ਸੰਤੁਲਿਤ ਰੱਖਣਾ ਬਿਹਤਰ ਰਹੇਗਾ।
ਸਾਡੇ ਲਈ ਇਹ ਸਿਰਫ਼ ਇੱਕ ਕਿਲ੍ਹਾ ਦੇਖਣ ਦੀ ਯਾਤਰਾ ਨਹੀਂ ਸੀ, ਸਗੋਂ ਪਰਿਵਾਰ ਨਾਲ ਬਿਤਾਇਆ ਇੱਕ ਸੁਹਾਵਣਾ ਦਿਨ ਸੀ, ਅਤੇ ਅਜਿਹੇ ਪਲ ਹੀ ਹਰ ਸਫ਼ਰ ਨੂੰ ਯਾਦਗਾਰ ਬਣਾ ਦਿੰਦੇ ਹਨ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਮੰਡਲ ਦਾ 100 ਸਾਲਾ ਸ਼ਤਾਬਦੀ ਸਮਾਗਮ ਸ਼ਰਧਾਪੂਰਵਕ ਮਨਾਇਆ
Next articleਕਿਸਾਨਾਂ ਲਈ ਖੁਸ਼ਖਬਰੀ: ‘ਗ੍ਰੀਨ ਪੰਜਾਬ ਹਾਈਬ੍ਰਿਡ ਕਲੋਨ ਸਫੇਦਾ ਨਰਸਰੀ’ ਟਕਾਰਲਾ ਵਿਖੇ ਸਫੇਦੇ ਦੇ ਬੂਟਿਆਂ ਦੀ ਬੁਕਿੰਗ ਸ਼ੁਰੂ, ਮਿਲੇਗੀ ਬੰਪਰ ਛੋਟ